ਬਾਦਲਾਂ ਦੇ ਯੂ-ਟਰਨ ਨੇ ਅਕਾਲੀ ਦਲ ਨੂੰ ਮਿੱਟੀ ‘ਚ ਰੋਲ ਦਿੱਤਾ ਹੈ ?

ਦਿੱਲੀ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ (ਬਾਦਲ) ਵਲੋਂ ਯੂ-ਟਰਨ ਲੈਂਦੇ ਹੋਏ ਭਾਜਪਾ ਨੂੰ ਹਿਮਾਇਤ ਕਰਨ ਸਬੰਧੀ ਤਾਜ਼ਾ ਐਲਾਨ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਚਾਰ ਦਿਨ ਪਹਿਲਾਂ ਵਿਵਾਦਿਤ ਸੀਏਏ ਦੇ ਮੁੱਦੇ ‘ਤੇ ਦਿੱਲੀ ‘ਚ ਭਾਜਪਾ ਨਾਲ ਮਿਲ ਕੇ ਚੋਣਾਂ ਨਾ ਲੜਨ ਦੀ ਘੁਰਕੀ ਮਾਰਨ ਵਾਲੇ ਬਾਦਲਾਂ ਦਾ ਇਸ ਤਰ੍ਹਾਂ ਭਾਜਪਾ ਖ਼ਾਸ ਕਰ ਕੇ ਮੋਦੀ-ਅਮਿਤ ਸ਼ਾਹ ਦੇ ਪੈਰਾਂ ‘ਚ ਡਿਗਣਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਦੀ ਆਖ਼ਰੀ ਕੋਸ਼ਿਸ਼ ਹੈ, ਪਰੰਤੂ ਬਾਦਲ ਪਰਵਾਰ ਦੀ ਇਸ ਨਿੱਜੀ ਲਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਿੱਟੀ ‘ਚ ਰੋਲ ਦਿਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਗਰੀਸ ਸੋਨੀ ਦੇ ਹੱਕ ਵਿਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਕੀ ਭਾਜਪਾ ਨੇ ਸੀਏਏ ਸੰਬੰਧੀ ਉਨ੍ਹਾਂ (ਅਕਾਲੀ ਦਲ) ਦੀ ਇਹ ਮੰਗ ਮੰਨ ਲਈ ਹੈ, ਜਿਸ ਕਾਰਨ ਅਕਾਲੀ ਦਲ ਨੇ ਪਿਛਲੇ ਹਫ਼ਤੇ ਦਿੱਲੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜਨ ਤੋਂ ਇਨਕਾਰ ਕਰ ਦਿਤਾ ਸੀ? ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਡਗਮਗਾ ਰਹੀ ਕੁਰਸੀ ਨੂੰ ਬਚਾਉਣ ਲਈ ਬਾਦਲ ਪਰਵਾਰ ਅਪਣੀ ਨੈਤਿਕਤਾ ਦੇ ਨਾਲ-ਨਾਲ ਪਾਰਟੀ ਦੇ ਸਿਧਾਂਤਾਂ ਨੂੰ ਵੀ ਛਿੱਕੇ ਟੰਗ ਰਹੇ ਹਨ। ਭਗਵੰਤ ਮਾਨ ਨੇ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਅਤੇ ਅਪਣੀ ਪਾਰਟੀ (ਅਕਾਲੀ ਦਲ) ਦੇ ਲੋਕਾਂ ਨੂੰ ਦੱਸ ਸਕਣਗੇ ਕਿ ਹਰਸਿਮਰਤ ਦੀ ਵਜ਼ੀਰੀ ਲਈ ਹੋਰ ਕਿੰਨੀ ਵਾਰ ਸਟੈਂਡ ਬਦਲਣਗੇ।

Total Views: 221 ,
Real Estate