ਅਮਰੀਕਾ: ਸਦੀਆਂ ਪੁਰਾਣੇ ਰੁੱਖ ਨੂੰ ਜੰਗਲੀ ਅੱਗਾਂ ਤੋਂ ਬਚਾਉਣ ਲਈ ਐਲੂਮੀਨੀਅਮ ਪਰਤ ਨਾਲ ਲਪੇਟਿਆ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਕੈਲੀਫੋਰਨੀਆ ਵਿੱਚ ਜੰਗਲੀ ਅੱਗ ਦੇ ਨਤੀਜੇ ਵਜੋਂ , ਸੂਬੇ ਦੇ ਨੈਸ਼ਨਲ ਪਾਰਕਾਂ ਵਿੱਚ ਮੌਜੂਦ ਸਦੀਆਂ ਪੁਰਾਣੇ ਦਰੱਖਤਾਂ ਲਈ ਖਤਰਾ ਪੈਦਾ ਹੋ ਗਿਆ ਹੈ। ਇਸੇ ਖਤਰੇ ਦੇ ਚਲਦਿਆਂ  ਯੂ ਐਸ ਨੈਸ਼ਨਲ ਪਾਰਕ ਸਰਵਿਸ (ਐੱਨ ਪੀ ਐੱਸ) ਨੇ ਸਿਕੋਆ ਨੈਸ਼ਨਲ ਪਾਰਕ, ਕੈਲੀਫੋਰਨੀਆ ਨੂੰ ਜਨਤਾ ਲਈ ਬੰਦ ਕੀਤਾ ਹੈ। ਇਸਦੇ ਨਾਲ ਹੀ ਐੱਨ ਪੀ ਐੱਸ ਦੁਆਰਾ ਪੁਰਾਣੇ ਦਰੱਖਤਾਂ ਨੂੰ ਅੱਗ ਦੇ ਸੇਕ ਤੋਂ ਬਚਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ।ਫਾਇਰ ਵਿਭਾਗ ਅਨੁਸਾਰ ਹੋਰ ਦਰੱਖਤਾਂ ਦੇ ਨਾਲ ਨਾਲ ਦੁਨੀਆਂ ਦੇ ਸਭ ਤੋਂ ਵੱਡੇ ਦਰੱਖਤ ‘ਜਨਰਲ ਸ਼ਰਮਨ’ ਨੂੰ ਐਲੂਮੀਨੀਅਮ ਦੇ ਰੈਪ ਨਾਲ ਲਪੇਟਿਆ ਗਿਆ ਹੈ।
ਐੱਨ ਪੀ ਐੱਸ ਦੇ ਅਨੁਸਾਰ, ਜਨਰਲ ਸ਼ਰਮਨ ਟ੍ਰੀ 275 ਫੁੱਟ ਲੰਬਾ ਹੈ ਅਤੇ ਬੇਸ ‘ਤੇ ਇਸਦਾ ਵਿਆਸ 36 ਫੁੱਟ ਤੋਂ ਵੱਧ ਹੈ। ਇਸ ਦਰੱਖਤ ਨੂੰ 2300 ਤੋਂ 2700 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਫਾਇਰ ਵਿਭਾਗ ਅਨੁਸਾਰ ਇਸ ਨੈਸ਼ਨਲ ਪਾਰਕ ਨੇੜੇ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਫਾਈਟਰ ਯਤਨ ਕਰ ਰਹੇ ਹਨ। ਦੱਸਣਯੋਗ ਹੈ ਕਿ ਕੈਲੀਫੋਰਨੀਆ ਦੇ ਕਈ ਖੇਤਰਾਂ ਵਿੱਚ ਜੰਗਲੀ ਅੱਗਾਂ ਕਰਕੇ ਪਿਛਲੇ ਸਮੇਂ ਦੌਰਾਨ ਕਾਫੀ ਨੁਕਸਾਨ ਹੋਇਆ ਹੈ।

Total Views: 287 ,
Real Estate