ਦੁੱਲਾ ਭੱਟੀ- ਵਰਿੰਦਰ ਵਾਲੀਆ

ਵਰਿੰਦਰ ਵਾਲੀਆ

ਲੋਕ ਨਾਇਕ ਲੋਕ ਗੀਤਾਂ ਦੇ ਗਹਿਣੇ ਹੁੰਦੇ ਹਨ। ਲੋਕ ਨਾਇਕ ਉਹ ਹਨ ਜਿਹੜੇ ਜਿਊਂਦੇ ਜੀਅ ਆਪਣੀ ਜ਼ਮੀਰ ਨੂੰ ਗਹਿਣੇ ਨਹੀਂ ਪਾਉਂਦੇ। ਜੋ ਲੋਕ ਜ਼ੁਲਮ ਖ਼ਿਲਾਫ਼ ਬੁੱਤ ਬਣ ਕੇ ਖੜ੍ਹੇ ਰਹਿੰਦੇ ਹਨ, ਉਨ੍ਹਾਂ ਦੇ ਬੁੱਤ ਚੌਰਾਹਿਆਂ ਵਿੱਚ ਨਹੀਂ ਲੱਗਦੇ। ਲੋਕਾਂ ਖ਼ਾਤਰ ਜਾਨ ਨਿਛਾਵਰ ਕਰਨ ਵਾਲਿਆਂ ਦੇ ਬੁੱਤ ਵੀ ਬੋਲਦੇ ਹਨ। ਇਨ੍ਹਾਂ ਬੁੱਤਾਂ ਦੀ ਲਲਕਾਰ ਸਿਆਹ ਹਨੇਰਿਆਂ ਨੂੰ ਚੀਰਦੀ ਹੋਈ ਜ਼ਾਲਮ ਹਾਕਮਾਂ ਦੀ ਨੀਂਦ ਉਡਾ ਦਿੰਦੀ ਹੈ।
ਦੁੱਲਾ ਭੱਟੀ ਅਣਵੰਡੇ ਪੰਜਾਬ ਦਾ ਸਾਂਝਾ ਲੋਕ ਨਾਇਕ ਹੈ। ਲੋਕਾਂ ਨੇ ਉਸ ਦੀ ਯਾਦ ਨੂੰ ਹਿੱਕ ਦੇ ਤਵੀਤ ਵਾਂਗ ਸਾਂਭ-ਸਾਂਭ ਰੱਖਿਆ ਹੋਇਆ ਹੈ। ਪੰਜਾਬੀਆਂ ਦੀ ਅਣਖ ਅਤੇ ਗ਼ੈਰਤ ਦਾ ਪ੍ਰਤੀਕ ਦੁੱਲੇ ਭੱਟੀ ਦਾ ਮੁਖੜਾ ਲੋਕ ਗੀਤਾਂ ਦੇ ਮੁਖੜਿਆਂ ’ਚੋਂ ਅੱਜ ਵੀ ਝਲਕਦਾ ਹੈ। ਉਸ ਦੀ ਸ਼ਹਾਦਤ ਦੇ ਸਵਾ ਚਾਰ ਸੌ ਸਾਲ ਬਾਅਦ ਉਸ ਦੀ ਜਨਮ ਭੂਮੀ ਪਿੰਡੀ ਭੱਟੀਆਂ ਦੇ ਪਿੰਡ ਦੁੱਲੇ ਕੀ ਬਾਈਪਾਸ (ਪਾਕਿਸਤਾਨ) ’ਤੇ ਉਸ ਦਾ ਬੁੱਤ ਲਗਾਇਆ ਗਿਆ ਹੈ। ਗੁਰਸ਼ਰਨ ਸਿੰਘ ਨੇ ਆਪਣੇ ਪ੍ਰਸਿੱਧ ਨਾਟਕ ‘ਧਮਕ ਨਗਾਰੇ’ ਵਿੱਚ ਦੁੱਲੇ ਦਾ ਸਮਾਂ ਛੇ ਸਦੀਆਂ ਪਹਿਲਾਂ ਦਾ ਦੱਸਿਆ ਹੈ। ਦੁੱਲੇ ਦੇ ਬੁੱਤ ਬਾਰੇ ਖ਼ਬਰ ਪੜ੍ਹੀ ਤਾਂ ਮਨ ਬਾਗੋ-ਬਾਗ ਹੋ ਗਿਆ। ਪ੍ਰਚਲਤ ਲੋਕ ਕਥਾ ਮੁਤਾਬਕ ਦੁੱਲੇ ਦਾ ਜਨਮ ਪਿੰਡੀ ਦੇ ਵਸਨੀਕ ਭੱਟੀ ਰਾਜਪੂਤ ਫ਼ਰੀਦ ਖ਼ਾਨ ਦੇ ਘਰ ਹੋਇਆ ਸੀ। ਉਸ ਦੀ ਮਾਤਾ ਦਾ ਨਾਂ ਲੱਧੀ ਸੀ। ਬਾਦਸ਼ਾਹ ਅਕਬਰ ਦੀ ਹਕੂਮਤ ਵੇਲੇ ਉਸ ਨੇ ਆਮ ਲੋਕਾਂ ਨੂੰ ਲਾਮਬੰਦ ਕਰ ਕੇ ਰਜਵਾੜਾਸ਼ਾਹੀ ਖ਼ਿਲਾਫ਼ ਲੋਹਾ ਲਿਆ ਸੀ। ਸਮੇਂ ਦੀ ਹਕੂਮਤ ਨੇ ਉਸ ਨੂੰ ਡਾਕੂ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਦੁੱਲਾ ਦਰਅਸਲ ਇੱਕ ਦਾਨਵੀਰ ਯੋਧਾ ਸੀ ਜੋ ਅਮੀਰਾਂ ਨੂੰ ਲੁੱਟ ਕੇ ਗ਼ਰੀਬਾਂ ਦਾ ਢਿੱਡ ਭਰਦਾ ਸੀ। ਦੁੱਲੇ ਨੇ ਜਦੋਂ ਗ਼ਰੀਬ ਬ੍ਰਾਹਮਣ ਦੀਆਂ ਧੀਆਂ, ਸੁੰਦਰੀ-ਮੁੰਦਰੀ ਨੂੰ ਇੱਕ ਮੁਸਲਮਾਨ ਹਾਕਮ ਦੇ ਚੁੰਗਲ ’ਚੋਂ ਛੁਡਾ ਕੇ ਉਨ੍ਹਾਂ ਦੇ ਆਪਣੇ ਹੱਥੀਂ ਹੱਥ ਪੀਲੇ ਕੀਤੇ ਤਾਂ ਉਹ ਰਾਤੋ-ਰਾਤ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਸੀ। ਦੁੱਲੇ ਭੱਟੀ ਦੇ ਇਸ ਪਰਉਪਕਾਰ ਨੂੰ ਹਰ ਸਾਲ ਲੋਹੜੀ ਮੰਗਣ ਵੇਲੇ ਯਾਦ ਕੀਤਾ ਜਾਂਦਾ ਹੈ:
ਸੁੰਦਰ ਮੁੰਦਰੀ ਏ ਹੋ, ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ।
ਦੰਦ ਕਥਾਵਾਂ ਅਨੁਸਾਰ ਦੁੱਲੇ ਦਾ ਚਾਚਾ ਜਲਾਲੁਦੀਨ ਉਸ ਨਾਲ ਖਾਰ ਖਾਂਦਾ ਸੀ। ਉਸ ਨੇ ਅਕਬਰ ਬਾਦਸ਼ਾਹ ਕੋਲ ਫ਼ਰਿਆਦ ਕੀਤੀ ਕਿ ਦੁੱਲੇ ਨੇ ਜ਼ਿਮੀਦਾਰਾਂ ਨੂੰ ਲੁੱਟ-ਕੁੱਟ ਕੇ ਸਾਂਦਲ ਬਾਰ ਵਿੱਚ ਦਹਿਸ਼ਤ ਪਾਈ ਹੋਈ ਹੈ। ਦੁੱਲਾ ਨੈਨਾਬਾਸ ਵਿੱਚ ਹੋਲੀ ਖੇਡਣ ਗਿਆ ਸੀ। ਬਾਦਸ਼ਾਹ ਨੇ ਮਿਰਜ਼ਾ ਅਲਾਉਦੀਨ ਨੂੰ ਬਾਰਾਂ ਹਜ਼ਾਰ ਸੈਨਿਕ ਦੇ ਕੇ ਦੁੱਲੇ ਵਿਰੁੱਧ ਮੁਹਿੰਮ ’ਤੇ ਭੇਜਿਆ। ਦੂਜੀ ਟੁਕੜੀ ਜ਼ਿਆਉਦੀਨ ਦੀ ਕਮਾਨ ਹੇਠ ਪਿੰਡੀ ਵੱਲ ਰਵਾਨਾ ਹੋਈ। ਹੋਲੀ ਦੇ ਮੇਲੇ ਮੌਕੇ ਇੱਕ ਗਵਾਲਣ ਨੇ ਆਪਣੇ ਲੋਕ ਨਾਇਕ ਦੀ ਹਿਫ਼ਾਜ਼ਤ ਲਈ ਅਲਾਉਦੀਨ ਨੂੰ ਮੋਹਿਤ ਕਰ ਕੇ ਉਸ ਦਾ ਕਤਲ ਕਰ ਦਿੱਤਾ। ਦੂਜੇ ਪਾਸੇ ਜ਼ਿਆਉਦੀਨ ਨੇ ਦੁੱਲੇ ਦੇ ਸਾਰੇ ਟੱਬਰ ਨੂੰ ਬੰਦੀ ਬਣਾ ਲਿਆ। ਸ਼ਾਹੀ ਸੈਨਾ ਨਾਲ ਹੋਈ ਅਸਾਵੀਂ ਲੜਾਈ ਵਿੱਚ ਦੁੱਲੇ ਦੇ ਸਾਥੀਆਂ ਨੇ ਉਸ ਦੇ ਪਰਿਵਾਰ ਨੂੰ ਛੁਡਾ ਕੇ ਖ਼ੂਬ ਹੋਲੀ ਮਨਾਈ।
‘ਧਮਕ ਨਗਾਰੇ ਦੀ’ ਨਾਟਕ ਤੋਂ ਪਹਿਲਾਂ ਕੋਰਸ ਵਿੱਚ ਦੁੱਲੇ ਭੱਟੀ ਦੀ ਵਾਰ ਗਾਈ ਜਾਂਦੀ ਹੈ:
ਕੀ ਹੋਇਆ ਜੇ ਜੂਝਿਆ ਛੇ ਸੌ ਸਾਲ ਪਹਿਲੇ
ਦੁੱਲਾ ਹਾਲੇ ਵੀ ਸਾਡੇ ਵਿਚਕਾਰ ਲੋਕੋ
ਜਦ ਤਕ ਜ਼ੁਲਮ ਨਾਲ ਰਹੇਗੀ ਟੱਕਰ
ਦੁੱਲਾ ਰਹੇਗਾ ਲੋਕਾਂ ਨੂੰ ਯਾਦ ਲੋਕੋ
ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਇਨਾਮ ਜੇਤੂ ਚਰਚਿਤ ਨਾਵਲ ‘ਢਾਹਵਾਂ ਦਿੱਲੀ ਦੇ ਕਿੰਗਰੇ’ ਵਿੱਚ ਵੀ ਦੁੱਲੇ ਭੱਟੀ ਨੂੰ ਲੋਕ ਨਾਇਕ ਵਜੋਂ ਚਿਤਰਿਆ ਹੈ ਜੋ ਅਕਬਰ ਦੀ ਈਨ ਮੰਨਣ ਦੀ ਬਜਾਏ ਸ਼ਹੀਦ ਹੋਣ ਨੂੰ ਪਹਿਲ ਦਿੰਦਾ ਹੈ। ਦੁੱਲਾ ਭੱਟੀ ਜਨਮ ਜਾਤ ਤੋਂ ਨਾਬਰ ਸੀ। ਦੁੱਲਾ ਤੀਜੀ ਪੀੜ੍ਹੀ ’ਚੋਂ ਸੀ ਜਿਸ ਦਾ ਸਿਰ ਲਾਹੌਰ ਦੇ ਦਰਵਾਜ਼ੇ ’ਤੇ ਟੰਗਿਆ ਗਿਆ ਸੀ। ਬਗ਼ਾਵਤ ਉਸ ਦੇ ਖ਼ੂਨ ਵਿੱਚ ਸੀ। ਉਸ ਤੋਂ ਪਹਿਲਾਂ ਉਸ ਦੇ ਪਿਓ ਤੇ ਦਾਦੇ ਦੇ ਸਿਰ ਵੱਢ ਕੇ ਟੰਗੇ ਗਏ ਸਨ ਤਾਂ ਜੋ ਲੋਕ ਬਗ਼ਾਵਤ ਦਾ ਖ਼ੁਆਬ ਵੀ ਨਾ ਲੈ ਸਕਣ। ਅਕਬਰ ਦੇ ਸਮੇਂ ਧੌਂਸ ਨਾਲ ਮਾਲੀਆ ਉਗਰਾਹੁਣ ਦੀ ਪਿਰਤ ਨੂੰ ਤੋੜਨ ਲਈ ਦੁੱਲੇ ਭੱਟੀ ਨੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਸੀ। ਸ਼ਾਹੀ ਫ਼ੌਜ ਦਾ ਮੁਕਾਬਲਾ ਕਰਨ ਲਈ ਆਮ ਲੋਕ ਸਾਹਮਣੇ ਆਏ ਤਾਂ ਅਕਬਰ ਅੱਗ-ਬਗੂਲਾ ਹੋ ਗਿਆ। ਜੰਗ ਵਿੱਚ ਮੁਗਲਾਂ ਦਾ ਇੱਕ ਸਿੱਪਾ-ਸਿਲਾਰ ਜਦੋਂ ਘਿਰ ਗਿਆ ਤਾਂ ਉਸ ਨੇ ਦੁੱਲੇ ਦੀ ਮਾਂ ਲੱਧੀ ਦੇ ਪੈਰਾਂ ਵਿੱਚ ਡਿੱਗ ਕੇ ਜਾਨ ਦੀ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਦਿਆਲੂ ਮਾਂ ਨੇ ਪੁੱਤ ਨੂੰ ਆਦੇਸ਼ ਦਿੱਤਾ ਕਿ ਰਾਜਪੂਤ ਸ਼ਰਨ ਪਿਆਂ ’ਤੇ ਵਾਰ ਨਹੀਂ ਕਰਦੇ। ਦੁੱਲਾ ਦੁਸ਼ਮਣ ਨੂੰ ਫਨੀਅਰ ਸੱਪ ਸਮਝ ਕੇ ਉਸ ਦਾ ਸਿਰ ਫੇਹਣਾ ਚਾਹੁੰਦਾ ਸੀ ਪਰ ਮਾਂ ਅੱਗੇ ਉਸ ਦੀ ਪੇਸ਼ ਨਾ ਗਈ। ਮੁਗਲ ਸਿੱਪਾ-ਸਿਲਾਰ ਨੇ ਦੁੱਲੇ ਨੂੰ ਧਰਮ ਭਰਾ ਕਹਿ ਕੇ ਉਸ ਨੂੰ ਭਰਮਾ ਲਿਆ। ਬਾਅਦ ਵਿੱਚ ਉਸ ਨੇ ਦੁੱਲੇ ਨੂੰ ਧੋਖੇ ਨਾਲ ਜ਼ਹਿਰ ਪਿਆ ਕੇ ਸੰਗਲਾਂ ਵਿੱਚ ਜਕੜ ਲਿਆ। ਬਾਦਸ਼ਾਹ ਨੇ ਦੁੱਲੇ ਦਾ ਸਿਰ ਕਲਮ ਕਰਨ ਤੋਂ ਬਾਅਦ ਉਸ ਵਿੱਚ ਤੂੜੀ ਭਰ ਕੇ ਲਾਹੌਰ ਸ਼ਹਿਰ ਦੇ ਦਰਵਾਜ਼ੇ ’ਤੇ ਟੰਗਣ ਦਾ ਹੁਕਮ ਦਿੱਤਾ। ਦੁੱਲਾ ਜਿੱਤੀ ਹੋਈ ਬਾਜ਼ੀ ਹਾਰ ਗਿਆ। ਬਲਦੇਵ ਸਿੰਘ ਨੇ ‘ਢਾਹਵਾਂ ਦਿੱਲੀ ਦੇ ਕਿੰਗਰੇ’ ਵਿੱਚ ਪਾਕਿਸਤਾਨ ਦੇ ਇੱਕ ਗਮੰਤਰੀ ਗੁਲਾਮ ਮੁਹੰਮਦ ਦੀ ਦੁੱਲੇ ਬਾਰੇ ਗਾਈ ਵਾਰ ਦਿੱਤੀ ਹੈ ਜਿਸ ਨੂੰ 1973 ਵਿੱਚ ਅਹਿਮਦ ਸਲੀਮ ਨੇ ਪਾਠਕਾਂ ਦੇ ਰੂਬਰੂ ਕੀਤਾ ਸੀ:
ਵਲ ਵਲ ਮਾਰਾਂ ਮੁਗਲਾਂ ਦੀਆਂ ਢਾਣੀਆਂ, ਦੇਵਾਂ ਪੂਰਾਂ ਦੇ ਪੂਰ ਉਥੱਲ
ਮੈਂ ਬੱਦਲ ਬਣਾ ਦਿਆਂ ਧੂੜ ਦੇ, ਕੂੰਟੀ ਅਮਰ ਤਰਥੱਲ
ਮੈਂ ਮਾਰ ਦਿਆਂ ਬੱਗੇ ਸ਼ੇਰ ਨੂੰ, ਉਹਦੀ ਹੇਠ ਵਿਛਾਵਾਂ ਖੱਲ
ਮੈਂ ਚੜ੍ਹ ਕੇ ਘੋੜਾ ਫੇਰ ਲਾਂ, ਮੇਰੀ ਜੱਗ ’ਤੇ ਰਹਿ ਜਾਊ ਗੱਲ

ਮੈਂ ਪੁੱਤ ਹਾਂ ਬੱਗੇ ਸ਼ੇਰ ਦਾ, ਮੇਰੇ ਸ਼ੇਰਾਂ ਵਰਗੇ ਤੌਰ
ਮੈਂ ਢਾਹਵਾਂ ਦਿੱਲੀ ਦੇ ਕਿੰਗਰੇ, ਪਾਵਾਂ ਭਾਜੜ ਤਖ਼ਤ ਲਾਹੌਰ
ਜੰਮਣਾ ਤੇ ਮਰ ਜਾਵਣਾ, ਓੜਕ ਉੱਡਣਾ ਪਿੰਜਰੇ ’ਚੋਂ ਭੌਰ
ਇਸ ਵਾਰ ਦੇ ਰਚੇਤਾ ਗੁਲਾਮ ਮੁਹੰਮਦ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ 1916 ਵਿੱਚ ਹੋਇਆ ਸੀ। ਇਸ ਵਾਰ ਵਿੱਚ ਭੱਟੀ ਰਾਜਪੂਤਾਂ ਦੇ ਸ਼ਰਨ ਪਿਆਂ ਦੀ ਲਾਜ ਰੱਖਣ ਵਾਲੇ ਕਿਰਦਾਰ ਬਾਰੇ ਚਾਨਣਾ ਪਾਇਆ ਗਿਆ ਹੈ – ਅੱਗੇ ਪਏ ਨੂੰ ਸ਼ੇਰ ਨਹੀਂ ਖਾਂਵਦਾ, ਲੱਧੀ ਦੁੱਲੇ ਨੂੰ ਦਿੱਤਾ ਸਮਝਾ। ਰਾਜਪੂਤਾਣਾ ਪਰੰਪਰਾ ਮੁਤਾਬਕ ਮਰਦ ਉਹ ਹੈ ਜੋ ਹਮਦਰਦ ਹੋਵੇ। ਰਾਜਪੂਤ ਦਾ ਸ਼ਾਬਦਿਕ ਅਰਥ ‘ਰਾਜੇ ਦਾ ਪੁੱਤਰ’ ਹੈ। ਉਨ੍ਹਾਂ ਦਾ ਪਿਛੋਕੜ ਸੂਰਜਵੰਸ਼ੀ/ਚੰਦਰਵੰਸ਼ੀ ਸਮਝਿਆ ਜਾਂਦਾ ਹੈ। ਮਿਥਿਹਾਸ ਅਨੁਸਾਰ ਉਨ੍ਹਾਂ ਦੀ ਉਤਪਤੀ ਅਗਨਿ ਤੋਂ ਹੋਈ ਹੈ। ਇਸ ਦਾ ਦਾਅਵਾ ਪ੍ਰਿਥਵੀਰਾਜ ਚੌਹਾਨ ਦੇ ਸਮਕਾਲੀ ਕਵੀ ਚਾਂਦ ਬਰਦਾਈ ਨੇ ਆਪਣੀ ਰਚਨਾ ‘ਪ੍ਰਿਥਵੀਰਾਜ ਰਾਸੋ’ ਵਿੱਚ ਵੀ ਕੀਤਾ ਹੈ। ਰਾਜਪੂਤ ਵਿਦੇਸ਼ੀ ਹਮਲਾਵਰਾਂ ਖ਼ਿਲਾਫ਼ ਸਾਹਸ ਨਾਲ ਲੜਦੇ ਆਏ ਹਨ। ਆਪਣੇ ਸ਼ਾਸਨ ਕਾਲ ਦੌਰਾਨ ਰਾਜਪੂਤਾਂ ਨੇ ਭਾਵੇਂ ‘ਮਹਾਰਾਜ’ ਅਤੇ ‘ਭਾਰਤੇਸ਼ਵਰ’ ਵਰਗੀਆਂ ਉੱਚ-ਉਪਾਧੀਆਂ ਹਾਸਲ ਕੀਤੀਆਂ, ਫਿਰ ਵੀ ਉਹ ਦਾਨੀ ਤੇ ਬਲੀਦਾਨੀ ਕਰਕੇ ਜਾਣੇ ਜਾਂਦੇ ਸਨ। ਪਿੱਠ ’ਤੇ ਵਾਰ ਕਰਨਾ, ਕੋਈ ਇਲਾਕਾ ਜਿੱਤਣ ਤੋਂ ਬਾਅਦ ਬਸਤੀਆਂ ਨੂੰ ਅੱਗ ਲਾਉਣਾ, ਲੁੱਟ ਮਚਾਉਣੀ ਜਾਂ ਅੱਤਿਆਚਾਰ ਕਰਨਾ ਉਨ੍ਹਾਂ ਦੇ ਯੁੱਧ-ਪੈਂਤੜਿਆਂ ਜਾਂ ਪਰੰਪਰਾਵਾਂ ਦੇ ਉਲਟ ਮੰਨਿਆ ਜਾਂਦਾ ਸੀ। ਉਹ ਮੈਦਾਨ-ਏ-ਜੰਗ ਵਿੱਚ ਸ਼ਹਾਦਤ ਪਾਉਣ ਨੂੰ ਆਪਣੇ ਧੰਨਭਾਗ ਸਮਝਦੇ ਸਨ ਪਰ ਕੂਟਨੀਤੀ ਦੀ ਘਾਟ ਕਰਕੇ ਉਹ ਰਾਜਭਾਗ ਗਵਾਉਂਦੇ ਆਏ ਹਨ। ਦੁੱਲੇ ਭੱਟੀ ਦੀ ਵੀ ਇਹੀ ਤਰਾਸਦੀ ਹੈ। ਬਚਨ ਦੇ ਪੱਕੇ ਰਾਜਪੂਤ ਦੁਸ਼ਮਣ ਦੀਆਂ ਕੂਟਨੀਤੀਆਂ ਦਾ ਸ਼ਿਕਾਰ ਹੁੰਦੇ ਆਏ ਹਨ। ਉਨ੍ਹਾਂ ਦੇ ਖੰਡਰਾਂ ’ਤੇ ਹੀ ਮੁਗਲ ਸਾਮਰਾਜ ਉੱਸਰਿਆ ਸੀ। ਆਪਣੇ ਪੁਰਖਿਆਂ ਵਾਂਗ ਦੁੱਲੇ ਭੱਟੀ ਨੇ ਯੁੱਧ ਵੇਲੇ ਛਲ-ਕਪਟ ਨਹੀਂ ਕੀਤਾ ਪਰ ਸਦਾਚਾਰ ਖਾਤਰ ਮਰ ਮਿਟਣ ਵਾਲਾ ਇਹ ਯੋਧਾ ਦੁਸ਼ਮਣ ਦੀਆਂ ਕੋਝੀਆਂ ਚਾਲਾਂ ਵਿੱਚ ਫਸ ਗਿਆ। ਸ਼ਹਾਦਤ ਤੋਂ ਬਾਅਦ ਉਸ ਦੀ ਮਾਂ ਲੱਧੀ ਨੂੰ ਪੇਕੇ ਜਾਣਾ ਪਿਆ। ਜਦੋਂ ਲੱਧੀ ਨੂੰ ਪਤਾ ਚੱਲਦਾ ਹੈ ਕਿ ਉਸ ਦੇ ਘਰ ਪੋਤਰਾ ਹੋਣ ਵਾਲਾ ਹੈ ਤਾਂ ਉਹ ਸਾਂਦਲ ਬਾਰ ਫੇਰਾ ਪਾਉਂਦੀ ਹੈ। ਲੱਧੀ ਦੀਆਂ ਅੱਖਾਂ ਵਿੱਚ ਚਮਕ ਆਉਂਦੀ ਹੈ। ਉਸ ਨੂੰ ਜਾਪਦਾ ਹੈ ਦੁੱਲਾ ਅਜੇ ਜਿਊਂਦਾ ਹੈ ਤੇ ਜੰਗ ਜਾਰੀ ਰਹੇਗੀ। ਸਾਜ਼ਿਸ਼ ਦੇ ਸ਼ਿਕਾਰ ਹੋਏ ਦੁੱਲੇ ਭੱਟੀ ਦੀ ਹੋਣੀ ਬਾਰੇ ਦੇਵ ਥਰੀਕਿਆਂ ਵਾਲੇ ਦਾ ਲਿਖਿਆ ਅਤੇ ਕੁਲਦੀਪ ਮਾਣਕ ਦਾ ਗਾਇਆ ਗੀਤ ਹਾਜ਼ਰ ਹੈ:
ਰਾਹ ਦੇ ਵਿੱਚ ਹੋਣੀ ਬੈਠੀ ਬੋਲੀ ਜਾਣ ਕੇ
ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ
ਟੋਕਰਾ ਚੁਕਾਏ ਬਿਨਾਂ ਜੇ ਤੂੰ ਲੰਘਿਆ
ਹੋਊਗਾ ਲਾਹੌਰ ਕਿਲ੍ਹੇ ਸਿਰ ਟੰਗਿਆ
ਚੰਦੜਾਂ ਦੇ ਤੇਰੇ ਨੇ ਸੁਣੀਂਦੇ ਨਾਨਕੇ
ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ
ਪੰਜਾਬ ਦਾ ਇਹ ਲੋਕ ਨਾਇਕ ਪੰਜਾਬ ਦੀ ਅਣਖ ਦਾ ਅਣਵਿੱਧ ਮੋਤੀ ਹੈ ਜਿਸ ਨੇ ਰਜਵਾੜਾਸ਼ਾਹੀ ਖ਼ਿਲਾਫ਼ ਕਿਸਾਨੀ ਅੰਦੋਲਨ ਨੂੰ ਲਾਮਬੰਦ ਕੀਤਾ ਸੀ। ਪੰਜਾਬ ਦਾ ਇਹ ਬੀਰ ਨਾਇਕ ਲੋਕਾਂ ਖ਼ਾਤਰ ਸ਼ਹਾਦਤ ਪਾਉਣ ਕਰ ਕੇ ਅੱਜ ਵੀ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮਿਆ ਹੋਇਆ ਹੈ।

Total Views: 127 ,
Real Estate