ਪੰਜਾਬ ਦਾ ਅਲਬੇਲਾ ਲੋਕ-ਸ਼ਾਇਰ ਉਸਤਾਦ ਦਾਮਨ

ਪਿਆਰਾ ਸਿੰਘ ਸਹਿਰਾਈ

ਦਾਮਨ ਲੋਕਾਂ ਦਾ ਮਹਿਬੂਬ ਸ਼ਾਇਰ ਸੀ। ਹਕੂਮਤ ਇਸੇ ਲਈ ਉਹਦੀ ਖੁਸ਼ਨੂਦੀ ਹਾਸਲ ਕਰਨ ਦੀ ਚਾਹਵਾਨ ਸੀ। ਵਜ਼ੀਰ ਤੇ ਵਜ਼ੀਰ ਏ ਆਜ਼ਮ ਚੱਲ ਕੇ ਉਸਦੇ ਬੂਹੇ ਹਾਜ਼ਰ ਹੁੰਦੇ। ਉਸ ਦੇ ਲਈ ਕੁਝ ਕਰਨਾ ਚਾਹੁੰਦੇ, ਉਸਨੂੰ ਆਰਾਮ ਪਹੁੰਚਾਉਣ ਦੇ ਵਸੀਲੇ ਮੁਹੱਈਆ ਕਰਨਾ ਚਾਹੁੰਦੇ। ਦਾਮਨ ਫਾਕੇ ਕੱਟ ਰਿਹਾ ਸੀ। ਜਾਮਾ ਮਸਜਿਦ ਦੀਆਂ ਪੌੜੀਆਂ ਤੋਂ ਡੇਰਾ ਚੁੱਕ ਕੇ ਜਦੋਂ ਉਸਨੇ ਇਕ ਹੁਜਰੇ ਵਿਚ ਆ ਪ੍ਰਵੇਸ਼ ਕੀਤਾ ਤਾਂ ਉਸ ਦੇ ਕੋਲ ਥੱਲੇ ਵਿਛਾਉਣ ਲਈ ਇਕ ਬੋਰੀ ਤੇ ਇਕ ਲੋਟਾ ਸੀ। ਉਹ ਚਾਹੁੰਦਾ ਤਾਂ ਕਿਹੜੀ ਚੀਜ਼ ਸੀ ਜੋ ਉਹ ਪ੍ਰਾਪਤ ਨਹੀਂ ਸੀ ਕਰ ਸਕਦਾ।
ਚੌਧਰੀ ਜ਼ਹੂਰ ਅਲੀ ਤਾਂ ਸੱਚੇ ਦਿਲੋਂ ਉਸਦੇ ਉਤੇ ਮਿਹਰਬਾਨ ਸਨ, ਉਸਦੇ ਕਦਰਦਾਨ ਸਨ, ਪਰ ਸਨ ਤਾਂ ਆਖਰ ਰਾਜ ਦੇ ਵਜ਼ੀਰ। ਉਸ ਤੋਂ ਵੀ ਉਸਤਾਦ ਜੀ ਨੇ ਕੋਈ ਲਾਭ ਉਠਾਉਣਾ ਮੁਨਾਸਬ ਨਾ ਸਮਝਿਆ। ਜਦ ਉਨ੍ਹਾਂ ਨੇ ਉਸਤਾਦ ਜੀ ਸਾਹਮਣੇ ਇਹ ਤਜਵੀਜ਼ ਰੱਖੀ ਕਿ ਹਕੂਮਤ ਦਾ ਖਿਆਲ ਏ ਕਿ ਤੁਸੀਂ ਹਿੰਦੋਸਤਾਨ ਜਾ ਕੇ ਪਾਕਿਸਤਾਨੀ ਸਫਾਰਤਖਾਨੇ ਵਲੋਂ ਕੰਮ ਕਰੋ ਤਾਂ ਜੋ ਦੋਵਾਂ ਮੁਲਕਾਂ ਵਿਚ ਸਾਂਝ ਲਈ ਕੋਈ ਬੁਨਿਆਦ ਕਾਇਮ ਹੋ ਸਕੇ ਤਾਂ ਇਸ ਅਲਬੇਲੇ ਸ਼ਾਇਰ ਨੇ ਜਵਾਬ ਵਿਚ ਆਖਿਆ ਸੀ ਕਿ ‘ਸਾਂਝ ਦੀ ਬੁਨਿਆਦ ਤਾਂ ਅਵਾਮ ਹੁੰਦੀ ਏ ਪਰ ਤੁਹਾਡੀ ਪਾਕਿਸਤਾਨੀ ਹਕੂਮਤ ਵਿਚ ਤਾਂ ਅਵਾਮ ਕੋਈ ਨਹੀਂ, ਖਾਸ ਈ ਖਾਸ ਏ।”
ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਵਜ਼ੀਰ ਸੁਹਰਾਵਰਦੀ ਤੇ ਵਜ਼ੀਰ ਆਜ਼ਮ ਨੂਨ ਆਪਣੀ-ਆਪਣੀ ਵਾਰੀ, ਚੱਲ ਕੇ ਦਾਮਨ ਸਾਹਿਬ ਨੂੰ ਨਿਵਾਜਣ ਲਈ ਹੁਜਰੇ ਵਿਚ ਗਏ ਸਨ, ਪਰ ਦਾਮਨ ਸਾਹਿਬ ਨੇ ਉਨ੍ਹਾਂ ਨੂੰ ਟਿਚਕਰ ਨਾਲ ਹੀ ਠਿਠ ਕਰ ਦਿੱਤਾ ਸੀ। ਸੁਹਰਾਵਰਦੀ ਨੂੰ ਆਖਿਆ ਸੀ ਕਿ ਦਸ-ਬਾਰਾਂ ਪੇਟੀਆਂ ਸ਼ਰਾਬ ਦੀਆਂ ਭੇਜ ਦਿਓ ਅਤੇ ਨੂਨ ਸਾਹਿਬ ਨੂੰ ਕਿਹਾ ਸੀ, ”ਲੋਕੀਂ ਆਖਦੇ ਨੇ ਕਿ ਵਜ਼ੀਫਾ ਲੈਣ ਵਾਲਾ ਮਰ ਜਾਂਦਾ ਏ ਜਾਂ ਵਜ਼ੀਫਾ ਦੇਣ ਵਾਲਾ। ਪਰ ਮੈਂ ਅਜੇ ਮਰਨਾ ਨਹੀਂ ਚਾਹੁੰਦਾ।”
ਦਾਮਨ ਸਾਹਿਬ ਸਥਾਪਤੀ ਦੇ ਵੈਰੀ ਸਨ। ਉਹ ਤਾਂ ਦੇਸ਼ ਦੀ ਸਮਾਜੀ-ਆਰਥਿਕ ਢਾਂਚੇ ਨੂੰ ਬੱਚੇ ਖਾਣੀ ਮਾਂ ਨਾਲ ਤਸ਼ਬੀਹ ਦਿਆ ਕਰਦੇ ਸਨ। ਉਹ ਇਸ ਦੇ ਵਿਰੁਧ ਲੜਦੇ ਰਹੇ ਤੇ ਇਸਦੇ ਕਾਰਨ ਦੁੱਖ ਤੇ ਕਸ਼ਟ ਭੋਗੇ। ਅਵਾਮੀ ਹਕੂਮਤ ਦੇ ਦੌਰਾਨ ਤਾਂ ਉਨ੍ਹਾਂ ਉਤੇ ਦੋ ਪਿਸਤੌਲ ਰੱਖਣ ਤੇ ਇਕ ਦਸਤੀ ਬੰਬ ਰੱਖਣ ਦਾ ਝੂਠਾ ਮੁਕੱਦਮਾ ਵੀ ਬਣਾਇਆ ਗਿਆ। ਉਸਤਾਦ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਦੇ ਹੁਜਰੇ ਦਾ ਬੂਹਾ ਨਾ ਹੁੰਦਾ ਤਾਂ ਅੰਦਰੋਂ ਟੈਂਕ ਨਿਕਲਣੇ ਸਨ, ਜੇ ਛੱਤ ਨਾ ਹੁੰਦੀ ਤਾਂ ਹੈਲੀਕਾਪਟਰ ਨਿਕਲਣੇ ਸਨ। ਉਨ੍ਹਾਂ ਨੇ ਦਰਅਸਲ ਆਪਣੀ ਨਜ਼ਮ ”ਇਹ ਕੀ ਕਰੀ ਜਾਨਾ ਏਂ।” ਵਿਚ ਸਰਕਾਰ ‘ਤੇ ਭਰਪੂਰ ਵਾਰ ਕੀਤਾ ਸੀ। ਪਹਿਲਾਂ ਮਰੀ ਵਿਖੇ ਜਲਸੇ ਵਿਚ ਪੜ੍ਹੀ ਤੇ ਫੇਰ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿਚ। ਨਜ਼ਮ ਬਹੁਤ ਹੀ ਲੋਕਪ੍ਰਿਯ ਹੋਈ ਤੇ ਹਕੂਮਤ ਨੇ ਉਸਤਾਦ ਦਾਮਨ ‘ਤੇ ਬਗਾਵਤ ਦਾ ਮੁਕੱਦਮਾ ਬਣਾਉਣ ਲਈ ਨਜਾਇਜ਼ ਅਸਲਾ ਰੱਖਣ ਦੇ ਜੁਰਮ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।
ਅਵਾਮੀ ਹਕੂਮਤ ਪਿੱਛੋਂ ਅਯੂਬ ਖਾਂ ਦੀ ਫੌਜੀ ਹਕੂਮਤ ਕਾਇਮ ਹੋਈ ਤਾਂ ਉਹਨੂੰ ਲਲਕਾਰਨ ਦਾ ਹੌਂਸਲਾ ਵੀ ਦਾਮਨ ਨੇ ਕੀਤਾ-
ਏਸ ਮੁਲਕ ਦੀਆਂ ਮੌਜਾਂ ਈ ਮੌਜਾਂ
ਜਿੱਧਰ ਵੇਖੋ ਫੌਜਾਂ ਈ ਫੌਜਾਂ
ਏਸ ਮੁਲਕ ਦੇ ਦੋ ਖੁਦਾ
ਮਾਰਸ਼ਲ ਲਾਅ ਤੇ ਲਾ ਅੱਲਾਹ।
ਆਪਣੇ ਮਾਪਿਆਂ ਅਤੇ ਬਚਪਨ ਬਾਰੇ ਉਸਤਾਦ ਦਾਮਨ ਦੱਸਦੇ ਹਨ;
”ਅਸੀਂ ਦਰਜ਼ੀ ਹੁੰਦੇ ਆਂ ਤੇ ਮੇਰੀ ਮਾਂ ਧੋਬਣ ਸੀ। ਮੇਰਾ ਪਿਓ ਸਿੱਧਾ-ਸਾਦਾ ਤੇ ਸਾਊ ਢੱਗੇ ਵਾਂਗਰ ਹੁੰਦਾ ਸੀ। ਬਿਲਕੁਲ ਹੀ ਸਿਰ ਨਾ ਚੁੱਕਣ ਵਾਲਾ। ਮੇਰਾ ਦਾਦਾ ਚਲਾਕ ਤੇ ਜ਼ਾਲਮ ਸੀ। ਜਿਵੇਂ ਹਰ ਬਰਾਦਰੀ ਵਿਚ ਇਕ ਚੌਧਰੀ ਹੁੰਦਾ ਹੈ, ਮੇਰਾ ਦਾਦਾ ਵੀ ਆਪਣੀ ਬਰਾਦਰੀ ਵਿਚ ਚੌਧਰੀ ਕਿਸਮ ਦਾ ਬੰਦਾ ਸੀ। ਪੈਸੇ ਵਾਲਾ ਸੀ। ਖੋਹਮਾਰ ਵੀ ਕਰ ਲਿਆ ਕਰਦਾ ਸੀ, ਸੱਜੇ-ਖੱਬੇ ਦਾਓ ਵੀ ਲਾ ਲਿਆ ਕਰਦਾ ਸੀ। ਦਾਦਾ ਜ਼ਾਲਮ ਤੇ ਮੂੰਹ ਜ਼ੋਰ ਅਤੇ ਪਿਓ ਸਿੱਧਾ-ਸਾਦਾ ਤੇ ਸਾਊ, ਇਸੇ ਕਰਕੇ ਮੇਰੇ ਪਿਓ ਨੂੰ ਬਰਾਦਰੀ ਵਿਚੋਂ ਕੋਈ ਰਿਸ਼ਤਾ ਦੇਣ ਨੂੰ ਤਿਆਰ ਨਾ ਹੋਇਆ। ਮੇਰੀ ਮਾਂ ਗਰੀਬ ਤੇ ਸ਼ਰੀਫ ਧੋਬੀ ਦੀ ਧੀ ਸੀ। ਬਹੁਤ ਹੀ ਗਰੀਬ ਸੀ ਮੇਰਾ ਨਾਨਕਾ ਝੁੱਗਾ। ਮੇਰੇ ਦਾਦੇ ਨੇ ਉਸ ਗਰੀਬ ਧੋਬੀ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਮੇਰੀ ਮਾਂ ਨੂੰ ਮੇਰੇ ਪਿਓ ਨਾਲ ਵਿਆਹ ਦਿੱਤਾ, ਭਾਵੇਂ ਪੈਸੇ ਦਾ ਸੌਦਾ ਸੀ ਪਰ ਮੇਰੀ ਮਾਂ ਨੇ ਨੇਕ ਧੀਆਂ ਵਾਂਗਰ ਕਬੂਲ ਕਰ ਲਿਆ ਤੇ ਮੇਰੇ ਪਿਓ ਨੂੰ ਆਪਣਾ ਮਜਾਜ਼ੀ ਖੁਦਾ ਮਿੱਥ ਕੇ ਸੇਵਾ ਕਰਦੀ ਰਹੀ। ਪਿਓ ਰੇਲਵੇ ਵਿਚ ਦਰਜੀ ਦਾ ਕੰਮ ਕਰਦਾ ਸੀ, ਖੌਰੇ ਠੇਕੇ ‘ਤੇ ਕੰਮ ਲਿਆ ਹੋਇਆ ਸੀ।
ਮੇਰੀ ਮਾਂ ਗੋਰੀ-ਚਿੱਟੀ, ਖੂਬਸੂਰਤ ਤੇ ਸਿਹਤਮੰਦ ਸੀ। ਮੇਰਾ ਦਾਦਾ ਜਿਹੜਾ ਪੈਸੇ ਦੇ ਜ਼ੋਰ ਨਾਲ ਮੇਰੀ ਮਾਂ ਨੂੰ ਵਿਆਹ ਕੇ ਲਿਆਇਆ ਸੀ, ਸ਼ੁਰੂ ਤੋਂ ਹੀ ਮੇਰੀ ਮਾਂ ਨੂੰ ਮੈਲੀ ਨਜ਼ਰ ਨਾਲ ਵੇਖਣ ਲੱਗ ਪਿਆ। ਮੇਰੀ ਦਾਦੀ ਪਤਾ ਨਹੀਂ ਕਦੋਂ ਦੀ ਮਰ ਗਈ ਹੋਈ ਸੀ। ਮੇਰਾ ਪਿਓ ਤਾਂ ਭਲਾਮਾਣਸ ਤੇ ਆਪਣੇ ਪਿਓ ਕੋਲੋਂ ਡਰਨ ਵਾਲਾ ਬੰਦਾ ਸੀ, ਪਰ ਮੇਰੀ ਮਾਂ ਅਣਖੀ ਤੇ ਬਹਾਦਰ ਔਰਤ ਸੀ। ਉਸ ਮੇਰੇ ਦਾਦੇ ਦੀ ਕੋਈ ਗੱਲ ਨਹੀਂ ਮੰਨੀ, ਇਸ ਕਾਰਨ ਖਿੱਝ ਖਾ ਕੇ ਦਾਦਾ ਮੇਰੇ ਪਿਓ ਨੂੰ ਬਹਾਨੇ-ਬਹਾਨੇ ਨਾਲ ਜਾਂ ਵੇਲੇ-ਕੁਵੇਲੇ ਮਾਰਦਾ ਤੇ ਬੇਇੱਜ਼ਤ ਕਰਦਾ ਰਹਿੰਦਾ ਸੀ। ਬਾਅਦ ਵਿਚ ਮੇਰੇ ਨਾਲ ਵੀ ਦਾਦੇ ਦਾ ਨਫਰਤ ਵਾਲਾ ਸਲੂਕ ਹੀ ਸੀ। ਉਹ ਮੈਨੂੰ ਵੀ ਬੇਰਹਿਮੀ ਤੇ ਨਫਰਤ ਨਾਲ ਕੁੱਟਦਾ ਹੁੰਦਾ ਸੀ। ਇਕ ਵਾਰੀ ਮੇਰੀ ਭੂਆ ਆਈ ਹੋਈ ਸੀ। ਉਸ ਦੇ ਨਾਲ ਉਸਦਾ ਪੁੱਤਰ ਵੀ ਸੀ। ਉਦੋਂ ਉਹ ਸੱਤਵੀਂ ਵਿਚ ਪੜ੍ਹਦਾ ਸੀ ਤੇ ਮੈਂ ਉਸ ਤੋਂ ਲੈ ਕੇ ਉਸਦੀ ਕਿਤਾਬ ਵੇਖ ਰਿਹਾ ਸਾਂ। ਇੰਨੇ ਚਿਰ ਨੂੰ ਦਾਦਾ ਆ ਗਿਆ, ਉਸਨੇ ਮੇਰੇ ਹੱਥੋਂ ਕਿਤਾਬ ਖੋਹ ਲਈ ਤੇ ਇਕ ਚੰਡ ਮਾਰ ਕੇ ਕਿਹਾ, ‘ਤੇਰੇ ਵਰਗੇ ਇਕ ਗਸ਼ਤੀ ਦੇ ਪੁੱਤਰ ਨੂੰ ਇਲਮ ਦੀ ਕੀ ਲੋੜ ਏ।’
ਦਾਦਾ ਮੇਰੇ ਪਿਓ ਕੋਲੋਂ ਦਾਬੇ ਨਾਲ ਸਾਰੀ ਦੀ ਸਾਰੀ ਮਜ਼ਦੂਰੀ ਦੀ ਰਕਮ ਖੋਹ ਲਿਆ ਕਰਦਾ ਸੀ ਤੇ ਸਾਨੂੰ ਕਈ ਵਾਰ ਫਾਕੇ ਕੱਟਣੇ ਪੈਂਦੇ । ਦਾਦਾ ਦਿਨੋ-ਦਿਨ ਵਧੇਰੇ ਕਮੀਨਾ ਤੇ ਕੌੜਾ ਹੁੰਦਾ ਜਾ ਰਿਹਾ ਸੀ। ਉਸ ਦੀ ਕਮੀਨਗੀ ਤੋਂ ਤੰਗ ਆ ਕੇ ਸਾਡੀ ਮਾਂ, ਸਾਨੂੰ ਆਪਣੀ ਭੈਣ ਕੋਲ ਬਾਗਬਾਨਪੁਰੇ ਲੈ ਆਈ। ਪਿਓ ਨੂੰ ਰੇਲਵੇ ਦੇ ਮਹਿਕਮੇ ਵਿਚੋਂ ਜਵਾਬ ਮਿਲ ਗਿਆ ਸੀ। ਮੇਰੀ ਮਾਂ ਬਾਗਬਾਨਪੁਰੇ ਵਿਚ ਇਕ ਚੌਧਰੀ ਦੇ ਘਰ ਨੌਕਰਾਣੀ ਰਹਿ ਪਈ। ਉਹ ਭਾਂਡੇ ਮਾਂਜਦੀ, ਕੱਪੜੇ ਧੋਂਦੀ ਤੇ ਹਾਂਡੀ-ਰੋਟੀ ਵੀ ਕਰਦੀ ਸੀ। ਮੈਂ ਵੀ ਮਾਂ ਦੇ ਨਾਲ ਹੱਥ ਵਟਾਉਂਦਾ ਸਾਂ। ਚੌਧਰੀ ਚੰਗਾ ਖਾਂਦੇ ਸਨ, ਚੰਗਾ ਪੱਕਦਾ ਸੀ। ਚੰਗੀ ਹਾਂਡੀ ਪਕਾਉਣੀ ਮੇਰੀ ਮਾਂ ਨੇ ਉਥੇ ਚੌਧਰੀਆਂ ਦੇ ਘਰ ਵਿਚ ਹੀ ਸਿੱਖੀ ਸੀ ਤੇ ਮੈਂ ਆਪਣੀ ਮਾਂ ਕੋਲੋਂ ਸਿੱਖ ਲਈ ਸੀ।
ਬੜੇ ਹੀ ਬੁਰੇ ਦਿਨ ਸਨ ਉਹ। ਘਰ ਵਿਚ ਫਾਕੇ ਤੇ ਪਿਓ ਸ਼ਰਾਬ ਪੀਣ ਲੱਗ ਪਿਆ ਸੀ। ਉਹ ਤਾਂ ਮੈਨੂੰ ਵੀ ਘੁੱਟ ਲਵਾਂਦਾ ਤੇ ਆਖਦਾ ਫੜ ਪੀ ਘੁੱਟ ਤੇ ਸ਼ੇਰ ਹੋ ਜਾ। ਚੌਧਰੀਆਂ ਦੇ ਘਰੋਂ ਮਾਂ ਜੂਠ ਇਕੱਠੀ ਕਰਕੇ ਲੈ ਆਉਂਦੀ ਸੀ। ਕਦੇ-ਕਦੇ ਰੋਟੀ ਵੀ ਚੋਰੀ ਕਰ ਲਿਆ ਕਰਦੀ ਸੀ। ਕੁਝ ਕੁਝ ਮਾਸੀ ਵੀ ਮਦਦ ਕਰ ਦਿੰਦੀ ਸੀ। ਮੇਰੀ ਮਾਂ ਦੇ ਜ਼ੋਰ ‘ਤੇ ਪਿਓ ਇਕ ਦੁਕਾਨ ‘ਤੇ ਬਹਿ ਕੇ ਦਰਜੀ ਦਾ ਕੰਮ ਕਰਨ ਲੱਗ ਪਿਆ ਸੀ। ਜਦ ਕੰਮ ਜ਼ਿਆਦਾ ਹੁੰਦਾ, ਮੈਨੂੰ ਵੀ ਆਪਣੇ ਨਾਲ ਕੰਮ ਉਤੇ ਲਾ ਲੈਂਦਾ। ਛੁੱਟੀ ਕਾਰਨ ਮੈਥੋਂ ਸਕੂਲ ਛੁੱਟ ਜਾਇਆ ਕਰਦਾ। ਜਦ ਕੰਮ ਦਾ ਜ਼ੋਰ ਮੁਕ ਜਾਂਦਾ ਜਾਂ ਕੰਮ ਘੱਟ ਹੁੰਦਾ ਤਾਂ ਮੈਨੂੰ ਅਗਲੇ ਸਕੂਲ ਦਾਖਲ ਕਰਵਾ ਦਿੱਤਾ ਜਾਂਦਾ। ਉਦੋਂ ਸਕੂਲਾਂ ਵਿਚ ਤਸ਼ੱਦਦ ਬਹੁਤ ਹੁੰਦਾ ਸੀ। ਸਾਡੀ ਸਾਰੀ ਹਯਾਤੀ ਵਿਚ ਤਸ਼ੱਦਦ ਈ ਤਸ਼ੱਦਦ ਏ। ਬਾਲਪੁਣੇ ਤੋਂ ਲੈ ਕੇ ਮਰਨ ਤੀਕਰ ਕੁੱਟ ਈ ਪੈਂਦੀ ਰਹਿੰਦੀ ਏ। ਜ਼ਿਹਨੀ ਤਸ਼ੱਦਦ ਵੱਖ ਹੁੰਦਾ ਏ। ਫੇਰ ਵੱਡੇ ਹੋ ਕੇ ਅਸੀਂ ਇਹੋ ਤਸ਼ੱਦਦ ਅੱਗੇ ਵੰਡਦੇ ਹਾਂ।
ਮਾਸਟਰ ਵਹਾਬ ਦੀ ਦੁਕਾਨ ‘ਤੇ ਮੈਂ ਟੇਲਰਿੰਗ ਦਾ ਕੰਮ ਸਿੱਖਦਾ ਸਾਂ, ਉਥੇ ਸਿਆਸੀ ਲੋਕ ਆ ਕੇ ਬੈਠਿਆ ਕਰਦੇ ਸਨ। ਮਾਸਟਰ ਵਹਾਬ ਖੁਦ ਵੀ ਦਹਿਰੀਏ (ਨਾਸਤਕ) ਤੇ ਸੈਕੂਲਰ ਖਿਆਲਾਂ ਦੇ ਸਨ। ਸਿਆਸੀ ਤੇ ਮਜ਼ਹਬੀ ਬਹਿਸਾਂ ਵਿਚ ਹਿੱਸਾ ਲੈਂਦੇ ਸਨ। ਉਥੇ ਹੁੰਦੀ ਬਹਿਸ ਸੁਣਸੁਣ ਕੇ ਮੈਂ ਵੀ ਜੋੜ ਜੋੜਨ ਲੱਗ ਪਿਆ ਸਾਂ। ਮੇਰੇ ਜੋੜ ਮੀਆਂ ਮੀਰ ਇਫਤਾਰਖਾਰਦੀਨ ਨੇ ਸੁਣ ਲਏ। ਉਹ ਉਸ ਵੇਲੇ ਕਾਂਗਰਸ ਦੇ ਸਦਰ ਸਨ। ਮਾਸਟਰ ਵਹਾਬ ਕੋਲੋਂ ਆਪਣੇ ਕੱਪੜੇ ਸਵਾਇਆ ਕਰਦੇ ਸਨ। ਪੂਰੇ ਹਿੰਦੋਸਤਾਨ ਵਿਚ ਆਜ਼ਾਦੀ ਦੀਆਂ ਤਹਿਰੀਕਾਂ ਚੱਲ ਰਹੀਆਂ ਸਨ। ਅੰਗਰੇਜ਼ ਦੇ ਖਿਲਾਫ ਨਫਰਤ ਵਧਦੀ ਜਾ ਰਹੀ ਸੀ। ਮੀਆਂ ਇਫਤਾਰਖਾਰਦੀਨ ਮੈਨੂੰ ਕਾਂਗਰਸ ਦੇ ਜਲਸੇ ਵਿਚ ਲੈ ਗਿਆ। ਮੈਂ ਮੰਚ ‘ਤੇ ਖਲ੍ਹੋ ਕੇ ਨਜ਼ਮ ਪੜ੍ਹੀ। ਲੋਕਾਂ ਬਹੁਤ ਪਸੰਦ ਕੀਤੀ। ਪੰਡਤ ਜਵਾਹਰ ਲਾਲ ਨਹਿਰੂ ਉਥੇ ਮੌਜੂਦ ਸਨ, ਉਹ ਮੇਰੇ ‘ਤੇ ਬਹੁਤ ਮਿਹਰਬਾਨ ਹੋਏ। ਮੀਆਂ ਇਫਤਾਰਖਾਰਦੀਨ ਜਦ ਮੈਨੂੰ ਦਸਾਂ ਦਾ ਨੋਟ ਇਨਾਮ ਵਜੋਂ ਦਿੱਤਾ ਤਾਂ ਇਹ ਮੇਰੇ ਲਈ ਬਹੁਤ ਵੱਡੀ ਰਕਮ ਸੀ। ਮੈਂ ਅਜੇ ਦਸਾਂ ਦਾ ਨੋਟ ਹੱਥਾਂ ਵਿਚ ਲੈ ਕੇ ਵੇਖ ਹੀ ਰਿਹਾ ਸਾਂ ਕਿ ਪੰਡਤ ਜੀ ਨੇ ਕਿਹਾ ਕਿ ਇਸ ਮੁੰਡੇ ਨੂੰ ਇਕ ਸੌ ਦਾ ਨੋਟ ਮੇਰੇ ਵਲੋਂ ਦੇ ਦੇਵੋ। ਇਸ ਮੁੰਡੇ ਨੂੰ ਆਪਣੇ ਨਾਲ ਰੱਖੋ।
ਮੇਰੇ ਲਈ ਤਾਂ ਦਸ ਰੁਪਏ ਹੀ ਬਹੁਤ ਜ਼ਿਆਦਾ ਸਨ ਮੇਰੀ ਹੈਸੀਅਤ ਨਾਲੋਂ, ‘ਤੇ ਸੌ ਦਾ ਨੋਟ ਮਿਲਣ ਨਾਲ ਮੇਰੀ ਕਾਇਆ ਹੀ ਪਲਟ ਗਈ। ਮੈਂ ਫਿਰ ਦੁਕਾਨ ‘ਤੇ ਈ ਨਹੀਂ ਗਿਆ। ਕਾਂਗਰਸ ਦੇ ਜਲਸਿਆਂ ਵਿਚ ਨਜ਼ਮਾਂ ਪੜ੍ਹਨ ਲੱਗ ਗਿਆ, ਆਜ਼ਾਦੀ ਦੇ ਗੀਤ ਗਾਉਣ ਲੱਗ ਗਿਆ। ਆਪਣੇ ਲਈ ਨਹੀਂ, ਆਪਣੇ ਵਰਗੇ ਸਾਰੇ ਲੋਕਾਂ ਲਈ। ਜਲਸਾ ਪੜ੍ਹਨ ਕਾਰਨ ਪੈਸੇ ਵੀ ਮਿਲਦੇ ਸਨ ਤੇ ਦਾਦ ਵੀ ਢੇਰ ਲੱਭਦੀ ਸੀ। ਸ਼ਾਇਰੀ ਦੀ ਨੋਕ ਪਲਕ ਸੰਵਾਰਨ ਲਈ ਮੈਂ ਉਸਤਾਦ ਹਮਦਮ ਹੋਰਾਂ ਦੇ ਪੈਰ ਜਾ ਫੜੇ।”
ਉਸਤਾਦ ਦਾਮਨ ਦੀ ਲੋਕ-ਪ੍ਰਿਯਤਾ ਨੇ ਸਿਖਰ ਛੋਹ ਲਈ। ਲੋਕ ਉਨ੍ਹਾਂ ਨੂੰ ‘ਸਟੇਜਾਂ ਦਾ ਸਿਕੰਦਰ’ ਆਖਦੇ ਸਨ। ਪੰਡਤ ਨਹਿਰੂ ਜੀ ਦਾ ਤਾਂ ਉਹ ਚਹੇਤਾ ਸ਼ਾਇਰ ਸੀ। ਇਥੇ ਇਹ ਵੀ ਦੱਸ ਦੇਈਏ ਕਿ 1947 ਤੋਂ ਮਗਰੋਂ ਦਾਮਨ ਇਕ ਵਾਰ ਭਾਰਤ ਫੇਰੀ ‘ਤੇ ਆਏ ਤਾਂ ਪੰਡਤ ਜੀ ਨੇ ਉਨ੍ਹਾਂ ਨੂੰ ਪ੍ਰੇਰਿਆ ਕਿ ਦਾਮਨ ਸਾਹਿਬ ਪਾਕਿਸਤਾਨ ਦੀ ਫਿਜ਼ਾ ਤੁਹਾਡੇ ਰਾਸ ਨਹੀਂ ਆਉਣੀ। ਉਥੋਂ ਦਾ ਮਾਹੌਲ ਕੱਟੜਪੰਥੀ ਕਿਸਮ ਦਾ ਹੈ, ਤੁਸੀਂ ਸੈਕੂਲਰ ਬੰਦੇ ਹੋ, ਹਿੰਦੋਸਤਾਨ ਹੀ ਤੁਹਾਨੂੰ ਰਾਸ ਆ ਸਕਦਾ ਹੈ ਪਰ ਦਾਮਨ ਹੁਰਾਂ ਇਹ ਗੱਲ ਨਾ ਮੰਨੀ। ਉਹ ਆਪਣੀ ਜੰਮਣ ਭੋਇੰ, ਲਾਹੌਰ ਨੂੰ ਇੰਨਾ ਪਿਆਰਦੇ ਸਨ ਕਿ ਉਹਦੇ ਨਾਲੋਂ ਨਿੱਖੜ ਹੀ ਨਹੀਂ ਸਨ ਸਕਦੇ, ਭਾਵੇਂ ਉਹ ਜਾਣਦੇ ਸਨ ਕਿ ਪਾਕਿਸਤਾਨ ਵਿਚ ਉਨ੍ਹਾਂ ਦਾ ਕੋਈ ਮੁੱਲ ਨਹੀਂ ਤੇ ਉਨ੍ਹਾਂ ਨੂੰ ਕਦਮ-ਕਦਮ ਤੇ ਤਕਲੀਫਾਂ ਤੇ ਕਸ਼ਟਾਂ ਦਾ ਮੂੰਹ ਵੇਖਣਾ ਪਵੇਗਾ। ਕਾਂਗਰਸੀ ਸ਼ਾਇਰ ਦੀ ਕਦਰ ਭਲਾ ਉਥੋਂ ਦਾ ਕੱਟੜ ਮਜ਼ਹਬੀ ਸਮਾਜ ਕਿਵੇਂ ਕਰ ਸਕਦਾ ਸੀ?
