ਹਿਰਸ

Tripta K Singhਤ੍ਰਿਪਤਾ ਕੇ ਸਿੰਘ

‘ਬਾਬਾ ਰੋਟੀ ਖਾ ਲਾ–, ਮੈਂ ਰੋਟੀ ਵਾਲੀ ਥਾਲੀ ਬਾਬੇ ਦੇ ਮੰਜੇ ਤੇ ਰੱਖ ਕੇ ਬਾਬੇ ਨੂੰ ਜਗਾਇਆ।
ਰੋਟੀ–? ਕਿਹੜੀ ਰੋਟੀ—-? ਮੈਨੂੰ ਕਿਹੜੇ ਕੁੜੀ ਯ੍ਹਾਵੇ ਨੇ ਦਿੱਤੀ ਆ। ਕਈ ਮਹੀਨੇ ਹੋ ਗਏ ਮੈਨੂੰ ਰੋਟੀ ਖਾਧੀ ਨੂੰ। ਕੰਜਰਾਂ ਨੇ ਭੁੱਖਾ ਮਾਰ ਤਾ। ਮੇਰੀਆਂ ਤਾਂ ਸਾਲੀਆਂ ਆਦਰਾਂ ਕੰਗਰੋੜ ਨੂੰ ਜਾ ਲੱਗੀਆਂ।
ਲਗਦਾ ਬਾਬੇ ਨੂੰ ਫਿਰ ਦੌਰਾ ਪੈ ਗਿਆ ਸੀ। ਜਿੱਦਣ ਦਾ ਬਾਬਾ ਪਿੰਡੋ ਆਇਆ ਉਦਣ ਦਾ ਬਸ ਏਦਾ ਈ ਅਵਾ ਤਵਾ ਬੋਲਣ ਲੱਗ ਪੈਂਦਾ ਚਾਣ ਚੱਕ ਹੀ। ਕਦੀ ਕਦੀ ਚੰਗੀਆਂ ਭਲੀਆਂ ਗੱਲਾਂ ਕਰਦਾ ਤੇ ਕਦੀ ਕਦੀ ਪਤਾ ਨੀ ਕੱਲਾ ਈ ਸਮੇਂ ਨੂੰ ਪੁੱਠਾ ਗੇੜ ਦੇ ਕੇ ਕਿਤੇ ਦੀ ਕਿਤੇ ਪਹੁੰਚ ਜਾਦਾ।
ਤਾਈ ਵੀ ਅੱਕ ਕੇ ਕੱਲ ਇਹਨੂੰ ਮੇਰੇ ਕੋਲ ਛੱਡਗੀ, ਅਖੇ ਤੁਹਾਡਾ ਵੀ ਕੁਸ਼ ਲਗਦਾ, ਹੁਣ ਥੋੜਾ ਚਿਰ ਤੁਸੀਂ ਵੀ ਕਰ ਲਉ ਸੇਵਾ। ਮੈਨੂੰ ਤਾਂ ਫਿਕਰ ਪਿਆ ਹੋਇਆ ਸੀ। ਹੋਰ ਦੋਹ ਕੁ ਦਿਨਾਂ ਨੂੰ ਨਿਸ਼ਾ ਨੇ ਆ ਜਾਣਾ ਸੀ। ਨਿਸ਼ਾ ਸ਼ਹਿਰ ਦੀ ਪੜ੍ਹੀ ਲਿੱਖੀ ਕੁੜੀ ਸੀ। ਉਸ ਨੇ ਪਿੰਡਾਂ ਦਾ ਮਾਹੌਲ ਤੇ ਪਿੰਡਾਂ ਦੇ ਬੁੜ੍ਹੇ ਕਦ ਵੇਖੇ ਸਨ। ਫਿਰ ਅਜਿਹਾ ਸਪੈਸ਼ਲ ਕੇਸ ਤਾਂ ਮੈਂ ਵੀ ਨਹੀਂ ਸੀ ਵੇਖਿਆ ਕਦੇ। ਬੀਬੀ ਭਾਪੇ ਦੇ ਹੁੰਦਿਆ ਤੇ ਕਦੀ ਕਦੀ ਬਾਬਾ ਦੋਂਹ ਚਹੁੰ ਦਿਨਾਂ ਲਈ ਸਾਡੇ ਕੋਲ ਰਹਿ ਜਾਂਦਾ ਸੀ। ਪਰ ਉਦੋਂ ਉਹ ਠੀਕ ਠਾਕ ਸੀ। ਏਦਾ ਨਹੀਂ ਸੀ।
ਹੁਣ ਕਲ ਦੀ ਗੱਲ ਸੁਣ ਲਉ। ਮੈਨੂੰ ਤਾਂ ਦਸਦੇ ਨੂੰ ਸੰਗ ਆਉਦੀਂ ਆ। ਮੈਂ ਦੋ ਤਲਾਈਆਂ ਗੋਲ ਕਰਕੇ ਇੱਕ ਵੱਡਾ ਸਰ੍ਹਾਣਾ ਬਣਾਇਆ ਹੋਇਆ ਸੀ। ਮੋਢਾ ਦੁਖਣ ਕਰਕੇ ਡਾਕਟਰ ਨੇ ਦਸਿਆ ਸੀ। ਹੁਣ ਉਹ ਸਰ੍ਹਾਣਾ ਮੈਂ ਤਾਂ ਨਹੀਂ ਸੀ ਲੈਂਦਾ, ਉਹ ਮੈਂ ਬਾਬੇ ਨੂੰ ਦੇ ਦਿੱਤਾ। ਗੋਲ ਸਰ੍ਹਾਣੇ ਦੇ ਇੱਕ ਪਾਸੇ ਨਾਲਾ ਪਾ ਕੇ ਗੰਢ ਮਾਰੀ ਹੋਈ ਆ। ਬਾਬੇ ਨੇ ਕੀ ਕੀਤਾ ਪਹਿਲਾਂ ਤਾਂ ਪਤਾ ਨਹੀਂ ਗੋਲ ਸਰ੍ਹਾਣੇ ਦੀ ਏਨੀ ਪੀਡੀ ਗੰਢ ਕਿਵੇਂ ਖੋਲ੍ਹੀ। ਗੰਢ ਖੋਲ ਕੇ ਸਰ੍ਹਾਣੇ ਦਾ ਗਲੇਫ਼ ਲਾਹ ਕੇ ਪਰ੍ਹਾਂ ਮਾਰਿਆ ਤੇ ਲੱਗਾ ਆ ਸਰ੍ਹਾਣੇ ਨਾਲ ਲੰਮਾ ਪੈ ਕੇ ਗੱਲਾਂ ਕਰਨ।
ਨਾ ਛਿੰਨੀਏ, ਤੇਰੇ ਚੇਤੇ ਆ ਜਦੋਂ ਸਾਈਂ ਠੋਲੇ ਸ਼ਾਹ ਦੇ ਮੇਲੇ ਤੋਂ ਮੈਂ ਤੈਨੂੰ ਪਕੌੜੇ ਤੇ ਜਲੇਬੀਆਂ ਖੁਆਈਆਂ ਸਨ। ਕਿੰਨੀ ਖੁਸ਼ ਹੋਈ ਸੀ ਤੂੰ ਉਦੋਂ ਤੇ ਨਾਲੇ ਤੂੰ ਆਂਹਦੀ ਸੀ ਕਿ ਏਦੂੰ ਪਹਿਲਾਂ ਜਿੰਦਗੀ ‘ਚ ਤੂੰ ਕਦੀ ਜਲੇਬੀਆਂ ਨੀ ਸੀ ਖਾਧੀਆਂ।
‘ਨਾ ਕੀ ਆਂਹਦੀ।।।।।।।।?’
ਮੈਂ ਦਰਾਂ ਉਹਲੇ ਖੜ੍ਹਾ ਬਾਬੇ ਦੀਆਂ ਗੱਲਾਂ ਸੁਣ ਰਿਹਾ ਸੀ। ਬਾਬਾ ਛਿੰਨੀ (ਕਈ ਸਾਲ ਪਹਿਲਾਂ ਮਰ ਚੁੱਕੀ ਮੇਰੀ ਦਾਦੀ) ਨਾਲ ਐਂ ਗੱਲਾਂ ਕਰ ਰਿਹਾ ਸੀ ਜਿਵੇਂ ਉਹ ਉਹਦੇ ਸਾਹਮਣੇ ਬੈਠੀ ਹੋਵੇ ਤੇ ਨਾਲ ਸਰ੍ਹਾਣੇ ਤੇ ਪੋਲਾ-ਪੋਲਾ ਹੱਥ ਫੇਰੀ ਜਾਵੇ।
ਤਾਈ ਦਸਦੀ ਸੀ ਪਈ, ਘਰੇ ਵੀਂ ਐਂ ਈ ਕਰਦਾ ਰਹਿੰਦਾ। ਜਦੋਂ ਕੋਈ ਗਲੀ ਗੁਆਂਢ ‘ਚੋ ਕੁੜੀ ਬੁੜੀ ਘਰੇ ਆ ਜਾਂਦੀ ਤਾਂ ਇਹ ਟੁਟ ਪੈਣਾਂ ‘ਚੰਦਰ ਬਦਨ’ ਦੇ ਕਿੱਸੇ ਗਾਉਣ ਲੱਗ ਪੈਂਦਾ। ਇੱਕ ਦਿਨ ਤਾਂ ਇਹਨੇ ਹੱਦ ਈ ਕਰ ਦਿੱਤੀ। ਗੁਆਂਢ ‘ਚੋਂ ਬੇਬੇ ਲੱਗਦੀ ਨੰਤੀ ਬੁੜੀ ਘਰੇ ਆਈ ਇਹ ਉਹਦੇ ਸਾਹਮਣੇ ਚਾਦਰਾ ਲਾਹ ਕੇ ਪੱਟਾਂ ਤੇ ਤੇਲ ਮਲਣ ਲੱਗ ਪਿਆ ਤੇ ਨਾਲੇ ਲੱਗ ਪਿਆ ਗਾਉਣ ਬਾਲੋ ਮਾਹੀਏ ਦੇ ਟੱਪੇ। ਬੁੜੀ ਤਾਂ ਉਹਨੀ ਪੈਰੀ ਮੁੜ ਗਈ ਆਪਣੇ ਘਰ ਨੂੰ ਤੇ ਇਹ ਲੱਗ ਪਿਆ ਛਿੰਨੀ ਨੂੰ ਵਾਜਾਂ ਮਾਰਨ। ਪੋਤ ਨੂੰਹਾਂ ਮੂੰਹ ‘ਚ ਕਪੜਾ ਲੈ ਲੈ ਹੱਸਣ। ਇਹਨੂੰ ਬੁਢ-ਬਲੇਦ ਨੂੰ ਭੋਰਾ ਸ਼ਰਮ ਨੀ ਆਉਂਦੀ।’ ਮੈਂ ਤਾਂ ਜਦੇ ਈ ਇਹਦਾ ਜੁੱਲੀ ਬਿਸਤਰਾ ਚਕਾ ਕੇ ਡੱਗਰਾਂ ਆਲੇ ਬਾੜੇ ‘ਚ ਘਲਾ ਤਾ। ਉਦੋਂ ਤੋਂ ਜੁਆਕਾਂ ਹੱਥ ਰੋਟੀ ਘਲਾ ਦਿੰਦੀ ਆ ਦੋਵੇ ਡੰਗਾਂ ਦੀ।
ਪਰ ਹੁਣ ਹਾਲਤ ਜਿਆਦਾ ਖਰਾਬ ਹੋ ਗਈ ਆ। ਇੱਕ ਤਾ ਦੀਹਦਾ ਘੱਟ ਹੈ ਤੇ ਉਤੋਂ ਤੁਰ ਫਿਰ ਵੀ ਨਹੀਂ ਹੁੰਦਾ ਬਹੁਤਾ। ਪਰ ਬੋਲ ਅਜੇ ਵੀ ਐਡਾ ਆ ਜੀਕੂੰ ਗਲੇ ‘ਚ ਸਪੀਕਰ ਫਿਟ ਹੋਇਆ ਵਿਆ ਹੋਵੇ। ਜੋ ਮੂੰਹ ਆਇਆ ਉਹੀ ਬੋਲੀ ਜਾਂਦਾ। ਤਾਈ ਇਹ ਕਹਿ ਕੇ ਬਾਬੇ ਨੂੰ ਮੇਰੇ ਕੋਲ ਛੱਡ ਗਈ ਕਿ ਕਿਸੇ ਚੰਗੇ ਜਿਹੇ ਡਾਕਟਰ ਕੋਲ ਇਹਦਾ ‘ਲਾਜ ਕਰਾਉ। ‘ ਲਾਜ ਹੁਣ ਇਸ ਉਮਰ ‘ਚ ਇਹਦਾ ਕੀ ਹੋਉ ਭਲਾ।
ਮੈਂ ਵੀ ਬੱਸ ਇਹੀ ਕਰ ਸਕਦਾ ਸੀ ਇਹਦਾ ਮੰਜਾ ਕੋਠੀ ਦੇ ਪਿਛੇ ਬਣੇ ਕੁਆਟਰ ‘ਚ ਡਹਾ ਦੇਵਾ ਤੇ ਦੋਵੇਂ ਡੰਗ ਰੋਟੀ ਪੁੱਜਦੀ ਕਰ ਦੇਵਾ ਇਹਨੂੰ। ਨਾ ਕਿਸੇ ਨੂੰ ਇਹਦੀਆਂ ਗੱਲਾਂ ਸੁਨਣ ਤੇ ਨਾ ਈ ਸੁਨਣ ਗ੍ਹਾਲਾਂ।
ਬਾਬੇ ਨੂੰ ਰੋਟੀ ਖੁਆ ਕੇ ਮੈਂ ਉਹਨੂੰ ਸਹਾਰਾ ਦੇ ਕੇ ਖੜਾ ਕੀਤਾ। ‘ਚਲ ਬਾਬਾ ਤੈਨੂੰ ਕੋਠੀ ਵਖਾਵਾ ਆਪਣੀ।’
‘ਹਲਾ ਸ਼ੇਰਾ, ਚਲ ਕੇਰਾ ਮਾੜਾ ਮੋਟਾ ਘੁੰਮ ਫਿਰ ਲਵਾਂ, ਭੈਣ ਦੇਣੇ ਗੋਡੇ ਤਾਂ ਹੁਣ ਜਮਾਂ ਈ ਰਹਿ ਗਏ। ਤੇਰੇ ਪੇ ਨੂੰ ਪੁੱਛੀ ਜਦ ਮੈਂ ਕੌਡੀ ਖੇਡਦਾ ਸੀ ਆਲੇ ਦੁਆਲੇ ਦੇ ਵੀਹ ਪਿੰਡਾਂ ‘ਚ ਮੇਰਾ ਨਾਂ ਬੋਲਦਾ ਸੀ। ਪਿੰਡ ‘ਚ ਜਦੋ ਕੋਈ ਜਨੇਤ ਆਉਂਦੀ ਤਾਂ ਜਾਂਞੀ ਆਪਣੇ ਪਿੰਡ ਦੀ ਕੌਡੀ ਦੀ ਟੀਮ ਨਾਲ ਲੈ ਕੇ ਆਉਂਦੇ ਤੇ ਫਿਰ ਕਈ ਕਈ ਦਿਨ ਪਿੰਡ *ਚ ਕੌਡੀ ਖੇਡ ਹੁੰਦੀ। ਬਾਹਵਾ ਰੌਣਕ ਲੱਗ ਜਾਂਦੀ’। ਜਾਹ ਤਾਂ ਮੈਨੂੰ ਅੱਜ ਤੱਕ ਕਿਸੇ ਨੇ ਢਾਹਿਆ ਹੋਵੇ।
