ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਹਾਦਤ ਦੇਣ ਵਾਲੀ ਕਰੀਮਾ ਮਹਿਰਾਬ

ਬਲਵਿੰਦਰ ਸਿੰਘ ਭੁੱਲਰ
ਲੋਕਾਂ ਤੇ ਅੱਤਿਆਚਾਰ ਕਰਨ ਵਾਲੇ ਜਾਲਮਾਂ ਵਿਰੁੱਧ ਅਵਾਜ ਬੁ¦ਦ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਾਨ ਹੂਲ ਕੇ ਲੜਾਈ ਲੜਣ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ ਹੈ। ਭਾਰਤ ਪਾਕਿਸਤਾਨ ਹੋਵੇ ਜਾਂ ਅਫ਼ਗਾਨਸਤਾਨ, ਇੱਥੋਂ ਦੀਆਂ ਔਰਤਾਂ ਨੇ ਅਜਿਹੀ ਜੱਦੋਜਹਿਦ ਕਰਦਿਆਂ ਜਾਨਾਂ ਕੁਰਬਾਨ ਕੀਤੀਆਂ ਹਨ। ਫਰਖੰਦਾ ਮਲਿਕਜ਼ਾਦਾ ਤੇ ਗੌਰੀ ਸੰਕਰ ਵਰਗੀਆਂ ਮਹਾਨ ਔਰਤਾਂ ਦੇ ਰਾਹ ਤੁਰਦਿਆਂ ਬਲੋਚਸਤਾਨ ਦੀ ਇੱਕ ਹੋਰ ਬੀਬੀ ਕਰੀਮਾ ਮਹਿਰਾਬ ਨੇ ਇਸ ਲੜੀ ਨੂੰ ਉਦੋਂ ਹੋਰ ਅੱਗੇ ਵਧਾਇਆ, ਜਦ ਉਸਦੀ ਲਾਸ ਕੈਨੇਡਾ ਦੇ ਸ਼ਹਿਰ ਹਰਬੋਰਫਰੰਟ ਦੇ ਨੇੜੇ ਇੱਕ ਝੀਲ ਦੇ ਕਿਨਾਰੇ ਤੋਂ ਮਿਲੀ। ਇਹ ਬਹਾਦਰ ਬੀਬੀ ਸਮਝਦੀ ਸੀ ਕਿ ਉਸਨੂੰ ਲੋਕਾਂ ਲਈ ਜਾਨ ਤੋਂ ਹੱਥ ਥੋਣੇ ਹੀ ਪੈਣਗੇ, ਉਸਨੇ ਕੁਝ ਸਮਾਂ ਪਹਿਲਾਂ ਮਿਲੀ ਧਮਕੀ ਦਾ ਬੜੀ ਦਲੇਰੀ ਨਾਲ ਜਵਾਬ ਦਿੰਦਿਆਂ ਕਹਿ ਦਿੱਤਾ ਸੀ, ‘‘ਮੈਂ ਖ਼ੁਦ ਇਸ ਮੁਸਕਿਲਾਂ ਭਰੇ ਰਾਹ ਨੂੰ ਚੁਣਿਆ ਹੈ, ਇਸ ਲਈ ਮੈਂ ਖਤਰਿਆਂ ਤੋਂ ਡਰ ਕੇ ਆਪਣਾ ਸੰਘਰਸ ਨਹੀਂ ਛੱਡਾਂਗੀ।’’
ਇੱਕ ਸਧਾਰਨ ਘਰ ਵਿੱਚ ਜਨਮੀ ਕਰੀਮਾ ਦਾ ਚਾਚਾ ਤੇ ਮਾਮਾ ਰਾਜਨੀਤੀ ਵਿੱਚ ਦਿਲਚਸਪੀ ਰਖਦੇ ਸਨ, ਜਿਸ ਸਦਕਾ ਕਰੀਮਾ ਨੂੰ ਵੀ ਜਾਗਰੂਕਤਾ ਮਿਲੀ। ਉਹ ਪੜ•ਾਈ ਦੌਰਾਨ ਬਲੋਚ ਸਟੂਡੈਟਸ ਆਰਗੇਨਾਈਜੇਸ਼ਨ ਵਿੱਚ ਸਰਗਰਮ ਹੋ ਗਈ। ਇਹ ਸੰਸਥਾ ਤਿੰਨ ਧੜਿਆਂ ਵਿੱਚ ਵੰਡੀ ਹੋਈ ਸੀ, ਸਾਲ 2006 ਵਿੱਚ ਤਿੰਨੇ ਧੜੇ ਇੱਕਜੁੱਟ ਹੋ ਗਏ ਅਤੇ ਜਾਕਿਰ ਮਜੀਦ ਇਸਦੇ ਪ੍ਰਧਾਨ ਬਣੇ ਤੇ ਕਰੀਮਾਂ ਕਾਰਜਕਾਰੀ ਮੇਂਬਰ ਬਣ ਗਈ। ਕੁੱਝ ਸਮੇਂ ਬਾਅਦ ਜਾਕਿਰ ਮਜੀਦ ਲਾਪਤਾ ਹੋ ਗਏ ਤਾਂ ਬੀਬੀ ਕਰੀਮਾਂ ਨੂੰ ਜਥੇਬੰਦੀ ਦਾ ਪ੍ਰਧਾਨ ਬਣਾਇਆ ਗਿਆ। ਉਹ ਬਲੋਚਸਤਾਨ ਸਟੂਡੈਂਟਸ ਆਰਗੇਨਾਈਜੇਸਨ ਦੀ ਪਹਿਲੀ ਔਰਤ ਪ੍ਰਧਾਨ ਬਣੀ। ਪਰ ਇਹ ਸਮਾਂ ਅਜਿਹਾ ਸੀ ਕਿ ਇਸ ਜਥੇਬੰਦੀ ਦੇ ਨੇਤਾ ਲਾਪਤਾ ਕੀਤੇ ਜਾ ਰਹੇ ਸਨ ਜਾਂ ਛੁਪ ਕੇ ਕੰਮ ਕਰ ਰਹੇ ਸਨ, ਕਿਉਂਕਿ ਇਹ ਜਥੇਬੰਦੀਬਲੋਚਸਤਾਨ ਦੀ ਅਜ਼ਾਦੀ ਦੀ ਮੰਗ ਕਰ ਰਹੀ ਸੀ। 2013 ਵਿੱਚ ਪਾਕਿਸਤਾਨ ਨੇ ਇਸ ਜਥੇਬੰਦੀ ਤੇ ਪਾਬੰਦੀ ਲਗਾ ਦਿੱਤੀ।
ਬੀਬੀ ਕਰੀਮਾ ਆਰਗੇਨਾਈਜੇਸਨ ਵਿੱਚ ਕੰਮ ਕਰਨ ਦੇ ਨਾਲ ਨਾਲ ਬਲੋਚ ਨੈਸਨਲ ਮੂਵਮੈਂਟ ਦੀ ਲੀਡਰ ਵੀ ਬਣ ਗਈ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਅਵਾਜ਼ ਬੁ¦ਦ ਕਰਨ ਲੱਗੀ। ਸਾਲ 2005 ਵਿੱਚ ਹੀ ਆਪਣੀ ਰਿਸਤੇਦਾਰੀ ਚੋਂ ਭਰਾ ਲਗਦੇ ਇੱਕ ਨੌਜਵਾਨ ਸਖ਼ਸ ਮਹਿਰਾਮ ਦੇ ਲਾਪਤਾ ਹੋਣ ਤੇ ਉਸਨੇ ਅਵਾਜ ਉਠਾਈ ਅਤੇ ਅਜਿਹੀਆਂ ਘਟਨਾਵਾਂ ਨੂੰ ਇੱਕ ਸਾਜ਼ਿਸ ਕਿਹਾ। ਕਰੀਮਾ ਸਰਕਾਰੀ ਦਹਿਸਤਗਰਦੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲੱਗੀ ਤੇ ਵਿਰੋਧ ਨੂੰ ਸੜਕਾਂ ਤੇ ਲੈ ਕੇ ਆਈ। ਉਸਨੇ ਔਰਤਾਂ ਨੂੰ ਸੰਘਰਸ ਲਈ ਪ੍ਰੇਰਿਆ ਤੇ ਸੰਘਰਸਾਂ ਦੀ ਹਿੱਸੇਦਾਰ ਬਣਾਇਆ। ਇਸ ਸਦਕਾ ਉਸਦੀ ਬਲੋਚਸਤਾਨ ਵਿੱਚ ਲੋਕਪ੍ਰਿਅਤਾ ਵਧਣ ਲੱਗੀ, ਇਸਦੇ ਨਾਲ ਹੀ ਉਹ ਪਾਕਿਸਤਾਨ ਸਰਕਾਰ ਅਤੇ ਫੌਜ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਈ। ਬਲੋਚਸਤਾਨ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉ¦ਘਣਾ ਸਬੰਧੀ ਉਸਨੇ ਸੰਯੁਕਤ ਰਾਸ਼ਟਰ ਵਿੱਚ ਵੀ ਅਵਾਜ ਉਠਾਈ।
ਬੀਬੀ ਕਰੀਮਾ ਦੀਆਂ ਗਤੀਵਿਧੀਆਂ ਦੇਖਦਿਆਂ ਪਾਕਿਸਤਾਨ ਵਿੱਚ ਉਸ ਵਿਰੁੱਧ ਮੁਕੱਦਮੇ ਦਾਇਰ ਕੀਤੇ ਜਾਣ ਲੱਗੇ। ਇਸ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਉਪਰੰਤ ਉਸਦੇ ਹੌਂਸਲੇ ਨੂੰ ਪਸਤ ਕਰਨ ਲਈ ਸਜ਼ਾ ਕਰਦਿਆਂ ਕਿਹਾ, ‘‘ਇੱਕ ਔਰਤ ਹੋਣ ਕਾਰਨ ਤੈਨੂੰ ਸਜ਼ਾ ਘੱਟ ਕੀਤੀ ਜਾ ਰਹੀ ਹੈ।’’ ਇਹ ਸੁਣਦਿਆਂ ਕਰੀਮਾ ਨੇ ਦਲੇਰੀ ਭਰੀ ਅਵਾਜ਼ ਵਿੱਚ ਅਦਾਲਤ ਨੂੰ ਜਵਾਬ ਦਿੱਤਾ, ‘‘ਸਜ਼ਾ ਬਰਾਬਰਤਾ ਦੇ ਅਧਾਰ ਤੇ ਹੀ ਹੋਣੀ ਚਾਹੀਦੀ ਹੈ।’’ ਇਸ ਜਵਾਬ ਤੋਂ ਹੀ ਕਰੀਮਾਂ ਦੀ ਦਲੇਰੀ ਤੇ ਹੌਂਸਲੇ ਦਾ ਪਤਾ ਲੱਗ ਜਾਂਦਾ ਹੈ। ਉਸਨੇ ਵਿਦਿਆਰਥਣਾਂ ਤੇ ਔਰਤਾਂ ਨੂੰ ਸੰਗਠਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਆਖ਼ਰ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। 2014 ਵਿੱਚ ਉਸਦੇ ਭਰਾ ਦੀ ਮੌਤ ਉਪਰੰਤ ਇਹ ਧਮਕੀ ਵੀ ਮਿਲੀ ਕਿ ਉਹ ਲੋਕਾਂ ਦੇ ਅਧਿਕਾਰਾਂ ਲਈ ਲੜਣਾ ਛੱਡ ਦੇਵੇ ਨਹੀਂ ਉਸਦੇ ਪਰਿਵਾਰ ਦੇ ਇੱਕ ਵੀ ਮੈਂਬਰ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ।
