ਕਦੇ ਮੂੰਹ ਨਹੀਂ ਲਾਓਗੇ ਸ਼ਰਾਬ, ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਉਪਾਅ

ਸ਼ਰਾਬ ਕਿਵੇਂ ਛੱਡੀਏ: ਡ੍ਰਿੰਕ ਕਰਨਾ ਅੱਜਕੱਲ੍ਹ ਇੱਕ ਫ਼ੈਸ਼ਨ ਜਿਹਾ ਬਣ ਗਿਆ ਹੈ। ਕਦੀ ਕਦਾਈਂ ਡ੍ਰਿੰਕ ਕਰਨਾ (ਸ਼ਰਾਬ ਪੀਣਾ) ਸਿਹਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਜੇ ਤੁਹਾਨੂੰ ਸ਼ਰਾਬ ਪੀਣ ਦੀ ਲਤ ਲੱਗ ਚੁੱਕੀ ਹੈ ਤੇ ਤੁਸੀਂ ਇਸ ਤੋਂ ਬਗ਼ੈਰ ਰਹਿ ਨਹੀਂ ਸਕਦੇ, ਤਾਂ ਇਹ ਗੰਭੀਰ ਖ਼ਤਰੇ ਦਾ ਸੰਕੇਤ ਹੈ। ਬਹੁਤ ਜ਼ਿਆਦਾ ਸ਼ਰਾਬ ਸਰੀਰ ਨੂੰ ਅੰਦਰੋਂ ਖੋਖਲਾ ਕਰ ਕੇ ਰੱਖ ਦਿੰਦੀ ਹੈ, ਇਸੇ ਲਈ ਹੁਣੇ ਤੋਂ ਇਸ ਦੇ ਸੇਵਨ ਪ੍ਰਤੀ ਚੌਕਸ ਹੋ ਜਾਵੋ।

ਹੌਲੀ-ਹੌਲੀ ਕਰੋ ਸ਼ਰਾਬ ਨੂੰ ਛੱਡਣ ਦੀ ਕੋਸ਼ਿਸ਼

ਸਿਹਤ ਮਾਹਿਰਾਂ ਅਨੁਸਾਰ ਜੇ ਕਿਸੇ ਵਿਅਕਤੀ ਨੂੰ ਸ਼ਰਾਬ ਦੀ ਲਤ ਚੁੱਕੀ ਹੈ, ਤਾਂ ਉਹ ਇੱਕਦਮ ਤਾਂ ਸ਼ਰਾਬ ਛੱਡ ਨਹੀਂ ਸਕਦਾ ਕਿਉਂਕਿ ਇੰਝ ਉਸ ਦੇ ਸਰੀਰ ਉੱਤੇ ਨਾਂਪੱਖੀ ਅਸਰ ਪਵੇਗਾ। ਇਸ ਲਈ ਅਜਿਹੇ ਲੋਕਾਂ ਨੂੰ ਹੌਲੀ-ਹੌਲੀ ਸ਼ਰਾਬ ਦੀ ਮਾਤਰਾ ਘਟਾਉਂਦੇ ਜਾਣਾ ਚਾਹੀਦਾ ਹੈ। ਜੇ ਰੋਜ਼ਾਨਾ ਚਾਰ-ਪੰਜ ਪੈੱਗ ਲੈਂਦੇ ਹੋ, ਤਾਂ ਉਸ ਨੂੰ ਘਟਾ ਕੇ ਦੋ-ਤਿੰਨ ਪੈਗਾਂ ਉੱਤੇ ਲਿਆਓ। ਫਿਰ ਦਿਨਾਂ ਦਾ ਅੰਤਰ ਲਿਆਉਣਾ ਸ਼ੁਰੂ ਕਰੋ ਤੇ ਫਿਰ ਹੌਲੀ-ਹੌਲੀ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਵੋ।