ਬਾਬਾ ਪੂਰੇ ਜੋਸ਼ ਨਾਲ ਬੋਲ ਰਿਹਾ ਸੀ ਪਰ ਤੋਰ ਉਹਦੀ ਮੱਠੀ ਸੀ। ਬਾਬੇ ਦਾ ਸਰੀਰ ਤੇ ਮਨ ਅਲੱਗ-ਅਲੱਗ ਤੋਰ ਤੁਰ ਰਹੇ ਜਾਪਦੇ ਸਨ। ਮੈਂ ਕੋਠੀ ਦੇ ਪਿਛਵਾੜੇ ਬਣੀ ਕੋਠੜੀ ‘ਚ ਲਿਜਾ ਕੇ ਬਾਬੇ ਨੂੰ ਬੈੱਡ ਤੇ ਲੰਮਾ ਪਾ ਦਿੱਤਾ।
ਐਥੇ।।।।।।।।।? ਬਾਬਾ ਹੈਰਾਨ ਜਿਹਾ ਹੋ ਗਿਆ। ਤੂੰ ਤਾਂ ਮੈਨੂੰ ਕੋਠੀ ਦਖਾਲਣ ਲਿਆਇਆ ਸੀ ਉਏ। ਆਹ ਤਾਂ ਕੋਈ ਬਰਾਨ ਜਿਹਾ ਪਿੰਡ ਆ ਗਿਆ ਲੱਗਦਾ। ਏਥੇ ਤਾਂ ਕੋਈ ਇੰਦਾ ਨਾ ਪਰਿੰਦਾ। ਨਾ ਬੰਦਾ ਨਾ ਬੰਦੇ ਦੀ ਜਾਤ। ਮੈਂ ਨੀ ਏਥੇ ਰਹਿਣਾ। ਮੈਨੂੰ ਤਾਂ ਤੂੰ ਪਿੰਡ ਛੱਡ ਆ ਖੂਹ ਆਲੇ ਘਰ, ਛਿੰਨੀ ਮੈਨੂੰ ਡੀਕ ਦੀ ਹੋਣੀ ਆ।
ਬਾਬਾ ਫੇਰ ਔੜ ਦੀਆਂ ਭਤੌੜ ਮਾਰਨ ਲੱਗ ਪਿਆ। ਮੈਂ ਬਾਬੇ ਨੂੰ ਸਮਝਾ ਬੁਝਾ ਕੇ ਉਥੇ ਲਿਟਾ ਕੇ ਆਪ ਚੁੱਪ ਕਰਕੇ ਆਪਣੇ ਕਮਰੇ ਵਿੱਚ ਆ ਗਿਆ।
ਝਟ ਕੁ ਮਗਰੋਂ ਈ ਪਿਛਵਾੜੇ ਤੋਂ ਉੱਚੀ ਉੱਚੀ ਗ੍ਹਾਲਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ।
ਉਏ ਕੁੜੀ ਦਿਉ ਜਾਰੋ, ਉਏ ਥੋਡਾ ਕੱਖ ਨਾ ਰਹੇ ਉਏ, ਉਏ ਮੈਨੂੰ ਲਮਕਾ ਗਏ ਉਏ ਖੂਹ ‘ਚ ਪੁੱਠਾ। ਕੱਢੋ ਉਏ ਕੰਜਰੋ ਮੈਨੂੰ ਕੋਈ ਬਾਹਰ ਉਏ। ਉਏ ਮੇਰੀ ਸੰਘੀ ਨੱਪ ਤੀ ਮੇਰਿਆਂ ਸਾਲਿਆਂ ਨੇ।।।।।।।।
ਨੀ ਛਿੰਨੀਏ, ਨੀ ਤੂੰ ਵੀ ਰਲ ਗਈ ਇਨ੍ਹਾਂ ਭੈਣ ਦਿਆਂ ਜਾਰਾਂ ਨਾਲ, ਨਿਕਲ ਲੈਣ ਦੇ ਮੈਨੂੰ ਬਾਹਰ, ਤੇਰੇ ਦਿੰਨਾਂ ਗਿੱਚੀ *ਚ ਗੋਡਾ ਤੇਰੇ।
ਕੀ ਗੱਲ ਆ ਬਾਬਾ, ਕਿਉਂ ਰਾਟ ਪਾਇਆ ਤੈਂ, ਸਾਰਾ ਘਰ ਸਿਰ ਤੇ ਚੱਕਿਆ ਵਿਆ, ਕੀ ਹੋਇਆ ਤੈਨੂੰ? ਮੈਂ ਘੂਰ ਕੇ ਬਾਬੇ ਨੂੰ ਕਿਹਾ ਤਾਂ ਬਾਬਾ ਆਲੇ ਦੁਆਲੇ ਝਾਕਣ ਲੱਗ ਪਿਆ। ਜਿਵੇਂ ਮੈਂ ਕਿਸੇ ਹੋਰ ਨਾਲ ਗੱਲ ਕਰ ਰਿਹਾ ਹੋਵਾਂ।
ਮੈਂ।।।।।।।? ਮੈਂ ਤਾਂ ਸ਼ੇਰਾ ਕੁਸ਼ ਨੀ ਕਿਹਾ ਕਿਸੇ ਨੂੰ ਵੀ। ਮੈਂ ਤਾਂ ਚੁੱਪ ਕਰਕੇ ਬੈਠਾਂ ਕਦੋਂ ਦਾ ਇਥੇ।