ਸੋ ਉਸਤਾਦ ਦਾਮਨ ਨਾਲ ਇਕ ਹੋਰ ਮਕਬੂਲ ਸ਼ਾਇਰ ਤੇ ਦਾਮਨ ਦੇ ਗੁਰਭਾਈ ਫੀਰੋਜ਼ ਆਦਿ ਸ਼ਾਇਰਾਂ ਨੇ ਪੁਰਾਣੀਆਂ ਕੌੜਾਂ ਕੱਢੀਆਂ। ਮਾਲੀ ਹਾਲਤ ਬਹੁਤ ਹੀ ਵਿਗੜ ਗਈ। ਰੋਜ਼ੀ ਰੋਟੀ ਦਾ ਆਸਰਾ ਖੁੱਸ ਗਿਆ। ਜਿਨ੍ਹਾਂ ਸੁਤੰਤਰਤਾ ਪ੍ਰੇਮੀ ਸ਼ਾਇਰਾਂ ਦੇ ਬੋਝੇ ਰੁਪਈਆਂ ਨਾਲ ਭਰੇ ਰਹਿੰਦੇ ਸਨ, ਉਨ੍ਹਾਂ ਨੂੰ ਹੁਣ ਫਾਕੇ ਕੱਟਣ ‘ਤੇ ਮਜ਼ਬੂਰ ਹੋਣਾ ਪਿਆ। ਪਾਠਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਉਸਤਾਦ ਦਾਮਨ ਤੇ ‘ਸ਼ਰਫ’ ਵਰਗੇ ਸ਼ਾਇਰ ਸਿੱਖਾਂ ਦੀਆਂ ਧਾਰਮਿਕ ਸਭਾਵਾਂ ਵਿਚ ਆਮ ਬੁਲਾਏ ਜਾਂਦੇ ਸਨ ਅਤੇ ਬਹੁਤ ਸਲਾਹੇ ਜਾਂਦੇ ਸਨ। ਦਾਮਨ ਸਾਹਿਬ ਦਾ ਕਹਿਣਾ ਹੈ ਕਿ ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ ‘ਤੇ ਸਿੱਖ ਮਰਦ, ਔਰਤਾਂ ਬਹੁਤ ਪੈਸੇ ਦਿੰਦੇ ਸਨ। ਸ਼ਾਇਰ ਨੂੰ ਬਹੁਤ ਕੁਝ ਲੱਭ ਜਾਂਦਾ ਸੀ। ਸਿੱਖ ਔਰਤਾਂ ਛੱਤਾਂ ਉਤੋਂ ਥੈਲੀਆਂ ਲਟਕਾ ਦਿਆ ਕਰਦੀਆਂ ਸਨ। ਇਨ੍ਹਾਂ ਥੈਲੀਆਂ ਵਿਚ ਪੈਸੇ ਹੁੰਦੇ ਸਨ। ਕੋਈ-ਕੋਈ ਔਰਤ ਅਕੀਦਤ ਨਾਲ ਟੂਮ ਛੱਲਾ ਵੀ ਥੈਲੀ ਵਿਚ ਘੱਲ ਦਿੰਦੀ ਸੀ। ਉਹ ਲੋਕ ਦਾਨ ਬਹੁਤ ਕਰਦੇ ਸਨ।
ਤੇ ਹੁਣ ਹਾਲਤ ਉਲਟੀ ਹੋ ਗਈ ਸੀ। ਇਨ੍ਹਾਂ ਦੇ ਰਿਜ਼ਕ ਦੇ ਦਰਵਾਜ਼ੇ ਬੰਦ ਹੋ ਗਏ। ਦਾਮਨ ਸਾਹਿਬ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ। ਉਨ੍ਹਾਂ ਨੂੰ ਗੱਦਾਰ ਗਰਦਾਨਿਆ ਗਿਆ ਅਤੇ ਉਨ੍ਹਾਂ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਦੁਕਾਨ ਵਿਚ ਕਿਤਾਬਾਂ ਦੇ ਨਾਲ ਹੀ ਉਸਤਾਦ ਜੀ ਦਾ ਕਲਾਮ ਤੇ ਇਸ ਦੇ ਨਾਲ ਹੀ ਹੀਰ-ਰਾਂਝੇ ਦਾ ਉਹ ਮਸੌਂਦਾ ਵੀ ਸੜ ਗਿਆ, ਜੋ ਉਹ ਕੁਝ ਸੱਜਣਾਂ ਦੇ ਕਹਿਣ ‘ਤੇ ਲਿਖ ਰਹੇ ਸਨ। ਦਾਮਨ ਸਾਹਿਬ ਦੇ ਬਹੁਤ ਸਾਰੇ ਕਲਾਮ ਦੇ ਨਾਲ ਉਹ ਕਲਾਮ ਵੀ ਸੜ ਕੇ ਸੁਆਹ ਹੋ ਗਿਆ, ਜੋ ਉਹ ਸਿੱਖਾਂ ਦੇ ਧਾਰਮਿਕ ਸਮਾਗਮਾਂ ‘ਤੇ ਪੜ੍ਹਿਆ ਕਰਦੇ ਸਨ।
ਦਾਮਨ ਸਾਹਬ ਨੇ ਆਪਣੀ ਜਾਨ ਖਤਰੇ ਵਿਚ ਪਈ ਵੇਖੀ ਤੇ ਉਹ ਕਰਾਚੀ ਚਲੇ ਗਏ। ਪੰਜਾਬ ਦੇ ਇਸ ਉਘੇ ਸ਼ਾਇਰ ਨੇ ਕਰਾਚੀ ਦੇ ਫੁੱਟਪਾਥਾਂ ‘ਤੇ ਕੁਝ ਦਿਨ ਬੂਟ ਪਾਲਿਸ਼ ਵੀ ਕੀਤੇ। ਇੱਥੋਂ ਹੀ ਉਨ੍ਹਾਂ ਨੂੰ ਫਿਲਮਸਾਜ਼ ਨਕਸ਼ਬ ਆਪਣੇ ਨਾਲ ਲੈ ਗਿਆ, ਜਿਹੜਾ ਉਦੋਂ ਫਿਲਮ ‘ਮੈਖਾਨਾ’ ਬਣਾਉਣ ਦੇ ਸਿਲਸਿਲੇ ਵਿਚ ਤਿਆਰੀਆਂ ਕਰ ਰਿਹਾ ਸੀ ਤੇ ਇਸ ਕੰਮ ਵਿਚ ਉਸ ਨੇ ਦਾਮਨ ਸਾਹਿਬ ਨੂੰ ਆਪਣੀ ਸੱਜੀ ਬਾਂਹ ਬਣਾ ਲਿਆ। ਦਾਮਨ ਸਾਹਿਬ ਨੇ ਉਸਦੀ ਮੁਲਾਜ਼ਮਤ ਕਰ ਲਈ ਤੇ ਰੁਜ਼ਗਾਰ ਦਾ ਮਸਲਾ ਹੱਲ ਹੋ ਗਿਆ, ਪਰ ਉਹ ਨਕਸ਼ਬ ਦੀ ਬਦਤਮੀਜ਼ੀ ਤੇ ਬਦਜ਼ੁਬਾਨੀ ਨੂੰ ਬਰਦਾਸ਼ਤ ਨਾ ਕਰ ਸਕੇ। ਇਕ ਦਿਨ ਨਕਸ਼ਬ ਦੇ ਦਫਤਰ ਵਿਚ, ਜਿੱਥੇ ਕਈ ਪੰਜਾਬੀ ਵੀ ਬੈਠੇ ਹੋਏ ਸਨ, ਪੰਜਾਬ ਤੇ ਪੰਜਾਬੀ ਦੀ ਗੱਲ ਟੁਰ ਪਈ। ਨਕਸ਼ਬ ਕਹਿਣ ਲੱਗਾ, ”ਯਹਾਂ ਕਿਸੀ ਪੰਜਾਬੀ ਕੇ ਬਾਪ ਕਾ ਹੀ ਪਤਾ ਨਹੀਂ ਚਲਤਾ, ਬਲਕਿ ਮੁਝੇ ਤੋ ਕਿਸੀ ਕਾ ਬਾਪ ਨਜ਼ਰ ਹੀ ਨਹੀਂ ਆਤਾ।” ਦਾਮਨ ਸਾਹਿਬ ਇਹ ਬਦਜ਼ੁਬਾਨੀ ਜਰ ਨਾ ਸਕੇ। ਕੁਰਸੀ ਤੋਂ ਉਠੇ, ਫਾਈਲ ਨਕਸ਼ਬ ਦੇ ਮੂੰਹ ‘ਤੇ ਮਾਰੀ ਅਤੇ ਇਹ ਆਖਦਿਆਂ ਬਾਹਰ ਨਿਕਲ ਗਏ, ”ਕਿਸੇ ਭਈਏ ਦਾ ਪਿਓ ਹੋਵੇ ਨਾ ਹੋਵੇ, ਪਰ ਮੇਰਾ ਪਿਓ ਹੈ। ਲਾਹੌਰ ਦੀ ਮਿਊਂਸੀਪਲ ਕਮੇਟੀ ਦੇ ਦਫਤਰ ਵਿਚ ਮੇਰੇ ਤੇ ਮੇਰੇ ਪਿਓ ਦਾ ਨਾਂ ਦਰਜ ਏ।”
ਕਰਾਚੀ ਤੋਂ ਲਾਹੌਰ ਪਰਤ ਆਏ। ਮੁੜ ਫਾਕਾ ਮਸਤੀ ਦਾ ਦੌਰ ਸ਼ੁਰੂ ਹੋ ਗਿਆ। ਦਾਮਨ ਨੇ ਬਾਦਸ਼ਾਹੀ ਮਸਜਦ ਦੀਆਂ ਪੌੜੀਆਂ ਵਿਚ ਆਣ ਡੇਰਾ ਲਾਇਆ। ਪੈਸਾ ਧੇਲਾ ਪੱਲੇ ਕੋਈ ਨਹੀਂ ਸੀ। ਕੁਝ ਜਾਣ-ਪਹਿਚਾਣ ਵਾਲੇ ਲੋਕ ਆ ਜਾਂਦੇ, ਗੱਲਾਂ ਚਲਦੀਆਂ, ਇਲਮੇ ਅਦਬ ਦੀਆਂ ਗੱਲਾਂ ਵੀ ਹੁੰਦੀਆਂ। ਸਵੇਰੇ ਉਠਦੇ, ਮੂੰਹ ਹੱਥ ਧੋ ਕੇ ਨੇੜੇ ਦੇ ਇਕ ਹੋਟਲ ਤੋਂ ਨਾਸ਼ਤਾ ਕਰਦੇ ਤੇ ਪੈਸੇ ਦਿੱਤੇ ਬਿਨਾਂ ਉੱਠ ਆਉਂਦੇ। ਹੋਟਲ ਦੇ ਨੌਕਰ ਪੈਸੇ ਲਈ ਨਾ ਕਹਿੰਦੇ ਕਿਉਂ ਜੋ ਉਨ੍ਹਾਂ ਦੇ ਖਿਆਲ ਵਿਚ ਉਸਤਾਦ ਕੋਈ ਪਹਿਲਵਾਨ ਸੀ ਤੇ ਉਨ੍ਹਾਂ ਦਿਨਾਂ ਵਿਚ ਪਹਿਲਵਾਨਾਂ ਦਾ ਬਹੁਤ ਰੋਹਬ ਹੁੰਦਾ ਸੀ। ਨੌਕਰਾਂ ਆਪਣੇ ਮਾਲਕ, ਮੁਹੰਮਦ ਰਫੀ ਨੂੰ ਦੱਸਿਆ ਤੇ ਉਹ ਇਕ ਦਿਨ ਉਸਤਾਦ ਜੀ ਦੇ ਮਗਰ-ਮਗਰ ਸ਼ਾਹੀ ਮਸਜਦ ਦੀਆਂ ਪੌੜੀਆਂ ਤੱਕ ਪਹੁੰਚ ਗਿਆ ਤੇ ਪੈਸੇ ਅਦਾ ਨਾ ਕਰਨ ਦੇ ਕਾਰਨ ਬਾਰੇ ਪੁੱਛਿਆ ਤਾਂ ਉਸਤਾਦ ਜੀ ਨੇ ਸਾਫਸਾਫ ਆਖ ਦਿੱਤਾ ਕਿ ਮੇਰੇ ਪਾਸ ਕੋਈ ਪੈਸੇ ਹਨ ਹੀ ਨਹੀਂ, ਜਦੋਂ ਹੱਥ ਆਏ ਤਾਂ ਸਾਰੇ ਇਕੱਠੇ ਹੀ ਦੇ ਦਿਆਂਗਾ।
ਗੱਲਾਂ ਦੇ ਦੌਰਾਨ ਮੁਹੰਮਦ ਰਫੀ ਨੂੰ ਜਦ ਮਾਲੂਮ ਹੋਇਆ ਕਿ ਇਹ ਬੰਦਾ ਤਾਂ ਉਸਤਾਦ ਦਾਮਨ ਏ ਤਾਂ ਉਹਨੇ ਬੜੇ ਇਹਤਰਾਮ ਨਾਲ ਕਿਹਾ, ”ਉਸਤਾਦ ਜੀ, ਨਾਸ਼ਤਾ ਹੀ ਨਹੀਂ, ਤੁਸੀਂ ਜਦੋਂ ਵੀ ਚਾਹੋ ਹੋਟਲ ਤੋਂ ਖਾ-ਪੀ ਸਕਦੇ ਹੋ। ਤੁਹਾਡੇ ਲਈ ਤੁਹਾਡੇ ਹੋਰ ਮਿਲਣ ਵਾਲੇ ਵੀ ਖਾ ਪੀ ਸਕਦੇ ਨੇ। ਪੈਸਿਆਂ ਦੀ ਕੋਈ ਗੱਲ ਨਹੀਂ, ਜਦ ਕਦੀ ਹੋਣਗੇ ਤਾਂ ਆਪੇ ਆ ਜਾਣਗੇ।” ਹੁਣ ਰਫੀ ਸਾਹਿਬ ਨੇ ਉਸਤਾਦ ਦਾਮਨ ਲਈ ਕੋਈ ਟਿਕਾਣਾ ਲੱਭਣ ਲਈ ਦੌੜ ਭੱਜ ਕੀਤੀ ਤੇ ਅੰਜੁਮਨ ਹਿਮਾਇਤ ਏ ਇਸਲਾਮ ਕੋਲੋਂ ਦਾਮਨ ਸਾਹਿਬ ਨੂੰ ਹੁਜਰਾ ਦਿਵਾ ਦਿੱਤਾ। ਇਸ ਦਾ ਕਿਰਾਇਆ-ਭਾੜਾ ਤੇ ਪਗੜੀ ਆਦਿ ਵੀ ਉਨ੍ਹਾਂ ਨੇ ਆਪਣੇ ਕੋਲੋਂ ਅਦਾ ਕੀਤੀ ਸੀ। ਰਫੀ ਸਾਹਿਬ ਉਸਤਾਦ ਦਾ ਸਿਦਕੀ ਸ਼ਰਧਾਲੂ ਸੀ। ਉਹਨੇ ਹਰ ਭੀੜ ਵਿਚ ਉਨ੍ਹਾਂ ਦਾ ਸਾਥ ਦਿੱਤਾ।
ਉਸਤਾਦ ਦਾਮਨ ਦੇ ਵਿਆਹ ਦੀ ਕਹਾਣੀ ਬਹੁਤ ਹੀ ਦਰਦਨਾਕ ਹੈ। ਇਹ ਮੈਂ ਉਨ੍ਹਾਂ ਦੇ ਮੂੰਹੋਂ ਸੁਣਾਉਣੀ ਚਾਹਾਂਗਾ;
“ਮੈਂ ਇਕ ਸਿੱਖ ਕੁੜੀ ਨਾਲ ਵਿਆਹ ਕੀਤਾ। ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਇਕ ਨਿੱਕੇ ਜਿਹੇ ਸਟੇਸ਼ਨ ਉਤੇ ਮਿਲੀ ਸੀ। ਲਾਵਾਰਿਸ ਸੀ। (ਉਦੋਂ ਪੰਜਾਬ ਇਕੱਠਾ ਸੀ) ਮੈਂ ਵੀ ਲਾਵਾਰਿਸ ਜਿਹਾ ਸਾਂ। ਅੱਗਾ-ਪਿੱਛਾ ਉਸਦਾ ਕੋਈ ਨਹੀਂ ਸੀ। ਉਸ ਦੀਆਂ ਅੱਖਾਂ ਵਿਚ ਇਕ ਨੂਰ ਦੀ ਝਲਕ ਪਈ। ਮੁਸ਼ਾਇਰੇ ਵਿਚ ਮੇਰੇ ਸ਼ੇਅਰ ਉਸ ਧਿਆਨ ਨਾਲ ਸੁਣੇ ਤੇ ਪਸੰਦ ਕੀਤੇ ਸਨ, ਇਸੇ ਲਈ ਉਸ ਨੇ ਮੇਰੇ ਕੋਲ ਆ ਕੇ ਜਦੋਂ ਮੈਂ ਗੱਡੀ ਦੀ ਉਡੀਕ ਵਿਚ ਸਾਂ, ਮੇਰੇ ਸ਼ੇਅਰਾਂ ਦੀ ਤਸ਼ਰੀਹ ਕੀਤੀ। ਮੈਨੂੰ ਉਸ ਦੀ ਇਨਸਾਨ ਦੋਸਤੀ ਤੇ ਖਲੂਸ ਭਾ ਗਏ ਸਨ। ਅਸਾਂ ਅੰਮ੍ਰਿਤਸਰ ਆ ਕੇ ਸ਼ਾਦੀ ਕਰ ਲਈ। ਕੁਝ ਦਿਨਾਂ ਮਗਰੋਂ ਅਜੇ ਮੈਂ ਅੰਮ੍ਰਿਤਸਰ ਹੀ ਸਾਂ, ਮੈਨੂੰ ਗ੍ਰਿਫਤਾਰ ਕਰ ਲਿਆ ਗਿਆ। ਮੇਰੀ ਬੀਵੀ ਨੂੰ ਇਸ ਗ੍ਰਿਫਤਾਰੀ ਦਾ ਪਤਾ ਨਹੀਂ ਸੀ ਲੱਗਾ। ਉਹ ਮੇਰੀ ਭਾਲ ਵਿਚ ਲਾਹੌਰ ਆ ਗਈ। ਮਹੀਨੇ ਮਗਰੋਂ ਕੈਦ ਦੀ ਰਿਹਾਈ ਮਿਲੀ ਤਾਂ ਮੈਂ ਉਹਨੂੰ ਅੰਮ੍ਰਿਤਸਰ ਭਾਲਦਾ ਰਿਹਾ। ਉਹ ਮੈਨੂੰ ਲਾਹੌਰ ਲੱਭਦੀ ਰਹੀ। ਆਖਰ ਡੇਢ ਸਾਲ ਮਗਰੋਂ ਮੈਨੂੰ ਰੇਲਵੇ ਸਟੇਸ਼ਨ ਤੇ ਮਿਲੀ। ਉਸਦੇ ਕੁੱਛੜ ਮੁੰਡਾ ਸੀ ਚਾਰ ਪੰਜ ਮਹੀਨੇ ਦਾ। ਉਹ ਦਿਨਰਾਤ ਉਥੇ ਸਟੇਸ਼ਨ ਤੇ ਹੀ ਰਹਿੰਦੀ ਸੀ। ਉਹ ਸਮਝਦੀ ਸੀ ਕਿ ਲਾਹੌਰ ਆਉਣ ਲਈ ਮੈਂ ਇਥੇ ਸਟੇਸ਼ਨ ਤੇ ਹੀ ਗੱਡੀ ‘ਤੋਂ ਲਹਿਣਾ ਸੀ। ਇੰਝ ਉਹ ਡੇਢ ਸਾਲ ਤੀਕਰ ਹਰ ਆਉਣ-ਜਾਣ ਵਾਲੀ ਗੱਡੀ ਦੇ ਮੁਸਾਫਰਾਂ ਨੂੰ ਵੇਖਦੀ ਰਹੀ ਸੀ। ਮੁੰਡਾ ਫਿੰਮਣੀਆਂ- ਫੋੜਿਆਂ ਨਾਲ ਭਰਿਆ ਪਿਆ ਸੀ। ਮਾਤਾ (ਚੇਚਕ) ਨਿਕਲੀ ਹੋਈ ਸੀ। ਫਿੰਮਣੀਆਂ ਵਿਚੋਂ ਪਾਕ ਵਗ ਰਹੀ ਸੀ। ਮੁੰਡੇ ਦੀ ਮਾਂ ਸੁੱਕ ਕੇ ਸੰਗਲੀ ਹੋ ਗਈ ਸੀ ਤੇ ਮਰਨ ਦੇ ਨੇੜੇ ਸੀ। ਮੈਂ ਦੋਵਾਂ ਮਾਂ-ਪੁੱਤਰਾਂ ਨੂੰ ਹਸਪਤਾਲ ਲੈ ਗਿਆ। ਪਰ ਕਹਾਣੀ ਤਾਂ ਮੁੱਕਣ ਦੇ ਨੇੜੇ ਸੀ। ਦੋਵੇਂ ਮਾਂ ਪੁੱਤਰ ਅੱਗੜ-ਪਿੱਛੜ ਇਹ ਜੱਗ ਛੱਡ ਗਏ।”
ਸ਼ਾਇਦ ਇਸ ਕੁੜੀ ਦੇ ਵੈਰਾਗ ਦਾ ਕਾਰਨ ਸੀ ਜਾਂ ਸਿੱਖਾਂ ਦੇ ਧਾਰਮਿਕ ਸਮਾਗਮਾਂ ‘ਤੇ ਆਪਣੀ ਕਵਿਤਾ ਪੜ੍ਹਨ ਸਦਕਾ, ਸਹਿਜੇ ਸਹਿਜੇ ਉਨ੍ਹਾਂ ਦਾ ਗੁਰਬਾਣੀ ਲਈ ਪਿਆਰ ਜਾਗ ਪਿਆ ਸੀ। ਉਸਤਾਦ ਦਾਮਨ ਜਦੋਂ ਉਦਾਸ ਹੁੰਦੇ ਤਾਂ ਕਈ ਵਾਰ ਅੰਮ੍ਰਿਤਸਰ ਦਾ ਰੇਡੀਓ ਸਟੇਸ਼ਨ ਚਲਾ ਲੈਂਦੇ ਤੇ ਗੁਰਬਾਣੀ ਸੁਣਿਆ ਕਰਦੇ।
ਦੇਸ਼ ਦੀ ਵੰਡ ਪਿੱਛੋਂ ਹਮਦਮ ਤੇ ਦਾਮਨ ਲਾਹੌਰ ਹੀ ਟਿਕੇ ਰਹੇ ਸਨ। ਦੋਵਾਂ ਦੀ ਹਾਲਤ ਖਸਤਾ ਸੀ, ਪਰ ਹਮਦਮ ਤਾਂ ਆਪਣਾ ਮਾਨਸਿਕ ਸੰਤੁਲਨ ਵੀ ਗਵਾ ਬੈਠੇ ਸਨ। ਦਾਮਨ ਆਪਣੇ ਉਸਤਾਦ ਦੀ ਹਾਲਤ ਵੇਖ ਕੇ ਡਾਹਢੇ ਦੁਖੀ ਹੁੰਦੇ ਸਨ। ਉਹ ਹਮਦਮ ਜਿਸ ਤੋਂ ਲੋਕ ਜ਼ਿੰਦਗੀ ਦਾ ਸਲੀਕਾ ਤੇ ਜੀਵਨ-ਜਾਚ ਸਿੱਖਿਆ ਕਰਦੇ ਸਨ, ਜਿਸ ਦੇ ਡੇਰੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਭੀੜ ਲੱਗੀ ਰਹਿੰਦੀ ਸੀ, ਘਰੋਂ ਬਾਹਰ ਪੈਰ ਧਰਦਾ ਤਾਂ ਕਦਮ ਕਦਮ ‘ਤੇ ਸਲਾਮ-ਆਲੇਕਮ, ਸਤਿ ਸ੍ਰੀ ਅਕਾਲ ਤੇ ਰਾਮ-ਰਾਮ ਦੀਆਂ ਆਵਾਜ਼ਾਂ ਕੰਨੀ ਪੈਂਦੀਆਂ ਸਨ। ਹੁਣ ਉਸ ਦੇ ਲਈ ਮੌਤ ਵਰਗੀ ਚੁੱਪ ਵਰਤ ਰਹੀ ਸੀ, ਪੂਰੀ ਸਜ-ਧਜ ਨਾਲ ਰਹਿਣ ਵਾਲੇ ਹਮਦਮ ਦਾ ਮੰਦਾ ਹਾਲ ਸੀ, ਰੋਟੀ ਲਈ ਵੀ ਮੁਹਤਾਜ ਸੀ, ਦਰ-ਬਦਰ ਦੀਆਂ ਠੋਕਰਾਂ ਉਸ ਦਾ ਨਸੀਬ ਸਨ।
ਉਸਤਾਦ ਦਾਮਨ ਨੇ ਆਪਣੇ ਉਸਤਾਦ ਨੂੰ ਥਾਂ-ਥਾਂ ਲੱਭਿਆ ਤੇ ਜਦੋਂ ਮਿਲ ਗਏ ਤਾਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਤੇ ਸੇਵਾ ਕੀਤੀ। 1954 ਵਿਚ ਜਦੋਂ ਬਹੁਤ ਬੀਮਾਰ ਹੋ ਗਏ, ਬੋਲ ਵੀ ਨਹੀਂ ਸਨ ਸਕਦੇ ਤਾਂ ਦਾਮਨ ਸਾਹਿਬ ਉਨ੍ਹਾਂ ਨੂੰ ਮਿਊ ਹਸਪਤਾਲ ਲੈ ਗਏ। ਉਸਤਾਦ ਦੇ ਇਸ਼ਾਰੇ ‘ਤੇ ਦਾਮਨ ਉਨ੍ਹਾਂ ਨੂੰ ਘਰ ਲਿਆ ਰਹੇ ਸਨ ਕਿ ਰਾਹ ਵਿਚ ਹੀ ਸਾਂਝੇ ਪੰਜਾਬ ਦੇ ਇਸ ਉਘੇ ਸਾਇਰ ਨੇ ਆਪਣੇ ਸ਼ਾਗਿਰਦ ਦੀ ਪਿਆਰ ਤੇ ਸਤਿਕਾਰ ਨਾਲ ਭਰੀ ਗੋਦ ਵਿਚ ਆਖਰੀ ਸਾਹ ਲਏ ਤੇ ਚੱਲਦੇ ਬਣੇ।
ਉਸਤਾਦ ਦੀ ਮੌਤ ਨੇ ਦਾਮਨ ਨੂੰ ਇਕ ਤਰ੍ਹਾਂ ਨਾਲ ਤੋੜ ਹੀ ਸੁੱਟਿਆ। ਮਾਂ ਪੂਰੀ ਹੋਈ ਤਾਂ ਦਾਮਨ ਕੋਲ ਨਹੀਂ ਸੀ, ਇਸ ਦਾ ਵੀ ਉਸਨੂੰ ਦੁੱਖ ਸੀ।
ਅਲਾਉਲਦੀਨ ਨੂੰ ਪੁੱਤਰ ਵਾਂਗ ਪਾਲਿਆ ਤੇ ਪ੍ਰਵਾਨ ਚੜ੍ਹਾਇਆ ਸੀ, ਉਹ ਵੀ ਰੱਬ ਨੂੰ ਪਿਆਰਾ ਹੋ ਗਿਆ। ਉਸ ਦੀ ਮੌਤ ਨੇ ਦਾਮਨ ਦਾ ਲੱਕ ਹੀ ਤੋੜ ਦਿੱਤਾ। ਉਨ੍ਹਾਂ ਦੀ ਸਿਹਤ ਦਿਨੋ-ਦਿਨ ਡਿੱਗਦੀ ਗਈ। ਅੰਤ ਮਿਊ ਹਸਪਤਾਲ ਵਿਚ ਸੱਜਣਾ ਮਿੱਤਰਾਂ ਭਰਤੀ ਕਰਵਾ ਦਿੱਤਾ। ਬਿਮਾਰੀ ਕਾਬੂ ਵਿਚ ਨਹੀਂ ਸੀ ਆ ਰਹੀ। ਡਾਕਟਰ ਆਪਣੀ ਵਾਹ ਲਾ ਰਹੇ ਸਨ, ਪਰ ਸਿਹਤ ਨਿਘਰਦੀ ਹੀ ਚਲੀ ਗਈ। ਇਕ ਦਿਨ ਅਚਾਨਕ ਖਬਰ ਆਈ ਕਿ ਫੈਜ਼ ਅਹਿਮਦ ਫੈਜ਼ ਚਲਾਣਾ ਕਰ ਗਏ ਹਨ। ਸੁਣਦਿਆਂ ਹੀ ਦਾਮਨ ਤੜਫ ਉਠਿਆ। ਡਾਕਟਰ ਰੋਕਦੇ ਰਹੇ, ਪਰ ਦਾਮਨ ਨੇ ਕਿਸੇ ਦੀ ਨਾ ਸੁਣੀ। ਉਹ ਮੇਰਾ ਯਾਰ ਸੀ, ਮੈਂ ਜ਼ਰੂਰ ਜਾਣਾ ਏ। ਆਖਦਿਆਂ ਧੱਕੋ ਧੱਕੀ ਫੈਜ਼ ਸਾਹਿਬ ਦੇ ਜਨਾਜੇ ਵਿਚ ਸ਼ਾਮਲ ਹੋਣ ਲਈ ਚਲੇ ਗਏ। ਉਥੇ ਰੂਸੀ ਸਫੀਰ ਵੀ ਮੌਜੂਦ ਸੀ। ਰੂਸੀ ਸਫੀਰ ਨੇ ਫੈਜ਼ ਸਾਹਿਬ ਦਾ ਅਫਸੋਸ ਕਰਦਿਆਂ ਦਾਮਨ ਸਾਹਿਬ ਨੂੰ ਕਿਹਾ ਕਿ ਧਰਤੀ ਦੇ ਅਜ਼ੀਮ ਲੋਕੋ, ਤੁਹਾਡੇ ਇਕ ਸਾਥੀ ਦੇ ਵਿਛੜਨ ਦਾ ਰੂਸ ਨੂੰ ਬਹੁਤ ਅਫਸੋਸ ਹੈ। ਦਾਮਨ ਸਾਹਿਬ ਰੋਂਦੇ-ਰੋਂਦੇ ਮੁੜੇ। ਥੋੜ੍ਹੇ ਹੀ ਦਿਨਾਂ ਪਿੱਛੋਂ 3 ਦਸੰਬਰ 1954 ਨੂੰ ਪੰਜਾਬੀ ਦਾ ਅਲਬੇਲਾ ਸ਼ਾਇਰ ਅਤੇ ਇਕ ਵਧੀਆ ਇਨਸਾਨ ਇਸ ਦੁਨੀਆਂ ਨੂੰ ਸਦਾ ਸਦਾ ਲਈ ਛੱਡ ਗਿਆ।

