ਫਾਜ਼ਿਲਕਾ (ਕ੍ਰਿਸ਼ਨ ਸਿੰਘ)ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੇ ਖਾਸ ਮੰਨੇ ਜਾਂਦੇ ਅਤੇ ਪੰਜਾਬ ਦੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਅਮਨ ਕੰਬੋਜ ਉਰਫ ਸਕੋਡਾ ਖਿਲਾਫ਼ ਅੱਜ ਵੀ ਪੁਲਸ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਅਤੇ ਉਸ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦੇਣ ਦੇ ਬਾਵਜੂਦ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਸ ‘ਤੇ ਅਦਾਲਤ ਦੇ ਭਗੌੜੇ ਸਕੌਡਾ ਦਾ ਹੁਕਮ ਚਲਦਾ ਹੈ, ਜਿਸ ਦਾ ਤਾਜ਼ਾ ਖੁਲਾਸਾ ਮੰਗਲਵਾਰ ਸੀ ਪੀ ਆਈ ਵੱਲੋਂ ਸੱਦੀ ਗਈ ਪ੍ਰੈੱਸ ਕਾਨਫਰੰਸ ਵਿੱਚ ਹੋਇਆ। ਦੱਸਣਯੋਗ ਹੈ ਕਿ ਅਮਨ ਸਕੌਡਾ, ਜਿਹੜਾ ਕਿ ਦਰਜਨ ਤੋਂ ਵੱਧ ਕੇਸਾਂ ਵਿੱਚ ਅਦਾਲਤ ਨੂੰ ਲੋੜੀਂਦਾ ਹੈ ਅਤੇ ਭਗੌੜਾ ਕਰਾਰ ਦਿੱਤਾ ਹੋਇਆ ਹੈ, ਉਹਦੇ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦਰਜ ਹਨ। ਸ਼ਿਕਾਇਤਕਰਤਾਵਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਕੋਲ ਪਹੁੰਚ ਕਰਕੇ ਸਕੌਡਾ ਖਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਦੇ ਚਲਦੇ ਬੀਤੇ ਦਿਨੀਂ ਡੀ ਆਈ ਜੀ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਐੱਸ ਐੱਸ ਪੀ ਨੂੰ ਮਿਲ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ, ਪ੍ਰੰਤੂ ਜ਼ਿਲ੍ਹਾ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਖਿਲਾਫ ਮੰਗਲਵਾਰ ਸੀ ਪੀ ਆਈ ਜ਼ਿਲ੍ਹਾ ਪਾਰਟੀ ਨੇ ਐੱਸ ਐੱਸ ਪੀ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ਸੀ ਪੀ ਆਈ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਹੰਸ ਰਾਜ ਗੋਲਡਨ, ਸੂਬਾ ਕੌਂਸਲ ਮੈਂਬਰ ਸੁਰਿੰਦਰ ਢੰਡੀਆਂ, ਜੰਮੂ ਰਾਮ ਬੰਨਵਾਲਾ ਅਤੇ ਜ਼ਿਲ੍ਹਾ ਕੌਂਸਲ ਮੈਂਬਰ ਹਰਭਜਨ ਛੱਪੜੀਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀ ਪੁਲਸ ਅਦਾਲਤ ਦੇ ਭਗੌੜੇ ਦੇ ਥੱਲੇ ਲੱਗੀ ਹੋਈ ਹੈ ਅਤੇ ਉਸ ਖਿਲਾਫ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ, ਦੂਜੇ ਪਾਸੇ ਪੰਜਾਬ ਪੁਲਸ ਦੇ ਥਾਣੇਦਾਰ ਵੱਲੋਂ ਭਗੌੜੇ ਖਿਲਾਫ ਕਾਰਵਾਈ ਕਰਨ ਬਦਲੇ ਉਸ ਦੇ ਪਰਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾ ਦੇ ਘਰ ਗੁੰਡੇ ਲਿਜਾ ਕੇ ਦਹਿਸ਼ਤ ਬਣਾਈ ਜਾ ਰਹੀ ਹੈ।
ਸੀ ਪੀ ਆਈ ਆਗੂਆਂ ਨੇ ਡੀ ਐੱਸ ਪੀ ਫਾਜ਼ਿਲਕਾ ਅਤੇ ਐੱਸ ਐੱਚ ਓ ਸਦਰ ਫਾਜ਼ਿਲਕਾ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹਨਾਂ ਵੱਲੋਂ ਆਪਣੇ ਥਾਣੇਦਾਰ ਸੁਰਿੰਦਰ ਕੁਮਾਰ ਉੱਤੇ ਅਮਨ ਸਕੌਡਾ ਦੇ ਕਹਿਣ ‘ਤੇ ਤੰਗ-ਪ੍ਰਸ਼ਾਨ ਕਰਕੇ ਝੂਠੇ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਪ੍ਰੈੱਸ ਕਾਨਫਰੰਸ ਵਿੱਚ ਹਾਜ਼ਰ ਪੀੜਤ ਸੁਰਿੰਦਰ ਕੁਮਾਰ ਦੀ ਪਤਨੀ ਅਮਨਦੀਪ ਕੌਰ ਤੇ ਲੜਕੇ ਮਾਨਸ ਨੇ ਪੰਜਾਬ ਪੁਲਸ ਦੇ ਡੀ ਜੀ ਪੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਉਨ੍ਹਾਂ ਦੇ ਪਰਵਾਰ ਖਿਲਾਫ ਨਾਜਾਇਜ਼ ਕਾਰਵਾਈ ਕਰਨ ਵਾਲੇ ਐੱਸ ਐੱਚ ਓ ਅਤੇ ਡੀ ਐੱਸ ਪੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ 13 ਅਕਤੂਬਰ ਨੂੰ ਜ਼ਿਲ੍ਹਾ ਪੁਲਸ ਮੁਖੀ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਠੱਗੀ ਦੇ ਸ਼ਿਕਾਰ ਸੁਨੀਲ ਕੁਮਾਰ ਅਤੇ ਬਲਜਿੰਦਰ ਸਿੰਘ ਨੇ ਅਮਨ ਸਕੌਡਾ ਅਤੇ ਉਸ ਦੇ ਸਾਥੀ ਵਿਕਰਮ ਕੁਕੜੇਜਾ ਜਲਾਲਾਬਾਦ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਅਮਨ ਸਕੌਡਾ ਅਤੇ ਉਸ ਦੇ ਗੈਂਗ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਇਹਨਾਂ ਸਾਰੇ ਮਾਮਲਿਆਂ ਨੂੰ ਐੱਸ ਪੀ (ਡੀ) ਦੇਖ ਰਹੇ ਹਨ।
Total Views: 480 ,
Real Estate



