ਬਾਬੇ ਨੂੰ ਲੰਮਾ ਪਾ ਕੇ ਮੈਂ ਫਿਰ ਆਪਣੇ ਕਮਰੇ ਵਿੱਚ ਆ ਗਿਆ। ਸਿਰ ਨੂੰ ਘੁਮੇਰ ਜਿਹੇ ਆਉਣ ਲੱਗ ਪਏ। ਉੱਠ ਕੇ ਮੈਂ ਆਪਣੇ ਲਈ ਇੱਕ ਪੈਗ ਬਣਾਇਆ ਤੇ ਹੌਲੀ ਹੌਲੀ ਚੁਸਕੀਆਂ ਲੈਣ ਲੱਗਾ। ਥੋੜ੍ਹਾ ਥੋੜ੍ਹਾ ਸਰੂਰ ਹੋਇਆ ਤਾਂ ਮੈਨੂੰ ਨਿਸ਼ਾ ਚੇਤੇ ਆਉਣ ਲੱਗ ਪਈ। ਕਈ ਦਿਨ ਹੋ ਗਏ ਸੀ ਨਿਸ਼ਾ ਨੂੰ ਪੇਕੇ ਗਈ ਨੂੰ। ਤੀਵੀਂ ਤੋਂ ਬਿਨਾਂ ਵੀ ਸਾਲੀ ਕਾਹਦੀ ਜਿੰਦਗੀ ਆ ਭਲਾ। ਪਤਾ ਨਹੀਂ ਸ਼ਰਾਬ ਦਾ ਨਸ਼ਾ ਸੀ ਜਾਂ ਕੁਝ ਹੋਰ। ਮੈਨੂੰ ਨਿਸ਼ਾ ਦੀ ਬਹੁਤ ਸ਼ਿਦਤ ਨਾਲ ਲੋੜ ਮਹਿਸੂਸ ਹੋਣ ਲੱਗੀ। ਮੇਰਾ ਜੀ ਕਰੇ ਕਿ ਨਿਸ਼ਾ ਹੁਣੇ ਘਰ ਆ ਜਾਵੇ ਇਸੀ ਵੇਲੇ ਇਸੀ ਪਲ। ਪਰ ਉਹਦੇ ਆਉਣ ਚ ਤਾਂ ਅਜੇ ਸਮਾਂ ਬਾਕੀ ਸੀ। ਫਿਰ ਮਨ ਨੂੰ ਸਮਝਾ ਲਿਆ। ਸੋਚਣ ਲੱਗਾ ਕਿ ਨਿਸ਼ਾ ਆਉ ਤਾਂ ਬਾਬੇ ਦੀਆਂ ਗੱਲਾਂ ਨੂੰ ਕਿਵੇਂ ਰਿਐਕਟ ਕਰੂ। ਸ਼ਾਇਦ ਬਹੁਤ ਮਜਾਕ ਉਡਾਊਗੀ ਬਾਬੇ ਦੀਆਂ ਗੱਲਾਂ ਤੇ ਗ੍ਹਾਲਾਂ ਦਾ ਤੇ ਨਾਲ ਹੀ ਸ਼ਾਇਦ ਮੇਰਾ ਵੀ। ਸਮਝ ਨਹੀਂ ਆ ਰਿਹਾ ਸੀ ਕਿ ਆਉਣ ਵਾਲੇ ਸਮੇਂ ਘਰ *ਚ ਕੀ ਮਾਹੌਲ ਬਣੂ। ਨਿਸ਼ਾ ਨੇ ਜੇ ਬਾਬੇ ਨੂੰ ਰੱਖਣ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਕੀ ਹੋਊ। ਘੜੀ ਦੀ ਘੜੀ ਮੇਰਾ ਦਿਮਾਗ ਆਲੇ ਦੁਆਲੇ ਦੇ ਬਿਰਧ ਆਸ਼ਰਮਾਂ ਦਾ ਪਤਾ ਲਾਉਣ ਲੱਗ ਪਿਆ। ਮੈਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ।ਮੈਂ ਸਿਰ ਨੂੰ ਝਟਕਾ ਜਿਹਾ ਦਿੱਤਾ ਤੇ ਉੱਠ ਕੇ ਹੌਲੀ-ਹੌਲੀ ਬਾਬੇ ਵਲ੍ਹ ਨੂੰ ਹੋ ਤੁਰਿਆ।
ਬਾਬਾ ਚੁੱਪ ਕਰਕੇ ਬੈਡ ਤੇ ਬੈਠਾ ਸੀ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਹੋਵੇ।
ਬਾਬਾ
‘ਹਾਂਅ।।।।।।’ ਬਾਬੇ ਨੇ ਗਹਿਰੀ ਜਿਹੀ ਅਵਾਜ਼ ਵਿੱਚ ਕਿਹਾ।
‘ਪੈੱਗ ਪੀਣਾ।।।।।।।।।।।?’
‘ਹੈਗਾ।।।।?’ ਪੈੱਗ ਦਾ ਨਾ ਸੁਣ ਕੇ ਬਾਬੇ ਦੇ ਚਿਹਰੇ ਤੇ ਰੌਣਕ ਜਿਹੀ ਆ ਗਈ।
‘ਆਹੋ ਹੈਗਾ’
‘ਲਿਆ ਕੇਰਾ ਇੱਕ ਕਰੜਾ ਜਿਹਾ, ਮੇਰਾ ਪੁੱਤ ਪਾਣੀ ਨਾ ਪਾਈ ਬਿੱਚ।’
‘ਚੰਗਾ’ ਆਖ ਮੈਂ ਬਾਬੇ ਲਈ ਇੱਕ ਨਿੱਗਰ ਜਿਹਾ ਪੈੱਗ ਬਣਾ ਕੇ ਲੈ ਆਇਆ। ਬਾਬੇ ਨੇ ਇੱਕੋ ਸਾਹੇ ਹੀ ਖਿੱਚ ਲਿਆ ਤੇ ਮਗਰੋਂ ਖੰਘੂਰਾ ਜਿਹਾ ਮਾਰ ਕੇ ਸਿਰ ਨੂੰ ਝਟਕਾ ਜਿਹਾ ਦਿੱਤਾ।
‘ਚਲ ਹੁਣ ਪੈ ਜਾ ਥੋੜਾ ਚਿਰ ‘
‘ਚੰਗਾ ਪੁੱਤ।’
ਥੋੜੇ ਚਿਰ ਬਾਅਦ ਮੈਂ ਰੋਟੀ ਲੈ ਕੇ ਬਾਬੇ ਦੀ ਕੋਠੜੀ ‘ਚ ਗਿਆ ਤਾਂ ਕੀ ਦੇਖਦਾ, ਬਾਬੇ ਦੀ ਦੇਹ ਤੇ ਇੱਕ ਵੀ ਕਪੜਾ ਨਹੀਂ ਸੀ। ਮੈਂ ਗੁੱਸੇ ਰਲੀ ਸ਼ਰਮ ਨਾਲ ਯਕਦਮ ਦਰਾ ‘ਚ ਈ ਰੁੱਕ ਗਿਆ। ਬਾਬਾ ਕੱਲਾ ਈ ਗੱਲਾਂ ਕਰੀ ਜਾਂਦਾ ਸੀ।
ਛਿੰਨੀਏ, ਨਾ ਹੁਣ ਤੂੰ ਮੇਰੇ ਨਾਲ ਰੁੱਸੀ ਰਹਿਣਾ, ਮੇਰੇ ਨਾਲ ਬੋਲਣਾ ਨੀ ਤੈ, ਮੈਥੋਂ ਏਡੀ ਕੀ ਖੁਨਾਮੀ ਹੋ ਗਈ। ਨਾ ਕੁਸ਼ ਤਾਂ ਬੋਲ ਮੇਰੇ ਨਾਲ। ਬਾਬਾ ਸਰ੍ਹਾਣੇ ਤੇ ਪੋਲਾ ਪੋਲਾ ਹੱਥ ਫੇਰ ਕੇ ਗੱਲਾਂ ਕਰ ਰਿਹਾ ਸੀ।
ਬਾਬਾ।।।।।।।, ਮੈਂ ਉੱਚੀ ਦੇਣੀ ਗੁੱਸੇ ‘ਚ ਵਾਜ ਮਾਰੀ।
ਹਾਂਅ।।।।, ਬਾਬੇ ਦੀ ਆਵਾਜ ਇਵੇਂ ਆਈ ਜਿਵੇਂ ਕਿਸੇ ਡੂੰਘੇ ਖੂਹ ‘ਚੋ ਨਿਕਲੀ ਹੋਵੇ।
‘ਹਾਅ ਕੀ ਕਰੀ ਬੈਠਾ ਤੂੰ, ਸ਼ਰਮ ਨੀ ਆਉਂਦੀ ਤੈਨੂੰ ਭੋਰਾ ਵੀ।’ਮੈਂ ਕੀ ਕੀਤਾ ਪੁੱਤ’, ਆਪਣੇ ਵਲ ਵੇਖ ਬਾਬਾ ਸ਼ਰਮਿੰਦਾ ਜਿਹਾ ਹੋ ਗਿਆ। ‘ਮੇਰੇ ਲੀੜੇ ਕਿਥੇ ਗਏ,’ ਬਾਬਾ ਹੈਰਾਨ ਜਿਹਾ ਹੋ ਕੇ ਬੋਲਿਆ।
‘ਅੱਛਾ ਛਿੰਨੀ ਲੈ ਗਈ ਹੋਣੀ ਆ ਧੋਣ ਨੂੰ,’ ਬਾਬੇ ਨੇ ਤਸੱਲੀ ਜਿਹੀ ਨਾਲ ਕਿਹਾ। ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਬਾਬਾ ਪਖੰਡ ਕਰ ਰਿਹਾ ਸੀ ਜਾਂ ਇੱਕੋ ਸਮੇਂ ‘ਚ ਅੱਲਗ-ਅਲੱਗ ਸਮਿਆਂ ‘ਚ ਪਹੁੰਚ ਜਾਂਦਾ ਸੀ।