ਸਾਲ 2016 ਵਿੱਚ ਉਸਨੂੰ ਦੇਸ਼ ਛੱਡ ਕੇ ਕੈਨੇਡਾ ਜਾਣਾ ਪਿਆ, ਕੈਨੇਡਾ ਦੇ ਸ਼ਹਿਰ ਟਰਾਂਟੋ ਰਹਿੰਦਿਆਂ ਵੀ ਉਸਨੇ ਬਲੋਚਸਤਾਨ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ ਜਾਰੀ ਰੱਖਿਆ। ਇਸ ਸਮੇਂ ਬੀ ਬੀ ਸੀ ਵੱਲੋਂ ਕਰਵਾਏ ਇੱਕ ਸਰਵੇਖਣ ’ਚ ਉਹ ਦੁਨੀਆਂ ਭਰ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸੌ ਔਰਤਾਂ ਵਿੱਚ ਚੁਣੀ ਗਈ। 20 ਦਸੰਬਰ ਨੂੰ ਦਪਹਿਰ ਬਾਅਦ ਉਹ ਅਚਾਨਕ ਹੀ ਲਾਪਤਾ ਹੋ ਗਈ, 21 ਦਸੰਬਰ ਨੂੰ ਉਸਦੀ ਲਾਸ਼ ਹਰਬੋਰਫਰੰਟ ਸ਼ਹਿਰ ਦੇ ਨਜਦੀਕ ਇੱਕ ਝੀਲ ਕੋਲੋਂ ਮਿਲੀ, ਜਿਸਦੀ ਉਸਦੇ ਪਤੀ ਹੱਮਾਲ ਹੈਦਰ ਨੇ ਪਛਾਣ ਕੀਤੀ। ਬਲੋਚ ਨੈਸਨਲ ਮੂਵਮੈਂਟ ਵੱਲੋਂ ਉਸਦੀ ਮੌਤ ਤੇ ਚਾਲੀ ਦਿਨ ਦਾ ਸੋਗ ਰੱਖਣ ਦਾ ਐਲਾਨ ਕੀਤਾ ਹੈ। ਬਲੋਚਸਤਾਨ ਸਮੇਤ ਦੁਨੀਆਂ ਭਰ ਦੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਲੋਕਾਂ ਵੱਲੋਂ ਇਸ ਘਟਨਾ ਨੂੰ ਸ਼ਾਜਿਸੀ ਕਤਲ ਕਹਿੰਦਿਆਂ ਡੂੰਘਾਈ ਨਾਲ ਪੜਤਾਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਕੁੱਝ ਸਮਾਂ ਪਹਿਲਾਂ ਮਾਰਚ ਮਹੀਨੇ ਵਿੱਚ ਵੀ ਇੱਕ ਬਲੋਚ ਸਰਨਾਰਥੀ ਪੱਤਰਕਾਰ ਸਾਜਿਦ ਹੁਸੈਨ, ਸਵੀਡਨ ਵਿੱਚ ਲਾਪਤਾ ਹੋ ਗਿਆ ਸੀ, ਜਿਸਦੀ ਬਾਅਦ ਵਿੱਚ ਲਾਸ਼ ਸਵੀਡਨ ਦੇ ਸ਼ਹਿਰ ਅਪਸਲਾ ਕੋਲ ਨਦੀ ਵਿੱਚੋ ਮਿਲ ਗਈ ਸੀ। ਸਾਜਿਦ ਅਤੇ ਕਰੀਮਾ ਦੀ ਮੌਤ ਨੂੰ ਇੱਕੋ ਲੜੀ ਦੇ ਕਤਲ ਮੰਨਿਆ ਜਾ ਰਿਹਾ ਹੈ। ਬੀਬੀ ਕਰੀਮਾ ਦੀ ਮਨੁੱਖੀ ਅਧਿਕਾਰਾਂ ਲਈ ਦਿੱਤੀ ਕੁਰਬਾਨੀ ਨੂੰ ਸਲਾਮ ਹੈ ਅਤੇ ਉਸ ਵੱਲੋਂ ਲੜੇ ਜਾ ਰਹੇ ਸੰਘਰਸ ਨੂੰ ਹੋਰ ਅੱਗੇ ਵਧਾ ਕੇ ਹੀ ਉਸਨੂੰ ਸਰਧਾਂਜਲੀ ਦਿੱਤੀ ਜਾ ਸਕਦੀ ਹੈ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Total Views: 99 ,
Real Estate