ਕਿਵੇਂ ਹੋਇਆ ਸੀ ਇੰਦਰਾ ਗਾਂਧੀ ਦਾ ਕਤਲ

ਗੱਲ 36 ਸਾਲ ਪੁਰਾਣੀ ਹੈ। 1984 ਵਿੱਚ 30 ਅਕਤੂਬਰ ਨੂੰ ਉੜੀਸਾ ਵਿੱਚ ਚੋਣਾਂ ਦੇ ਪ੍ਰਚਾਰ ਵਿੱਚੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਪਸ ਆਈ ਸੀ। ਉਹਨਾ ਤੇ ਇੱਕ ਡਾਕੂਮੈਂਟਰੀ ਬਣਾਉਣ ਲਈ ਪੀਟਰ ਉਸਤੀਨੋਵ ਆਏ ਹੋਏ ਸਨ । 31 ਅਕਤੂਬਰ ਨੂੰ ਮੁਲਾਕਾਤ ਦਾ ਸਮਾਂ ਤਹਿ ਸੀ । ਸਵੇਰੇ 9 ਵਜ ਕੇ 5 ਮਿੰਟ ਤੇ ਇੰਟਰਵਿਊ ਦੀ ਤਿਆਰੀ ਹੋ ਚੁੱਕੀ ਸੀ । ਇੰਦਰਾ ਗਾਂਧੀ ਬਾਹਰ ਨਿਕਲੀ । ਸਬ- ਇੰਸਪੈਕਟਰ ਬੇਅੰਤ ਸਿੰਘ ਅਤੇ ਸੰਤਰੀ ਬੂਥ ‘ਤੇ ਕਾਸਟੇਬਲ ਸਤਵੰਤ ਸਿੰਘ ਸਟੇਨਗੰਨ ਲੈ ਕੇ ਖੜੇ ਸਨ ।
ਪ੍ਰਧਾਨ ਮੰਤਰੀ ਨੂੰ ਦੋਵਾਂ ਸਰੁੱਖਿਆ ਗਾਰਡਾਂ ਨੇ ਸਲਿਊਟ ਮਾਰਿਆ ਹੀ ਸੀ ਅਤੇ ਨਾਲ ਦੀ ਨਾਲ ਬੇਅੰਤ ਸਿੰਘ ਨੇ .38 ਬੋਰ ਦੀ ਸਰਕਾਰੀ ਰਿਵਾਲਵਰ ਕੱਢੀ ਅਤੇ ਇੰਦਰਾ ਗਾਂਧੀ ‘ਤੇ ਤਿੰਨ ਗੋਲੀਆਂ ਦਾਗ ਦਿੱਤੀਆਂ । ਸਤਵੰਤ ਸਿੰਘ ਨੇ ਵੀ ਸਟੇਨਗੰਨ ਨਾਲ ਗੋਲੀਆਂ ਦਾਗਣੀਆਂ ਸੁਰੂ ਕਰ ਦਿੱਤੀਆਂ । ਇੱਕ ਮਿੰਟ ਤੋਂ ਘੱਟ ਸਮੇਂ ‘ਚ ਸਤਵੰਤ ਸਿੰਘ ਨੇ ਆਪਣੀ ਸਟੇਨਗੰਨ ਦੀਆਂ 30 ਗੋਲੀਆਂ ਦਾ ਮੈਗਜ਼ੀਨ ਖਾਲੀ ਕਰ ਦਿੱਤਾ ।
ਇੰਦਰਾ ਗਾਂਧੀ ਦੇ ਨਾਲ ਆ ਰਹੇ ਵਿਅਕਤੀ ਕੁਝ ਵੀ ਸਮਝ ਨਾ ਸਕੇ । ਉਸ ਸਮੇਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿੱਚ ਖੜੀ ਐਂਬੂਲੈਂਸ ਦਾ ਡਰਾਈਵਰ ਚਾਹ ਪੀਣ ਗਿਆ ਹੋਇਆ ਸੀ । ਕਾਰ ਵਿੱਚ ਇੰਦਰਾ ਗਾਂਧੀ ਨੂੰ ਏਮਸ ਲਿਜਾਇਆ ਗਿਆ । ਉਹਨਾ ਦੇ ਸ਼ਰੀਰ ਵਿੱਚੋਂ ਲਗਾਤਾਰ ਖੂਨ ਵਹਿ ਰਿਹਾ ਸੀ ।
ਏਮਸ ਦੇ ਡਾਕਟਰ ਸਰਗਰਮ ਹੋਏ । ਖੂਨ ਰੋਕਣ ਦੀ ਕੋਸਿ਼ਸ਼ ਕੀਤੀ । ਬਾਹਰ ਤੋਂ ਸਪੋਰਟ ਦਿੱਤੀ ਗਈ । 88 ਬੋਤਲ ਓ-ਨੈਗੇਟਿਵ ਖੂਨ ਚੜਾਇਆ ਗਿਆ , ਕੁਝ ਵੀ ਕਾਰਗਰ ਸਾਬਿਤ ਨਾ ਹੋਇਆ । ਰਾਜੀਵ ਗਾਂਧੀ ਵੀ ਉਦੋਂ ਤੱਕ ਦਿੱਲੀ ਪਹੁੰਚ ਗਏ ਸਨ । ਦੁਪਹਿਰ 2:23 ਵਜੇ ਉਹਨਾਂ ਦੀ ਮੌਤ ਦੀ ਰਸਮੀ ਐਲਾਨ ਕੀਤਾ ਗਿਆ । ਉਸ ਦੇ ਸ਼ਰੀਰ ਵਿੱਚੋਂ ਗੋਲੀਆਂ ਦੇ 30 ਦੇ ਨਿਸ਼ਾਨ ਸਨ ਅਤੇ 31 ਗੋਲੀਆਂ ਸ਼ਰੀਰ ਵਿੱਚੋਂ ਕੱਢੀਆਂ ਗਈਆਂ ।
ਏਮਸ ਵਿੱਚ ਸੈਂਕੜੇ ਲੋਕ ਇਕੱਤਰ ਹੋਏ ਸਨ । ਹੌਲੀ –ਹੌਲੀ ਇਹ ਖ਼ਬਰ ਫੈਲ ਗਈ ਕਿ ਇੰਦਰਾ ਗਾਂਧੀ ਨੰ ਦੋ ਸਿੱਖਾਂ ਨੇ ਗੋਲੀ ਮਾਰੀ ਹੈ। ਇਸ ਨਾਲ ਮਾਹੌਲ ਖਰਾਬ ਹੋ ਲੱਗਾ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਕਾਰ ‘ਤੇ ਪਥਰਾਅ ਹੋਇਆ । ਸ਼ਾਮ ਨੂੰ ਹਸਪਤਾਲ ਤੋਂ ਵਾਪਸ ਆਉਂਦੇ ਲੋਕਾਂ ਨੇ ਕੁਝ ਇਲਾਕਿਆਂ ਵਿੱਚ ਭੰਨ –ਤੋੜ ਸੁਰੂ ਕਰ ਦਿੱਤੀ ਸੀ । ਹੌਲੀ –ਹੌਲੀ ਦਿੱਲੀ ਸਿੱਖ ਕਤਲੇਆਮ ਦੀ ਅੱਗ ਵਿੱਚ ਝੁਲਸ ਗਈ ਸੀ । ਰਾਤ ਹੋਣ ਤੱਕ ਦੇਸ਼ ਦੇ ਕਈ ਹਿੱਸਿਆ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਗਏ।

Total Views: 56 ,
Real Estate