ਮੈਂ ਬਾਬੇ ਦੇ ਕਪੜੇ ਪੁਆ ਕੇ ਰੋਟੀ ਖੁਆ ਕੇ ਲੰਮਾ ਪਾ ਦਿੱਤਾ। ਪੈੱਗ ਕਰਕੇ ਬਾਬੇ ਨੂੰ ਛੇਤੀ ਹੀ ਨੀਂਦ ਆ ਗਈ। ਫਿਰ ਮੈਂ ਵੀ ਆ ਕੇ ਆਪਣੇ ਕਮਰੇ ਵਿੱਚ ਪੈ ਗਿਆ। ਕਦੋ ਅੱਖ ਲੱਗ ਗਈ ਪਤਾ ਹੀ ਨਹੀਂ ਚਲਿਆ। ਸਵੇਰੇ ਬਾਬੇ ਦੀਆਂ ਮੋਟੀਆਂ ਮੋਟੀਆਂ ਗਾਹਲਾਂ ਨਾਲ ਮੇਰੀ ਨੀਂਦ ਖੁੱਲੀ ਸੀ।
ਮੈਂ ਛੇਤੀ ਦੇਣੀ ਜਾ ਕੇ ਵੇਖਿਆ ਬਾਬਾ ਮੋਟੇ ਸਰ੍ਹਾਣੇ ਨੂੰ ਜੋਰ ਜੋਰ ਦੀ ਦੁਹਥੜਾ ਮਾਰ ਕੇ ਕੁੱਟ ਰਿਹਾ ਸੀ। ਸਰ੍ਹਾਣੇ ਦਾ ਨਾਲਾ ਕਿਤੇ ਪਿਆ ਸੀ ਤੇ ਗਲੇਫ਼ ਕਿਤੇ ਪਿਆ ਸੀ।
ਹੈ ਇਸ ਕੁੱਤੀ ਤੀਵੀਂ ਨੂੰ ਮੇਰੀ ਭੋਰਾ ਵੀ ਪਰਵਾਹ, ਕਦੋਂ ਦਾ ਸੱਦੀ ਜਾਨਾ ਪਈ ਮੇਰੇ ਤੇਲ ਝਸ ਦੇ ਪਰ ਮਜਾਲ ਆ ਜੇ ਇਹ ਰੰਨ ਭੋਰਾ ਕੰਨ ਕਰਦੀ ਹੋਵੇ ਮੇਰੇ ਵੱਲ੍ਹ। ਅੱਜ ਨੀ ਮੈਂ ਛੱਡਦਾ ਇਸ ਮਾੜੇ ਖਲਣੇ ਦੀ ਨੂੰ।ਅੱਜ ਮੈਂ ਇਹਦੀ ਅੱਲਖ ਈ ਮੁਕਾ ਦੇਣੀ ਆ। ਬਾਬਾ ਹਫਿਆ ਹੋਇਆ ਸਰ੍ਹਾਣਾ ਕੁੱਟੀ ਜਾਂਦਾ ਸੀ।
ਬਾਬਾ।।।। ਕੀ ਕਰੀ ਜਾਂਨਾ, ਆਹ ਸਰ੍ਹਾਣੇ ਦਾ ਕੀ ਹਾਲ ਕੀਤਾ ਪਿਆ ਤੂੰ? ਮੈਂ ਜਰਾ ਗੁੱਸੇ ‘ਚ ਆਖਿਆ। ‘ਕੁਸ਼ ਨੀ ਸ਼ੇਰਾ, ਮੈਂ ਤਾਂ ਕੁਸ਼ ਨੀ ਕੀਤਾ’ ਬਾਬਾ ਇਉ ਬੋਲਿਆ ਜਿਵੇਂ ਦੋ ਮਿੰਟ ਪਹਿਲਾਂ ਕੁਸ਼ ਹੋਇਆ ਈ ਨਾ ਹੋਵੇ।
ਦੁਪਹਿਰ ਤੱਕ ਨਿਸ਼ਾ ਆ ਗਈ। ਚਾਹ ਪਾਣੀ ਪੀਣ ਉਪਰੰਤ ਮੈਂ ਨਿਸ਼ਾ ਨੂੰ ਬਾਬੇ ਬਾਰੇ ਵਿਸਥਾਰ ਵਿੱਚ ਦਸ ਦਿੱਤਾ।
ਕਿਥੇ ਆ ਹੁਣ ਬਾਬਾ? ਨਿਸ਼ਾ ਨੇ ਆਲੇ ਦੁਆਲੇ ਵੇਖ ਕੇ ਪੁੱਛਿਆ।
‘ਪਿੱਛਲੀ ਕੋਠੜੀ ‘ਚ’
ਹੈਅ? ਪਿੱਛਲੀ ਕੋਠੜੀ ‘ਚ ਕਿਉਂ
ਤੈਨੂੰ ਨੀ ਪਤਾ, ਉਹ ਉਥੇ ਹੀ ਠੀਕ ਰਹੂ, ਘਰ ਦੇ ਅੰਦਰ ਤਾਂ ਉਹਨੇ ਖੋਰੂ ਪਾ ਕੇ ਘਰ ਸਿਰ ਤੇ ਚੱਕ ਲੈਣਾ। ਉਹਦਾ ਦਿਮਾਗ ਹਿੱਲ ਗਿਆ ਆ।
ਤੁਸੀ ਚੁੱਪ ਕਰਕੇ ਬੈਠੋ।