ਉਸਤਾਦ ਦਾਮਨ ਦੀ ਪੰਜਾਬੀ ਕਵਿਤਾ

 

1. ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ।
ਗੋਦੀ ਜਿਦ੍ਹੀ ‘ਚ ਪਲਕੇ ਜਵਾਨ ਹੋਇਓਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ ।

ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ ।
ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ।

2. ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ

ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ,
ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ।
ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਨਾਂ,
ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।

ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

3. ਜਦੋਂ ਕਦੇ ਪੰਜਾਬੀ ਦੀ ਗੱਲ ਕਰਨਾਂ

ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ,
ਫਾਂ ਫਾਂ ਕਰਦਾ ਫੂੰ ਫੂੰ ਆਉਂਦਾ ।
ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ,
ਚਾਂ ਚਾਂ ਕਰਦਾ ਚੂੰ ਚੂੰ ਆਉਂਦਾ ।

ਉਹ ਬੋਲਦਾ ਬੋਲਦਾ ਟੁਰੀ ਜਾਂਦਾ,
ਖ਼ੌਰੇ ਮੇਰੇ ਬੁੱਲ੍ਹਾਂ ਨੂੰ ਸਿਉਂ ਆਉਂਦਾ ।
ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ,
ਕੋਈ ਤੀਸਰਾ ਇਹਦੇ ਵਿਚ ਕਿਉਂ ਆਉਂਦਾ ।

4. ਉਰਦੂ ਦਾ ਮੈਂ ਦੋਖੀ ਨਾਹੀਂ

ਉਰਦੂ ਦਾ ਮੈਂ ਦੋਖੀ ਨਾਹੀਂ
ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।

ਬੁੱਲਾ ਮਿਲਿਆ ਏਸੇ ਵਿਚੋਂ,
ਏਸੇ ਵਿਚੋਂ ਵਾਰਿਸ ਵੀ ।
ਧਾਰਾਂ ਮਿਲੀਆਂ ਏਸੇ ਵਿਚੋਂ,
ਮੇਰੀ ਮਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।

ਇਹਦੇ ਬੋਲ ਕੰਨਾਂ ਵਿਚ ਪੈਂਦੇ,
ਦਿਲ ਮੇਰੇ ਦੇ ਵਿਚ ਨੇ ਰਹਿੰਦੇ ।
ਤਪਦੀਆਂ ਹੋਈਆਂ ਰੇਤਾਂ ਉੱਤੇ,
ਇਕ ਠੰਡੀ ਛਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।

ਇਹਦੇ ਦੁੱਧਾਂ ਦੇ ਵਿਚ ਮੱਖਣੀ,
ਮੱਖਣਾਂ ਵਿਚ ਘਿਓ ਦੀ ਚੱਖਣੀ ।
ਡੱਬ ਖੜੱਬੀ ਦੁੱਧਲ ਜੇਹੀ,
ਇਕ ਸਾਡੀ ਗਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ।

5. ਮੇਰੇ ਖ਼ਿਆਲ ਅੰਦਰ ਉਹ, ਸ਼ਾਇਰ ਸ਼ਾਇਰ ਹੁੰਦਾ

ਮੇਰੇ ਖ਼ਿਆਲ ਅੰਦਰ ਉਹ ਸ਼ਾਇਰ, ਸ਼ਾਇਰ ਹੁੰਦਾ,
ਖੰਡ, ਖੰਡ ਨੂੰ, ਜ਼ਹਿਰ ਨੂੰ ਜ਼ਹਿਰ ਆਖੇ ।
ਜੋ ਕੁਝ ਹੁੰਦਾ ਏ ਹੋਵੇ, ਨਾ ਡਰੇ ਹਰਗਿਜ਼,
ਰਹਿਮ, ਰਹਿਮ ਨੂੰ, ਕਹਿਰ ਨੂੰ ਕਹਿਰ ਆਖੇ ।

ਭਾਵੇਂ ਹਸਤੀ ਦੀ, ਬਸਤੀ ਬਰਬਾਦ ਹੋਵੇ,
ਜੰਗਲ, ਜੰਗਲ ਨੂੰ, ਸ਼ਹਿਰ ਨੂੰ ਸ਼ਹਿਰ ਆਖੇ ।
‘ਦਾਮਨ’ ਦੁੱਖਾਂ ਦੇ ਬਹਿਰ ‘ਚ ਜਾਏ ਡੁੱਬਦਾ,
ਨਦੀ, ਨਦੀ ਨੂੰ, ਨਹਿਰ ਨੂੰ ਨਹਿਰ ਆਖੇ ।

6. ਇਸ ਮੁਲਕ ਦੀ ਵੰਡ ਕੋਲੋਂ ਯਾਰੋ

ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹਂੋ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।

ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

7. ਘੁੰਡ ਮੁਖੜੇ ਤੋ ਲਾਹ ਓ ਯਾਰ

ਘੁੰਡ ਮੁਖੜੇ ਤੋ ਲਾਹ ਓ ਯਾਰ ।

ਘੁੰਡ ਤੇਰੇ ਨੇ ਅੰਨ੍ਹੇ ਕੀਤੇ,
ਕਈ ਫਿਰਦੇ ਨੇ ਚੁੱਪ ਚੁਪੀਤੇ ।
ਕਿੰਨਿਆਂ ਜ਼ਹਿਰ ਪਿਆਲੇ ਪੀਤੇ,
ਕਈਆਂ ਖ਼ੂਨ ਜਿਗਰ ਦੇ ਪੀਤੇ ।
ਕਈਆਂ ਅਪਣੀ ਖੱਲ ਲੁਹਾਈ,
ਕਿੰਨੇ ਚੜ੍ਹੇ ਨੇ ਉੱਤੇ ਦਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।

ਚਾਰ ਦੀਵਾਰੀ ਇੱਟਾਂ ਦੀ ਏ,
ਬੁਰਜ ਅਟਾਰੀ ਇੱਟਾਂ ਦੀ ਏ ।
ਖੇਡ ਖਿਡਾਰੀ ਇੱਟਾਂ ਦੀ ਏ,
ਸਭ ਉਸਾਰੀ ਇੱਟਾਂ ਦੀ ਏ ।
ਇੱਟਾਂ ਦੇ ਨਾਲ ਇੱਟ ਖੜੱਕਾ,
ਮੈਂ ਮੈਂ ਵਿਚੋਂ ਮੁਕਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।

ਵੇਦ ਕਿਤਾਬਾਂ ਪੜ੍ਹ ਪੜ੍ਹ ਥੱਕਾ,
ਕੁਝ ਨਾ ਬਣਿਆਂ ਕੱਚਾ ਪੱਕਾ ।
ਓੜਕ ਰਹਿ ਗਿਆ ਹੱਕਾ ਬੱਕਾ,
ਮੱਕੇ ਗਿਆ ਤੇ ਕੁੱਝ ਨਾ ਮੁੱਕਾ ।
ਐਵੇਂ ਮੁੱਕ ਮੁਕੱਈਏ ਕਾਹਦੇ,
ਮੁੱਕਦੀ ਗੱਲ ਮੁਕਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।

ਮਸਜਿਦ ਮੰਦਰ ਤੇਰੇ ਲਈ ਏ,
ਬਾਹਰ ਅੰਦਰ ਤੇਰੇ ਲਈ ਏ ।
ਦਿਲ-ਏ-ਕਲੰਦਰ ਤੇਰੇ ਲਈ ਏ,
ਸਿੱਕ ਇਕ ਅੰਦਰ ਤੇਰੇ ਲਈ ਏ ।
ਮੇਰੇ ਕੋਲ ਤੇ ਦਿਲ ਈ ਦਿਲ ਏ,
ਉਹਦੇ ਵਿਚ ਸਮਾ ਓ ਯਾਰ ।

ਘੁੰਡ ਮੁਖੜੇ ਤੋ ਲਾਹ ਓ ਯਾਰ ।
ਮੁੱਕਦੀ ਗੱਲ ਮੁਕਾ ਓ ਯਾਰ ।

8. ਮੈਨੂੰ ਪਾਗਲਪਣ ਦਰਕਾਰ

ਮੈਨੂੰ ਪਾਗਲਪਣ ਦਰਕਾਰ ।
ਮੈਨੂੰ ਪਾਗਲਪਣ ਦਰਕਾਰ ।

ਲੱਖਾਂ ਭੇਸ ਵੱਟਾ ਕੇ ਵੇਖੇ,
ਆਸਣ ਕਿਤੇ ਜਮਾ ਕੇ ਵੇਖੇ ।
ਮਿੱਥੇ ਤਿਲਕ ਲੱਗਾ ਕੇ ਵੇਖੇ,
ਕਿਧਰੇ ਮੋਨ ਮਨਾ ਕੇ ਵੇਖੇ ।
ਉਹੀ ਰਸਤੇ, ਉਹੀ ਪੈਂਡੇ,
ਉਹੋ ਹੀ ਹਾਂ ਮੈਂ ਚੱਲਣਹਾਰ ।
ਮੈਨੂੰ ਪਾਗਲਪਣ ਦਰਕਾਰ ।

ਹੱਥ ਕਿਸੇ ਦੇ ਆਉਣਾ ਕੀ ਏ ?
ਮੁੱਲਾਂ ਨੇ ਜਤਲਾਉਣਾ ਕੀ ਏ ?
ਪੰਡਿਤ ਪੱਲੇ ਪਾਉਣਾ ਕੀ ਏ ?
ਰਾਤ ਦਿਨੇ ਬੱਸ ਗੱਲਾਂ ਕਰ ਕਰ,
ਕੁੱਝ ਨਹੀਂ ਬਣ ਦਾ ਆਖ਼ਰਕਾਰ ।
ਮੈਨੂੰ ਪਾਗਲਪਣ ਦਰਕਾਰ ।

ਮੈਂ ਨਹੀਂ ਸਿੱਖਿਆ ਇਲਮ ਰਿਆਜ਼ੀ,
ਨਾਂ ਮੈਂ ਪੰਡਿਤ, ਮੁੱਲਾਂ, ਕਾਜ਼ੀ ।
ਨਾ ਮੈਂ ਦਾਨੀ, ਨਾ ਫ਼ਆਜ਼ੀ,
ਨਾ ਮੈਂ ਝਗੜੇ ਕਰ ਕਰ ਰਾਜ਼ੀ ।
ਨਾ ਮੈਂ ਮੁਨਸ਼ੀ, ਆਲਿਮ ਫ਼ਾਜ਼ਿਲ,
ਨਾ ਮੈਂ ਰਿੰਦ ਤੇ ਨਾ ਹੁਸ਼ਿਆਰ ।
ਮੈਨੂੰ ਪਾਗਲਪਣ ਦਰਕਾਰ ।

ਮੈਂ ਨਹੀਂ ਖਾਂਦਾ ਡੱਕੋ ਡੋਲੇ,
ਰਥ ਜੀਵਨ ਨੂੰ ਲਾ ਹਚਕੋਲੇ ।
ਐਂਵੇਂ ਲੱਭਦਾ ਫਿਰਾਂ ਵਿਚੋਲੇ,
ਕੋਈ ਬੋਲੇ ਤੇ ਕੋਈ ਨਾ ਬੋਲੇ ।
ਮਿਲੇ ਗਿਲੇ ਦਾ ਆਦਰ ਕਰ ਕੇ,
ਕਰਨਾ ਅਪਣਾ ਆਪ ਸੁਧਾਰ ।
ਮੈਨੂੰ ਪਾਗਲਪਣ ਦਰਕਾਰ ।

ਸਭ ਦਿਸਦੇ ਨੇ ਵੰਨ ਸੁਵੰਨੇ,
ਕੋਲ ਜਾਓ ਤਾਂ ਖ਼ਾਲੀ ਛੰਨੇ ।
ਦਿਲ ਨਾ ਮੰਨੇ, ਤੇ ਕੀ ਮੰਨੇ,
ਐਂਵੇਂ ਮਨ ਮਨੌਤੀ ਕਾਹਦੀ,
ਗੱਲ ਨਾ ਹੁੰਦੀ ਹੰਨੇ-ਬੰਨੇ,
ਅੰਦਰ ਖੋਟ ਤੇ ਬਾਹਰ ਸਚਿਆਰ ।
ਮੈਨੂੰ ਪਾਗਲਪਣ ਦਰਕਾਰ ।

ਇਹ ਦੁਨੀਆ ਕੀ ਰੌਲਾ ਗੋਲਾ,
ਕੋਈ ਕਹਿੰਦਾ ਏ ਮੌਲਾ ਮੌਲਾ ।
ਕੋਈ ਕਰਦਾ ਏ ਟਾਲ ਮਟੋਲਾ,
ਕੋਈ ਪਾਉਂਦਾ ਏ ਚਾਲ ਮਚੌਲਾ ।
ਮੈਨੂੰ ਕੁੱਝ ਪਤਾ ਨਹੀਂ ਚਲਦਾ,
ਕੀ ਹੁੰਦਾ ਏ ਵਿਚ ਸੰਸਾਰ ।
ਮੈਨੂੰ ਪਾਗਲਪਣ ਦਰਕਾਰ ।

ਵਲੀ, ਪੀਰ ਮੈਂ ਪਗੜ ਪਗੜ ਕੇ,
ਗਿੱਟੇ ਗੋਡੇ ਰਗੜ ਰਗੜ ਕੇ ।
ਦਿਲ ਨੂੰ ਹੁਣ ਤੇ ਜਕੜ ਜਕੜ ਕੇ,
ਐਂਵੇਂ ਝਗੜੇ ਝਗੜ ਝਗੜ ਕੇ ।
ਛੱਡ ਦਿੱਤੇ ਨੇ ਝਗੜੇ ਝਾਂਜੇ,
ਲੰਮੇ ਚੌੜੇ ਖਿਲ ਖਿਲਾਰ ।
ਮੈਨੂੰ ਪਾਗਲਪਣ ਦਰਕਾਰ ।
ਰੱਬਾ, ਮੈਨੂੰ ਪਾਗਲਪਣ ਦਰਕਾਰ ।

9. ਇਹ ਦੁਨੀਆ ਮਿਸਲ ਸਰਾਂ ਦੀ ਏ

ਇਹ ਦੁਨੀਆ ਮਿਸਲ ਸਰਾਂ ਦੀ ਏ,
ਏਥੇ ਮੁਸਾਫ਼ਿਰਾਂ ਬੈਠ, ਖਲੋ ਜਾਣਾ ।
ਵਾਰੋ ਵਾਰੀ ਏ ਸਾਰਿਆਂ ਕੂਚ ਕਰਨਾ,
ਆਈ ਵਾਰ ਨਾ ਕਿਸੇ ਅਟਕੋ ਜਾਣਾ ।

ਮੇਰੇ ਵੇਂਹਦਿਆਂ ਵੇਂਹਦਿਆਂ ਕਈ ਹੋ ਗਏ,
ਤੇ ਮੈਂ ਕਈਆਂ ਦੇ ਵੇਂਹਦਿਆਂ ਹੋ ਜਾਣਾ ।
‘ਦਾਮਨ’ ਸ਼ਾਲ ਦੁਸ਼ਾਲੇ, ਲੀਰਾਂ ਵਾਲਿਆਂ ਵੀ,
ਸਭਨਾ ਖ਼ਾਕ ਦੇ ਵਿਚ ਸਮੋ ਜਾਣਾ ।

10. ਮੈਨੂੰ ਦੱਸ ਓਏ ਰੱਬਾ ਮੇਰਿਆ

ਮੈਨੂੰ ਦੱਸ ਓਏ ਰੱਬਾ ਮੇਰਿਆ,
ਮੈਂ ਡੁੱਬਦਾ ਡੁੱਬਦਾ ਜਾਂ ।
ਮੈਂ ਓਥੇ ਢੂੰਡਾਂ ਪਿਆਰ ਨੂੰ,
ਜਿੱਥੇ ਪੁੱਤਰਾਂ ਖਾਣੀ ਮਾਂ ।

ਜਿੱਥੇ ਸਹਿਮੀਆਂ ਰਹਿਣ ਜਵਾਨੀਆਂ,
ਤੇ ਪਿਟਦਾ ਰਵੇ ਨਿਆਂ ।
ਜਿੱਥੇ ਕੈਦੀ ਹੋਈਆਂ ਬੁਲਬੁਲਾਂ,
ਤੇ ਬਾਗ਼ੀਂ ਬੋਲਣ ਕਾਂ ।

ਓਥੇ ਫੁੱਲ ਪਏ ਲੀਰਾਂ ਜਾਪਦੇ,
ਤੇ ਕਲੀਆਂ ਖਿੜੀਆਂ ਨਾ।
ਮੈਂ ਵੇਖੇ ਬੱਕਰੇ ਕੁੱਸਦੇ,
ਤੇ ਲੈ ਕੇ ਤੇਰਾ ਨਾਂ ।

ਮੈਨੂੰ ਓਥੇ ਚੀਕਾਂ ਸੁਣਦੀਆਂ,
ਜਿੱਥੇ ਹੁੰਦੀ ਏ ਚੁੱਪ ਚਾਂ ।

11. ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ

ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ,
ਹੰਝੂ ਹੰਝੂਆਂ ਤੇ ਸਿੱਟਦੇ ਗੁਜ਼ਰ ਚੱਲੇ ।
ਜ਼ਿੰਦਗੀ ਕੀ ਏ ਨੈਣਾਂ ਪਿਆਸਿਆਂ ਦੀ,
ਰੋਂਦੇ ਆਏ ਸਾਂ ਪਿੱਟਦੇ ਗੁਜ਼ਰ ਚੱਲੇ ।

ਖ਼ੂਨ ਜਿਗਰ ਦਾ ਤਲੀ ‘ਤੇ ਰੱਖ ਕੇ ਤੇ,
ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ ।
ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ
ਇਹੋ ਸੋਚਦੇ ਸੋਚਦੇ ਗੁਜ਼ਰ ਚੱਲੇ ।

12. ਆਹਮੋ ਸਾਹਮਣੇ ਦੋ ਦੋ ਹੋਣਗੀਆਂ

ਆਹਮੋ ਸਾਹਮਣੇ ਦੋ ਦੋ ਹੋਣਗੀਆਂ,
ਜੇਕਰ ਹਸ਼ਰ ਦਿਹਾੜੇ ਹਿਸਾਬ ਹੋਇਆ ।
ਕਹਿੰਦੇ ਜ਼ਿੰਦਗੀ ਰੱਬ ਦੀ ਕਰਮ ਬਖ਼ਸ਼ਿਸ਼,
ਮੇਰੇ ਵਾਸਤੇ ਇਹੋ ਅਜ਼ਾਬ ਹੋਇਆ ।

ਉਹਦੇ ਵਿਚ ਕੀ ਲਹੂ ਹੈ ਪੀਣ ਜੋਗਾ,
ਜੀਹਦਾ ਭੁੱਜ ਕੇ ਜਿਗਰ ਕਬਾਬ ਹੋਇਆ ।
ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਏ,
ਕੀ ਗੁਨਾਹ ਹੋਇਆ ਕੀ ਸੁਵਾਬ ਹੋਇਆ ।

ਤੇਰੀ ਜੰਨਤ ਏ ਓਧਰ, ਨਹੀਂ ਦਿਲ ਆਉਂਦਾ,
ਜਿਥੋਂ ਪਹਿਲੋਂ ਸੀ ਕਦੇ ਜਵਾਬ ਹੋਇਆ ।
ਖ਼ਿਜ਼ਾਂ ਰਹੇ ਹਯਾਤੀ ਦੇ ਬਾਗ਼ ਅੰਦਰ,
ਖਿੜ ਕੇ ਦਿਲ ਨਾ ਕਦੇ ਗੁਲਾਬ ਹੋਇਆ ।

ਦੌਲਤਖ਼ਾਨੇ ਦਾ ਮੇਰੇ ਕੀ ਪੁੱਛਦੇ ਹੋ,
ਦੌਲਤ ਲੁੱਟ ਗਈ ਖ਼ਾਨਾ ਖ਼ਰਾਬ ਹੋਇਆ ।

13. ਦਿਲਾ ਬੜਾ ਤੂੰ ਚੰਗਾ ਏਂ ਫੇਰ ਕੀ ਏ

ਦਿਲਾ ਬੜਾ ਤੂੰ ਚੰਗਾ ਏਂ ਫੇਰ ਕੀ ਏ
ਏਥੇ ਲੋਕ ਅਜ਼ਮਾ ਕੇ ਵੇਖਦੇ ਨੇ
ਝੁਕ ਕੇ ਮਿਲਣ ਵਾਲੇ ਕਦੇ ਵੇਖਿਆ ਈ
ਸਭ ਕੁਝ ਅੱਖ ਚੁਰਾ ਕੇ ਵੇਖਦੇ ਨੇ

ਦੀਦੇ ਕੁਦਰਤ ਦੇ ਫੁੱਲਾਂ ਦੀ ਆਬਰੂ ਨੂੰ
ਕੰਡਿਆਂ ਵਿਚ ਉਲਝਾ ਕੇ ਵੇਖਦੇ ਨੇ
ਚਿਹਰਾ ਸ਼ਾਹੀ ਸਿੱਕਾ ਭਾਵੇਂ ਲੱਖ ਹੋਵੇ
ਤਾਂ ਵੀ ਲੋਕ ਟਣਕਾ ਕੇ ਵੇਖਦੇ ਨੇ

ਸੋਨਾ ਪਾਸੇ ਦਾ ਹੋਵੇ ਕਸਵੱਟੀ ਲਾਕੇ
ਉਤੋਂ ਅੱਗ ਵਿਚ ਪਾ ਕੇ ਵੇਖਦੇ ਨੇ
ਸੁੱਚੇ ਹੀਰੇ ਨੂੰ ਆਰੀਆਂ ਹੇਠ ਦੇ ਕੇ
ਬੜਾ ਕੱਟ ਕਟਾ ਕੇ ਵੇਖਦੇ ਨੇ

ਜਿਹੜਾ ਸੁਰਮਾ ਜ਼ੋਬਨ ਬਣੇ ਅੱਖੀਆਂ ਦਾ
ਖਰਲਾਂ ਵਿਚ ਰਗੜਾ ਕੇ ਵੇਖਦੇ ਨੇ
ਰੋਵੇਂ ਯਾਰਾਂ ਨੂੰ ਸਕੇ ਭਰਾ ਏਥੇ
ਖੂਹੇ ਵਿਚ ਲਮਕਾ ਕੇ ਵੇਖਦੇ ਨੇ

ਏਥੇ ਸਭਨਾਂ ਤੋਂ ‘ਦਾਮਨ’ ਹੈ ਖ਼ਾਕ ਚੰਗੀ
ਜਿਹਨੂੰ ਪਰਖ ਪਰਖਾ ਕੇ ਵੇਖਦੇ ਨੇ ।

14. ਇਸ ਦੁਖੀ ਹਯਾਤੀ ਦੇ ਪੈਂਡਿਆਂ ਵਿਚ

ਇਸ ਦੁਖੀ ਹਯਾਤੀ ਦੇ ਪੈਂਡਿਆਂ ਵਿਚ
ਕਦੀ ਰਾਹ ਪੈ ਗਏ ਕਦੀ ਭੁਲਦੇ ਰਹੇ
ਇਕ ਦੀਵਾ ਉਮੀਦ ਦਾ ਬਲਦਾ ਰਿਹਾ
ਲੱਖ ਝੱਖੜ ਹਨੇਰੀਆਂ ਦੇ ਝੁਲਦੇ ਰਹੇ

ਪੱਤਝੜ ਦੇ ਝੜੇ ਹੋਏ ਪੱਤਿਆਂ ਵਾਂਗ
ਅਸੀਂ ਤੇਰੇ ਜਹਾਨ ਵਿਚ ਰੁਲਦੇ ਰਹੇ
ਪਰ ਦਾਮਨ ਉਮੀਦ ਦਾ ਛੱਡਿਆ ਨਾ
ਅਸੀਂ ਨਾਲ ਤਕਦੀਰ ਦੇ ਘੁਲਦੇ ਰਹੇ

15. ਪੇਟ ਵਾਸਤੇ ਬਾਂਦਰਾਂ ਪਾਈ ਟੋਪੀ

ਪੇਟ ਵਾਸਤੇ ਬਾਂਦਰਾਂ ਪਾਈ ਟੋਪੀ
ਹੱਥ ਜੋੜ ਸਲਾਮ ਗੁਜ਼ਾਰਦੇ ਨੇ
ਪੇਟ ਵਾਸਤੇ ਹੂਰ ਤੇ ਪਰੀਜ਼ਾਦਾ
ਜਾਨ ਜਿੰਨ ਤੇ ਭੂਤ ਤੋਂ ਵਾਰਦੇ ਨੇ

ਚੀਰ ਫਾੜ ਕੇ ਬੰਦੇ ਨੂੰ ਖਾਣ ਜਿਹੜੇ
ਰਿੱਛ ਨੱਚਦੇ ਵਿਚ ਬਾਜ਼ਾਰ ਦੇ ਨੇ
ਪੰਛੀ ਜੰਗਲ ਤੋਂ ਤੁਰੇ ਨੇ ਸ਼ਹਿਰ ਵੱਲੇ
ਦੁਨੀਆਂਦਾਰ ਪਏ ਚੋਗ ਖਿਲਾਰਦੇ ਨੇ

ਦੌਲਤ ਕਿਸੇ ਦੀ ਰਾਤ ਨੂੰ ਜਾਗ ਕੇ ਤੇ
ਚੌਕੀਦਾਰ ਪਏ ਹਾਕਰਾਂ ਮਾਰਦੇ ਨੇ
ਭਾਰ ਇੱਟਾਂ ਦਾ ਸਿਰਾਂ ਤੇ ਚਾ ਕੇ ਤੇ
ਬੇਘਰੇ ਪਏ ਮਹਲ ਉਸਾਰਦੇ ਨੇ

16. ਕੁਝ ਕਹਿਣ ਨੂੰ ਜੀ ਪਿਆ ਕਰਦਾ ਏ

ਕੁਝ ਕਹਿਣ ਨੂੰ ਜੀ ਪਿਆ ਕਰਦਾ ਏ,
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਕੁਝ ਕਹੀਏ ਪਾਗਲ ਕਹਿੰਦੇ ਨੇ,
ਚੁੱਪ ਰਹੀਏ ਸੀਨਾ ਸੜਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।

ਏਥੇ ਤਨ ਤੋਂ ਲੀੜੇ ਲਾਹੁੰਦੇ ਨੇ,
ਕਰ ਨੰਗੇ ਜਿਸਮ ਨਚਾਉਂਦੇ ਨੇ ।
ਇੱਜ਼ਤਾਂ ਦੇ ਸਿਰ ਕੋਈ ਕੱਜਦਾ ਨਹੀਂ,
ਲਾਸ਼ਾਂ ਨੂੰ ਖ਼ੂਬ ਸਜਾਉਂਦੇ ਨੇ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।

ਏਥੇ ਬੰਦੇ ਵਿਕਦੇ ਵੇਖੇ ਨੇ,
ਏਥੇ ਹਾੜ੍ਹੇ ਵਿਕਦੇ ਵੇਖੇ ਨੇ ।
ਇਸ ਜੱਗ ਦੀ ਉਲਟੀ ਗੰਗਾ ਵਿਚ,
ਫੁੱਲ ਡੁੱਬਦਾ ਪੱਥਰ ਤਰਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।

ਧਨ ਦੌਲਤ ਧਰਮ ਇਮਾਨ ਇਥੇ,
ਗੀਤਾ, ਅੰਜੀਲ, ਕੁਰਾਨ ਇਥੇ ।
ਇਸ ਦੌਲਤ ਬਦਲੇ ਹਰ ਕੋਈ,
ਹੱਸ ਹੱਸ ਕੇ ਸੂਲੀ ਚੜ੍ਹਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।

ਕੀ ਰਿਸ਼ਤੇ ਨਾਤੇ ਮਾਣ ਇਥੇ,
ਹੈ ਦੌਲਤ ਰਾਮ ਰਹਿਮਾਨ ਇਥੇ ।
ਏਥੇ ਦਿਨ ਨੂੰ ਘੁੱਪ ਹਨੇਰੇ ਨੇ,
ਰਾਤਾਂ ਨੂੰ ਸੂਰਜ ਚੜ੍ਹਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।

ਏਥੇ ਲੀਡਰ ਪਾਣ ਭੁਲੇਖੇ ਜੀ,
ਏਥੇ ਲੁੱਟ ਦੇ ਲੰਮੇ ਲੇਖੇ ਜੀ ।
ਹਰ ਬੰਦਾ ਏਥੇ ਹਰ ਵੇਲੇ,
ਪੈਸੇ ਦਾ ਕਲਮਾ ਪੜ੍ਹਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।

17. ਇਹ ਦੁਨੀਆਂ ਰੁੜ੍ਹਦੀ ਜਾਂਦੀ ਏ

ਇਹ ਦੁਨੀਆਂ ਰੁੜ੍ਹਦੀ ਜਾਂਦੀ ਏ,
ਕਿਤੇ ਬੇੜਾ ਬੰਨੇ ਲਾ ਰੱਬਾ ।

ਇਹ ਰਾਹੀ ਰਾਹੋਂ ਘੁੱਸੇ ਨੇ,
ਆਏ ਬਲਦੀ ਦੇ ਵਿਚ ਬੁੱਥੇ ਨੇ ।
ਇਹ ਬੰਦੇ ਤੇਰੇ ਹੀ ਬੰਦੇ ਨੇ,
ਤੂੰ ਕੁਝ ਨਾ ਕੁਝ ਸਮਝਾ ਰੱਬਾ ।
ਇਹ ਦੁਨੀਆਂ ਰੁੜ੍ਹਦੀ ਜਾਂਦੀ ਏ,
ਕਿਤੇ ਬੇੜਾ ਬੰਨੇ ਲਾ ਰੱਬਾ ।

ਇਹ ਬੰਦੇ ਹਾਲਾਂ ਖ਼ਾਕੀ ਨੇ,
ਅਸਮਾਨ ਦੀ ਲਾਹੁੰਦੇ ਟਾਕੀ ਨੇ ।
ਦੋਜ਼ਖ਼ ਦੀ ਖੋਹਲੀ ਤਾਕੀ ਨੇ,
ਤੂੰ ਆਪੇ ਹੀ ਠੰਡੀ ਪਾ ਰੱਬਾ ।
ਇਹ ਦੁਨੀਆਂ ਰੁੜ੍ਹਦੀ ਜਾਂਦੀ ਏ,
ਕਿਤੇ ਬੇੜਾ ਬੰਨੇ ਲਾ ਰੱਬਾ ।

ਜਿਹੜੀ ਵਹੁਟੀ ਹਾਲਾਂ ਛੁੰਨੀ ਸੀ,
ਉਹਦੀ ਅਜੇ ਕੇਸਰੀ ਚੁੰਨੀ ਸੀ ।
ਉਹਦੀ ਕੋਈ ਮੁਰਾਦ ਨਾ ਪੁੰਨੀ ਸੀ,
ਲੰਬਾਂ ਦੀ ਪੈਂਦੀ ਭਾਹ ਰੱਬਾ ।
ਇਹ ਦੁਨੀਆਂ ਰੁੜ੍ਹਦੀ ਜਾਂਦੀ ਏ,
ਕਿਤੇ ਬੇੜਾ ਬੰਨੇ ਲਾ ਰੱਬਾ ।

18. ਹੁਣ ਰੱਬਾ ਕਿਥੇ ਜਾਵਾਂ ਮੈਂ

ਹੁਣ ਰੱਬਾ ਕਿਥੇ ਜਾਵਾਂ ਮੈਂ ।

ਇਹ ਆਪਣਿਆਂ ਦੇ ਵੈਰੀ ਨੇ,
ਦਮ ਦੂਸਰਿਆਂ ਦਾ ਭਰਦੇ ਨੇ ।
ਇਹ ਮੱਤ ਕਿਸੇ ਦੀ ਨਹੀਂ ਲੈਂਦੇ,
ਜੋ ਮਨ ਵਿਚ ਆਵੇ ਕਰਦੇ ਨੇ ।
ਕਿਉਂ ਅਕਲੋਂ ਬਾਹਰ ਨਾ ਆਵਾਂ ਮੈਂ ।
ਹੁਣ ਰੱਬਾ ਕਿਥੇ ਜਾਵਾਂ ਮੈਂ ।

19. ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ

ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ,
ਸਾਰੇ ਆਪਣੇ ਨੇ ਉਹਦਾ ਗ਼ੈਰ ਕੋਈ ਨਹੀਂ ।
ਗ਼ੈਰ ਕਿਸੇ ਨੂੰ ਕਦੇ ਜੇ ਕਹਿ ਬੈਠੋਂ,
ਫੇਰ ਸਮਝ ਲੈ ਤੇਰੀ ਵੀ ਖ਼ੈਰ ਕੋਈ ਨਹੀਂ ।

ਉਹ ਤੇ ਅਰਸ਼ ਅਤੇ ਫ਼ਰਸ਼ ਦਾ ਹੈ ਵਾਰਿਸ,
ਜਿਹੜੀ ਜਗਹ ਦੀ ਕਰਦਾ ਉਹ ਸੈਰ ਕੋਈ ਨਹੀਂ ।
ਮਾਲਕ ਭਰੇ ਝੋਲੀ ਸਾਰੇ ਬੰਦਿਆਂ ਦੀ,
‘ਦਾਮਨ’ ਓਸਦਾ ਕਿਸੇ ਨਾਲ ਵੈਰ ਕੋਈ ਨਹੀਂ ।

20. ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ

ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ,
ਤੇ ਕੋਈ ਹੁਕਮ ਚਲਾਏ ਹੰਕਾਰ ਦੇ ਨਾਲ ।
ਮੱਤ ਬੰਦਿਆਂ ਦੀ ਗਈ ਕਿਉਂ ਮਾਰੀ,
ਉਹ ਤੇ ਸਭਨਾਂ ਨੂੰ ਮਿਲਦਾ ਏ ਪਿਆਰ ਦੇ ਨਾਲ ।

ਕਰਦਾ ਖ਼ੁਲਕ ਹੈ ਰਾਜ ਜਹਾਨ ਉੱਤੇ,
ਹੁਕਮ ਚੱਲੇ ਨਾ ਸਦਾ ਤਲਵਾਰ ਦੇ ਨਾਲ ।
ਹੱਥੋਂ ਛੱਡਿਆ ਰੱਬ ਦਾ ਜਿਨ੍ਹਾਂ ‘ਦਾਮਨ’,
ਉਹ ਨਮਰੂਦ ਮਿਟ ਗਏ ਪਹਿਲੇ ਵਾਰ ਦੇ ਨਾਲ ।

21. ਜੇ ਕੋਈ ਜਾਹਿਲ ਲੜੇ ਤੇ ਗੱਲ ਕੋਈ ਨਾ

ਜੇ ਕੋਈ ਜਾਹਿਲ ਲੜੇ ਤੇ ਗੱਲ ਕੋਈ ਨਾ,
ਆਲਿਮ ਲੜਨ ਨਾ ਆਪ, ਲੜਾ ਰਹੇ ਨੇ ।
ਛੁਰੀਆਂ ਸਾਡਿਆਂ ਹੱਥਾਂ ਦੇ ਵਿਚ ਦੇ ਕੇ,
ਰਲ ਆਪ ਹਲਵੇ ਮੰਡੇ ਖਾ ਰਹੇ ਨੇ ।

ਸਾਰੇ ਚੱਕਰ ਚਲਾ ਕੇ ਫ਼ਿਰਕਿਆਂ ਦੇ,
ਪਿਆਰੇ ਦੇਸ਼ ਨੂੰ ਲੁੱਟ ਕੇ ਖਾ ਰਹੇ ਨੇ ।
‘ਦਾਮਨ’ ਇਨ੍ਹਾਂ ਦਾ ਕਰਨਾ ਏਂ ਚਾਕ ਇਕ ਦਿਨ,
ਪੱਗਾਂ ਸਾਡੀਆਂ ਨੂੰ ਹੱਥ ਜੋ ਪਾ ਰਹੇ ਨੇ ।

22. ਮੈਨੂੰ ਕੁਫ਼ਰ, ਇਸਲਾਮ ਦਾ ਪਤਾ ਲੱਗੇ

ਮੈਨੂੰ ਕੁਫ਼ਰ, ਇਸਲਾਮ ਦਾ ਪਤਾ ਲੱਗੇ,
ਆਪਣੇ ਨੂਰ ਥੀਂ ਰੌਸ਼ਨ ਨਿਗਾਹ ਕਰਦੇ ।
ਤੇਰੇ ਵੱਲ ਤੇ ਆਉਣ ਨੂੰ ਜੀ ਕਰਦਾ,
ਮੈਨੂੰ ਪਕੜ ਕੇ ਆਪਣੀ ਰਾਹ ਕਰਦੇ ।

ਮੈਂ ਮਕਾਮ-ਏ-ਤੌਹੀਦ ਨੂੰ ਚਾਹੁਣ ਵਾਲਾ,
ਬਾ-ਖ਼ਬਰ ਤੇ ਨਾਲੇ ਆਗਾਹ ਕਰਦੇ ।

23. ਮੌਤ ਅੱਗੇ ਤੇ ਕਿਸੇ ਦੀ ਜਾਅ ਕੋਈ ਨਾ

ਮੌਤ ਅੱਗੇ ਤੇ ਕਿਸੇ ਦੀ ਜਾਅ ਕੋਈ ਨਾ,
ਜਿਥੇ ਜੀ ਚਾਹੇ ਓਥੇ ਨੱਪ ਲੈਂਦੀ ।
ਇਹਨੂੰ ਤੀਰ ਤਲਵਾਰ ਦੀ ਲੋੜ ਕੋਈ ਨਾ,
ਸ਼ਾਖ਼ਾਂ ਨਾਲ ਇਹ ਸਿਰਾਂ ਨੂੰ ਕੱਪ ਲੈਂਦੀ ।

ਮੌਤ ਮਾਲਾ ‘ਚ ਗਿਣਤੀ ਨਾ ਵਰ੍ਹੇ ਹੁੰਦੇ,
ਹਰ ਉਮਰ ਦਾ ਮੱਕੂ ਇਹ ਠੱਪ ਲੈਂਦੀ ।
ਵੇਂਹਦੀ ਨਹੀਂ ਇਹ ਬੇਵਾ, ਯਤੀਮ ਬੱਚੇ,
ਜਿਹਨੂੰ ਜੀ ਚਾਹੇ ਉਹਨੂੰ ਨੱਪ ਲੈਂਦੀ ।

24. ਰਕੀਬ ਤੇ ਅੱਗੇ ਈ ਰਕੀਬ ਹੁੰਦੈ

ਰਕੀਬ ਤੇ ਅੱਗੇ ਈ ਰਕੀਬ ਹੁੰਦੈ,
ਹੁਣ ਹਬੀਬ ਵੀ ਬਣ ਰਕੀਬ ਗਿਆ ।
ਜਾਨੀ ਜਾਨ ਜਿਹਨੂੰ ਮੈਂ ਜਾਣਦਾ ਸਾਂ,
ਉਹ ਵੀ ਮੁਖ਼ਬਰ ਤੇ ਬਣ ਅਜੀਬ ਗਿਆ ।

ਕਿਹਨੂੰ ਆਪਣਾ ਕਹਾਂ ਤੇ ਗ਼ੈਰ ਕਿਹਨੂੰ,
ਬਦਲ ਅਪਣਾ ਮੇਰਾ ਨਸੀਬ ਗਿਆ ।
ਇਹਨਾਂ ਦੋਹਾਂ ਨੂੰ ਛੱਡ ਕੇ ਦੇਖ ‘ਦਾਮਨ’,
ਹੋ ਅੱਲ੍ਹਾ ਦੇ ਬਹੁਤ ਕਰੀਬ ਗਿਆ ।

25. ਇਸ ਦੁਨੀਆਂ ਦਾ ਜੀਵਨ ਦਿਸਦਾ

ਇਸ ਦੁਨੀਆਂ ਦਾ ਜੀਵਨ ਦਿਸਦਾ,
ਇਕ ਕੋਝਾ ਬੇ-ਢੰਗਾ ।
ਉਂਝ ਤੇ ਸਭਨੇ ਕਪੜੇ ਪਾਏ,
ਹਰ ਬੰਦਾ ਏ ਨੰਗਾ ।

ਰੰਗ ਤੇ ਕਾਲਮ-ਕਾਲਾ ਇਕੋ,
ਸਭ ਕੁਝ ਰੰਗ-ਬਰੰਗਾ ।
ਏਥੇ ਸਾਰੇ ਜਿਊਂਦੇ ਰਹਿੰਦੇ,
ਇਹ ਕਹਿ ਕੇ “ਸਭ ਚੰਗਾ” ।

26. ਤੇਰਾ ਇਕ ਦਿਲ ਏ ਜਾਂ ਦੋ

ਤੇਰਾ ਇਕ ਦਿਲ ਏ ਜਾਂ ਦੋ ।

ਕਦੇ ਲਾਵੇਂ ਕੋਹਤੂਰ ‘ਤੇ ਡੇਰੇ,
ਕਦੇ ਦਿਸੇਂ ਸ਼ਾਹਰਗ ਤੋਂ ਨੇੜੇ ।
ਤੇਰੇ ਘਲ-ਘਲੇਵੇਂ ਮੈਨੂੰ,
ਪਾਂਦੇ ਪਏ ਨੇ ਇਹ ਕਨਸੋਅ ।
ਤੇਰਾ ਇਕ ਦਿਲ ਏ ਜਾਂ ਦੋ ।

ਆਪ ਕਹੇਂ ਤੂੰ ਮੈਨੂੰ ਮੰਨੋ,
ਇਹ ਪੱਥਰ ਨੇ, ਪੱਥਰ ਭੰਨੋ ।
ਆਪੇ ਤੂੰ ਬੁੱਤਖ਼ਾਨੇ ਜਾ ਕੇ,
ਬੁੱਤਾਂ ਅੰਦਰ ਕਰਨਾ ਏਂ ਲੋਅ ।
ਤੇਰਾ ਇਕ ਦਿਲ ਏ ਜਾਂ ਦੋ ।

ਦੋ ਬੰਦੇ ਤੂੰ ਆਪ ਬਣਾਵੇਂ,
ਫਿਰ ਦੋਹਾਂ ਨੂੰ ਆਪ ਸੁਣਾਵੇਂ ।
ਤੂੰ ਮੋਮਿਨ ਤੇ ਇਹ ਹੈ ਕਾਫ਼ਿਰ,
ਏਦੂੰ ਵੱਧ ਕੀ ਹੋਰ ਧਰੋਹ ।
ਤੇਰਾ ਇਕ ਦਿਲ ਏ ਜਾਂ ਦੋ ।

ਇਕ ਪੰਡਿਤ ਤੇ ਇਕ ਹੈ ਕਾਜ਼ੀ,
ਦੋ ਰੰਗੀ ਤੇ ਹੋਵੇਂ ਰਾਜ਼ੀ ।
ਸਾਫ਼ ਸਾਫ਼ ਫਿਰ ਕਹਿੰਦਾ ਕਿਉਂ ਨਹੀਂ,
ਇਹਦੇ ਵਿਚ ਕੀ ਹੋਇਆ ਲਕੋ ।
ਤੇਰਾ ਇਕ ਦਿਲ ਏ ਜਾਂ ਦੋ ।

ਇਹ ਬੰਦੇ ਜਦ ਦੋਵੇਂ ਤੇਰੇ,
ਫਿਰ ਇਹ ਕੀਹ ਨੇ ਹੇਰੇ ਫੇਰੇ ।
ਇਕ ਨੂੰ ਆਖੇਂ ਟੱਲ ਵਜਾ ਲੈ,
ਦੂਜੇ ਨੂੰ ਕਹੇਂ ਚੁੱਪ ਖਲੋ ।
ਤੇਰਾ ਇਕ ਦਿਲ ਏ ਜਾਂ ਦੋ ।

ਕਿਧਰੇ ਮਸਜਿਦ ਵਿਚ ਘਰ ਤੇਰਾ,
ਕਿਧਰੇ ਮੰਦਿਰ ਵਿਚ ਬਸੇਰਾ ।
ਫਿਰਦੀ ਤਸਬੀਹ ਮਾਲਾ ਕਿਧਰੇ,
ਦੋਹਾਂ ਦੇ ਵਿਚ ਰਿਹਾ ਸਮੋ ।
ਤੇਰਾ ਇਕ ਦਿਲ ਏ ਜਾਂ ਦੋ ।

ਤੇਰੀ ਕੁੱਲ ਖ਼ੁਦਾਈ ਇਹ ਵੇ,
ਫਿਰ ਕੀਹ ਲੁੱਟ ਮਚਾਈ ਇਹ ਵੇ ।
ਇਕ ਦੇ ਹੱਥੋਂ ਤੋੜੇਂ ਮੋਤੀ,
ਦੂਜੇ ਨੂੰ ਆਖੇਂ ਹਾਰ ਪਰੋ ।
ਤੇਰਾ ਇਕ ਦਿਲ ਏ ਜਾਂ ਦੋ ।

ਜਿਸ ਦੁਨੀਆਂ ਦੇ ਅੰਦਰ ਰਹਿਨਾ ਏਂ,
ਉਸ ਦੇ ਕੋਲੋਂ ਲੁਕ ਲੁਕ ਬਹਿਨਾ ਏਂ ।
ਮੈਂ ਨਹੀਂ ਖਹਿੜਾ ਛੱਡਣਾ ਤੇਰਾ,
ਭਾਵੇਂ ਹੱਸ ਤੇ ਭਾਵੇਂ ਰੋ ।
ਤੇਰਾ ਇਕ ਦਿਲ ਏ ਜਾਂ ਦੋ ।

ਇਹ ਪੁੱਛਿਆ ਏ ਅੱਗੇ ਹੋਰਾਂ,
ਬੇ-ਜ਼ੋਰਾਂ ਤੇ ਕੀਹ ਸ਼ਹਿਜ਼ੋਰਾਂ ।
ਸਾਡੇ ਕੋਲੋਂ ਦਾਗ਼ ਨਹੀਂ ਜਾਣਾ,
ਇਸ ਧੋਣੇ ਨੂੰ ਆਪ ਹੀ ਧੋ ।
ਤੇਰਾ ਇਕ ਦਿਲ ਏ ਜਾਂ ਦੋ ।

ਜੋ ਕਹਿਣਾ ਏਂ ਤੈਨੂੰ ਕਹਿਣਾ,
ਬਿਨ ਪੁੱਛਿਆਂ ਤੇ ਮੈਂ ਨਹੀਂ ਰਹਿਣਾ ।
ਮੈਂ ਕਹਿੰਦਾ ਹਾਂ ਮਨ ਦੀ ਜੀਭੋਂ,
ਜੋ ਹੋਵੇ ਸੋ ਹੁੰਦਾ ਹੋ ।
ਤੇਰਾ ਇਕ ਦਿਲ ਏ ਜਾਂ ਦੋ ।

ਮੱਕੇ ਪੁੱਜ ਕੇ ਗੰਗਾ ਜਾ ਕੇ,
ਗੇੜੇ ਕੱਢ ਤੇ ਟੁੱਭੇ ਲਾ ਕੇ ।
ਥੱਕਾ ਤੇ ਸਸਕਾਇਆ ਹੋਇਆ,
ਏਥੇ ਹੀ ‘ਦਾਮਨ’ ਗਿਆ ਖਲੋ ।
ਤੇਰਾ ਇਕ ਦਿਲ ਏ ਜਾਂ ਦੋ ।

27. ਮੇਰਾ ਰੱਬ ਸਮੁੰਦਰ ਹੈ ਸ਼ੌਹ ਵੱਡਾ

ਮੇਰਾ ਰੱਬ ਸਮੁੰਦਰ ਹੈ ਸ਼ੌਹ ਵੱਡਾ,
ਐਵੇਂ ਲੱਗਣਾ ਨਹੀਂ ਬੇੜਾ ਪਾਰ ਯਾਰਾ ।
ਆਬ-ਏ-ਜ਼ਮਜ਼ਮ ਵਜ਼ੂ ਨਾਲ ਪਾਕ ਹੋ ਜਾ,
ਭਾਵੇਂ ਗੰਗਾ ਵਿਚ ਚੁੱਭੀਆਂ ਮਾਰ ਯਾਰਾ ।

ਖ਼ਿਦਮਤ ਖ਼ਲਕ ਦੀ ਕਰ, ਦਿਲ ਸ਼ਾਂਤ ਕਰ ਲੈ,
ਟੁਰ ਕੇ ਆਪ ਆਵੇ ਤੇਰੇ ਦਿਲ ਅੰਦਰ ।
ਉਹ ਤੇ ਅਜ਼ਲਾਂ ਤੋਂ ਤੈਨੂੰ ਉਡੀਕਦਾ ਏ,
ਦੇਵੇ ਨਕਦ, ਨਾ ਕਰੇ ਉਧਾਰ ਯਾਰਾ ।

28. ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ

ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ,
ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ ।
ਉਹਦੀ ਵੰਡ ਨੂੰ ਸਮਝਣਾ ਬੜਾ ਮੁਸ਼ਕਿਲ,
ਕਿਤੇ ਲੱਖ ਦਿੱਤਾ, ਕਿਤੇ ਕੱਖ ਦਿੱਤਾ ।

ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ,
ਮੈਨੂੰ ਲੱਖ ਦਾ ਵੀ ਸਵਾ ਲੱਖ ਦਿੱਤਾ ।
ਬੜਾ ਚਾਅ ਸੀ ਸ਼ੌਕ ‘ਚ ਸਜਦਿਆਂ ਦਾ,
ਖ਼ੌਰੇ ਕਿਥੇ ਕਿਥੇ ਮੱਥਾ ਰੱਖ ਦਿੱਤਾ ।

29. ਬੜੇ ਬੜੇ ਨੇ ਵਲੀ ਅਵਤਾਰ ਆਏ

ਬੜੇ ਬੜੇ ਨੇ ਵਲੀ ਅਵਤਾਰ ਆਏ,
ਪੋਥੀਆਂ ਪੋਥੇ ਨੇ ਹੁਣ ਤਕ ।
ਦੁਨੀਆਂ ਨਿਘਰ ਜਾਣੀ ਦੇ ਅਮਲ,
ਥੋਥੇ ਦੇ ਥੋਥੇ ਨੇ ਹੁਣ ਤਕ ।
ਮੇਰੇ ਵੱਲੋਂ ਵਧਾਈਆਂ ਹੋਣ ਰੱਬਾ,
ਬੰਦੇ ਜਿਥੇ ਸਨ, ਓਥੇ ਦੇ ਓਥੇ ਨੇ ਹੁਣ ਤਕ ।

30. ਮੌਲਾ ਦੇ ਰੰਗ ਨਿਆਰੇ ਨੇ

ਮੌਲਾ ਦੇ ਰੰਗ ਨਿਆਰੇ ਨੇ,
ਮੌਲਾ ਦੇ ਰੰਗ ਨਿਆਰੇ ਨੇ ।
ਕਈ ਤਰਦੇ ਬੇੜੇ ਡੋਬ ਛੱਡੇ,
ਕਈ ਡੁੱਬਦੇ ਬੇੜੇ ਤਾਰੇ ਨੇ ।
ਮੌਲਾ ਦੇ ਰੰਗ ਨਿਆਰੇ ਨੇ ।

ਕਿਤੇ ਦਿੱਤੀ ਝੁੱਗੀ ਕੱਖਾਂ ਦੀ,
ਕਿਤੇ ਕੋਠੀ ਦਿੱਤੀ ਲੱਖਾਂ ਦੀ ।
ਕਿਤੇ ਢੇਰ ਲੱਗੇ ਨੇ ਰਿਜ਼ਕਾਂ ਦੇ,
ਕਈ ਭੁੱਖੇ ਮਰਨ ਵਿਚਾਰੇ ਨੇ ।
ਮੌਲਾ ਦੇ ਰੰਗ ਨਿਆਰੇ ਨੇ ।

31. ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ

ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ,
ਜੇ ਮੈਂ ਖ਼ੁਸ਼ ਨਹੀਂ ਤੇ ਹੈਰਾਨ ਵੀ ਨਹੀਂ ।
ਮਾਲਾ ਫੇਰਨਾਂ, ਤਸਬੀਹ ਦਾ ਵਿਰਦ ਕਰਨਾਂ,
ਜੇ ਕੋਈ ਨਫ਼ਾ ਨਹੀਂ ਤੇ ਨੁਕਸਾਨ ਵੀ ਨਹੀਂ ।

ਮੰਨਾਂ ਮੂਰਤੀ, ਕਾਅਬੇ ਦੇ ਵੱਲ ਝੁਕਨਾਂ,
ਰਾਮ ਆਪਣਾ ਗ਼ੈਰ ਰਹਿਮਾਨ ਵੀ ਨਹੀਂ ।
ਜਦੋਂ ਖ਼ਿਆਲ ਆਉਂਦਾ ਉਹਦੀ ਬੰਦਗੀ ਦਾ,
ਰਹਿੰਦਾ ਨਹੀਂ ਹਿੰਦੂ, ਮੁਸਲਮਾਨ ਵੀ ਨਹੀਂ ।

ਉਹ ਖ਼ੁਦਾ ਮੇਰਾ, ਮੈਂ ਖ਼ੁਦਾਈ ਓਹਦੀ,
ਉਹਦੀ ਯਾਦ ਬਿਨ ਹੋਰ ਧਿਆਨ ਵੀ ਨਹੀਂ ।
‘ਦਾਮਨ’ ਪੀਵੇ ਸ਼ਰਾਬ ਤੇ ਕਰੇ ਸਜਦਾ,
ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ ।

32. ਪਿਆਰੇ ਸੱਜਣ ਹਦਾਇਤ ਨਸੀਬ ਵਾਲੇ

ਪਿਆਰੇ ਸੱਜਣ ਹਦਾਇਤ ਨਸੀਬ ਵਾਲੇ,
ਲਹੌਰਾ ਸਿੰਘ ਕੀ ਤੇ ਬਾਮੁਰਾਦ ਹਮਦਮ ।
ਮੌਲਾ ਬਖ਼ਸ਼ ਦਿੱਤਾ ਸ਼ਰਫ਼ ਵਿਚ ਸ਼ਾਇਰੀ,
ਤਦ ਹੀ ਵਿਚ ਪੰਜਾਬ ਉਸਤਾਦ ਹਮਦਮ ।

ਕਿਉਂ ਨਾ ਹੋਣ ਉਸਤਾਦ ਜਹਾਨ ਅੰਦਰ,
ਹੋਣ ਜਿਨ੍ਹਾਂ ਦੇ ਆਪ ਉਸਤਾਦ ਹਮਦਮ ।
ਨਕਸ਼-ਏ-ਕਦਮ ਹੋਏ ਦਾਮਨ ਹੋਏ ਹਮਦਮ,
ਧੰਨ ਭਾਗ ਰਵ੍ਹਾਂ ਵਿਚ ਯਾਦ ਹਮਦਮ ।

33. ਹੱਥ ਤੱਕੜੀ ਤੋਲਵੀਂ ਪਕੜ ਕਾਢੇ

ਹੱਥ ਤੱਕੜੀ ਤੋਲਵੀਂ ਪਕੜ ਕਾਢੇ,
ਸ਼ਾਇਰੀ ਤੋਲਦੇ ਰਹਿੰਦੇ ਨੇ ਬਹਿਰ ਅੰਦਰ ।
ਬੇਪਰਵਾਹ ਹੁੰਦਾ ਕਵੀ ਪਾਸਕੂ ਤੋਂ,
ਕਵਿਤਾ ਲਿਖਦਾ ਆਪਣੀ ਲਹਿਰ ਅੰਦਰ ।

ਓਸ ਵੇਲੇ ਜੇ ਓਸ ਨੂੰ ਖ਼ਬਰ ਹੋਵੇ,
ਕਾਇਨਾਤ ਦਾ ਹੁਸਨ ਸਮੇਟ ਲਏ ਉਹ,
ਕੌੜਾ ਲਿਖੇ ਤੇ ਦੁਨੀਆਂ ਹੋ ਜਾਏ ਕੌੜੀ,
ਏਨਾ ਅਸਰ ਹੁੰਦਾ ਉਹਦੇ ਜ਼ਹਿਰ ਅੰਦਰ ।

34. ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ

ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ,
ਭਲਾ ਓਸ ਦਰਵਾਜ਼ੇ ‘ਤੇ ਕੌਣ ਆਉਂਦਾ ।
ਲੱਗੇ ਕਦੇ ਕਦਾਈਂ ‘ਤੇ ਕੌਣ ਪੁੱਛੇ,
ਜ਼ਖ਼ਮ ਤਾਜ਼ੇ ਤੋਂ ਤਾਜ਼ੇ ‘ਤੇ ਕੌਣ ਆਉਂਦਾ ।

ਚੀਕਾਂ ਜਿਨ੍ਹਾਂ ਦੀਆਂ ਕੋਈ ਨਹੀਂ ਸੁਣਦਾ,
ਜੇ ਉਹ ਦੇਣ ਆਵਾਜ਼ੇ ‘ਤੇ ਕੌਣ ਆਉਂਦਾ ।
ਜੀਊਂਦੀ ਜਾਨ ਨਾ ਜਿਨ੍ਹਾਂ ਨੂੰ ਕੋਈ ਮਿਲਦਾ,
ਮੋਇਆਂ ਬਾਅਦ ਜਨਾਜ਼ੇ ‘ਤੇ ਕੌਣ ਆਉਂਦਾ ।

35. ਯਾਰ ਹੁੰਦੇ ਨੇ ਤਿੰਨ ਕਿਸਮ ਦੇ, ਵੱਖ ਵੱਖ ਪਛਾਣ ਦੇ

ਯਾਰ ਹੁੰਦੇ ਨੇ ਤਿੰਨ ਕਿਸਮ ਦੇ, ਵੱਖ ਵੱਖ ਪਛਾਣ ਦੇ ।
ਪਹਿਲੇ ਯਾਰ ਨੇ ਗੱਲੀਂ ਬਾਤੀਂ, ਦੂਜੇ ਭੁੱਖੇ ਖਾਣ ਦੇ ।
ਤੀਜੇ ਯਾਰ ਨੇ ਜਾਨੀ ਮੁਸ਼ਕਿਲ ਮਿਲਦੇ ਵਿਚ ਜਹਾਨ ਦੇ ।
ਪਹਿਲਾ ਮਿਲੇ ਤੇ ਗੱਲਾਂ ਬਾਤਾਂ, ਖ਼ਾਤਿਰ ਨਾਲ ਜ਼ੁਬਾਨ ਦੇ ।

ਦੂਜਾ ਮਿਲੇ ਤੇ ਛੇਤੀ ਕਰਦਾ, ਚਾਰੇ ਖਾਣ ਖੁਆਣ ਦੇ ।
ਜਾਨੀ ਯਾਰ ਨੂੰ ਆਪ ਮਿਲੀਂ ਤੂੰ ਝਗੜੇ ਛੱਡ ਨੁਕਸਾਨ ਦੇ ।
ਲੈਣਾ ਪਵੇ ਤੇ ਲੈ ਦਿਲ ਉਹਦਾ, ਦੇਣੀ ਪਵੇ ਤੇ ਜਾਨ ਦੇ ।
ਫਿਰ ਦੁਨੀਆਂ ਤੇਰੇ ਲਈ ਜੰਨਤ, ਆਖਾਂ ਨਾਲ ਇਮਾਨ ਦੇ ।

36. ਅਸਮਾਨਾਂ ‘ਤੇ ਬੱਦਲ ਹੋਏ

ਅਸਮਾਨਾਂ ‘ਤੇ ਬੱਦਲ ਹੋਏ,
ਚਿੱਟੇ ਚਿੱਟੇ ਕਾਲੇ ਕਾਲੇ ।
ਹਲਕੇ ਹਲਕੇ ਗੂਹੜੇ ਗੂਹੜੇ,
ਇਕ ਦੂਜੇ ਦੇ ਨਾਲੋ ਨਾਲੇ ।
ਅਸਮਾਨਾਂ ‘ਤੇ ਬੱਦਲ ਹੋਏ ।

ਚੜ੍ਹੇ ਬੱਦਲ ਤੇ ਪੈਂਦੇ ਹੌਲ,
ਮਸਤ ਹਾਥੀ ਗੋਲਾਂ ਦੇ ਗੋਲ ।
ਔਹ ਸੰਗਲ ਨੂੰ ਤੋੜੀਂ ਆਉਂਦੇ,
ਹਾਲੋ ਹਾਲ ਤੇ ਪਾਲੋ ਪਾਲੇ ।
ਅਸਮਾਨਾਂ ‘ਤੇ ਬੱਦਲ ਹੋਏ ।

ਵੱਡੀਆਂ ਵੱਡੀਆਂ ਹਿੱਕਾਂ ਵਾਲੇ,
ਮੋਟਿਆਂ ਮੋਟਿਆਂ ਡੌਲਿਆਂ ਵਾਲੇ ।
ਇਹ ਟਿੱਲੇ ਦੇ ਜੋਗੀ ਆਏ,
ਕਾਲੀਆਂ ਕਾਲੀਆਂ ਲਿਟਾਂ ਵਾਲੇ ।
ਅਸਮਾਨਾਂ ‘ਤੇ ਬੱਦਲ ਹੋਏ ।

ਇਹਨਾਂ ਵਿਚ ਗੜੇ ਬਥੇਰੇ,
ਇਹਨਾਂ ਵਿਚ ਬਿਜਲੀ ਦੇ ਡੇਰੇ ।
ਇਹਨਾਂ ਵਿਚ ਤੂਫ਼ਾਨ ਛੁਪੇ ਨੇ,
ਆਉਂਦੇ ਨੇ ਕਿਣਮਿਣ ਦੀ ਚਾਲੇ ।
ਅਸਮਾਨਾਂ ‘ਤੇ ਬੱਦਲ ਹੋਏ ।

ਅੱਗੇ ਈ ਪਾਣੀ ਚਾਰ ਚੁਫ਼ੇਰੇ,
ਉੱਤੋਂ ਬੱਦਲ ਹੋਏ ਘਨੇਰੇ ।
ਹੌਲੀਆਂ ਹੌਲੀਆਂ ਕੰਧਾਂ ਕੋਠੇ,
ਹਲਕੀਆਂ ਹਲਕੀਆਂ ਛੱਤਾਂ ਨਾਲੇ ।
ਅਸਮਾਨਾਂ ‘ਤੇ ਬੱਦਲ ਹੋਏ ।

ਕੁਝ ਬੰਦੇ ਬਿਨ ਨਹਾਤੇ ਧੋਤੇ,
ਘਰੋਂ ਨਿਕਲ ਕੇ ਬਾਹਰ ਖਲੋਤੇ ।
ਮੀਂਹ ਆਇਆ ਜੇ ਮੀਂਹ ਆਇਆ ਜੇ,
ਪੁੱਟਣ ਧਰਤੀ ਪਾਣ ਧਮਾਲੇ ।
ਅਸਮਾਨਾਂ ‘ਤੇ ਬੱਦਲ ਹੋਏ ।

ਕੁਝ ਖੇਤਾਂ ‘ਤੇ ਆਈ ਜਵਾਨੀ,
ਉੱਤੋਂ ਰਚ ਪਈ ਖੇਡ ਅਸਮਾਨੀ ।
ਕੋਈ ਚਾਰਾ ਨਾ ਕਰਦੇ ਦਿਸਦੇ,
ਕੀਹ ਮਾਲਿਕ ਤੇ ਕੀਹ ਰਖਵਾਲੇ ।
ਅਸਮਾਨਾਂ ‘ਤੇ ਬੱਦਲ ਹੋਏ ।

37. ਆਪੋ ਵਿਚ ਪਏ ਮਿਲਣੇ ਹਾਂ ਸ਼ੱਕ ਕੋਈ ਨਾ

ਆਪੋ ਵਿਚ ਪਏ ਮਿਲਣੇ ਹਾਂ ਸ਼ੱਕ ਕੋਈ ਨਾ,
ਪਰ ਉਹ ਮਿਲਣ ਮਿਲਾਣ ਦਾ ਦੱਖ ਨਾ ਰਿਹਾ ।
ਜੇਕਰ ਮੈਂ ਹਾਂ ਸੜ ਸੁਆਹ ਹੋਇਆ,
ਏਸ ਸੇਕ ਕੋਲੋਂ ਤੂੰ ਵੀ ਵੱਖ ਨਾ ਰਿਹਾ ।

ਲਓ ਆ ਗਿਆ ਚੈਨ ਬਨੇਰਿਆਂ ਨੂੰ,
ਜਦੋਂ ਆਲ੍ਹਣੇ ਮੇਰੇ ਦਾ ਕੱਖ ਨਾ ਰਿਹਾ ।

38. ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ

ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ,
ਜਿਹਨੇ ਮਾਰਿਆ, ਮਾਰਿਆ ਯਾਰ ਬਣ ਕੇ ।
ਜਿਹਨੂੰ ਕਲੀ ਗੁਲਾਬ ਦੀ ਸਮਝਿਆ ਸਾਂ,
ਮੇਰੇ ਦਿਲ ‘ਤੇ ਲੱਗਾ ਏ ਖਾਰ ਬਣ ਕੇ ।

ਜਿਹਦੀ ਚਹਿਕ ਤੋਂ ਜ਼ਿੰਦਗੀ ਵਾਰਦਾ ਸਾਂ,
ਉਹ ਸਾਹਮਣੇ ਆਇਆ ਤਲਵਾਰ ਬਣ ਕੇ ।
ਜਿਸਦੇ ਜੋਬਨ ਤੋਂ ਜ਼ਿੰਦਗੀ ਵਾਰ ਦਿੱਤੀ,
ਵਾਂਗ ਸੱਪ ਦੇ ਆਇਆ ਕਟਾਰ ਬਣ ਕੇ ।

39. ਮਣਾਂ ਮੂੰਹੀਂ ਹੈ ਏਸ ਦਾ ਭਾਰ ਹੁੰਦਾ

ਮਣਾਂ ਮੂੰਹੀਂ ਹੈ ਏਸ ਦਾ ਭਾਰ ਹੁੰਦਾ,
ਜਿਹੜੀ ਗੱਲ ਏ ਮਾਸਿਆਂ ਤੋਲਿਆਂ ਦੀ ।
ਸਭ ਕੁਝ ਦੇਖ ਤੇ ਮੂੰਹੋਂ ਨਾ ਕਹਿ ਕੁਝ ਵੀ,
ਆਦਤ ਪਾ ਕੇ ਗੁੰਗਿਆਂ ਬੋਲਿਆਂ ਦੀ ।

ਸੋਚ ਸਮਝ ਕੇ ਜੀਭ ਹਿਲਾਈ ਦੀ ਏ,
ਸਾਂਝੀ ਖਾਨ ਹੈ ਹੀਰਿਆਂ ਕੋਲਿਆਂ ਦੀ ।
ਸਿਆਹਕਾਰੀਆਂ ਨੇ ਕਾਲਾ ਮੂੰਹ ਕਰਨਾ,
ਸ਼ਰਮ ਰੱਖ ਲੈ ਚਿੱਟਿਆਂ ਧੌਲਿਆਂ ਦੀ ।

40. ਐਸਾ ਘਿਓ ਖਾਧਾ, ਖਾਧੇ ਗਏ ਸਾਰੇ

ਐਸਾ ਘਿਓ ਖਾਧਾ, ਖਾਧੇ ਗਏ ਸਾਰੇ,
ਛਾਤੀ ਵਿਚ ਵੜ ਗਈ, ਉੱਤੋਂ ਗਾਟਾ ਵੀ ਗਿਆ ।
ਨੰਗੇ ਪੈਰ ਗ਼ਰੀਬਾਂ ਦੇ ਬਾਲ ਫਿਰਦੇ,
ਸਸਤੇ ਵੇਚਦਾ ਸੀ ਬੂਟ ਬਾਟਾ ਵੀ ਗਿਆ ।

