ਹਰਮੀਤ ਬਰਾੜ
ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਔਰਤਾਂ ਬਰਾਤ ਨਾਲ ਨਹੀ ਜਾਂਦੀਆਂ ਸੀ , ਮਾਮਾ ਜੀ ਦਾ ਵਿਆਹ ਸੀ ਤੇ ਅਸੀਂ ਨਾਨਕੇ ਗਏ। ਮੈ ਵਾਹਵਾ ਨਿੱਕੀ ਸੀ , ਮਤਲਬ 5-6 ਸਾਲ ਦੀ ਜਾਂ ਏਸ ਤੋਂ ਵੀ ਛੋਟੀ । ਏਸ ਉਮਰ ਦੇ ਜਵਾਕ ਨੂੰ ਕੋਈ ਬਾਹਲੀ ਸਮਝ ਨਹੀ ਹੁੰਦੀ ਤੇ ਅਸੀਂ ਤਾਂ ਊਈਂ ਸਾਊ ਜਵਾਕ ਸੀ 🤪🤪।
ਮਾਸੀ ਜੀ ਦੀ ਬੇਟੀ ਜੋ ਮੇਰੇ ਤੋ 5-6 ਸਾਲ ਵੱਡੀ ਸੀ ਦੇ ਪਤਾ ਨਹੀ ਦਿਮਾਗ ਚ ਕੀ ਆਇਆ ਜਦੋਂ ਬਰਾਤ ਤੁਰਨ ਤੋ ਪਹਿਲਾਂ ਗੁਰਦਵਾਰੇ ਮੱਥਾ ਟੇਕਣ ਜਾਂਦੇ ਮੈਨੂੰ ਸੁੱਤੀ ਨੂੰ ਐਈ ਉਠਾ ਕੇ ਲੈ ਗਈ , ‘ਗਾਂਹ ਮੇਰਾ ਨਾ ਮੂੰਹ ਧੋਤਾ ਨਾ ਬਰੱਸ਼ ਕੀਤਾ । ਅੱਖ ਜਹੀ ਬਚਾ ਕੇ ਬਰਾਤ ਵਾਲੀ ਇੱਕ ਕਾਰ ‘ਚ ਅਸੀਂ ਦੋਵੇਂ ਬਹਿ ਗੀਆਂ। ਆਪ ਤਾਂ ਖੌਰੇ ਨਹਾ ਲਈ ਹੋਵੇ ਪਰ ਮੈਂ ਨਿਰਾ ਜਲੂਸ ਲਗਦੀ ਸੀ ਇਹ ਪੱਕਾ ਯਾਦ ਐ।🙈🙈
ਨਾ ਫ਼ੋਨ ਨਾ ਮੁਬਾਇਲ , ਮਗਰਲੇ ਪਏ ਲੱਭੀ ਜਾਣ। ਅੱਗੇ ਬਰਾਤ ਵਾਲੇ ਕਹਿਣ , ਨਣਦਾਂ ਦੀਆਂ ਕੁੜੀਆਂ ਨੇ ਵੀ ਸੇਵਾ ਵੱਧ ਕਰੋ। ਅਖੀਰ ਸਾਨੂੰ ਪਕੌੜੇ ਪਕੂੜੇ ਖਵਾ ਕੇ ਮਾਮੀ ਵਾਲੇ ਕਮਰੇ ਚ ਲਿਜਾ ਬਿਠਾਇਆ । ਮੈ ਸੋਚੀ ਜਾਵਾਂ ਵੀ ਮਾਮੀ ਬਾਹਰ ਵੀ ਨੀ ਆਈ ਕੁਸ਼ ਖਾਣ ਤੇ ਵਿਚਾਰੀ ਨੂੰ ਏਥੇ ਵੀ ਕੁਸ਼ ਨੀ ਦਿੰਦੇ। ਬੱਸ ਫੇਰ ਪੱਕਾ ਇਰਾਦਾ ਬਣਾ ਲਿਆ ਵੀ ਅੱਜ ਮਾਮੀ ਤੇ ਈ ਨਿਗਾਹ ਰੱਖਣੀ ਵੀ ਵਿਆਹ ਵਾਲੀ ਕੁੜੀ ਨੂੰ ਖਾਣ ਨੂੰ ਕੀ ਦਿੰਦੇ ।🤓🤓
ਮੈਂ ਸ਼ਾਮ ਤੱਕ ਪੂਰੀ ਰਾਖੀ ਕੀਤੀ ਪਰ ਮਾਮੀ ਨੇ ਕੁਝ ਨਾ ਖਾਧਾ । ਮੁੜਕੇ ਆਉਣ ਤੇ ਪੈਣ ਵਾਲੇ ਛਿੱਤਰ ਭੁੱਲ ਕੇ ਹੁਣ ਮੈਨੂੰ ਮਾਮੀ ਦੀ ਫਿਕਰ ਹੋਣ ਲੱਗੀ। ਜਦੋਂ ਮੈਂ ਸਾਰਾ ਦਿਨ ਮਾਮੀ ਨੂੰ ਭੁੱਖਿਆਂ ਦੇਖਿਆ , ਆਪਣੇ ਦਿਲ ਵਿੱਚ ਮੈ ਇੱਕ ਪ੍ਰਣ ਲਿਆ ਵੀ ਮੈਂ ਮਰਦੀ ਮਰ ਜੂੰ ਪਰ ਵਿਆਹ ਨੀ ਕਰਵਾਉਣਾ ਕਿਉਕਿ ਵਿਆਹ ਵਾਲੀ ਕੁੜੀ ਨੂੰ ਭੁੱਖਾ ਰੱਖਿਆ ਜਾਂਦਾ। 🤭🤭
ਇਹ ਗੱਲ ਬੜੇ ਸਾਲ ਤੱਕ ਮੇਰੇ ਮਨ ਐਵੇ ਈ ਰਹੀ । ਪਿੱਛੇ ਜਿਹੇ ਮਾਮੀ ਨੂੰ ਪੁੱਛਿਆ ਵੀ ਤੁਸੀ ਕੁਝ ਖਾਧਾ ਕਿਉਂ ਨਾ , ਮੇਰੇ ਸਾਹ ਸੁਕਾਈ ਰੱਖੇ । ਮਾਮੀ ਕਹਿੰਦੀ .. ਲੈ ਹੋਰ ਕਿਸੇ ਨੇ ਪੁੱਛਿਆ ਈ ਨਾ, ਜੇ ਤੂੰ ਏਨੀ ਨਿਗਾਹ ਰੱਖੀ ਸੀ ਚਾਰ ਪਕੌੜੇ ਤੂੰ ਈ ਪਾ ਲਿਆਉਂਦੀ ।🥳
ਔਰਤ ਹੋਣ ਨਾਤੇ ਇਹ ਮੇਰੀ ਪਹਿਲੀ ਬਗ਼ਾਵਤ ਕਹੀ ਜਾ ਸਕਦੀ ਹੈ , ਮੁੜਕੇ ਆਇਆਂ ਨੂੰ ਖੌਰੇ ਨਾਨੀ ਨੇ ਬਚਾ ਲਿਆ ਹੋਣਾ ਪਰ ਮੈਨੂੰ ਤਾ ਸਿਰਫ ਭੁੱਖੀ ਮਾਮੀ ਯਾਦ ਐ ।🤭