ਘਰਾਂ ‘ਚ ਬੈਠਾ ਹਰ ਸਿੱਖ ਵਿਸਾਖੀ ਦੇ ਇਨਕਲਾਬੀ ਦਿਹਾੜੇ ‘ਤੇ ਕੌਮ ਦੇ ਵਰਤਮਾਨ ਅਤੇ ਭਵਿੱਖ ਬਾਰੇ ਚਿੰਤਤ-ਮੰਥਨ ਜਰੂਰ ਕਰੇ ਜਗਸੀਰ ਸਿੰਘ ਸੰਧੂ
98764-16009
ਵਿਸਾਖੀ ਦਾ ਦਿਹਾੜਾ, ਇਕ ਇਨਕਲਾਬ ਦੀ ਸ਼ੁਰੂਆਤ, ਦੱਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਖੁੱਲਣ ਦਾ ਦਿਨ, ਜਾਲਮ ਜਰਵਾਣੇ ਹਾਕਮਾਂ ਨੂੰ ਲਲਕਾਰਨ ਅਤੇ ਕੌਮੀ ਨੀਤੀ ਘੜਨ ਦਾ ਦਿਹਾੜਾ ਹੈ। ਵਿਸਾਖੀ ਵਾਲੇ ਦਿਨ ਸਦੀਆਂ ਦੀ ਗੁਲਾਮੀ ਵਿਚ ਖੁਭੀ ਹੋਈ ਭਾਰਤੀ ਜਨਤਾ ਨੂੰ ਅਜ਼ਾਦੀ, ਅਣਖ, ਸਵੈਮਾਨ ਅਤੇ ਸੀਨਾ ਤਾਣ ਕੇ ਤੁਰਨ ਦੀ ਜਾਂਚ ਸਿਖਾਉਂਦਿਆਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ• ਸਾਹਿਬ ਅਨੰਦਪੁਰ ਦੀ ਧਰਤੀ ‘ਤੇ ਅੰਮ੍ਰਿਤ ਦੀ ਦਾਤ ਬਖਸ਼, ਪੰਜ ਪਿਆਰੇ ਸਜਾ ਕੇ ਜਿਥੇ ਕੌਮ ਨੂੰ ਮੌਤ ਕਬੂਲ ਕਰਕੇ ਜਿੰਦਗੀ ਜਿਉਣ ਦੀ ਜੁਗਤ ਸਿਖਾਈ, ਉਥੇ ਪੰਜ ਪਿਆਰਿਆਂ ਦੇ ਰੂਪ ਵਿਚ ਊਚ ਨੀਚ ਖਤਮ ਕਰਕੇ ਪੰਚਾਇਤੀ ਰਾਜ ਦੀ ਨੀਂਹ ਰੱਖੀ। ਇਸ ਤੋਂ ਉਪਰ ਜੋ ਕਦੇ ਕਿਸੇ ਧਰਮ ਵਿਚ ਕਿਸੇ ਵੀ ਰਹਿਬਰ ਤੋਂ ਨਾ ਹੋਇਆ ‘ਆਪੇ ਗੁਰ ਚੇਲਾ ਦਾ ਨਵਾਂ ਫਲਸਫ਼ਾ ਦੇ ਕੇ ਅਣਖਾਂ ਵਾਲੇ ਅਤੇ ਇੱਜਤਾਂ ਦਾ ਰਾਖੇ ਖਾਲਸਾ ਪੰਥ ਨੂੰ ਜਨਮ ਦਿੱਤਾ, ਜਿਸ ਨੂੰ ਵਹਿਗੁਰੂ ਨੂੰ ਸਮਰਪਿਤ ਕਰਕੇ ਵਾਹਿਗੁਰੂ ਦੀ ਫਤਹਿ ਲਈ ਜੂਝਣ ਦਾ ਮਿਸ਼ਨ ਦੇ ਦਿੱਤਾ।
ਗੁਰੂ ਗੋਬਿੰਦ ਸਿੰਘ ਵੱਲੋਂ ਸਾਜਿਆ ਖਾਲਸਾ ਜਦ ਤੱਕ ਉਹਨਾਂ ਵੱਲੋਂ ਦਿੱਤੇ ਗਏ ਮਿਸ਼ਨ ਲਈ ਜੂਝਦਾ ਰਿਹਾ ਅਤੇ ਉਹਨਾਂ ਵੱਲੋਂ ਦਰਸਾਏ ਗਏ ਅਸੂਲਾਂ ‘ਤੇ ਚੱਲਦਾ ਰਿਹਾ ਤਾਂ ਇਸ ਦਾ ਨਾ ਅਬਦਾਲੀ ਕੁਝ ਵਿਗਾੜ ਸਕਿਆ ਅਤੇ ਨਾ ਹੀ ਮੀਰ ਮੰਨੂੰ, ਸਗੋਂ ਵੱਡੇ ਘੱਲੂਘਾਰੇ ਵਿਚ ਅੱਧੀ ਕੌਮ ਦੀ ਸਹਾਦਤ ਹੋ ਜਾਣ ਦੇ ਬਾਅਦ ਇਹੀ ਖਾਲਸਾ ਇਕ ਸਾਲ ਪਿਛੋਂ ਸਰਹੰਦ ਉਤੇ ਖਾਲਸਾਈ ਝੰਡਾ ਲਹਿਰਾਉਣ ਵਿਚ ਕਾਮਯਾਬ ਹੋ ਗਿਆ। 