ਚੰਗੇ ਲੋਕਾਂ ਨਾਲ਼ ਮਾੜਾ ਕਿਉਂ ਹੁੰਦਾ ਹੈ

ਸੁਧਾ ਸ਼ਰਮਾ

ਮਨੁੱਖੀ ਜੀਵਨ ਵਿੱਚ ਅਨੇਕਾਂ ਵਾਰ ਅਸੀਂ ਵੇਖਦੇ ਹਾਂ ਕਿ ਕੁੱਝ ਲੋਕ ਦੁੱਖ ਆਉਣ ਤੋਂ ਆਖਦੇ ਹਨ ਕਿ ਆਖਿਰ ਇਹ ਸਭ ਮੇਰੇ ਨਾਲ ਹੀ ਕਿਉਂ ਹੋਇਆ ? ਚੰਗੇ ਲੋਕਾਂ ਨਾਲ਼ ਮਾੜਾ ਕਿਉਂ ਹੁੰਦਾ ਹੈ ,ਇਸਦਾ ਇੱਕ ਉੱਤਰ ਇਹ ਵੀ ਹੈ ਕਿ ਕਈ ਵਾਰ ਕੁੱਝ ਲੋਕ ਚੰਗਾ ਬਣਨ ਦੇ ਚੱਕਰ ਵਿੱਚ ਆਪਣੇ ਆਲੇ- ਦੁਆਲੇ ਦੇ ਹੀਣ ਭਾਵਨਾ ਨਾਲ ਗ੍ਰਸਤ ਲੋਕਾਂ ਵੱਲ ਧਿਆਨ ਨਹੀਂ ਦੇ ਪਾਉਂਦੇ । ਹੀਣ ਭਾਵਨਾ ਵਾਲੇ ਲੋਕ ਮਾੜੇ ਸੁਭਾਅ ਤੇ ਮਾੜੇ ਗੁਣਾ ਦੇ ਧਾਰਣੀ ਹੁੰਦੇ ਹਨ । ਜਦੋਂ ਤੋਂ ਕੋਈ ਇਨਸਾਨ ਚੰਗਾ ਬਣਨ ਦੀ ਸ਼ੁਰੂਆਤ ਕਰਦਾ ਹੈ, ਉਸੇ ਵੇਲੇ ਤੋਂ ਈਰਖਾਲੂ ਲੋਕ ਉਸ ਚੰਗੇ ਬੰਦੇ ਨੂੰ ਹੇਠਾਂ ਸੁੱਟਣ ਦੀ ਤਿਆਰੀ ਕਰਨੀ ਆਰੰਭ ਕਰ ਦਿੰਦੇ ਹਨ । ਚੰਗੇ ਅਤੇ ਮਾੜੇ ਬੰਦੇ ਦੀ ਮਾਨਸਿਕਤਾ ਦਾ ਭੇਦ ਉਹਨਾਂ ਦੀ ਸ਼ਖਸੀਅਤ ਦਾ ਨਿਰਮਾਣ ਕਰਦਾ ਹੈ । ਚੰਗਾ ਬਣਨ ਵੱਲ ਉਤਸ਼ਾਹਿਤ ਹੋਣ ਵਾਲੇ ਦੀ ਮਾਨਸਿਕਤਾ ਉੱਪਰ ਸੰਗਤ ਦਾ ਪ੍ਰਭਾਵ ਵੀ ਸਪੱਸ਼ਟ ਹੁੰਦਾ ਹੈ। ਕੋਈ ਵੀ ਵਿਅਕਤੀ ਮਾੜਾ ਨਹੀਂ ਬਣਨਾ ਚਾਹੁੰਦਾ ਹੁੰਦਾ । ਮਾੜੀ ਸੰਗਤ ਤੇ ਬੀਮਾਰ ਮਾਨਸਿਕਤਾ ਹੀ ਕਿਸੇ ਵੀ ਵਿਅਕਤੀ ਨੂੰ ਮਾੜਾ ਬਣਾਉਂਦੀ ਹੈ। ਦੇਸ਼, ਕਾਲ ਅਤੇ ਵਾਤਾਵਰਣ ਵੀ ਕਿਸੇ ਵਿਅਕਤੀ ਦੀ ਸ਼ਖਸੀਅਤ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ । ਚੰਗੇ ਬਣਨ ਲਈ ਅਤੇ ਮਾੜੇ ਬਣਨ ਤੋਂ ਬਚਣ ਲਈ, ਧਿਆਨ ਵਿਸ਼ੇਸ਼ ਦੀ ਲੋੜ ਹੁੰਦੀ ਹੈ । ਇੱਥੇ ਅਸੀਂ ਇੱਕ ਹੋਰ ਉਦਾਹਰਣ ਦੇ ਨਾਲ ਵੀ ਇਸ ਤੱਥ ਨੂੰ ਸਮਝ ਸਕਦੇ ਹਾਂ, ਭਾਗਵਤ ਕਥਾ ਅਨੁਸਾਰ ਸ਼੍ਰੀ ਕ੍ਰਿਸ਼ਨ ਜੀ ਦੇ ਅਵਤਾਰ ਧਾਰਨ ਕਰਨ ਤੋਂ ਪਹਿਲਾਂ ਅਕਾਸ਼ਵਾਣੀ ਦੁਆਰਾ, ਕੰਸ ਦੀ ਮੌਤ ਦੇਵਕੀ ਅਤੇ ਵਾਸਦੇਵ ਦੀ ਸੰਤਾਨ ਦੇ ਹੱਥੋਂ ਹੋਣ ਦੀ ਭਵਿੱਖਬਾਣੀ ਹੋਈ । ਇਸੇ ਭੈਅ ਤਹਿਤ ਵਿਆਹ ਹੋਣ ਸਾਰ ਕੰਸ ਨੇ ਆਪਣੀ ਭੈਣ ਅਤੇ ਜੀਜੇ ਨੂੰ ਜੇਲ ਵਿੱਚ ਬੰਦੀ ਬਣਾ ਲਿਆ । ਵਾਸਦੇਵ ਹਮੇਸ਼ਾ ਅਪਣਾ ਸੱਚੇ ਵਚਨਾਂ ਲਈ ਮਸ਼ਹੂਰ ਰਹੇ ਸਨ । ਪਰੰਤੂ ਫਿਰ ਵੀ ਕੰਸ ਨੇ ਉਹਨਾਂ ਦੇ ਵਚਨਾਂ ਦੀ ਪਰਵਾਹ ਨਹੀਂ ਕੀਤੀ । ਵਾਸਦੇਵ ਨੇ ਬਿਨਾਂ ਕਿਸੇ ਗੁਨਾਹ ਦੇ ਜੇਲ ਵਿੱਚ ਰਹਿਣ ਦਾ ਦੰਡ ਭੁਗਤਿਆ । ਵਾਸਦੇਵ ਨੂੰ ਜਰੂਰਤ ਤੋਂ ਵੱਧ ਚੰਗੇ ਹੋਣ ਦਾ ਦੰਡ ਭੁਗਤਣਾ ਪਿਆ । ਸ਼੍ਰੀ ਕ੍ਰਿਸ਼ਨ ਨੇ ਆਪਣੇ ਮਾਤਾ- ਪਿਤਾ ਦੀ ਇਸ ਗਲਤੀ ਨੂੰ ਸੁਧਾਰਦੇ ਹੋਏ ਸਮਾਜ ਨੂੰ ਸੰਦੇਸ਼ ਦਿੱਤਾ ਕਿ ਦੁਰਜਨ ਵਿਅਕਤੀ ਨਾਲ ਕੀਤੀ ਗਈ ਸੱਜਣਤਾ ਮੂਰਖਤਾ ਹੀ ਹੁੰਦੀ ਹੈ । ਸਹਿਣਸ਼ੀਲਤਾ ਵੀ ਇੱਕ ਹੱਦ ਤੱਕ ਹੀ ਹੋਣੀ ਚਾਹੀਦੀ ਹੈ । ਹਾਂ ਜੀ, ਕਹਿਣਾ ਵੀ ਚੰਗਾ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ । ਲੇਕਿਨ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਆਤਮਾ(ਆਤਮਸਨਮਾਨ) ਦੇ ਵਿਰੁੱਧ ਜਾ ਕੇ ਹਾਂ ਜੀ ਆਖਣਾ ਵੀ ਚੰਗੇ ਬੰਦੇ ਲਈ ਕਈ ਵਾਰ ਮੁਸੀਬਤ ਦਾ ਕਾਰਣ ਬਣ ਜਾਂਦਾ ਹੈ । ਮੁਫਤਖੋਰ, ਮੌਕਾ ਪ੍ਰਸਤ ਅਤੇ ਮਤਲਬੀ ਵਿਅਕਤੀ ਨੂੰ ਨਾਂਹ ਕਹਿਣ ਦਾ ਕਦੀ ਪਛਤਾਵਾ ਨਹੀਂ ਕਰਨਾ ਚਾਹੀਦਾ । ਵੱਧ ਤੋਂ ਵੱਧ ਅਜਿਹੇ ਲੋਕ ਤੁਹਾਡੇ ਤੋਂ ਦੂਰ ਹੋ ਜਾਣਗੇ ਲੇਕਿਨ ਚੰਗੇ ਕਰਮ ਤੁਹਾਨੂੰ ਚੰਗੇ ਲੋਕਾਂ ਦੇ ਵਲ ਲੈ ਜਾਣਗੇ ।ਅਖੀਰ ਵਿੱਚ ਜਿੰਦਗੀ ਤੁਹਾਨੂੰ ਪੁਣ ਕੇ,ਛਾਣ ਕੇ ਜੋ ਵੀ ਦੇਵੇਗੀ, ਉਸ ਨਾਲ ਤੁਹਾਨੂੰ ਆਤਮਿਕ ਸਕੂਨ ਮਿਲੇਗਾ ਕਿ ਤੁਸੀਂ ਮਾੜੇ ਹਾਲਾਤਾਂ ਵਿੱਚ ਵੀ ਚੰਗੇ ਦਾ ਲੜ ਫੜ ਕੇ ਰੱਖਿਆ । ਸ਼ਾਸਤਰ ਆਖਦੇ ਨੇ ਕਿ ਅੰਤ ਨੂੰ ਜਿੱਤ ਹੱਕ,ਸੱਚ ਅਤੇ ਚੰਗੇ ਬੰਦੇ ਦੀ ਹੋਣੀ ਹੁੰਦੀ ਹੈ । ਸੱਚ ਦੀ ਲੜਾਈ ਤੁਹਾਡੇ ਸਬਰ ਦਾ ਇਮਤਿਹਾਨ ਪਲ- ਪਲ ਤੇ ਲੈਂਦੀ ਹੈ । ਮਾੜੇ ਬੰਦੇ ,ਚੰਗੇ ਨੂੰ ਦਬਾਉਣ ਲਈ ਵਾਰ-ਵਾਰ,ਉਸ ਤੇ ਵਾਰ ਕਰਦੇ ਹਨ । ਅੰਦਰ ਦਾ ਚੰਗਾ ਬੰਦਾ ਅਵਾਜ਼ ਲਾਉਂਦਾ ਹੈ, ਡੱਟਿਆ ਰਹਿ।” ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ।” ਮਨ ਦੀ ਖੁਰਾਕ ਜਿਹੋ ਜਿਹੀ ਹੋਵੇਗੀ, ਉਹੋ ਜਿਹਾ ਹੀ ਜੀਵਨ ਹੋ ਜਾਵੇਗਾ । ਸੋ ਸਾਨੂੰ ਹਮੇਸ਼ਾ ਆਪਣੇ ਮਨ ਨੂੰ ਸਕਾਰਾਤਮਕ ਵਿਚਾਰਾਂ ਨਾਲ਼ ਭਰਦੇ ਰਹਿਣਾ ਚਾਹੀਦਾ ਹੈ । ਮਾੜੇ ਲੋਕਾਂ ਤੇ ਮਾੜੇ ਵਿਚਾਰਾਂ ਤੋਂ ਦੂਰੀ ਬਣਾ ਲੈਣ ਨਾਲ ਅੰਤਿਮ ਜਿੱਤ ਚੰਗੇ ਦੀ ਹੀ ਹੋਣੀ ਹੈ । ਜਿੰਦਗੀ ਵਿੱਚ ਮਾੜਾ ਸਮਾਂ ਆਉਣ ਤੇ ਵੀ ਚੰਗੇ ਅਤੇ ਮਾੜੇ ਦੀ ਪਹਿਚਾਣ ਹੁੰਦੀ ਹੈ । ਜੇਕਰ ਕੋਈ ਤੁਹਾਨੂੰ ਕਿਸੇ ਮੁਸੀਬਤ ਵਿੱਚ ਇਕੱਲਾ ਛੱਡ ਜਾਂਦਾ ਹੈ ਤਾਂ ਉਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰੋ, ਕਿ ਹੇ ਪਰਮੇਸ਼ਰ ਸ਼ੁਕਰ ਹੈ ਤੂੰ ਮੈਨੂੰ ਅਜਿਹੇ ਮਾੜੇ ਵਿਅਕਤੀ ਤੋਂ ਦੂਰ ਕਰ ਦਿੱਤਾ । ਤੁਹਾਡੇ ਸੱਚ ਦੇ ਸੰਘਰਸ਼ ਨੇ ਤੁਹਾਨੂੰ ਆਪਣੇ ਆਪ ਚੰਗੇ ਦੇ ਨੇੜੇ ਲੈ ਜਾਣਾ ਹੈ।ਮੁੜ ਸੁਰਜੀਤ ਹੋ ਕੇ ਉਸ ਵਿਅਕਤੀ ਤੇ ਭਰੋਸਾ ਨਾ ਕਰੋ,ਜਿਸ ਨੇ ਤੁਹਾਡੀ ਲੋੜ ਤੁਹਾਡੇ ਚੰਗੇ ਸਮੇਂ ਵਿੱਚ ਹੀ ਮਹਿਸੂਸ ਕੀਤੀ ਸੀ। ਚੰਗਿਆਈ ਨੂੰ ਪ੍ਰੀਖਿਆ ਪਾਸ ਕਰਕੇ ਹੀ ਅੱਗੇ ਵੱਧਣਾ ਪੈਂਦਾ ਹੈ ।ਇਸ ਪ੍ਰਕਾਰ ਅੱਗੇ ਵੱਧਣਾ ਹੀ ਸਫਲ ਜੀਵਨ ਦੀ ਨਿਸ਼ਾਨੀ ਹੈ । ਕੁਦਰਤ ਵੀ ਚੰਗੇ ਅਤੇ ਮਾੜੇ ਦੀ ਹੋਂਦ ਦੇ ਵਰਣਨ ਦੀ ਪ੍ਰਤੱਖ ਪ੍ਰਮਾਣ ਹੈ। ਸੂਰਜ ਦੇ ਚੜਦੇ ਹੀ ਅਨੇਕਾਂ ਹੀ ਜਾਨਵਰ ਜੰਗਲ ਵਿੱਚ ਭੋਜਨ ਦੀ ਭਾਲ ਵਿਚ ਦੌੜਦੇ ਹਨ । ਖਰਗੋਸ਼ ਅਤੇ ਹਿਰਣ ਜਿੱਥੇ ਘਾਹ ਖਾ ਕੇ ਸਬਰ ਕਰਨਾ ਜਾਣਦੇ ਹਨ । ਉੱਥੇ ਹੀ ਬਘਿਆੜ ਤੇ ਸ਼ੇਰ ਇਹਨਾਂ ਦੋਵਾਂ ਜਾਨਵਰਾਂ ਨੂੰ ਖਾਣ ਲਈ ਦਬੋਚ ਲੈਂਦੇ ਹਨ । ਰੋਜ਼ਾਨਾ ਹੀ ਅਨੇਕਾਂ ਖਰਗੋਸ਼ ਅਤੇ ਹਿਰਣ ਅਪਣੇ ਤੋਂ ਤਕੜੇ ਜਾਨਵਰਾਂ ਦੁਆਰਾ ਖਾ ਲਏ ਜਾਂਦੇ ਹਨ । ਲੇਕਿਨ ਸੱਚ ਇਹ ਹੈ ਕਿ ਅੱਜ ਜੇਕਰ ਗਿਣਤੀ ਵੇਖੀ ਜਾਵੇ ਤਾਂ ਬਾਘ ਬਹੁਤ ਥੋੜੇ ਰਹਿ ਗਏ ਹਨ ਅਤੇ ਖਰਗੋਸ਼ ਅਤੇ ਹਿਰਣ ਅੱਜ ਵੀ ਬਹੁਤਾਤ ਵਿੱਚ ਹਨ। ਇਹ ਇਸ ਗੱਲ ਦਾ ਸੂਚਕ ਹੈ ਕਿ ਚੰਗੇ ਨੇ ਲੰਬੇ ਸਮੇਂ ਤੱਕ ਟਿਕਣਾ ਹੁੰਦਾ ਹੈ, ਭਾਵੇਂ ਉਸ ਨੂੰ ਨਿੱਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸੇ ਤਰ੍ਹਾਂ ਅਸੀਂ ਚੰਗੇ ਨਾਲ਼ ਹੋਏ ਮਾੜੇ ਦਾ ਉਦਾਹਰਣ ਰਾਮਾਇਣ ਕਥਾ ਦੇ ਪਾਤਰ ਰਾਮ ਚੰਦਰ ਦੇ ਬਨਵਾਸ ਜਾਣ ਤੋਂ ਵੀ ਸਮਝ ਸਕਦੇ ਹਾਂ । ਰਾਮ ਚੰਦਰ ਦਾ ਕੋਈ ਕਸੂਰ ਨਹੀਂ ਸੀ ।ਉਹ ਸ਼ਿਕਾਰ ਹੋਏ ਮੰਥਰਾ ਦੀ ਚੁਗਲੀ ਦਾ। ਕੈਕੈਈ ਦੀ ਈਰਖਾ ਦਾ । ਦਸ਼ਰਥ ਦੁਆਰਾ ਕੈਕੈਈ ਨੂੰ ਦਿੱਤੇ ਵਚਨ ਕਰਕੇ ਰਾਮ ਨੂੰ ਬਨਵਾਸ ਸਵੀਕਾਰ ਕਰਨਾ ਪਿਆ ।ਲਕਸ਼ਮਣ ਨੇ ਆਪਣੇ ਭਰਾ ਲਈ ਮੋਹ ਵੱਸ ਬਨਵਾਸ ਭੋਗਿਆ। ਸੀਤਾ ਨੇ ਪਤੀ ਧਰਮ ਲਈ ਬਨਵਾਸ ਕੱਟਿਆ । ਉਰਵਸ਼ੀ ਨੇ ਪਤੀ ਪਰਮੇਸ਼ਰ ਲਕਸ਼ਮਣ ਦੇ ਅਪਣੇ ਭਰਾ ਪ੍ਰਤੀ ਧਰਮ ਨਿਭਾਉਣ ਦੇ ਚਲਦੇ, ਅਪਣੇ ਪਤੀ ਤੋਂ ਅਨੇਕਾਂ ਸਾਲਾਂ ਦੀ ਦੂਰੀ ਸਹੀ। ਇੱਥੇ ਇਹ ਸਾਰੇ ਪਾਤਰ ਬੇਹੱਦ ਚੰਗੇ ਸਨ। ਕਿਸੇ ਇੱਕ ਵਿਅਕਤੀ ਦੁਆਰਾ ਕੀਤੀ ਚੁਗਲੀ ਸਾਰੇ ਵੰਸ਼ ਦਾ ਸਰਵਨਾਸ਼ ਕਰਨ ਤੱਕ ਜਾਂਦੀ ਹੈ । ਚੰਗੇ ਲੋਕਾਂ ਨੂੰ ਇਸ ਤੋਂ ਸਬਕ ਲੈਣ ਦੀ ਵੀ ਲੋੜ ਹੁੰਦੀ ਹੈ ਕਿ ਮਾੜੇ ਲੋਕਾਂ ਦੀ ਪਹਿਚਾਣ ਕਰਕੇ ਉਹਨਾਂ ਦਾ ਬਣਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਲੋਕਾਂ ਦੀ ਮਾਨਸਿਕਤਾ ਦਾ ਇਲਾਜ ਜੇਕਰ ਨਾ ਕੀਤਾ ਜਾਵੇ ਤਾਂ ਸਮਾਜ ਨੂੰ ਇਸਦੇ ਭਿਅੰਕਰ ਸਿੱਟੇ ਭੁਗਤਣੇ ਪੈਂਦੇ ਹਨ । ਮਾੜਾ ਕਰਨ ਦੀ ਪ੍ਰਵਿਰਤੀ ਬੀਮਾਰ ਮਾਨਸਿਕਤਾ ਦੀ ਨਿਸ਼ਾਨੀ ਹੁੰਦੀ ਹੈ। ਮਾੜਾ ਕਰਨ ਵਾਲਾ ਮਾੜੀ ਸੰਗਤ,ਮਾੜੇ ਵਿਚਾਰਾਂ ਦਾ ਧਾਰਣੀ ਤੇ ਹਉਮੈ ਪ੍ਰਧਾਨ ਹੁੰਦਾ ਹੈ । ਅਜਿਹੇ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ । ਇਹੀ ਹੀਣ ਭਾਵਨਾ ਉਹਨਾਂ ਨੂੰ ਆਪਣੇ ਤੋਂ ਚੰਗੇ ਨੂੰ ਦਬਾਉਣ ਲਈ ਵਾਰ- ਵਾਰ ਪ੍ਰੇਰਿਤ ਕਰਦੀ ਹੈ । ਇਨਸਾਨ ਜੋ ਵਰਤਾਰਾ ਵਾਰ- ਵਾਰ ਕਰਦਾ ਹੈ, ਉਹੀ ਉਸਦਾ ਸੁਭਾਅ ਬਣ ਜਾਂਦਾ ਹੈ । ਫੇਰ ਭਾਵੇਂ ਉਹ ਵਰਤਾਰਾ ਚੰਗਾ ਹੋਵੇ ਜਾਂ ਮਾੜਾ। ਕੋਈ ਵੀ ਵਿਅਕਤੀ ਖੁਦ ਮਾੜਾ ਬਣਨਾ ਨਹੀਂ ਚਾਹੁੰਦਾ ,ਈਰਖਾ ਸਭ ਤੋਂ ਪਹਿਲਾ ਕਾਰਕ ਹੈ ਜੋ ਕਿਸੇ ਨੂੰ ਮਾੜਾ ਬਣਨ ਵੱਲ ਪ੍ਰੇਰਿਤ ਕਰਦੀ ਹੈ । ਈਰਖਾ ਤੋਂ ਮੁਕਤ ਹੋਣ ਦਾ ਇੱਕ ਹੀ ਤਰੀਕਾ ਹੈ, ਉਹ ਹੈ ਆਪਣੇ ਹਿੱਸੇ ਦੀ ਮਿਹਨਤ । ਜੋ ਲੋਕ ਸਮੇਂ ਸਿਰ ਆਪਣੇ ਹਿੱਸੇ ਦੀ ਮਿਹਨਤ ਨਹੀਂ ਕਰਦੇ ਉਹੀ ਫੇਰ ਆਪਣੇ ਤੋਂ ਵੱਧ ਗੁਣਵਾਨ ਲੋਕਾਂ ਨਾਲ ਈਰਖਾ ਕਰਦੇ ਹਨ । ਇਹ ਈਰਖਾਲੂ ਲੋਕ ਇੰਨੀ ਸਮਝ ਨਹੀਂ ਰੱਖਦੇ ਕਿ ਜਦੋਂ ਇਹ ਲੋਕ ਐਸ਼ ਪ੍ਰਸਤੀ ਕਰਦੇ ਸਨ,ਉਸ ਵੇਲੇ ਉਹਨਾਂ ਦੇ ਵਿਰੋਧੀ ਆਪਣੇ ਸਮੇਂ ਦੀ ਕੀਮਤ ਪਹਿਚਾਣਦੇ ਹੋਏ ਕੀੜੀ ਵਾਂਗ ਨਿਰੰਤਰ ਮਿਹਨਤ ਵਿੱਚ ਲਗੇ ਹੋਏ ਸਨ। ਈਰਖਾ ਅਤੇ ਸਾੜੇ ਦਾ ਸ਼ਿਕਾਰ ਲੋਕ ਝਟਪਟ ਕਾਮਯਾਬੀ ਹਾਸਲ ਕਰਨ ਲਈ ਸਹੀ ਗਲਤ ਦੇ ਗੇੜ ਤੋਂ ਪਰੇ ਹਰ ਯਤਨ ਨਾਲ ਖੁਦ ਨੂੰ ਉੱਚਾ ਵਿਖਾਉਣ ਲਈ ਦੂਸਰਿਆਂ ਲਈ ਮੁਸੀਬਤਾਂ ਖੜੀਆਂ ਕਰਕੇ, ਖੁਦ ਦਾ ਕੱਦ ਉੱਚਾ ਕਰ ਕੇ ਵਿਖਾਉਣ ਦੀ ਹਰ ਵਾਹ ਲਾ ਦਿੰਦੇ ਹਨ । ਬੱਸ ਇਸ ਤਰ੍ਹਾਂ ਦੇ ਸ਼ਾਰਟ ਕੱਟ ਹੀ ਚੰਗੇ ਅਤੇ ਮਾੜੇ ਦੀ ਪਹਿਚਾਣ ਦੀ ਕਸਵੱਟੀ ਬਣਦੇ ਹਨ। ਮਿਹਨਤ ਅਤੇ ਚੰਗਿਆਈ ਦਾ ਬਦਲ ਕੋਈ ਨਹੀਂ । ਬੁੱਧੀਮਾਨ ਅਤੇ ਚਲਾਕ ਹੋਣ ਵਿੱਚ ਬਹੁਤ ਅੰਤਰ ਹੁੰਦਾ ਹੈ । ਜਿੰਦਗੀ ਦੇ ਫਲਸਫੇ ਸਦਾ ਬੁੱਧੀਮਤਾ ਨਾਲ ਹੀ ਲਿਖੇ ਗਏ ਹਨ । ਲੰਬੇ ਰਾਹਾਂ ਦੇ ਤਜੁਰਬੇ ਚੰਗੇ ਅਤੇ ਮਾੜੇ ਦਾ ਨਿਖੇੜਾ ਕਰਨ ਵਿੱਚ ਸਹਾਈ ਹੁੰਦੇ ਹਨ । ਜੇਕਰ ਜੀਵਨ ਨਾਲ਼ ਜੂਝ ਰਹੇ ਹੋਂ ਤਾਂ ਇਹ ਸੰਘਰਸ਼ ਜਾਰੀ ਰੱਖੋ, ਸੰਤੁਸ਼ਟ ਹੋਣ ਦਾ ਫਲ ਜਰੂਰ ਪ੍ਰਾਪਤ ਹੋਵੇਗਾ।

Total Views: 117 ,
Real Estate