ਕੈਂਚੀ ਉਸਤਰੇ ਦੀ ਕਸ਼ਮਕਸ਼ ਅੰਦਰ,
ਦਾਹੜੀ ਬੰਦੇ ਦੀ ਬੁੱਢੀ ਦਾ ਝਾਟਾ ਵੀ ਗਿਆ ।

41. ਕੰਮ ਦੁਨੀਆਂ ਦੇ ਐਵੇਂ ਨਾ ਰਾਸ ਆਉਂਦੇ

ਕੰਮ ਦੁਨੀਆਂ ਦੇ ਐਵੇਂ ਨਾ ਰਾਸ ਆਉਂਦੇ,
ਇਹਨਾਂ ਵਾਸਤੇ ਦੁਖੜੇ ਜਰੀ ਦੇ ਨੇ ।
ਅੱਖੀਂ ਵੇਖ ਦਿਮਾਗ਼ ਨਾਲ ਪਰਖ ਕੇ ਤੇ,
ਦਿਲ ਲਾ ਕੇ ਤੇ ਹੱਥੀਂ ਕਰੀ ਦੇ ਨੇ ।

ਵਿਹੜੇ ਇਲਮ ਦੇ ਅਦਬ ਦੇ ਨਾਲ ਜਾਈਏ,
ਕਦਮ ਨਾਲ ਮੁਹੱਬਤਾਂ ਧਰੀ ਦੇ ਨੇ ।
ਜੇਕਰ ਦਿਲ ਨੂੰ ਇਲਮ ਦੀ ਪਿਆਸ ਹੋਵੇ,
ਬੱਸ ਮੁੱਦਤਾਂ ਤਕ ਪਾਣੀ ਭਰੀ ਦੇ ਨੇ ।

ਇਕ ਦਿਨ ਵਿਚ ਕਿਤੇ ਨਹੀਂ ਫਲ ਲਗਦਾ,
ਕਿਸਮਤ ਨਾਲ ਕਿਧਰੇ ‘ਦਾਮਨ’ ਭਰੀ ਦੇ ਨੇ ।

42. ਸ਼ਾਇਰ ਆਪਣੇ ਖ਼ਿਆਲਾਂ ‘ਚ ਰਹਿਣ ਵਾਲੇ

ਸ਼ਾਇਰ ਆਪਣੇ ਖ਼ਿਆਲਾਂ ‘ਚ ਰਹਿਣ ਵਾਲੇ,
ਡਿੱਗਣ ਅਰਸ਼ ਉੱਤੋਂ ਕਦੀ ਤੂਰ ਉੱਤੋਂ ।
ਸਭ ਨੂੰ ਵੇਖਦੇ, ਇਹਨਾਂ ਨੂੰ ਕੌਣ ਵੇਖੇ,
ਰੌਸ਼ਨ ਅੱਖਾਂ ਨੇ ਰੱਬ ਦੇ ਨੂਰ ਉੱਤੋਂ ।

ਚੰਗਾ ਸ਼ੇਅਰ ਜੇ ਹੋਵੇ ਤੇ ਤੋੜੀਆਂ ਨੇ,
ਫੈਜ਼ ਪਾਏ ਨੇ ਫੈਜ਼ ਗੰਜੂਰ ਉੱਤੋਂ ।
‘ਦਾਮਨ’ ਮਸਲਾ ਖੁਰਾਕ ਤੇ ਬਹਿਸ ਕਰਦੇ,
ਰੋਟੀ ਆਪ ਨੇ ਖਾਂਦੇ ਤੰਦੂਰ ਉੱਤੋਂ ।

43. ਦਿਲ ਦਾ ਭੇਤ ਲੁਕਾਵੇਂ ਕਿਉਂ

ਦਿਲ ਦਾ ਭੇਤ ਲੁਕਾਵੇਂ ਕਿਉਂ,
ਦਿਲ ਦੇ ਸੌ ਦਰਵਾਜ਼ੇ ।
ਹੱਡਾਂ ਦਾ ਖੌ ਬਣ ਜਾਏਗਾ,
ਨਹੀਂ ਸਨ ਇਹ ਅੰਦਾਜ਼ੇ ।

ਇਕ ਇਕ ਪਲ ਵਿਚ ਸੌ ਸੌ ਗੇੜੇ,
ਬਹਿਣ ਨਾ ਦੇਵੇ ਮੈਨੂੰ,
‘ਦਾਮਨ’ ਬੰਦ ਸੁ ਆਉਣਾ ਜਾਣਾ,
ਭੁਗਤੇ ਹੁਣ ਖਮਿਆਜ਼ੇ ।

44. ਢਿੱਡ ਵਿਚ ਰੋਟੀ, ਅੱਖੀਂ ਮਸਤੀ

ਢਿੱਡ ਵਿਚ ਰੋਟੀ, ਅੱਖੀਂ ਮਸਤੀ,
ਜੀਭਾਂ ਵਿਚ ਕਰਾਰਾਪਨ ।
ਦਿਲ ਨੂੰ ਸੁੰਞਾ ਕਰ ਜਾਂਦਾ ਏ,
ਮਾਲ ਮਤਾਅ ਦੁਨੀਆਂ ਦਾ ਧਨ ।

ਭੁੱਖਾ ਲਾਉਣ ਦਿਹਾੜੀ ਜਾਵੇ,
ਰੱਖੇ ਵਿਚ ਖ਼ਿਆਲਾਂ ਮਨ ।
ਰੱਜੇ ਪੁੱਜੇ ਨੂੰ ਆ ਜਾਂਦਾ,
ਤਾਅਨੇ ਮਿਹਣੇ ਦੇਣ ਦਾ ਫ਼ਨ ।

45. ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ

ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ,
ਉਹਦੀ ਲਾਸ਼ ਦਾ ਖੁਰਾ ਨਾ ਦਿਸਦਾ ਏ ।
ਵਿਚੋਂ ਵਿਚ ਹੀ ਜਾਨ ਹੈ ਨਿਕਲ ਜਾਂਦੀ,
ਵਗਦਾ ਖ਼ੂਨ ਨਾ ਫੱਟ ਈ ਰਿਸਦਾ ਏ ।

ਓਹਨੇ ਖ਼ਾਕ ਈ ਸਾਡੀ ਉਡਾ ਦੇਣੀ,
‘ਦਾਮਨ’ ਸਾਥ ਦਿੱਤਾ ਅਸਾਂ ਜਿਸ ਦਾ ਏ ।

46. ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ

ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ,
ਬੜਾ ਵੇਖਿਆ ਮੈਂ ਇਹਨੂੰ ਰੱਜ ਰੱਜ ਕੇ ।
ਇਹਨੂੰ ਜਿਧਰੋਂ ਠੋਕਰਾਂ ਪੈਂਦੀਆਂ ਨੇ,
ਇਹ ਤਾਂ ਓਧਰੇ ਜਾਂਦਾ ਈ ਭੱਜ ਭੱਜ ਕੇ ।

ਇੰਝ ਲੱਗਦਾ ਏ ਚਿੰਨੀ ਚਿੰਨੀ ਹੋਇਆ,
ਸ਼ੀਸ਼ਾ ਪੱਥਰਾਂ ਦੇ ਉੱਤੇ ਵੱਜ ਵੱਜ ਕੇ ।

47. ਮਤਾਂ ਅੱਕ ਕੇ ਵੱਟੇ ਦੇ ਨਾਲ ਠੋਕਾਂ

ਮਤਾਂ ਅੱਕ ਕੇ ਵੱਟੇ ਦੇ ਨਾਲ ਠੋਕਾਂ,
ਬਹੁਤਾ ਹਿੱਲ ਨਾ ਚਰਖੇ ਦੇ ਮੁੰਨਿਆਂ ਵੇ ।
ਤੂੰ ਏਂ ਸੇਕਿਆਂ ਫੁੱਲ ਕੇ ਲਾਲ ਹੋਣਾ,
ਜਦੋਂ ਛੱਟਿਆ ਪੀਸਿਆ ਗੁੰਨ੍ਹਿਆ ਵੇ ।

ਘੱਟੇ ਕੌਡੀਆਂ ਰੁਲੇਗੀ ਸ਼ਾਨ ਤੇਰੀ,
ਦਾਹੜੀ ਵਾਂਗ ਜਦ ਰਗੜ ਕੇ ਮੁੰਨਿਆਂ ਵੇ ।
ਉੱਚੀ ਬੋਲਨਾ ਏਂ ਬੀਂਡੇ ਦੇ ਵਾਂਗ ‘ਦਾਮਨ’,
ਕਿਸੇ ਕੰਧ ‘ਚ ਜਾਏਂਗਾ ਤੁੰਨਿਆਂ ਵੇ ।

48. ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ

ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।
ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।

ਰੰਗ ਰੰਗੀਲਾ ਛੈਲ ਛਬੀਲਾ
ਤੇਰਾ ਇਕ ਇਕ ਜੀ ।
ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।

ਹੋਰ ਸ਼ਹਿਰ ਕੀਹ ਤੇਰੇ ਅੱਗੇ ।
ਤੇਰੇ ਵਿਚ ਇਕ ਦੀਵਾ ਜਗੇ ।
ਮੋਹਰ ਜਿਥੇ ਵਲੀਆਂ ਨੂੰ ਲੱਗੇ ।
ਕਹਿਣ ਨੂੰ ਦਾਤਾ ਦੀ ਨਗਰੀ,
ਤੈਥੋਂ ਵਧ ਕੇ ਏਥੇ ਕੀਹ ।
ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।

ਰੁੱਤਾਂ ਆਵਣ ਵੇਲੇ ਵੇਲੇ ।
ਥਾਂ ਥਾਂ ਉੱਤੇ ਮੇਲੇ ਠੇਲੇ ।
ਅੱਠਾਂ ਦਿਨਾਂ ਵਿਚ ਨੌਂ ਨੌਂ ਮੇਲੇ ।
ਬੂਹੇ ਬੂਹੇ ਮੱਝਾਂ ਗਾਵਾਂ,
ਖਾ ਮੱਖਣ ਤੇ ਲੱਸੀਆਂ ਪੀ ।
ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।

ਚਾਰ ਚੁਫ਼ੇਰੇ ਫੁੱਲ ਪਏ ਮਹਿਕਣ ।
ਸੁਹਣੇ ਸੁਹਣੇ ਪੰਛੀ ਚਹਿਕਣ ।
ਤੈਨੂੰ ਵੇਖ ਫ਼ਰਿਸ਼ਤੇ ਸਹਿਕਣ ।
ਤੇਰੇ ਵਿਚ ਨੇ ਲਹਿਰਾਂ ਬਹਿਰਾਂ,
ਕਦੇ ਨਾ ਹੋਵੇ ਉੱਨੀ ਵੀਹ ।
ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।

ਜਾਨੀ ਜਾਨ ਏਂ ਦੂਰ ਤੋਂ ਲੰਘੇ ਦਾ ।
ਮਾਈ ਬਾਪ ਤੂੰ ਭੁੱਖੇ ਨੰਗੇ ਦਾ ।
ਰਖਵਾਲਾ ਸੋਹਣੇ ਝੰਡੇ ਦਾ ।
ਤੇਰੇ ਵਿਹੜੇ ਵੱਸਦੇ ਰੱਸਦੇ
ਹੱਸਣ ਖੇਡਣ ਪੁੱਤਰ ਧੀ ।
ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।

ਤੇਰਾ ਜੋਬਨ ਸ਼ੋਖ਼ ਜਵਾਨੀ ।
ਜ਼ਰ ਦੌਲਤ ਤੇ ਆਣੀ ਜਾਣੀ ।
ਸ਼ਹਿਰ ਸ਼ਹਿਰ ਵਿਚ ਪਵੇ ਕਹਾਣੀ ।
ਵੇਖਿਆ ‘ਦਾਮਨ’ ਲਹੌਰ ਨਾ ਜਿਸ ਨੇ
ਉਹਨੇ ਡਿੱਠਾ ਕੀਹ ।
ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ ।

49. ਜਿਥੇ ਗੂਹੜ ਬਹੁਤੀ ਓਥੇ ਫਿੱਕ ਪੈਂਦੀ

ਜਿਥੇ ਗੂਹੜ ਬਹੁਤੀ ਓਥੇ ਫਿੱਕ ਪੈਂਦੀ,
ਮਿੱਠੇ ਗੰਨੇ ਤੋਂ ਕੌੜੀ ਸ਼ਰਾਬ ਬਣਦੀ ।
ਅਲਫ਼ ਬੇ ਮੈਂ ਵੇਖੀ ਯਾਰਾਨਿਆਂ ਦੀ,
ਜਿਥੋਂ ਤਾਅਨਿਆਂ ਵਾਲੀ ਕਿਤਾਬ ਬਣਦੀ ।

ਜਿਹੜੀ ਗੱਲ ਸੀ ਘਰ ਆਬਾਦ ਕਰਦੀ,
ਓਹੀ ਵੇਖੀ ਏ ਖ਼ਾਨਾ ਖ਼ਰਾਬ ਕਰਦੀ ।
ਓਦੋਂ ਦਿਲ ਦੀਆਂ ਬੋਟੀਆਂ ਹੁੰਦੀਆਂ ਨੇ,
ਕੁੱਸੇ ਬੱਕਰੀ ਸੀਖ ਕਬਾਬ ਬਣਦੀ ।

50. ਬੁਲਬੁਲ ਪੁੱਛੇ ਫੁੱਲ ਦੇ ਕੋਲੋਂ

ਬੁਲਬੁਲ ਪੁੱਛੇ ਫੁੱਲ ਦੇ ਕੋਲੋਂ,
ਮੈਨੂੰ ਸਮਝ ਨਾ ਆਈ ।
ਤੂੰ ਬਣਦਾ ਏਂ ਹਾਰ ਗਲੇ ਦਾ,
ਮੈਂ ਫਸਦੀ ਵਿਚ ਫਾਹੀ ।

ਜ਼ੁਲਮ ਮਾਲੀ ਦਾ ਵੇਖ ਕੇ ਤੂੰ ਤੇ,
ਬੂਟੇ ਤੇ ਕੁਰਲਾਈ ।
‘ਕੱਲੀ ਜੀਭ ਹੈ ਤੇਰੀ ਉਹ ਵੀ,
ਤੇਰੇ ਵੱਸ ਨਾ ਕਾਈ ।

ਸੌ ਸੌ ਜੀਭਾਂ ਰੱਖ ਕੇ ਵੀ ਮੈਂ
ਰੱਖਨਾਂ ਭੇਤ ਲੁਕਾਈ ।

51. ਬੱਚਾ ਡਿੱਗਦਾ ਢਹਿੰਦਾ ਉੱਠਦਾ ਏ

ਬੱਚਾ ਡਿੱਗਦਾ ਢਹਿੰਦਾ ਉੱਠਦਾ ਏ,
ਡਿੱਗੇ ਢਹਿੰਦੇ ਹੀ ਟੁਰਨ ਦਾ ਢੰਗ ਆਵੇ ।
ਸ਼ੀਸ਼ਾ ਟੁੱਟਦਾ ਭੱਜਦਾ ਜੁੜਦਾ ਏ,
ਏਦੋਂ ਇੱਟ ਆਉਂਦੀ ਓਦੋਂ ਸੰਗ ਆਵੇ ।

ਓਦੋਂ ਜ਼ਿੰਦਗੀ ਦਾ ਮਜ਼ਾ ਆਂਵਦਾ ਏ,
ਫ਼ਾਕੇ ਮਸਤੀਆਂ ਤੇ ਜਦੋਂ ਰੰਗ ਆਵੇ ।
ਓਦੋਂ ਜੰਗਲਾਂ ਦੇ ਵੱਲ ਮੂੰਹ ਕਰਨਾਂ,
ਦਿਲ ਬਸਤੀਆਂ ਤੋਂ ਜਦੋਂ ਤੰਗ ਆਵੇ ।

ਮੇਰਾ ਦਿਲ ਹੁਸੀਨਾਂ ਦੇ ਹੱਥ ਆਇਆ,
ਜਿਵੇਂ ਮੁੰਡਿਆਂ ਹੱਥ ਪਤੰਗ ਆਵੇ ।
ਸੱਚਾ ਯਾਰ ਮੁਸੀਬਤ ‘ਚ ਕੰਮ ਆਵੇ,
ਆਵੇ ਦੀਪ ਤੇ ਜਿਵੇਂ ਪਤੰਗ ਆਵੇ ।

ਬਾਜ਼ੀ ਤੰਗ ਦਸਤੀ ਵਾਲੀ ਖਿੱਲਰੀ ਏ,
ਜਿਹੜਾ ਯਾਰ ਵੀ ਆਵੇ ਬਦਰੰਗ ਆਵੇ ।
ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ,
ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ ।

ਰਾਂਝਾ ਤਖ਼ਤ ਹਜ਼ਾਰਿਓਂ ਟੁਰੇ ਤੇ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਵੇ ।

52. ਓਧਰ ਹੱਦ ਕੋਈ ਨਹੀਂ ਰਹਿ ਗਈ ਰਹਿਮਤਾਂ ਦੀ

ਓਧਰ ਹੱਦ ਕੋਈ ਨਹੀਂ ਰਹਿ ਗਈ ਰਹਿਮਤਾਂ ਦੀ,
ਤੇ ਏਧਰ ਹੱਦ ਕੋਈ ਨਹੀਂ ਪਰੇਸ਼ਾਨੀਆਂ ਦੀ ।
ਇੱਥੇ ਜਿਉਂਦਿਆਂ ਦੇ ਕਫ਼ਣ ਸੀਪਦੇ ਨੇ,
ਚੱਦਰ ਇਸ ਤਰ੍ਹਾਂ ਵਿੱਛੀ ਏ ਪਾਣੀਆਂ ਦੀ ।

53. ਜਿੱਥੇ ਖ਼ੁਸ਼ੀ ਦੇ ਵਾਜੇ ਪਏ ਵੱਜਦੇ ਸਨ

ਜਿੱਥੇ ਖ਼ੁਸ਼ੀ ਦੇ ਵਾਜੇ ਪਏ ਵੱਜਦੇ ਸਨ,
ਓਥੇ ਹਸਰਤਾਂ ਦੇ ਦਾਗ਼ ਦਾਗ਼ ਰਹਿ ਗਏ ।
ਕਿਤੇ ਜ਼ਿੰਦਗੀ ਦੀ ਏਦਾਂ ਸ਼ਾਮ ਹੋਈ,
ਅੱਖਾਂ ਰਹੀਆਂ ਕਿ ਬੁਝੇ ਚਿਰਾਗ਼ ਰਹਿ ਗਏ ।

ਫਲ ਲੱਗਣੇ ਸਨ ਜਿਹੜੇ ਬੂਟਿਆਂ ਨੂੰ,
ਪਾਣੀ ਵਿੱਚ ਉਹ ਬਾਗ਼ ਦੇ ਬਾਗ਼ ਰਹਿ ਗਏ ।
ਉਹਨਾਂ ਟੱਬਰਾਂ ਦਾ ਰਿਹਾ ਕੁਝ ਵੀ ਨਹੀਂ,
ਜੇ ਕੁਝ ਰਿਹਾ ਤਬਾਹੀ ਦੇ ਦਾਗ਼ ਰਹਿ ਗਏ ।

54. ਇਕ ਮਾਂ ਨੂੰ ਪਕੜਦਾ ਪੁੱਤ ਰੁੜ੍ਹਿਆ

ਇਕ ਮਾਂ ਨੂੰ ਪਕੜਦਾ ਪੁੱਤ ਰੁੜ੍ਹਿਆ,
ਮਾਂ ਪੁੱਤਰ ਦਾ ਕਰਦੀ ਵਿਰਲਾਪ ਰਹਿ ਗਈ ।
ਅਜੇ ਡੋਲੀ ਦਾ ਰਾਹ ਨਾ ਹੋਇਆ ਮੈਲਾ,
ਇਕ ਆਪਣਾ ਫੜਦੀ ਸੁਹਾਗ ਰਹਿ ਗਈ ।

ਉਸ ਭੈਣ ਦੇ ਹਉਕੇ ਨਹੀਂ ਭੁੱਲਣਾ ਏਂ,
ਘੋੜੀ ਗਾਂਵਦੀ ਦੇ ਹੱਥ ਵਾਗ ਰਹਿ ਗਈ ।
ਉਹਦਾ ਮਾਲ ਡੰਗਰ ਕਿਤੇ ਨਹੀਂ ਲੱਭਦਾ,
ਇਕ ਚਾਟੀ ਨੂੰ ਲਾਂਵਦੀ ਜਾਗ ਰਹਿ ਗਈ ।

55. ਜਿੱਥੇ ਰਹਿਮਤਾਂ ਨੇ ਓਥੇ ਜ਼ਹਿਮਤਾਂ ਵੀ

ਜਿੱਥੇ ਰਹਿਮਤਾਂ ਨੇ ਓਥੇ ਜ਼ਹਿਮਤਾਂ ਵੀ,
ਏਨੀ ਗੱਲ ਤੇ ਸਮਝ ਸਮਝਾ ਮਰੀਏ ।
ਜਿੱਥੇ ਬੰਨ੍ਹ ਦਰਿਆਵਾਂ ਨੂੰ ਵੱਜਦੇ ਨਹੀਂ,
ਓਥੇ ਸੀਨੇ ਤੇ ਹਿੱਕਾਂ ਨੂੰ ਡਾਹ ਮਰੀਏ ।

ਸਿਰ ‘ਤੇ ਬਣੀ ਏ ਸੱਜਣਾਂ ਪਿਆਰਿਆਂ ਦੇ,
ਅਗਾਂਹ ਵਧ ਕੇ ਹੱਥ ਵੰਡਾ ਮਰੀਏ ।
ਕੀਹ ਤੱਕਣੀ ਆਸ ਬੇਗ਼ਾਨਿਆਂ ਦੀ,
ਹੱਥੀਂ ਆਪਣੀ ਖ਼ੈਰ ਕਮਾ ਮਰੀਏ ।

56. ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ

ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ,
ਸਾਰੀ ਉਮਰ ਹੀ ਰੋਂਦਿਆਂ ਕੱਟਣੀ ਏਂ ।
ਅਸਾਂ ਖ਼ਾਕ ਸੰਵਾਰਨਾ ਜ਼ਿੰਦਗੀ ਦਾ,
ਮਿੱਟੀ ਆਪਣੇ ਆਪ ਦੀ ਪੱਟਣੀ ਏਂ ।
ਹੱਥ ਕਹੀ ਬੁੜ੍ਹਾਪੇ ਦੀ ਪਕੜ ‘ਦਾਮਨ’,
ਜੜ੍ਹ ਆਪਣੇ ਆਪ ਹੀ ਪੱਟਣੀ ਏਂ ।

57. ਮੇਰਾ ਦਿਲ ਏਧਰ ਮੇਰਾ ਦਿਲ ਓਧਰ

ਮੇਰਾ ਦਿਲ ਏਧਰ ਮੇਰਾ ਦਿਲ ਓਧਰ,
ਸਿਰ ‘ਤੇ ਇਕ ਅਜ਼ਾਬ ਨੂੰ ਵੇਖਨਾਂ ਵਾਂ ।
ਬਿਖਰੇ ਵਰਕਿਆਂ ਦੀ ਹੋਈ ਜਿਲਦ ਬੰਦੀ,
ਮੈਂ ਇੱਕ ਖੁੱਲੀ ਕਿਤਾਬ ਨੂੰ ਵੇਖਨਾਂ ਵਾਂ ।

ਕੁੜੀਆਂ ਰੰਗ ਬਰੰਗੀਆਂ ਫਿਰਦੀਆਂ ਨੇ,
ਚਲਦੀ ਹੋਈ ਸ਼ਰਾਬ ਨੂੰ ਵੇਖਨਾਂ ਵਾਂ ।
ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ,
ਬੰਬੇ ਵਿੱਚ ਪੰਜਾਬ ਨੂੰ ਵੇਖਨਾਂ ਵਾਂ ।

58. ਏਥੇ ਇਨਕਲਾਬ ਆਵੇਗਾ ਜ਼ਰੂਰ

ਏਥੇ ਇਨਕਲਾਬ ਆਵੇਗਾ ਜ਼ਰੂਰ

ਸਾਡੇ ਹੱਥਾਂ ਦੀਆਂ ਰੇਖਾਂ
ਪੈਰਾਂ ਨਾਲ ਮੇਟਣ ਵਾਲਿਓ ।
ਓ ਮਖ਼ਮਲਾਂ ਤੇ ਰੇਸ਼ਮਾਂ ਦੇ
ਵਿਚ ਲੇਟਣ ਵਾਲਿਓ ।
ਓ ਦੋ ਦੋ ਹੱਥੀਂ ਦੌਲਤਾਂ ਨੂੰ
ਅੱਜ ਸਮੇਟਣ ਵਾਲਿਓ ।
ਓ ਲੁੱਟੇ ਪੁੱਟੇ ਹੋਇਆਂ ਦੀ
ਸਫ ਲਪੇਟਣ ਵਾਲਿਓ ।
ਕਰ ਲਿਆ ਕੋਠੀਆਂ ‘ਚ ਚਾਨਣ,
ਖੋਹ ਕੇ ਸਾਡੀ ਅੱਖੀਆਂ ਦਾ ਨੂਰ,
ਏਥੇ ਇਨਕਲਾਬ ਆਏਗਾ ਜ਼ਰੂਰ।

ਤੁਸੀਂ ਕੇਹੜੀ ਲੇਖਣੀ ਨਾਲ
ਸਾਡੇ ਲੇਖ ਲੇਖਣੇ ਚਾਹੁੰਦੇ ਹੋ
ਸਾਡੇ ਭਰਾਵਾਂ ਦੇ ਹੱਥੋਂ ਭਰਾ
ਮਰਦਿਆਂ ਵੇਖਣੇ ਚਾਹੁੰਦੇ ਹੋ
ਸਾਡੀਆਂ ਹੱਡੀਆਂ ਦੇ ਭਾਂਬੜ
ਬਲਦਿਆਂ ਸੇਕਣੇ ਚਾਹੁੰਦੇ ਹੋ
ਕਾਹਨੂੰ ਹਸ਼ਰ ਤੋਂ ਪਹਿਲਾਂ
ਫੂਕਣੇ ਸ਼ੁਰੂ ਕੀਤੇ ਜੇ ਤਨੂਰ
ਏਥੇ ਇਨਕਲਾਬ ਆਏਗਾ ਜ਼ਰੂਰ।