18ਵੀਂ ਸਦੀ ਦੇ ਸਿੱਖਾਂ ਨੇ ਵਿਸਾਖੀ ਦਾ ਦਿਹਾੜਾ ਕੌਮੀ ਨੀਤੀ ਬਣਾਉਣ ਦੇ ਦਿਨ ਵਜੋਂ ਮਨਾਉਣਾ ਸ਼ੁਰੂ ਕੀਤਾ। ਸਾਰੀ ਕੌਮ ਵੱਲੋਂ ਇਸ ਦਿਨ ਮਿਲ ਬੈਠ ਕੇ ਮੁਸ਼ਕਲਾਂ ਦੇ ਹੱਲ ਅਤੇ ਆਉਣ ਵਾਲੇ ਸਮੇਂ ਦੇ ਨਿਸ਼ਾਨੇ ਤੈਅ ਕੀਤੇ ਜਾਂਦੇ ਹਨ। ਪਰ ਅਜੋਕੇ ਸਮੇਂ ਦੌਰਾਨ ਇਸ ਇਨਕਲਾਬੀ ਦਿਹਾੜੇ ‘ਤੇ ਗਹਿਰ ਗੰਭੀਰ ਵਿਚਾਰਾਂ ਕਰਨ ਦੀ ਥਾਂ ਅਸੀਂ ਵਿਸਾਖੀ ਨੂੰ ਇਕ ਮੇਲੇ ਦਾ ਰੂਪ ਦੇ ਦਿੱਤਾ ਗਿਆ। ਕੌਮ ਦੀ ਦਿਨੋਂ ਪਤਲੀ ਹੁੰਦੀ ਜਾ ਰਹੀ ਹਾਲਤ, ਅੰਦਰੋਂ-ਬਾਹਰੋਂ ਹਰ ਪਾਸਿਆਂ ਤੋਂ ਹੁੰਦੇ ਹਮਲਿਆਂ ਬਾਰੇ ਸੋਚਣ ਅਤੇ ਕੋਈ ਸਾਂਝਾ ਕੌਮੀ ਪ੍ਰੋਗਰਾਮ ਦੇਣ ਦੀ ਬਜਾਏ ਪਿਛਲੇ ਸਮੇਂ ਦੌਰਾਨ ਸਾਡੇ ਸਿੱਖ ਆਗੂ ਵਿਸਾਖੀ ਦੇ ਦਿਨ ਵੱਡੀਆਂ-ਵੱਡੀਆਂ ਸਟੇਜਾਂ ਲਗਾ ਕੇ ਇਕ ਦੂਜੇ ਨੂੰ ਲੰਮੀਆਂ ਲੰਮੀਆਂ ਗਾਲ•ਾਂ ਕੱਢਣ ਅਤੇ ਚਿਕੜ ਸੁੱਟਣ ਲਈ ਵਧ-ਵਧ ਪੈਂਦੇ ਦਿਖਾਈ ਦਿੰਦੇ ਰਹੇ ਹਨ। ਦੂਸਰੇ ਪਾਸੇ ਤਖ਼ਤਾਂ ਦੇ ਜਥੇਦਾਰਾਂ ਨੂੰ ਸਿਰਫ਼ ਇਕ ਹਕੂਮਤੀ ਪਰਵਾਰ ਦੀ ਖੁਸ਼ੀ ਹੀ ਕੌਮੀ ਪ੍ਰੋਗਰਾਮ ਦਿਸਦੀ ਹੈ, ਕੌਮ ਦੀ ਪੱਗ ਨੂੰ ਭਾਵੇਂ ਕੋਈ ਚੁਰਾਹੇ ‘ਚ ਲਾਹ ਦੇਵੇ ਕੋਈ ਫ਼ਿਕਰ ਨਹੀਂ। ਸਿੱਖ ਕੌਮ ਕੋਲ ਇਸ ਸਮੇਂ ਨਾ ਹੀ ਕੋਈ ਕੌਮੀ ਫਿਕਰਮੰਦੀ ਵਾਲਾ ਦੂਰ ਅੰਦੇਸ਼ ਪ੍ਰਵਾਨਿਤ ਆਗੂ ਹੈ ਅਤੇ ਨਾ ਹੀ ਕੋਈ ਸਾਂਝਾ ਕੌਮੀ ਪ੍ਰੋਗਰਾਮ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 42 ਸਾਲਾ ਦੇ ਜੀਵਨ ਕਾਲ ਵਿਚ ਸਿੱਖ ਕੌਮ ਨੂੰ ਹਰ ਖੇਤਰ ਵਿਚ ਵਿਚਰਨ ਲਈ ਆਪ ਹਰ ਹਾਲਤ ਦਾ ਟਾਕਰਾ ਕਰਕੇ ਰਾਹ ਦਰਸਾਇਆ ਹੈ। ਸੰਤ ਸਿਪਾਹੀ ਵਾਲੇ ਜੀਵਨ ਤੋਂ ਇਲਾਵਾ ਦਸਮੇਸ਼ ਪਿਤਾ ਸਿੱਖਾਂ ਲਈ ਇਕ ਉਚ ਕੋਟੀ ਦੇ ਸਿਆਸਤਦਾਨ ਦਾ ਵੀ ਰੋਲ ਮਾਡਲ ਹਨ। ਕਲਗੀਧਰ ਪਾਤਿਸਾਹ ਨੇ ਜਿਥੇ ‘ਜਫ਼ਰਨਾਮਾ’ ਲਿਖ ਕੇ ਔਰੰਗਜੇਬ ਨੂੰ ਸਿਆਸੀ ਮਾਤ ਦਿੱਤੀ, ਉਥੇ ਔਰੰਗਜੇਬ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਬਹਾਦਰ ਸਾਹ ਨੂੰ ਹਿੰਦੋਸਤਾਨ ਦੇ ਰਾਜ ‘ਤੇ ਬਿਠਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਨਿਭਾਈ ਗਈ ਭੂਮਿਕਾ ਸਿੱਖਾਂ ਨੂੰ ਸਿਆਸਤ ਕਰਨ ਲਈ ਵੱਡੀ ਸੇਧ ਹੈ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਤਿੰਨ ਧਿਰਾਂ ਖਿਲਾਫ਼ ਜੰਗਾਂ ਲੜੀਆਂ ਹਨ, ਜਿਹਨਾਂ ਵਿੱਚ ਪਹਿਲੀ ਜੰਗ ਗੁਰੂ ਘਰ ਵਿੱਚ ਪੈਦਾ ਹੋਏ ਮਸੰਦਾਂ ਦਾ ਖਾਤਮਾ ਕੀਤਾ ਅਤੇ ਦੂਸਰੀ ਜੰਗ ਪਹਾੜੀ ਰਾਜਿਆਂ ਨਾਲ ਲੜੀ ਅਤੇ ਤੀਸਰੀ ਅਤੇ ਫੈਸਲਾਕੁੰਨ ਜੰਗ ਦਿੱਲੀ ਦੇ ਜਾਲਮ ਤਖਤ ਖਿਲਾਫ ਲੜੀ ਸੀ, ਅੱਜ ਵੀ ਸਿੱਖ ਕੌਮ ਨੂੰ ਉਹਨਾਂ ਤਿੰਨਾਂ ਧਿਰਾਂ ਵੱਲੋਂ ਘੇਰਿਆ ਹੋਇਆ ਹੈ। ਸਿੱਖਾਂ ਦੇ ਗੁਰੂਘਰਾਂ ‘ਤੇ ਮਸੰਦਾਂ ਦਾ ਕਬਜਾ ਹੋ ਚੁਕਿਆ ਹੈ, ਦਿੱਲੀ ਦਰਬਾਰ ਦੀ ਛੱਤਰ ਛਾਇਆ ਹੇਠ ਪੰਜਾਬ ਅਤੇ ਆਂਢ ਗੁਆਂਢ ਸੂਬਿਆਂ ਦੇ ਸੂਬੇਦਾਰ ਪਹਾੜੀਆਂ ਰਾਜਿਆਂ ਵਾਲਾ ਹੀ ਕਿਰਦਾਰ ਅਦਾ ਕਰ ਰਹੇ ਹਨ ਅਤੇ ਦਿੱਲੀ ਦਾ ਤਖਤ ‘ਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਗਵਾਂ ਬ੍ਰਿਗੇਡ ਵੀ ਔਰੰਗਜੇਬ ਵਾਂਗ ਭਾਰਤ ਵਿੱਚ ਇੱਕੋ ਧਰਮ ਨੂੰ ਜਿਉਣ ਦੀ ਅਧਿਕਾਰ ਦੇ ਦੂਸਰੀਆਂ ਘੱਟਗਿਣਤੀ ਕੌਮਾਂ ਦਾ ਖਾਤਮਾ ਕਰਨ ਦਾ ਤਹੱਈਆ ਕਰੀ ਬੈਠਾ ਹੈ। ਕਰੋਨਾ ਵਾਇਰਸ ਕਾਰਨ ਭਾਵੇਂ ਪੂਰਾ ਸੰਸਾਰ ਘਰਾਂ ਵਿੱਚ ਕੈਦ ਹੋਇਆ ਪਿਆ ਹੈ ਤਾਂ ਸਿੱਖ ਕੌਮ ਵੱਲੋਂ ਮਾਨਵਤਾ ਦੀ ਸੇਵਾ ਲਈ ਲਗਾਏ ਜਾ ਰਹੇ ਲੰਗਰਾਂ, ਕਰੋਨਾ ਵਾਇਰਸ ਵਿਰੁੱਧ ਲੜ ਰਹੇ ਡਾਕਟਰਾਂ ਤੇ ਹੋਰ ਲੋਕਾਂ ਦੀ ਮਦੱਦ ਲਈ ਆਪਣੇ ਦਰ ਦਰਵਾਜੇ ਖੋਲੇ ਹਨ। ਇਸ ਮਹਾਂਮਾਰੀ ਦੌਰਾਨ ਮਾਨਵਤਾ ਦੀ ਮੱਦਦ ਲਈ ਅੱਗੇ ਆਈ ਸਿੱਖ ਕੌਮ ਦੀ ਪੂਰੀ ਦੁਨੀਆਂ ਵਿੱਚ ਸਲਾਘਾ ਹੋ ਰਹੀ ਹੈ। ਇਥੋਂ ਤੱਕ ਕਿ ਦੁਨੀਆਂ ਦੀ ਸੁਪਰ ਪਾਵਰ ਕਹਾਉਂਦੇ ਅਮਰੀਕਾ ਦਾ ਰਾਸਟਰਪਤੀ ਵੀ ਕਹਿਣ ਲਈ ਮਜਬੂਰ ਹੋ ਗਿਆ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲ ਸਿੱਖ ਅਤੇ ਇਹਨਾਂ ਦੇ ਗੁਰਦੁਆਰੇ ਹਰ ਮੁਲਕ ਵਿੱਚ ਹੋਣੇ ਚਾਹੀਦੇ ਹਨ।
ਇਸ ਮਹਾਂਮਾਰੀ ਦੇ ਚਲਦਿਆਂ ਸਿੱਖ ਕੌਮ ਵੀ ਆਪਣਾ ਕੌਮੀ ਤਿਆਰ ਮਨਾਉਣ ਲਈ ਭਾਵੇਂ ਇੱਕਤਰ ਤਾਂ ਨਹੀਂ ਹੋ ਸਕਦੀ, ਪਰ ਘਰਾਂ ਵਿੱਚ ਬੈਠੇ ਹਰ ਸਿੱਖ ਨੂੰ ਜਿਥੇ ਗੁਰਬਾਣੀ ਦੇ ਪਾਠ ਕਰਕੇ ਖਾਲਸਾ ਦਾ ਸਾਜਣਾ ਦਿਵਸ ‘ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ, ਉਥੇ ਵਿਸਾਖੀ ਦੇ ਇਸ ਕ੍ਰਾਂਤੀਕਾਰੀ ਦਿਹਾੜੇ ‘ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੂਹਾਨੀਅਤ ਸਖਸੀਅਤ ਦੇ ਨਾਲ-ਨਾਲ ਉਹਨਾਂ ਦੀ ਰਾਜਨੀਤਕ ਸੋਚ ਤੋਂ ਵੀ ਸੇਧ ਲੈਂਦਿਆਂ ਸਿੱਖ ਕੌਮ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਸਬੰਧੀ ਵੀ ਜਰੂਰ ਚਿੰਤਨ ਮੰਥਨ ਕਰਨਾ ਚਾਹੀਦਾ ਹੈ ਅਤੇ ਆਪਣੇ ਕੌਮੀ ਟੀਥੇ ਨੂੰ ਮਿੱਥ ਕੇ ਅੱਗੇ ਵੱਧਣ ਲਈ ਕਮਰਕੱਸੇ ਕਰਨੇ ਚਾਹੀਦੇ ਹਨ। ਜਗਸੀਰ ਸਿੰਘ ਸੰਧੂ
98764-16009
ਘਰਾਂ ‘ਚ ਬੈਠਾ ਹਰ ਸਿੱਖ ਵਿਸਾਖੀ ਦੇ ਇਨਕਲਾਬੀ ਦਿਹਾੜੇ ‘ਤੇ ਕੌਮ ਦੇ ਵਰਤਮਾਨ ਅਤੇ ਭਵਿੱਖ ਬਾਰੇ ਚਿੰਤਤ-ਮੰਥਨ ਜਰੂਰ ਕਰੇ
Total Views: 323 ,
Real Estate