ਦਵਾਈ ਨਹੀਂ ਇੱਛਾ ਸ਼ਕਤੀ ਜ਼ਰੂਰੀ

ਜੇ ਤੁਹਾਨੂੰ ਲਗਦਾ ਹੈ ਕਿ ਕਿਸੇ ਦਵਾਈ ਜਾਂ ਗੋਲੀ ਦੇ ਖਾਣ ਨਾਲ ਹੀ ਤੁਹਾਡੀ ਸ਼ਰਾਬ ਦੀ ਲਤ ਛੁੱਟ ਜਾਵੇਗੀ, ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਤੁਸੀਂ ਡਾਕਟਰ ਤੋਂ ਸਲਾਹ ਲੈ ਸਕਦੇ ਹੋ। ਉਹ ਤੁਹਾਡੀ ਕਾਊਂਸਲਿੰਗ ਵੀ ਕਰੇਗਾ; ਜਿਸ ਨਾਲ ਤੁਹਾਡਾ ਸ਼ਰਾਬ ਤੋਂ ਮੋਹ ਵੀ ਭੰਗ ਹੋ ਸਕਦਾ ਹੈ ਪਰ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਮਜ਼ਬੂਤ ਇੱਛਾ ਸ਼ਕਤੀ ਤੇ ਖ਼ੁਦ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ।

ਇੱਕ ਯੋਜਨਾ ਉਲੀਕੋ

ਮਾਹਿਰ ਡਾਕਟਰਾਂ ਅਨੁਸਾਰ ਤੁਹਾਨੂੰ ਸ਼ਰਾਬ ਛੋੜਨ ਲਈ ਵੀ ਯੋਜਨਾਬੰਦੀ ਕਰਨੀ ਹੋਵੇਗੀ। ਤੁਸੀਂ ਯੋਜਨਾ ਬਣਾਓਗੇ ਕਿ ਜੇ ਤੁਹਾਡਾ ਚਿੱਤ ਸ਼ਰਾਬ ਪੀਣ ਨੂੰ ਕਰੇ, ਤਾਂ ਤੁਸੀਂ ਆਪਣੇ ਮਨ ਨੂੰ ਕਾਬੂ ਹੇਠ ਕਿਵੇਂ ਲਿਆਉਣਾ ਹੈ। ਤੁਸੀਂ ਤਦ ਆਪਣੇ-ਆਪ ਨੂੰ ਆਪਣੇ ਕਿਸੇ ਮਨਪਸੰਦ ਵਿੱਚ ਲਾ ਸਕਦੇ ਹੋ, ਕਿਸੇ ਵਧੀਆ ਦੋਸਤ ਨਾਲ ਗੱਲਬਾਤ ਕਰ ਸਕਦੇ ਹੋ।

ਸੈਲਫ਼ ਕੇਅਰ ਜ਼ਰੂਰੀ

ਤੁਹਾਨੂੰ ਆਪਣੀਆਂ ਅਗਲੇਰੀਆਂ ਸਥਿਤੀਆਂ ਲਈ ਖ਼ੁਦ ਨੂੰ ਮਾਨਸਿਕ ਤੌਰ ਉੱਤੇ ਤਿਆਰ ਕਰਨਾ ਹੋਵੇਗਾ। ਮਨ ਨੂੰ ਸ਼ਾਂਤ ਰੱਖਣ ਲਈ ਤੁਸੀਂ ਸੈਰ ਕਰਨ ਨਿਕਲ ਜਾਓ, ਮੈਡੀਟੇਸ਼ਨ ਕਰੋ ਜਾਂ ਬਿਸਤਰ ’ਤੇ ਜਾਣ ਤੋਂ ਪਹਿਲਾਂ ਦਿਨ ਦੀਆਂ ਕੁਝ ਵਧੀਆ ਗੱਲਾਂ ਦੁਹਰਾਓ ਤੇ ਮਨ ਵਿੱਚ ਸਕਾਰਾਤਮਕ ਸੋਚ ਲਿਆਓ।