59. ਤੇਰੇ ਦੇਸ਼ ਅੰਦਰ ਦੀਵਾਰਾਂ ‘ਚ ਲਾਸ਼ਾਂ

ਤੇਰੇ ਦੇਸ਼ ਅੰਦਰ ਦੀਵਾਰਾਂ ‘ਚ ਲਾਸ਼ਾਂ,
ਬਾਗ਼ਾਂ ‘ਚ ਮੁਰਦੇ, ਬਾਜ਼ਾਰਾਂ ‘ਚ ਲਾਸ਼ਾਂ,
ਕਫ਼ਨ ਤੋਂ ਬਿਨਾਂ ਨੀ, ਹਜ਼ਾਰਾਂ ‘ਚ ਲਾਸ਼ਾਂ,
ਇਹ ਜਿਉਂਦੇ ਜੋ ਦਿਸਦੇ ਕਤਾਰਾਂ ‘ਚ ਲਾਸ਼ਾਂ,

ਇਹ ਜਾਨਾਂ ਜਵਾਨਾਂ, ਤੇਰੇ ਦੇਸ਼ ਦੀਆਂ,
ਇਹ ਸ਼ਾਨਾਂ ਜਵਾਨਾਂ ਤੇਰੇ ਦੇਸ਼ ਦੀਆਂ।
ਦਾਤਾ ਹੀ ਦੇਵੇ ਦਿਲਾਵੇਗਾ ਰੋਟੀ,
ਅੱਲ੍ਹਾ ਦਾ ਪਿਆਰਾ ਪੁਚਾਵੇਗਾ ਰੋਟੀ,
ਭੁੱਖੇ ਨੂੰ ਕੋਈ ਖਿਲਾਵੇਗਾ ਰੋਟੀ,
ਤੇ ਮੌਲਾ ਹੀ ਕਿਧਰੋਂ ਦਿਲਾਵੇਗਾ ਰੋਟੀ,

ਇਹ ਤਾਨਾਂ ਜਵਾਨਾਂ, ਤੇਰੇ ਦੇਸ਼ ਦੀਆਂ,
ਇਹ ਸ਼ਾਨਾਂ ਜਵਾਨਾਂ ਤੇਰੇ ਦੇਸ਼ ਦੀਆਂ।

60. ਦੌਲਤਮੰਦਾਂ ਦੇ ਸਦਾ ਨੇ ਬੰਦ ਬੂਹੇ

ਦੌਲਤਮੰਦਾਂ ਦੇ ਸਦਾ ਨੇ ਬੰਦ ਬੂਹੇ
ਤੇ ਗਰੀਬਾਂ ਦੇ ਬੂਹੇ ਨਾ ਬਾਰੀਆਂ ਨੇ ।
ਮਹੀਨੇ ਬਾਅਦ ਇੰਝ ਸੂਦ ਦਾ ਆਏ ਝੱਖੜ,
ਜਿਵੇਂ ਮੌਤ ਨੇ ਬਾਹਾਂ ਖਿਲਾਰੀਆਂ ਨੇ ।

ਫਿਰ ਹੈ ਉਮਰ ਖਿਤਾਬ ਦੀ ਲੋੜ ਸਾਨੂੰ,
ਚਾ ਫਰੰਗੀਆਂ ਨੇ ਮੱਤਾਂ ਮਾਰੀਆਂ ਨੇ ।
ਦਾਮਨ ਕਦ ਤੱਕ ਕਰਨਗੇ ਜ਼ੁਲਮ ਜ਼ਾਲਿਮ,
ਇਕ ਦਿਨ ਆਉਣੀਆਂ ਸਾਡੀਆਂ ਵਾਰੀਆਂ ਨੇ ।

61. ਦੁਨੀਆਂ ਹੁਣ ਪੁਰਾਣੀ ਏ, ਨਜ਼ਾਮ ਬਦਲੇ ਜਾਣਗੇ

ਦੁਨੀਆਂ ਹੁਣ ਪੁਰਾਣੀ ਏ, ਨਜ਼ਾਮ ਬਦਲੇ ਜਾਣਗੇ।
ਊਠ ਦੀ ਸਵਾਰੀ ਦੇ, ਮਕਾਮ ਬਦਲੇ ਜਾਣਗੇ।
ਅਮੀਰ ਤੇ ਗਰੀਬ ਦੇ, ਨਾਮ ਬਦਲੇ ਜਾਣਗੇ।
ਆਕਾ ਬਦਲੇ ਜਾਣਗੇ, ਗ਼ੁਲਾਮ ਬਦਲੇ ਜਾਣਗੇ।

ਸੁਲਤਾਨੀ ਬਦਲੀ ਜਾਏਗੀ, ਦਰਬਾਨੀ ਬਦਲੀ ਜਾਏਗੀ ।
ਤਾਜ਼ੀਰਾਤ-ਏ-ਹਿੰਦ ਦੀ, ਕਹਾਣੀ ਬਦਲੀ ਜਾਏਗੀ ।
ਦਾਨਾਈ ਵਿਚ ਹੁਣ ਨਹੀਂ, ਨਾਦਾਨੀ ਬਦਲੀ ਜਾਏਗੀ ।
ਇਕ ਇਕ ਫਰੰਗੀ ਦੀ, ਨਿਸ਼ਾਨੀ ਬਦਲੀ ਜਾਏਗੀ ।

ਕੋਠੀਆਂ ‘ਚ ਡਾਕੂਆਂ ਦੇ, ਡੇਰੇ ਬਦਲੇ ਜਾਣਗੇ ।
ਦਿਨੋਂ ਦਿਨੀਂ ਰਿਸ਼ਵਤਾਂ ਦੇ, ਗੇੜੇ ਬਦਲੇ ਜਾਣਗੇ ।
ਆਪੋ ਵਿਚ ਵੰਡੀਆਂ ਦੇ, ਘੇਰੇ ਬਦਲੇ ਜਾਣਗੇ ।
ਕਾਲਖਾਂ ਦੇ ਨਾਲ ਭਰੇ, ਚਿਹਰੇ ਬਦਲੇ ਜਾਣਗੇ ।

ਕਿਤਾਬ ਬਦਲੀ ਜਾਏਗੀ, ਮਜ਼ਮੂਨ ਬਦਲੇ ਜਾਣਗੇ ।
ਅਦਾਲਤ ਬਦਲੀ ਜਾਏਗੀ, ਕਾਨੂੰਨ ਬਦਲੇ ਜਾਣਗੇ।
ਦੌਲਤੇ ਬਦਲੇ ਜਾਣਗੇ ਤੇ ਨੂਨ ਬਦਲੇ ਜਾਣਗੇ ।
ਗਦਾਰਾਂ ਦੀਆਂ ਰਗਾਂ ਵਿੱਚੋਂ, ਖ਼ੂਨ ਬਦਲੇ ਜਾਣਗੇ।

62. ਸਟੇਜਾਂ ‘ਤੇ ਆਈਏ, ਸਿਕੰਦਰ ਹੋਈਦਾ ਏ

ਸਟੇਜਾਂ ‘ਤੇ ਆਈਏ, ਸਿਕੰਦਰ ਹੋਈਦਾ ਏ ।
ਸਟੇਜੋਂ ਉਤਰ ਕੇ ਕਲੰਦਰ ਹੋਈਦਾ ਏ ।
ਉਲਝੇ ਜੇ ਦਾਮਨ ਹਕੂਮਤ ਕਿਸੇ ਨਾਲ,
ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ ।

63. ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ

ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ,
ਹਰੀ ਭਰੀ ਇਹ ਬੰਜਰ ਜ਼ਮੀਨ ਹੋਵੇ ।
ਇਹਦੇ ਚਿਹਰੇ ਉੱਤੇ ਸੁਰਖੀ ਚਾਹੀਦੀ ਏ,
ਮੇਰੇ ਖ਼ੂਨ ਤੋਂ ਭਾਵੇਂ ਰੰਗੀਨ ਹੋਵੇ ।

ਖਾਨਾ-ਜੰਗੀ ਤੋਂ ਸਾਨੂੰ ਬਚਾ ਲਿਆ ਏ,
ਸਦਕੇ ਜਾਵਾਂ ਮੈਂ ਆਪਣੀ ਆਰਮੀ ਤੋਂ।
ਵਾਂਗ ਐਨਕ ਦੇ ਨੱਕ ‘ਤੇ ਬੈਠ ਕੇ ਤੇ,
ਦੋਵੇਂ ਕੰਨ ਫੜ ਲਏ ਨੇ ਆਦਮੀ ਦੇ ।

64. ਇਹ ਕੀਹ ਕਰੀ ਜਾਨਾਂ ਏਂ

ਇਹ ਕੀਹ ਕਰੀ ਜਾਨਾਂ ਏਂ,
ਇਹ ਕੀਹ ਕਰੀ ਜਾਨਾਂ ਏਂ ।

ਕਦੇ ਸ਼ਿਮਲੇ ਜਾਨਾਂ ਏਂ,
ਕਦੇ ਮਰੀ ਜਾਨਾਂ ਏਂ ।
ਲਾਹੀ ਖੇਸ ਜਾਨਾਂ ਏਂ,
ਖਿੱਚੀ ਦਰੀ ਜਾਨਾਂ ਏਂ ।

ਇਹ ਕੀਹ ਕਰੀ ਜਾਨਾਂ ਏਂ,
ਇਹ ਕੀਹ ਕਰੀ ਜਾਨਾਂ ਏਂ ।

ਧਸਾ ਧੱਸ ਜਾਨਾਂ ਏਂ,
ਧੁੱਸਾ ਧੂਸ ਜਾਨਾਂ ਏਂ ।
ਜਿਥੇ ਜਾਨਾਂ ਏਂ,
ਤੂੰ ਬਣ ਕੇ ਜਲੂਸ ਜਾਨਾਂ ਏਂ ।

ਇਹ ਕੀਹ ਕਰੀ ਜਾਨਾਂ ਏਂ,
ਇਹ ਕੀਹ ਕਰੀ ਜਾਨਾਂ ਏਂ ।

ਕਦੀ ਚੀਨ ਜਾਨਾਂ ਏਂ,
ਕਦੀ ਰੂਸ ਜਾਨਾਂ ਏਂ ।
ਬਣ ਕੇ ਤੂੰ ਅਮਰੀਕੀ
ਜਾਸੂਸ ਜਾਨਾਂ ਏਂ ।
ਉਡਾਈ ਕੌਮ ਦਾ ਤੂੰ
ਫਲੂਸ ਜਾਨਾਂ ਏਂ ।

ਇਹ ਕੀਹ ਕਰੀ ਜਾਨਾਂ ਏਂ,
ਇਹ ਕੀਹ ਕਰੀ ਜਾਨਾਂ ਏਂ ।

ਲਾਹੀ ਕੋਟ ਜਾਨਾਂ ਏਂ,
ਟੁੰਗੀ ਬਾਹਵਾਂ ਜਾਨਾਂ ਏਂ ।
ਬੜ੍ਹਕਾਂ ਮਾਰਦਾ ਏਂ
ਨਾਲੇ ਡਰੀਂ ਜਾਨਾਂ ਏਂ ।

ਇਹ ਕੀਹ ਕਰੀ ਜਾਨਾ ਏਂ,
ਇਹ ਕੀਹ ਕਰੀ ਜਾਨਾ ਏਂ ।

65. ਦਮਾਂ ਦਮ ਮਸਤ ਕਲੰਦਰ

ਦਮਾਂ ਦਮ ਮਸਤ ਕਲੰਦਰ
ਦਮਾਂ ਦਮ ਮਸਤ ਕਲੰਦਰ

ਏਹ ਦੌਰ ਅਵਾਮੀ ਆਇਆ ਏ
ਕੇਹ ਸਿਖਿਆ ਕੇਹ ਸਿਖਾਇਆ ਏ
ਗਿਣ ਗਿਣ ਕੇ ਛੁਰੀਆਂ ਖੰਜਰ
ਕੇਹੜਾ ਬਾਹਰ ਤੇ ਕੇਹੜਾ ਅੰਦਰ
ਦਮਾਂ ਦਮ ਮਸਤ ਕਲੰਦਰ

ਇਕ ਮੁੱਲਾਂ ਕੌਸਰ ਨਿਆਜ਼ੀ
ਉਂਜ ਤੇ ਹਾਜ਼ੀ ਪਾਕ ਨਿਮਾਜ਼ੀ
ਨਾ ਸਿਰ ਖਾਨਾ ਨੀਮ ਪਿਆਜ਼ੀ
ਨਾ ਮੂਲੀ ਨਾ ਲਾਲ ਚਕੰਦਰ
ਦਮਾਂ ਦਮ ਮਸਤ ਕਲੰਦਰ

ਸੱਚ ਦੀ ਗੱਲ ਕਰਨ ਤੋਂ ਔਖੇ
ਜੀਣ ਤੋਂ ਔਖੇ ਮਰਨ ਤੋਂ ਔਖੇ
ਇਹ ਭੁਟੋ ਇਨਸਾਫ਼ ਦਾ ਮੰਦਰ
ਰਾਣੀ ਬਾਹਰ ਤੇ ਰਾਣਾ ਅੰਦਰ
ਦਮਾਂ ਦਮ ਮਸਤ ਕਲੰਦਰ
ਦਮਾਂ ਦਮ ਮਸਤ ਕਲੰਦਰ ।

66. ਸੁਣ ਜਾ ਜਾਂਦਿਆ ਜਾਂਦਿਆ ਰਾਹੀਆ

ਸੁਣ ਜਾ ਜਾਂਦਿਆ ਜਾਂਦਿਆ ਰਾਹੀਆ,
ਗਿਆ ਆਯੂਬ ਤੇ ਫਸ ਗਿਆ ਯਾਹੀਆ।
ਬੰਦ ਨੇ ਕੰਮ ਤੇ ਗਾਓ ਮਾਹੀਆ,
ਜੀਓ ਮੇਰਿਆ ਢੋਲ ਸਿਪਾਹੀਆ।

67. ਸਾਡੇ ਦੇਸ਼ ‘ਚ ਮੌਜਾਂ ਈ ਮੌਜਾਂ

ਸਾਡੇ ਦੇਸ਼ ‘ਚ ਮੌਜਾਂ ਈ ਮੌਜਾਂ
ਚਾਰੇ ਪਾਸੇ ਫ਼ੌਜਾਂ ਈ ਫ਼ੌਜਾਂ।
ਲੱਖਾਂ ਬੰਦੇ ਕੈਦੀ ਹੋ ਕੇ,
ਅੱਧਾ ਦੇਂਦੇ ਮੁਲਕ ਗੁਆ ।
ਵਾਹ ਬਈ ਵਾਹ ਜਨਰਲ ਜ਼ੀਯਾ ।
ਕੌਣ ਕਹੇ ਤੈਨੂੰ ਏਥੋਂ ਜਾ ।

68. ਮੇਰੇ ਮੁਲਕ ਦੇ ਦੋ ਖ਼ੁਦਾ

ਮੇਰੇ ਮੁਲਕ ਦੇ ਦੋ ਖ਼ੁਦਾ,
ਲਾ ਇੱਲਾ ਤੇ ਮਾਰਸ਼ਲ ਲਾਅ।
ਇਕ ਰਹਿੰਦਾ ਏ ਅਰਸ਼ਾਂ ਉੱਤੇ,
ਦੂਜਾ ਰਹਿੰਦਾ ਫਰਸ਼ਾਂ ਉਤੇ।

ਉਹਦਾ ਨਾਂ ਏ ਅੱਲ੍ਹਾ ਮੀਆਂ,
ਇਹਦਾ ਨਾਂ ਏ ਜਨਰਲ ਜ਼ੀਯਾ।
ਵਾਹ ਬਈ ਵਾਹ ਜਨਰਲ ਜ਼ੀਯਾ,
ਕੌਣ ਕਹਿੰਦਾ ਤੈਨੂੰ ਏਥੋਂ ਜਾ ।

69. ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ

ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ,
ਨਾ ਹੀ ਗੀਤਾ ਨਾਲ ਕੁਰਆਨ ਦੀ ਏ ।
ਨਹੀਂ ਕੁਫਰ ਇਸਲਾਮ ਦਾ ਕੋਈ ਝਗੜਾ,
ਸਾਰੀ ਗੱਲ ਇਹ ਨਫ਼ੇ ਨੁਕਸਾਨ ਦੀ ਏ ।

70. ਲਟਕ ਦੇਸ ਦੀ ਸਦਾ ਹੈ ਲਟਕ ਮੈਨੂੰ

ਲਟਕ ਦੇਸ ਦੀ ਸਦਾ ਹੈ ਲਟਕ ਮੈਨੂੰ,
ਕਰਨਾਂ ਲਟਕਦੀ ਲਟਕਦੀ ਲਟਕਦੀ ਗੱਲ ।
ਜਿਹਨੂੰ ਫਟਕ ਹੋਵੇ ਉਹ ਵੀ ਫਟਕ ਉਠੇ,
ਮੇਰੀ ਫਟਕਦੀ ਫਟਕਦੀ ਫਟਕਦੀ ਗੱਲ ।

ਦੁਸ਼ਮਣ ਮਾਰ ਕੇ ਝਟਕ ਨਾ ਝਟਕ ਮਾਰੇ,
ਝਟਕ ਜਾਏ ਨਾ ਝਟਕਦੀ ਝਟਕਦੀ ਗੱਲ ।
‘ਦਾਮਨ’ ਫਟਕ ਵਾਲਾ ਮੇਰੀ ਫਟਕ ਸਮਝੇ,
ਕਿਉਂਕਿ ਫਟਕਦੀ ਫਟਕਦੀ ਫਟਕਦੀ ਗੱਲ ।

71. ਚਾਲਬਾਜ਼ ਨੇ ਆਪਣੀ ਚਾਲ ਅੰਦਰ

ਚਾਲਬਾਜ਼ ਨੇ ਆਪਣੀ ਚਾਲ ਅੰਦਰ,
ਜੋ ਜੋ ਚਾਲ ਚੱਲੀ ਗੋਲ ਮੋਲ ਚੱਲੀ ।
ਚੱਲਦੀ ਰਹੀ, ਚੱਲ ਕੇ ਰਹੀ, ਖ਼ੂਬ ਚੱਲੀ,
ਚੱਲੀ ਚਾਲ ਤੇ ਚਾਲ ਅਡੋਲ ਚੱਲੀ ।

ਇਹ ਵੀ ਦੌਰ ਹੁਣ ਚੱਲਿਆ ਜਾਪਦਾ ਏ,
ਗੌਰਮਿੰਟ ਬਰਤਾਨੀਆ ਡੋਲ ਚੱਲੀ ।
ਪਿੱਸੂ ਪਏ ਐਸੇ, ਤੋਤੇ ਉੱਡ ਗਏ ਨੇ,
ਪੇਂਜਾ ਸੌਂ ਗਿਆ ਤੇ ਬਿੰਬ ਬੋਲ ਚੱਲੀ ।

72. ਪਿੰਜਰੇ ਵਿਚ ਇਕ ਤੋਤੇ ਨੂੰ ਪੁੱਛਿਆ ਮੈਂ

ਪਿੰਜਰੇ ਵਿਚ ਇਕ ਤੋਤੇ ਨੂੰ ਪੁੱਛਿਆ ਮੈਂ,
ਤੇਰੀ ਜ਼ਿੰਦਗੀ ਵਿਚ ਜ਼ਿੰਦਾਨ ਬੰਦ ਏ ।
ਗਿਆ ਗੁਜ਼ਰਿਆ ਗੁਜ਼ਰਿਆ ਜਾਪਨਾ ਏਂ,
ਤੇਰੀ ਕਿਸੇ ਤੇ ਗੁਜ਼ਰ ਗੁਜ਼ਰਾਨ ਬੰਦ ਏ ।

ਤੋਤਾ ਹੱਸਿਆ, ਹੱਸ ਕੇ ਕਹਿਣ ਲੱਗਾ,
ਅੱਛਾ ਤੇਰਾ ਵੀ ਕਿਧਰੇ ਧਿਆਨ ਬੰਦ ਏ ।
ਮੇਰੇ ਜਿਹਾ ਹੋ ਕੇ ਜੇ ਤੂੰ ਗੱਲ ਕਰਦੋਂ,
ਮੈਂ ਸਮਝਦਾ ਅਕਲ ‘ਚ ਤਾਨ ਬੰਦ ਏ ।

ਮੈਂ ਗ਼ੁਲਾਮ ਹਾਂ ਇਕ ਦਾ ਗੱਲ ਕੋਈ ਨਾ,
ਤੇਰੇ ਲੱਖਾਂ ਕਰੋੜਾਂ ਦਾ ਮਾਨ ਬੰਦ ਏ ।
ਖ਼ੁਦ ਗ਼ੁਲਾਮ ਤੇ ਕਈਆਂ ਨੂੰ ਨਾਲ ਕੀਤਾ,
ਤੇਰੇ ਜਹੇ ਹਿੰਦੀ ਹਿੰਦੋਸਤਾਨ ਬੰਦ ਏ ।

ਇਹ ਮੈਂ ਮੰਨਨਾਂ ਇਹਦੇ ਵਿਚ ਸ਼ੱਕ ਕੋਈ ਨਾ,
ਕਤਰੇ ਪਾਣੀ ‘ਚ ਇਕ ਤੂਫ਼ਾਨ ਬੰਦ ਏ ।
ਪਿੰਜਰੇ ਵਿਚ ਮੈਂ ਪਿਆ ਆਜ਼ਾਦ ਬੋਲਾਂ,
ਤੂੰ ਆਜ਼ਾਦ ਏਂ ਤੇਰੀ ਜ਼ੁਬਾਨ ਬੰਦ ਏ ।

‘ਦਾਮਨ’ ਮਰਦ ਏਂ ਵਿਚ ਮੈਦਾਨ ਆ ਜਾ,
ਕਰਦੇ ਜ਼ਾਹਿਰ ਜੋ ਦਿਲੀ ਅਰਮਾਨ ਬੰਦ ਏ ।

73. ਇਸ ਧਰਤੀ ਨੂੰ ਜਿੰਨਾ ਫੋਲੋ

ਇਸ ਧਰਤੀ ਨੂੰ ਜਿੰਨਾ ਫੋਲੋ,
ਅੱਗੇ ਆਵੇ ਅੱਗ ।
ਮੁੱਦਤਾਂ ਹੋਈਆਂ ਸੂਰਜ ਏਥੇ
ਬਰਸਾਵੇ ਪਿਆ ਅੱਗ ।

ਪਹਾੜਾਂ ਵਿਚੋਂ ਲਾਵੇ ਉਗਸਣ,
ਇਹਨਾਂ ਦੇ ਵਿਚ ਅੱਗ ।
ਕੀਹ ਬਣੇਗਾ ਧਰਤ ਦਾ ਜਿਥੇ,
ਬੰਦਾ ਬੰਦਾ ਅੱਗ ।

74. ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ

ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ,
ਸਾਂਝਾਂ ਏਸ ਜਹਾਨ ਦੀਆਂ ।
ਮਿੱਟੀ ਦੇ ਵਿਚ ਮਿੱਟੀ ਹੋਈਆਂ,
ਸਾਂਝਾਂ ਸਭ ਇਨਸਾਨ ਦੀਆਂ ।

ਚਲੋ ਜੇ ਸਾਂਝਾਂ ਪਿਆਰ ਦੀਆਂ ਨਹੀਂ,
ਨਾ ਇਹ ਜਿੰਦ ਤੇ ਜਾਨ ਦੀਆਂ ।
‘ਦਾਮਨ’ ਇਹ ਤੇ ਰਹਿਣ ਦਿਓ,
ਕੁਝ ਸਾਂਝਾਂ ਰਹਿਣ ਜ਼ੁਬਾਨ ਦੀਆਂ ।

75. ਇਹਨੂੰ ਪਤਾ ਨਹੀ ਇਹਨੇ ਕੀ ਕਹਿਣਾ

ਇਹਨੂੰ ਪਤਾ ਨਹੀ ਇਹਨੇ ਕੀ ਕਹਿਣਾ,
ਕੀਹ ਕੁਝ ਕਹਿੰਦਾ ਜਾਂਦਾ ਏ, ਜਦੋਂ ਕਹਿਣ ਲੱਗਦਾ ਏ ।
ਏਥੇ ਗੰਜਾ ਕਤੂਰਾ ਵੀ ਆਖਦਾ ਏ,
ਮੈਂ ਉਹ ਚੰਨ ਨਹੀਂ, ਜਿਹਨੂੰ ਗ੍ਰਹਿਣ ਲੱਗਦਾ ਏ ।

ਪੀਰਜ਼ਾਦੇ ਨੂੰ ਮਸਤੀਆਂ ਆਉਂਦੀਆਂ ਨੇ,
ਭੁੱਟੋ ਸੁਹਣਾ ਮੁੰਡਾ ਜਦੋਂ ਕਹਿਣ ਲੱਗਦਾ ਏ ।
ਮਿਲਾ ਵਿਸਕੀ ਉਹਦੇ ਭਰ ਭਰ ਜਾਮ ਪੀਂਦਾ ਏ,
ਜਦੋਂ ਪੀਂਦਾ ਪੀਂਦਾ ਢਹਿਣ ਲੱਗਦਾ ਏ ।

ਇਹ ਆਪ ਵੀ ਤਾੜੀਆਂ ਮਾਰਦਾ ਏ,
ਇਸ ਖ਼ਿਲਾਫ਼ ਜਦੋਂ ਰੌਲਾ ਪੈਣ ਲੱਗਦਾ ਏ ।
ਇਹ ਬੋਲਦਾ ਬੋਲਦਾ ਤੁਰੀ ਜਾਂਦਾ ਏ,
ਉਦੋਂ ਉੱਠ ਪੈਂਦਾ ਜਦੋਂ ਬਹਿਣ ਲੱਗਦਾ ਏ ।

76. ਜ਼ਿੰਦਾਬਾਦ ਓ ਪਾਕਿਸਤਨ

ਜ਼ਿੰਦਾਬਾਦ ਓ ਪਾਕਿਸਤਨ ।

ਚੀਜੀ ਮੰਗਣ ਬਾਲ ਅੰਞਾਣੇ,
ਮੂੰਹ ਵਿਚ ਪਾਂਦੇ ਵੇਖ ਸਿਆਣੇ ।
ਰੇਡੀਓ ਉੱਤੋਂ ਸੁਣੋ ਕੱਵਾਲੀ,
ਅੱਲਾ ਰਾਖਾ ਪੰਜ ਤਨ ਵਾਲੀ ।
ਜਿਧਰ ਵੇਖੋ ਸਿਗਰਟ ਪਾਨ ।
ਜ਼ਿੰਦਾਬਾਦ ਓ ਪਾਕਿਸਤਨ ।

