ਈਡੀ ਨੇ 14 ਅਰਬ ਦੇ ਸਮਾਰਕ ਘੁਟਾਲੇ’ ਮਾਮਲੇ ‘ਤੇ ਮਾਇਆਵਤੀ ਨੂੰ ਘੇਰਿਆ

ਅਖਿਲੇਸ਼ ਯਾਦਵ ਤੋਂ ਗੈਰ-ਕਾਨੂੰਨੀ ਮਾਈਨਿੰਗ ਅਤੇ ਰਿਵਰ ਫਰੰਟ ਘੋਟਾਲੇ ‘ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਈ ਡੀ ਨੇ ਮਾਇਆਵਤੀ ਨੂੰ ਘੇਰੇ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਰਿਪੋਰਟ ਮੁਤਾਬਿਕ ਮਾਇਆਵਤੀ ਸਰਕਾਰ ਦੇ ਕਾਰਜਕਾਲ ‘ਚ ਕਥਿਤ 14 ਅਰਬ ਦੇ ਸਮਾਰਕ ਘੋਟਾਲੇ ‘ਚ ਈ ਡੀ ਨੇ ਬੀ ਐੱਸ ਪੀ ਚੀਫ਼ ਦੇ ਕਰੀਬੀਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਐੱਨ ਸੀ ਆਰ ਦੇ ਕਈ ਟਿਕਾਣਿਆਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ ਗਈ। ਈ ਡੀ ਦੀ ਟੀਮ ਨੇ ਲਖਨਊ ਦੇ ਗੋਮਤੀ ਨਗਰ ‘ਚ ਇੰਜੀਨੀਅਰਾਂ, ਠੇਕੇਦਾਰਾਂ ਅਤੇ ਸਮਾਰਕ ਘੋਟਾਲੇ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ।
ਵਿਜੀਲੈਂਸ ਨੇ 1400 ਕਰੋੜ (14 ਅਰਬ) ਦੇ ਸਮਾਰਕ ਘੋਟਾਲੇ ਦੀ ਜਾਂਚ ਕੀਤੀ ਸੀ। ਜਾਂਚ ਲਈ ਵਿਜੀਲੈਂਸ ‘ਚ ਸੱਤ ਇੰਸਪੈਕਟਰਾਂ ਦੀ ਇੱਕ ਟੀਮ ਦਾ ਵੀ ਗਠਨ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਜਾਂਚ ਦੀ ਪੂਰੀ ਰਿਪੋਰਟ ਮਿਲਣ ਤੋਂ ਬਾਅਦ ਹੀ ਈ ਡੀ ਨੇ ਕਾਰਵਾਈ ਸ਼ੁਰੂ ਕੀਤੀ ਹੈ। ਸਮਾਰਕ ਘੋਟਾਲੇ ਨੂੰ ਲੈ ਮਾਇਆਵਤੀ ‘ਤੇ ਸ਼ਿਕੰਜਾ ਕੱਸਣ ਦਾ ਸ਼ੱਕ ਪਹਿਲਾਂ ਹੀ ਪ੍ਰਗਟ ਕੀਤਾ ਗਿਆ ਸੀ। ਪਹਿਲਾਂ ਹੀ ਸੂਚਨਾ ਆਈ ਸੀ ਕਿ ਚੋਣ ਤੋਂ ਪਹਿਲਾਂ ਬਸਪਾ ਦੇ ਦੋ ਸਾਬਕਾ ਮੰਤਰੀਆਂ ਅਤੇ ਮਾਇਆਵਤੀ ਦੇ ਕਰੀਬੀ ਰਹੇ ਨਸੀਮੂਦੀਨ ਸਿੱਦਕੀ ਅਤੇ ਬਾਬੂ ਸਿੰਘ ਕੁਸ਼ਵਾਹਾ ਦੇ ਜ਼ਰੀਏ ਮਾਇਆਵਤੀ ‘ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ।
ਹਾਲਾਂਕਿ ਜਿਸ ਸਮਾਜਵਾਦੀ ਪਾਰਟੀ ਦੇ ਨਾਲ ਬਸਪਾ ਸੁਪਰੀਮੋ ਨੇ ਹੱਥ ਮਿਲਾਇਆ ਹੈ, ਉਸ ਦੇ ਹੀ ਕਾਰਜਕਾਲ ‘ਚ ਸਮਾਰਕ ਘੋਟਾਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਸੀ। ਵਿਜੀਲੈਂਸ ਦੀ ਜਾਂਚ ਰਿਪੋਰਟ ਸ਼ਾਸਨ ਨੂੰ ਮਿਲਣ ਤੋਂ ਬਾਅਦ ਈ ਡੀ ਦੀ ਜਾਂਚ ‘ਚ ਵੀ ਤੇਜ਼ੀ ਆਉਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਸੀ।
ਈ ਡੀ ਦੇ ਸੂਤਰਾਂ ਦੀ ਮੰਨੋ ਤਾਂ ਵਿਜੀਲੈਂਸ ਜਾਂਚ ‘ਚ ਸਮਾਰਕ ਘੋਟਾਲੇ ਦੇ ਤਹਿਤ ਮਨੀ ਲਾਂਡਰਿੰਗ ਦੇ ਸਬੂਤ ਮਿਲੇ ਹਨ। ਇਨ੍ਹਾਂ ਸਬੂਤਾਂ ਨੂੰ ਇਕੱਠਾ ਕਰਨ ਤੋਂ ਬਾਅਦ ਈ ਡੀ ਨੇ ਸਮਾਰਕ ਘੋਟਾਲੇ ਨਾਲ ਜੁੜੀਆਂ ਫਰਮਾਂ ਅਤੇ ਨਿਰਮਾਣ ਨਿਗਮ ਇੰਜੀਨੀਅਰਾਂ ਸਮੇਤ ਕਈਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ‘ਚ ਈ ਡੀ ਦਾ ਖਾਸ ਨਿਸ਼ਾਨਾ ਪੱਥਰ ਅਪੂਰਤੀ ਨਾਲ ਜੁੜੀਆਂ ਫਰਮਾਂ ਹੋ ਸਕਦੀਆਂ ਹਨ।

Total Views: 235 ,
Real Estate