ਹੁਣ ਕਰਫਿਊ ਤੋੜਨ ਵਾਲਿਆਂ ਨੂੰ ਪੰਜਾਬ ਪੁਲਸ ਡਰੋਨ ਕੈਮਰਿਆਂ ਦੀ ਮੱਦਦ ਨਾਲ ਕਾਬੂ ਕਰੇਗੀ

ਬਰਨਾਲਾ, 3 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਪੁਲਸ ਹੁਣ ਕਰਫਿਊ ਤੋੜਨ ਵਾਲਿਆਂ ‘ਤੇ ਨਿਗ੍ਹਾ ਰੱਖਣ ਲਈ ਡਰੋਨ ਕੈਮਰਿਆਂ ਦੀ ਵਰਤੋਂ ਕਰੇਗੀ। ਕਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਪ੍ਰਵਾਹ ਨਾ ਕਰਦਿਆਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣੋ ਰੁਕ ਨਹੀਂ ਰਹੇ। ਪਹਿਲਾਂ ਪੁਲਸ ਵੱਲੋਂ ਕਾਫੀ ਸਖਤੀ ਕੀਤੀ ਸੀ, ਪਰ ਪੁਲਸ ਵੱਲੋਂ ਕੀਤੀ ਕੁੱਟਮਾਰ ਦੀ ਵਿਡੀਓਜ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਸ ਨੂੰ ਸਖਤੀ ਕਰਨ ਤੋਂ ਵਰਜ ਦਿੱਤਾ ਸੀ। ਹੁਣ ਭਾਵੇਂ ਕਰਫਿਊ ਲੱਗੇ ਨੂੰ ਨੌਂ ਦਿਨ ਹੋ ਚੁੱਕੇ ਹਨ ਅਤੇ ਪੁਲਸ ਵੱਲੋਂ ਪਿੰਡਾਂ ਦੇ ਰਸਤੇ ਅਤੇ ਸਹਿਰਾਂ ਦੀਆਂ ਗਲੀਆਂ ਅਤੇ ਬਜਾਰ ਸੀਲ ਕਰਨ ਲਈ ਪੱਕੀ ਬੈਰੀਗੇਟਿੰਗ ਵੀ ਕੀਤੀ ਗਈ ਹੈ, ਪਰ ਲੋਕਾਂ ਵੱਲੋਂ ਕਰਫਿਊ ਤੋੜਕੇ ਬਾਹਰ ਨਿਕਲਣਾ ਬਾਦਸਤੂਰ ਜਾਰੀ ਹੈ। ਪੰਜਾਬ ਪੁਲਸ ਵੱਲੋਂ ਹੁਣ ਨਵੀਂ ਰਣਨੀਤੀ ਤਹਿਤ ਲੋਕਾਂ ਨੂੰ ਘਰਾਂ ਵਿੱਚ ਰੱਖਣ ਲਈ ਜਿਥੇ ਕਰਫਿਊ ਤੋੜਨ ਵਾਲਿਆਂ ਨੂੰ ਸਜਾਵਾਂ ਦੇਣ ਲਈ ਉਪਨ ਜੇਲ੍ਹਾਂ ਬਣਾਈਆਂ ਗਈਆਂ ਹਨ, ਉਥੇ ਪੁਲਸ ਨੇ ਸਹਿਰਾਂ ਦੇ ਬਜਾਰਾਂ ਅਤੇ ਗਲੀਆਂ ਵਿੱਚ ਨਜਰ ਰੱਖਣ ਲਈ ਡਰੋਨ ਕੈਮਰਿਆਂ ਦੀ ਵਰਤੋਂ ਸੁਰੂ ਕੀਤੀ ਹੈ। ਬਰਨਾਲਾ ਪੁਲਸ ਦੇ ਐਸ ਪੀ (ਡੀ) ਸੁਖਦੇਵ ਸਿੰਘ ਵਿਰਕ ਨੇ ਇਸ ਸਬੰਧੀ ਦੱਸਿਆ ਹੈ ਕਿ ਡੀ.ਜੀ.ਪੀ ਪੰਜਾਬ ਦੇ ਹੁਕਮਾਂ ‘ਤੇ ਪੁਲਸ ਵੱਲੋਂ ਲੋਕਾਂ ‘ਤੇ ਨਜਰ ਰੱਖਣ ਲਈ ਡਰੋਨ ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਫਿਰ ਵੀ ਜੇਕਰ ਕੋਈ ਕਰਫਿਊ ਤੋੜੇਗਾ ਤਾਂ ਉਸ ਲਈ ਉਪਨ ਜੇਲ੍ਹਾਂ ਬਣਾਈਆਂ ਗਈਆਂ ਹਨ, ਜਿਥੇ ਉਹਨਾਂ ਨੂੰ ਇਕੱਲੇ ਇੱਕਲੇ ਨੂੰ ਰੱਖਿਆ ਜਾਵੇਗਾ।

Total Views: 201 ,
Real Estate