ਨਿਸ਼ਾ ਉਠ ਕੇ ਪਿਛਵਾੜੇ ਬਾਬੇ ਕੋਲ ਜਾ ਪਹੁੰਚੀ ਤੇ ਉਸਨੇ ਬਾਬੇ ਨੂੰ ਘੁੱਟ ਕੇ ਜੱਫੀ ਪਾ ਲਈ। ਬਾਬੇ ਨੇ ਵੀ ਨਿਸ਼ਾ ਨੂੰ ਇੰਝ ਘੁੱਟ ਲਿਆ ਜਿਵੇਂ ਕੋਈ ਵਸਤੂ ਵਰਿਆ ਬਾਅਦ ਮਿਲੀ ਹੋਵੇ ਤੇ ਉਹਦੇ ਖੁੱਸ ਜਾਣ ਦਾ ਡਰ ਹੋਵੇ। ਕਿੰਨਾ ਹੀ ਚਿਰ ਬਾਬਾ ਤੇ ਨਿਸ਼ਾ ਇੰਝ ਹੀ ਰਹੇ ਬਿਨਾਂ ਕੁਸ਼ ਬੋਲੇ।ਮੈਨੂੰ ਕੋਲ ਖੜ੍ਹੇ ਨੂੰ ਬਾਬੇ ਦੀ ਜੱਫ਼ੀ ਹੋਰ ਈ ਤਰ੍ਹਾ ਦੀ ਲੱਗੀ ਜਾਵੇ। ਪਰ ਨਿਸ਼ਾ ਪਿਆਰ ਨਾਲ ਬਾਬੇ ਦੇ ਨਾਲ ਲੱਗੀ ਬੈਠੀ ਸੀ।ਕੁਝ ਪਲਾਂ ਬਾਅਦ ਨਿਸ਼ਾ ਤੇ ਬਾਬਾ ਵੱਖ ਵੱਖ ਹੋਏ। ਨਿਸ਼ਾ ਬਾਂਹ ਦਾ ਸਹਾਰਾ ਦੇ ਕੇ ਬਾਬੇ ਨੂੰ ਅੰਦਰ ਘਰ ਵੱਲ ਨੂੰ ਲੈ ਤੁਰੀ ਅੰਦਰ ਲਿਆ ਕੇ ਨਿਸ਼ਾ ਨੇ ਬਾਬੇ ਨੂੰ ਲਾਬੀ ‘ਚ ਡੱਠੇ ਬੈੱਡ ਤੇ ਲੰਮਾ ਪਾ ਦਿੱਤਾ।ਚਾਹ ਬਣਾ ਕੇ ਬਾਬੇ ਕੋਲ ਬੈਠ ਕੇ ਆਪ ਵੀ ਪੀਤੀ ਤੇ ਬਾਬੇ ਨੂੰ ਵੀ ਪਿਆਈ। ਰਾਤ ਦੀ ਰੋਟੀ ਖਾ ਕੇ ਬਾਬਾ ਛੇਤੀ ਹੀ ਸੌ ਗਿਆ।
ਕਈ ਦਿਨ ਲੰਘ ਗਏ ਸਨ ਬਾਬੇ ਨੂੰ ਦੌਰਾ ਨਹੀਂ ਸੀ ਪਿਆ। ਨਿਸ਼ਾ ਬਾਬੇ ਦੀ ਰੋਟੀ, ਚਾਹ, ਕਪੜੇ ਲੱਤੇ ਦਾ ਆਪ ਖਿਆਲ ਰੱਖਦੀ। ਬਾਬੇ ਦਾ ਸਿਰ ਝੱਸਦੀ। ਉਹਦੇ ਨਾਲ ਗੱਲਾਂ ਕਰਦੀ।
ਇੱਕ ਦਿਨ ਮੈਂ ਮਜਾਕ ਵਿੱਚ ਨਿਸ਼ਾ ਨੂੰ ਕਿਹਾ, ‘ਬਾਬੇ ਤੋਂ ਥੋੜ੍ਹਾ ਜਿਹਾ ਦੂਰ ਈ ਰਿਹਾ ਕਰ, ਤੈਨੂੰ ਪਤਾ ਨਹੀਂ ਬਾਬਾ ਤੀਵੀਂ ਦੀ ਛੋਹ ਲਈ ਹਿਰਸਿਆ ਪਿਆ। ਨਿਸ਼ਾ ਮੇਰੇ ਵੱਲ ਤੱਕ ਕੇ ਮੁਸਕਰਾਈ, ਤੀਵੀਂ ਦੀ ਛੋਹ ਤੇ ਪਿਆਰ ਦੀ ਛੋਹ ਵਿੱਚ ਫਰਕ ਹੁੰਦਾ। ਤੁਸੀਂ ਮਰਦ ਇਹਨਾਂ ਸੂਖਮ ਗੱਲਾਂ ਨੂੰ ਸਾਰੀ ਉਮਰ ਲੰਘਾ ਕੇ ਵੀ ਸਮਝ ਨਹੀਂ ਸਕਦੇ। ਨਿਸ਼ਾ ਮੇਰੀ ਹਿੱਕ ਤੇ ਠੋਲਾ ਜਿਹਾ ਮਾਰ ਕੇ ਹੱਸਦੀ ਹੋਈ ਕਮਰੇ ਚੋ ਬਾਹਰ ਨਿਕਲ ਗਈ।

Total Views: 367 ,
Real Estate