ਦੂਜੀਆਂ ਚੀਜ਼ਾਂ ਵੱਲ ਧਿਆਨ ਲਾਓ

ਸਿਹਤ ਮਾਹਿਰਾਂ ਅਨੁਸਾਰ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਖ਼ੁਦ ਨੂੰ ਰੁਝੇਵਿਆਂ ’ਚ ਉਲਝਾ ਕੇ ਰੱਖੋ। ਇਸ ਲਈ ਤੁਸੀਂ ਆਪਣੀ ਪਸੰਦ ਦੀ ਕੋਈ ਕਲਾਸ; ਜਿਵੇਂ ਡਾਂਸ, ਮਿਊਜ਼ਿਕ, ਪੇਂਟਿੰਗ ਆਦਿ ਜੁਆਇਨ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਕੰਮ ਤੁਸੀਂ ਚੁਣ ਸਕਦੇ ਹੋ।

ਖ਼ੁਦ ਨੂੰ ਚੇਤੇ ਕਰਵਾਉਂਦੇ ਰਹੋ

ਮਾਹਿਰਾਂ ਅਨਸਾਰ ਤੁਸੀਂ ਸ਼ਰਾਬ ਕਿਉਂ ਛੱਡਣਾ ਚਾਹੁੰਦੇ ਹੋ- ਉਨ੍ਹਾਂ ਕਾਰਣਾਂ ਦੀ ਇੱਕ ਸੂਚੀ ਬਣਾਓ। ਜਿਵੇਂ ਕਿ ਤੁਸੀਂ ਚੰਗੀ ਮਾਂ ਜਾਂ ਚੰਗਾ ਪਿਓ ਬਣਨ ਲਈ ਅਜਿਹਾ ਕਰਨਾ ਚਾਹੁੰਦੇ ਹੋ ਜਾਂ ਇੱਕ ਮਦਦਗਾਰ ਪਾਰਟਨਰ ਬਣਨ ਲਈ ਤੁਸੀਂ ਇਹ ਕਰ ਰਹੇ ਹੋ ਜਾਂ ਨੌਕਰੀ ਵਿੱਚ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਲਈ ਤੁਸੀਂ ਸ਼ਰਾਬ ਛੱਡਣੀ ਚਾਹ ਰਹੇ ਹੋ। ਤੁਸੀਂ ਖ਼ੁਦ ਨੂੰ ਰੋਜ਼ਾਨਾ ਇਹ ਗੱਲਾਂ ਚੇਤੇ ਕਰਵਾਓ।

ਹਾਰ ਨਾ ਮੰਨੋ

ਸ਼ਰਾਬ ਦੀ ਪੁਰਾਣੀ ਆਦਤ ਕਈ ਵਾਰ ਛੇਤੀ ਕਿਤੇ ਜਾਂਦੀ ਨਹੀਂ। ਇਸ ਲਈ ਜੇ ਇਹ ਲਤ ਛੁੱਟਣ ਦੀ ਕੋਈ ਤਰਕੀਬ ਕੰਮ ਨਾ ਆਵੇ, ਤਾਂ ਹਾਰ ਨਾ ਮੰਨੋ। ਫਿਰ ਕਿਸੇ ਹੋਰ ਤਰੀਕੇ ਦੀ ਵਰਤੋਂ ਕਰੋ। ਡਾਕਟਰਾਂ ਜਾਂ ਮਾਹਿਰਾਂ ਦੀ ਸਲਾਹ ਲਵੋ।

ਸ਼ਰਾਬ ਦੇ ਸਿਹਤ ਨੂੰ ਡਾਢੇ ਨੁਕਸਾਨ

ਸ਼ਰਾਬ ਸਰੀਰਕ ਤੇ ਮਾਨਸਿਕ ਸਿਹਤ ਦੋਵਾਂ ਲਈ ਨੁਕਸਾਨਦੇਹ ਹੁੰਦੀ ਹੈ। ਇਹ ਨਰਵਸ ਸਿਸਟਮ, ਜਿਗਰ ਤੇ ਪੇਟ ਦੀਆਂ ਬੀਮਾਰੀਆਂ ਪੈਦਾ ਕਰਦੀ ਹੈ। ਇਹ ਦਿਲ ਦੇ ਰੋਗ ਵੀ ਲਾਉਂਦੀ ਹੈ। ਇਸ ਦੇ ਸੇਵਨ ਨਾਲ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ।

Total Views: 380 ,
Real Estate