
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੋਰ ਸੂਬਿਆਂ ’ਚ ਆਪਣਾ ਆਧਾਰ ਫੈਲਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਿੰਦੂਤਵ ਨੂੰ ਆਪਣੀ ਸਿਆਸੀ ਸਹੂਲਤ ਮੁਤਾਬਕ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗੱਠਜੋੜ ਸੁੰਗੜ ਗਿਆ ਹੈ ਕਿਉਂਕਿ ਅਕਾਲੀ ਦਲ ਅਤੇ ਸ਼ਿਵ ਸੈਨਾ ਵਰਗੇ ਪੁਰਾਣੇ ਭਾਈਵਾਲ ਐੱਨਡੀਏ ’ਚੋਂ ਪਹਿਲਾਂ ਹੀ ਨਿਕਲ ਚੁੱਕੇ ਹਨ। ਆਪਣੇ ਪਿਤਾ ਅਤੇ ਪਾਰਟੀ ਸੁਪਰੀਮੋ ਬਾਲ ਠਾਕਰੇ ਦੀ 96ਵੀਂ ਜੈਅੰਤੀ ਮੌਕੇ ਸ਼ਿਵ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਊਧਵ ਨੇ ਕਿਹਾ ਕਿ ਪਾਰਟੀ ਨੇ ਭਾਜਪਾ ਦੇ ਹਿੰਦੂਤਵ ਲਈ ਸੱਤਾ ਹਾਸਲ ਕਰਨ ਦੇ ਏਜੰਡੇ ਨੂੰ ਪੂਰਾ ਕਰਨ ਲਈ ਗੱਠਜੋੜ ਕੀਤਾ ਸੀ ਪਰ ਸ਼ਿਵ ਸੈਨਾ ਨੇ ਕਦੇ ਵੀ ਸੱਤਾ ਲਈ ਹਿੰਦੂਤਵ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ,‘‘ਸ਼ਿਵ ਸੈਨਾ ਨੇ ਭਾਜਪਾ ਨੂੰ ਛੱਡਿਆ ਹੈ ਪਰ ਹਿੰਦੂਤਵ ਨੂੰ ਨਹੀਂ। ਮੇਰੇ ਵਿਚਾਰ ਨਾਲ ਭਾਜਪਾ ਦਾ ਹਿੰਦੂਤਵ ਸੱਤਾ ਲਈ ਮੌਕਾਪ੍ਰਸਤੀ ਹੈ। ਭਾਜਪਾ ਨਾਲ ਗੱਠਜੋੜ ’ਚ ਬਿਤਾਏ ਸ਼ਿਵ ਸੈਨਾ ਦੇ 25 ਵਰ੍ਹੇ ਬਰਬਾਦ ਹੋ ਗਏ ਹਨ।’’



