ਚਰਸ ਅਫ਼ੀਮ ਦੇ ਠੇਕੇ ਖੁੱਲ੍ਹੇ,
ਪੀਓ ਖਾਓ ਲੁੱਟੋ ਬੁੱਲੇ ।
ਪਾਣੀ ਪਾ ਦਿਓ ਆਪਣੇ ਚੁਲ੍ਹੇ,
ਸੌਂ ਜਾਓ ਲੈ ਉੱਤੇ ਜੁੱਲੇ ।
ਜਗਹ ਜਗਹ ‘ਤੇ ਛੋਲੇ ਨਾਨ ।
ਜ਼ਿੰਦਾਬਾਦ ਓ ਪਾਕਿਸਤਨ ।

ਬੂਹੇ ਬੰਦ ਮਸੀਤਾਂ ਦੇ ਨੇ,
ਮੁੱਲਾਂ ਮਾਰੇ ਨੀਤਾਂ ਦੇ ਨੇ ।
ਝਗੜੇ ਪਏ ਹੋਏ ਰੀਤਾਂ ਦੇ ਨੇ,
ਪਾਕਾਂ ਨਾਲ ਪਲੀਤਾਂ ਦੇ ਨੇ ।
ਡੰਗੋਂ ਡੰਗ ਹੋਏ ਇਨਸਾਨ ।
ਜ਼ਿੰਦਾਬਾਦ ਓ ਪਾਕਿਸਤਨ ।

ਸੁੰਨੀਆਂ ਵੱਲੋਂ ਹੋਇਆ ਐਲਾਨ,
ਵਹਾਬੀ ਹੋ ਗਿਆ ਕੁੱਲ ਜਹਾਨ ।
ਕਿਥੇ ਤੁਰ ਗਈ ਅੱਜ ਪਛਾਣ,
ਜੋ ਬੋਲੇ ਸੋ ਨਾ ਫ਼ਰਮਾਨ ।
ਵੱਖਰੋ ਵੱਖਰੀ ਲੱਗੇ ਤਾਨ ।
ਜ਼ਿੰਦਾਬਾਦ ਓ ਪਾਕਿਸਤਨ ।

ਸਾਡੇ ਮੁਲਕ ਦੇ ਨੌਜਵਾਨ,
ਭੰਗੀ ਚਰਸੀ ਤੇ ਭਲਵਾਨ ।
ਫ਼ੈਸ਼ਨ ਹੈ ਇਹਨਾਂ ਦੀ ਜਾਨ,
ਗੀਤ ਹਿਜਰ ਦੇ ਗਾਉਂਦੇ ਜਾਣ ।
ਮਿੱਟੀ ਰੋਲਦੇ ਅਪਣੀ ਸ਼ਾਨ ।
ਜ਼ਿੰਦਾਬਾਦ ਓ ਪਾਕਿਸਤਨ ।

77. ਪਾਕਿਸਤਾਨ ਦੀ ਅਜਬ ਏ ਵੰਡ ਹੋਈ

ਪਾਕਿਸਤਾਨ ਦੀ ਅਜਬ ਏ ਵੰਡ ਹੋਈ,
ਥੋਹੜਾ ਏਸ ਪਾਸੇ ਥੋਹੜਾ ਓਸ ਪਾਸੇ ।
ਕੀ ਇਹਨਾਂ ਜਰਾਹਾਂ ਇਲਾਜ ਕਰਨਾ,
ਮਰਹਮ ਏਸ ਪਾਸੇ ਫੋੜਾ ਓਸ ਪਾਸੇ ।

ਅਸਾਂ ਮੰਜ਼ਿਲ ਮਕਸੂਦ ‘ਤੇ ਪਹੁੰਚਣਾ ਕੀਹ,
ਟਾਂਗਾ ਏਸ ਪਾਸੇ ਘੋੜਾ ਓਸ ਪਾਸੇ ।
ਏਥੇ ਗ਼ੈਰਤ ਦਾ ਕੀ ਨਿਸ਼ਾਨ ਦਿਸੇ,
ਜੋੜਾ ਏਸ ਪਾਸੇ ਜੋੜਾ ਓਸ ਪਾਸੇ ।

78. ਪੰਛੀ ਕੈਦ ਹੋਇਆ ਇਕ ਮੁੱਦਤਾਂ ਦਾ

ਪੰਛੀ ਕੈਦ ਹੋਇਆ ਇਕ ਮੁੱਦਤਾਂ ਦਾ,
ਇਹ ਆਜ਼ਾਦ ਓਟੇ ਓਟੇ ਹੋ ਜਾਏਗਾ ।
ਜਦ ਉੱਡਿਆ ਕਰੇਗਾ ਸੈਰ ਸਾਰੀ,
ਚਰਚਾ ਏਸ ਦਾ ਪੋਟੇ ਪੋਟੇ ਹੋ ਜਾਏਗਾ ।

ਇਹਦੇ ਪਰ ਪੁਰਾਣੇ ਨੇ ਫੜਕ ਉੱਠੇ,
ਟੁਕੜੇ ਇਹ ਛੋਟੇ ਛੋਟੇ ਹੋ ਜਾਏਗਾ ।
ਜੇ ਸ਼ਿਕਾਰੀ ਨੇ ‘ਦਾਮਨ’ ਨੂੰ ਛੱਡਿਆ ਨਾ,
ਉਹਦਾ ਪਿੰਜਰਾ ਟੋਟੇ ਟੋਟੇ ਹੋ ਜਾਏਗਾ ।

79. ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ

ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ,
ਜੇਕਰ ਬੋਲਣ ਨਹੀਂ ਦੇਂਦਾ ਤਾਂ ਫੜਕਣ ਤੇ ਦੇ ।
ਜਿਹੜੇ ਤੀਰ ਤੂੰ ਮਾਰੇ ਨੇ ਵਿਚ ਸੀਨੇ,
ਜੇਕਰ ਕੱਢਣ ਨਹੀਂ ਦੇਂਦਾ ਤਾਂ ਰੜਕਣ ਤੇ ਦੇ ।

ਹੋ ਸਕਦਾ ਏ ਹਲਚਲ ਮਚਾ ਦੇਵੇ,
ਮੇਰੇ ਦਿਲ ਦੀ ਧੜਕਣ ਨੂੰ ਧੜਕਣ ਤੇ ਦੇ ।
‘ਦਾਮਨ’ ਖੁੱਸ ਗਏ ਪਰ, ਹੈ ਜੀਭ ਬਾਕੀ,
ਕੁਝ ਕਹਿਣ ਦੇ ਬੁੱਲ੍ਹਾਂ ਨੂੰ ਸੜਕਣ ਤੇ ਦੇ ।

80. ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ

ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ,
ਲੁੱਟ ਮਾਰ ਦੇ ਏਥੇ ਅਸੂਲ ਵੱਖਰੇ ।
ਸਦਕੇ ਜਾਂ ਮੈਂ ਆਪਣੇ ਤਾਜਰਾਂ ਦੇ,
ਇਹਨਾਂ ਘੜੇ ਤਰੀਕੇ ਅਸੂਲ ਵੱਖਰੇ ।

ਟਰਾਂਸਪੋਰਟਰਾਂ ਵੱਖਰੀ ਅੱਤ ਚਾਈ,
ਦੇਂਦੇ ਜਾਣ ਕਿਰਾਏ ਨੂੰ ਤੂਲ ਵੱਖਰੇ ।
ਜ਼ੋਰਦਾਰ ਨਾ ਟੈਕਸ ਅਦਾ ਕਰਦੇ,
ਤੇ ਵਡੇਰੇ ਲਗਾਨ ਮਹਿਸੂਲ ਵੱਖਰੇ ।

81. ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ

ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ,
ਦੇਸ ਤਾਈਂ ਦਿਲਗੀਰ ਨਹੀਂ ਹੋਣ ਦੇਣਾ ।
ਹਰ ਮਜ਼ਦੂਰ ਇਸ ਧਰਤੀ ਦਾ ਸ਼ਹਿਨਸ਼ਾਹ ਏ,
ਸ਼ਾਹ ਤਾਈਂ ਫ਼ਕੀਰ ਨਹੀਂ ਹੋਣ ਦੇਣਾ ।

ਸਾਡਾ ਮਾਲ ਲੈ ਜਾ ਕੇ ਸ਼ੂਕਦੇ ਨੇ,
ਅੰਬ ਦਾ ਬੂਟਾ ਕਰੀਰ ਨਹੀਂ ਹੋਣ ਦੇਣਾ ।
ਆਪਣੀ ਜਾਨ ਕੁਰਬਾਨ ਤੇ ਕਰ ਦਿਆਂਗੇ,
‘ਦਾਮਨ’ ਲੀਰੋ ਲੀਰ ਨਹੀਂ ਹੋਣ ਦੇਣਾ ।

82. ਮੇਰੇ ਦੁੱਖਾਂ ਨੂੰ ਜਾਣਦੇ ਹੈਣ ਸਾਰੇ

ਮੇਰੇ ਦੁੱਖਾਂ ਨੂੰ ਜਾਣਦੇ ਹੈਣ ਸਾਰੇ,
ਵੰਡਦੇ ਦਰਦ ਨਹੀਂ, ਇਹਦਾ ਹਿਸਾਬ ਹੋਣਾ ।
ਪੁੱਛਣ ਵਾਲੇ ਜਦ ਪੁੱਛਣ ਆਣ ਕੇ ਤੇ,
ਏਸ ਸਵਾਲ ਦਾ ਨਹੀਂ ਜਵਾਬ ਹੋਣਾ ।

ਧੱਕੇ ਅਮਨ ਨੂੰ ਮਾਰਦੇ ਜਾ ਰਹੇ ਨੇ,
ਅੱਗੇ ਕੀਹ ਹੋਣਾ, ਇਨਕਲਾਬ ਹੋਣਾ ।
ਲੱਭਣਾ ਕੋਈ ਜਵਾਬ ਨਹੀਂ ਫੇਰ ‘ਦਾਮਨ’,
ਹਰ ਇਕ ਜ਼ਾਲਿਮ ਦਾ ਖ਼ਾਨਾ ਖ਼ਰਾਬ ਹੋਣਾ ।

83. ਕੁਝ ਔਹ ਗਏ, ਕੁਝ ਅਹਿ ਬੈਠੇ

ਕੁਝ ਔਹ ਗਏ, ਕੁਝ ਅਹਿ ਬੈਠੇ,
ਕੁਝ ਕਰੀ ਧਾਵਾ ਅਜੇ ਆਉਂਦੇ ਨੇ ।
ਲੈਟਰ ਬਕਸ ਹਕੂਮਤ ਬਰਤਾਨੀਆ ਦੇ,
ਪਹਿਲੇ ਤਾਰ ਤੋਂ ਖ਼ਬਰ ਪਹੁੰਚਾਉਂਦੇ ਨੇ ।

ਲੀਕਾਂ ਐਵੇਂ ਨਾ ਮਾਰਦੇ ਕਾਗ਼ਜ਼ਾਂ ਤੇ,
ਲੀਕਾਂ ਆਪਣੇ ਦੇਸ ਨੂੰ ਲਾਉਂਦੇ ਨੇ ।
ਆਵੇ ਕਿਸੇ ਦੀ ਆਈ ‘ਤੇ ਮਰਨ ‘ਦਾਮਨ’,
ਵੀਰਾਂ ਨਾਲ ਜੋ ਵੈਰ ਕਮਾਉਂਦੇ ਨੇ ।

84. ਕਾਰਖ਼ਾਨੇ ਤੋਂ ਦਫ਼ਤਰ ਵਾਲਿਆਂ ਦਾ

ਕਾਰਖ਼ਾਨੇ ਤੋਂ ਦਫ਼ਤਰ ਵਾਲਿਆਂ ਦਾ,
ਪਬਲਿਕ ਜਲਸਿਆਂ ਦੇ ਵਿਚ ਆਵਣਾ ਬੰਦ ।
ਬਲਕਿ ਸਾਰੇ ਸਰਕਾਰੀ ਮੁਲਾਜ਼ਮਾਂ ਦਾ,
ਹਿੱਸਾ ਮੁਲਕੀ ਪਰਾਲ ‘ਚ ਪਾਵਣਾ ਬੰਦ ।

ਜਿਹੜੀ ਜਗਹ ਆਜ਼ਾਦੀ ਦਾ ਨਾਂ ਹੋਵੇ,
ਓਸ ਥਾਂ ‘ਤੇ ਕਦਮ ਟਿਕਾਵਣਾ ਬੰਦ ।
ਇਹਨਾਂ ਵਾਸਤੇ ਤੇ ਮੁਲਕੀ ਲੀਡਰਾਂ ‘ਤੇ,
ਹੈ ਬੋਲਣਾ ਅਤੇ ਬੁਲਾਵਣਾ ਬੰਦ ।

ਕਾਹਦੇ ਵਾਸਤੇ ਏਡੀਆਂ ਬੰਦਸ਼ਾਂ ਨੇ,
ਵਿਚ ਬੰਦਸ਼ਾਂ ਭੇਦ ਸੰਦੂਕ ਕੀਹ ਨੇ ?
ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਏ,
ਅਸੀਂ ਕੈਦ ਹਾਂ ਸਾਡੇ ਹਕੂਕ ਕੀਹ ਨੇ ?

85. ਚੋਰ ਵੀ ਆਖਣ ਚੋਰ ਓ ਚੋਰ

ਚੋਰ ਵੀ ਆਖਣ ਚੋਰ ਓ ਚੋਰ ।

ਚੋਰਾਂ ਦੀ ਪੱਗ ਸਾਧਾਂ ਲਾਹ ਲਈ,
ਚਾਰ ਚੁਫ਼ੇਰੇ ਪੈ ਗਿਆ ਸ਼ੋਰ ।
ਏਥੇ ਏਨੀ ਅੰਨ੍ਹੀ ਪੈ ਗਈ,
ਚੋਰ ਵੀ ਆਖਣ ਚੋਰ ਓ ਚੋਰ ।
ਚੋਰ ਵੀ ਆਖਣ ਚੋਰ ਓ ਚੋਰ ।

ਚਿੱਟੇ ਕਪੜੇ ਸਾਊ ਅਖਵਾਂਦੇ,
ਠੱਗੀ ਲਾ ਲੈਣ ਜਾਂਦੇ ਜਾਂਦੇ ।
ਐਸਾ ਅੱਖੀਂ ਘੱਟਾ ਪਾਂਦੇ,
ਭਿੱਜਿਆ ਇਤਰ ਰੁਮਾਲ ਸੁੰਘਾਂਦੇ ।
ਆ ਜਾਵੇ ਬੰਦੇ ਨੂੰ ਲੋਰ ।
ਚੋਰ ਵੀ ਆਖਣ ਚੋਰ ਓ ਚੋਰ ।

ਲੁੱਟਣ ਜੰਞ ਬਾਰਾਤੀ ਬਣ ਕੇ,
ਵੇਚਣ ਮੌਤ ਹਯਾਤੀ ਬਣ ਕੇ ।
ਕੱਟਣ ਮਾਸ ਇਹ ਕਾਤੀ ਬਣ ਕੇ,
ਦਿਲ ਦੀ ਤਖ਼ਤੀ ਕਾਲੀ ਕਾਲੀ,
ਚਲਦੇ ਨੇ ਵਲੀਆਂ ਦੀ ਟੋਰ ।
ਚੋਰ ਵੀ ਆਖਣ ਚੋਰ ਓ ਚੋਰ ।

ਫਾਵੇ ਹੋ ਗਏ ਪੜ੍ਹ ਪੜ੍ਹ ਮੁੰਡੇ,
ਕੁਝ ਬਣ ਗਏ ਨੇ ਚੋਰ ਤੇ ਗੁੰਡੇ ।
ਕਈ ਭੁੱਖਾਂ ਨੇ ਆਣ ਨੇ ਫੁੰਡੇ,
ਕਈ ਪਏ ਵਿਹਲੇ ਫਿਰਨ ਲਟੋਰ ।
ਚੋਰ ਵੀ ਆਖਣ ਚੋਰ ਓ ਚੋਰ ।

ਗੰਢ ਕਪਿਆਂ ਦੇ ਏਥੇ ਡੇਰੇ,
ਲੁੱਟ ਪੈ ਗਈ ਚਾਰ ਚੁਫ਼ੇਰੇ ।
ਕੰਬਣ ਬੰਦੇ ਸ਼ਾਮ ਸਵੇਰੇ,
ਭੁੱਲ ਜਾਂਦੇ ਘਰ ਜਾਂਦੇ ਟੋਰ ।
ਚੋਰ ਵੀ ਆਖਣ ਚੋਰ ਓ ਚੋਰ ।

ਕਾਲੇ ਕਾਲੇ ਬੱਦਲ ਆਏ,
ਬੱਦਲ ਵੇਖ ਕੇ ਨੱਚਣ ਮੋਰ ।
ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਵਸਾ ਦੇ ਜ਼ੋਰੋ ਜ਼ੋਰ ।
ਸਾਰੇ ਰਲ ਮਿਲ ਇਹੋ ਆਖੋ
ਚੋਰ ਵੀ ਆਖਣ ਚੋਰ ਓ ਚੋਰ ।

86. ਅਸੀਂ ਓਸ ਮਕਾਨ ਦੇ ਰਹਿਣ ਵਾਲੇ

ਅਸੀਂ ਓਸ ਮਕਾਨ ਦੇ ਰਹਿਣ ਵਾਲੇ,
ਜਿਥੇ ਜ਼ੋਰ ਦਿਨ ਰਾਤ ਹੈ ਜਾਲਿਆਂ ਦਾ ।
ਹੱਕਦਾਰ ਨੂੰ ਹੱਕ ਨਾ, ਮਿਲਣ ਧੱਕੇ,
ਕੰਮ ਕਾਜ ਹੁੰਦਾ ਸਾਕਾਂ ਸਾਲਿਆਂ ਦਾ ।

ਖ਼ਤਰਾ ਲੁੱਟ ਦਾ ਦੇਸ ‘ਚ ਹਰ ਵੇਲੇ,
ਸਨਅਤਕਾਰ ਵੱਡਾ ਏਥੇ ਤਾਲਿਆਂ ਦਾ ।
ਝੁੱਗੇ ਢਾਹਵੰਦੇ ਮਾੜੀਆਂ ਵਸਤੀਆਂ ਦੇ,
ਰੁਖ ਬਦਲ ਦਰਿਆ ਤੇ ਨਾਲਿਆਂ ਦਾ ।

ਦੁੱਧ ਪੀਣੇ ਵੀ ਏਥੇ ਡੰਗ ਮਾਰਨ,
ਕੀ ਲਾਭ ਹੈ ਸੱਪਾਂ ਨੂੰ ਪਾਲਿਆਂ ਦਾ ।
ਵਾੜ ਖੇਤ ਦੀ ਖੇਤ ਨੂੰ ਖਾਣ ਲੱਗੀ,
ਕਾਲਾ ਮੂੰਹ ਹੈ ਇਹਨਾਂ ਰਖਵਾਲਿਆਂ ਦਾ ।

87. ਚਰਚਲ ਚਰਚਰ ਜਰਮਨ ਦੀ ਰੇਲ ਚੜ੍ਹਿਆ

ਚਰਚਲ ਚਰਚਰ ਜਰਮਨ ਦੀ ਰੇਲ ਚੜ੍ਹਿਆ,
ਚੜ੍ਹ ਕੇ ਬੋਲਿਆ, ਛੱਕੇ ਛੁੜਾ ਦਿਆਂਗਾ ।
ਮਤੇ ਹੰਗਰੀ ਪੁਲੈਂਡ, ਫਿਨਲੈਂਡ ਸਮਝੇਂ,
ਮੈਂ ਤੇ ਹੋਰ ਵੀ ਕੁਝ ਸਮਝਾ ਦਿਆਂਗਾ ।

ਚੈਕੋਸਲੋਵਾਕੀਆ ਨਹੀਂ ਹੱਕ ਮਾਰ ਲੈਂਗਾ,
ਦੰਦ ਤੋੜ ਕੇ ਬੂਥਾ ਭੁਆ ਦਿਆਂਗਾ ।
ਜਾਨ ਮਾਲ ਆਜ਼ਾਦੀ ਤੋਂ ਵਾਰ ਕੇ ਤੇ,
ਬੱਚਾ ਬੱਚਾ ਕੀਹ ਕੌਮ ਕੁਹਾ ਦਿਆਂਗਾ ।

88. ਅੰਨ੍ਹਾ ਰਾਜਾ ਹੈ ਬੇਦਾਦ ਨਗਰੀ

ਅੰਨ੍ਹਾ ਰਾਜਾ ਹੈ ਬੇਦਾਦ ਨਗਰੀ,
ਆਖਣ ਜੋਗ ਨਾ ਸਮਾਂ ਬੇਹਾਲੀਆਂ ਦਾ ।
ਜੋ ਕੁਝ ਜੀ ਚਾਹੇ ਉਹ ਬਹਾਲ ਕਰਦੇ,
ਵੇਲਾ ਮਿਲ ਗਿਆ ਤੈਨੂੰ ਬਹਾਲੀਆਂ ਦਾ ।

ਬਰਖ਼ਿਲਾਫ਼ ਉਹਦੇ ਕਦੋਂ ਬੋਲਦੇ ਨੇ,
ਨਫ਼ਾ ਜਿਨ੍ਹਾਂ ਨੂੰ ਮਿਲੇ ਦਲਾਲੀਆਂ ਦਾ ।
ਚਿਹਰਾ ਸ਼ਾਹੀ ਸਿੱਕਾ ਕਿਵੇਂ ਰਹੇ ‘ਦਾਮਨ’,
ਜਿਹੜਾ ਮੁੱਢ ਤੋਂ ਕੂੜ ਟਕਸਾਲੀਆਂ ਦਾ ।

89. ਚਾਂਦੀ ਸੋਨੇ ਤੇ ਹੀਰੇ ਦੀ ਖਾਨ ‘ਤੇ ਟੈਕਸ

ਚਾਂਦੀ ਸੋਨੇ ਤੇ ਹੀਰੇ ਦੀ ਖਾਨ ‘ਤੇ ਟੈਕਸ ।
ਬੈਠਕ ਡਿਉਢੀ ਚੌਬਾਰੇ ਦਾਲਾਨ ‘ਤੇ ਟੈਕਸ ।

ਟੈਕਸ ਲੱਗਿਆ ਦੁਕਾਨ ਅਤੇ ਮਕਾਨ ‘ਤੇ ਟੈਕਸ ।
ਬੈਠੇ ਥੜ੍ਹੇ ‘ਤੇ ਲੱਗ ਗਿਆ ਭਲਵਾਨ ‘ਤੇ ਟੈਕਸ ।

ਅਕਲਮੰਦ ਤੇ ਨਾਲੇ ਹੈ ਨਾਦਾਨ ‘ਤੇ ਟੈਕਸ ।
ਪਾਣੀ ਪੀਣ ਅਤੇ ਰੋਟੀ ਖਾਣ ‘ਤੇ ਟੈਕਸ ।
ਆਏ ਗਏ ਮੁਸਾਫ਼ਿਰ ਤੇ ਮਹਿਮਾਨ ‘ਤੇ ਟੈਕਸ ।
ਅੰਜੀਲ ਉੱਤੇ ਟੈਕਸ ਤੇ ਕੁਰਆਨ ‘ਤੇ ਟੈਕਸ ।

ਲੱਗ ਨਾ ਜਾਏ ਦੀਨ ਤੇ ਈਮਾਨ ‘ਤੇ ਟੈਕਸ ।
ਇਨਸਾਨ ‘ਤੇ ਟੈਕਸ ਹੈਵਾਨ ‘ਤੇ ਟੈਕਸ ।
ਦੂਣਾ ਮੋਏ ਤੇ ਜਿਊਂਦੇ ਦੀ ਜਾਨ ‘ਤੇ ਟੈਕਸ ।
ਇਸ ਵਾਸਤੇ ਬੋਲਦਾ ਨਹੀਂ ‘ਦਾਮਨ’,
ਮਤਾਂ ਲੱਗ ਜਾਏ ਮੇਰੀ ਜ਼ੁਬਾਨ ‘ਤੇ ਟੈਕਸ ।

90. ਆਪਣੇ ਦੁੱਖ ਸੁਣਾਉਣੇ ਹੋਰਨਾਂ ਨੂੰ

ਆਪਣੇ ਦੁੱਖ ਸੁਣਾਉਣੇ ਹੋਰਨਾਂ ਨੂੰ,
ਫਾਹੇ ਲਾਹ ਦੇਣੇ ਜ਼ਖ਼ਮਾਂ ਤਾਜ਼ਿਆਂ ਤੋਂ ।
ਕਦੇ ਮਿਲੀ ਏ ਖ਼ੈਰ ਨਮਾਣਿਆਂ ਨੂੰ,
ਉੱਚੇ ਮਹਿਲ ਤੇ ਬੰਦ ਦਰਵਾਜ਼ਿਆਂ ਤੋਂ ।

ਇਹਨਾਂ ਕੋਲੋਂ ਹਯਾਤੀ ਨੂੰ ਲੋੜਨਾਂ ਏਂ,
ਕਬਰਸਤਾਨ ਨੂੰ ਜਾਂਦੇ ਜਨਾਜ਼ਿਆਂ ਤੋਂ ।
ਜੰਞਾਂ ਨਾਲ ਤੇ ਰੌਣਕਾਂ ਹੁੰਦੀਆਂ ਨੇ,
ਬੰਦੇ ਲੱਭਦੇ ਘੱਟ ਜਨਾਜ਼ਿਆਂ ਤੋਂ ।

ਏਸੇ ਵਾਸਤੇ ਲੋਕਾਂ ਦੀ ਕਦਰ ਕਰਨਾਂ,
ਫੱਟ ਲਾਉਂਦੇ ਘੱਟ ਅੰਦਾਜ਼ਿਆਂ ਤੋਂ ।

91. ਕੱਲ੍ਹ ਦੀ ਗੱਲ ਬੁਖਾਰੀ ਪਿਆ ਜਿਊਂਦਾ ਸੀ

ਕੱਲ੍ਹ ਦੀ ਗੱਲ ਬੁਖਾਰੀ ਪਿਆ ਜਿਊਂਦਾ ਸੀ,
ਜਿਹਦੀ ਅੱਜ ਪਏ ਬਰਸੀ ਮਨਾਉਂਦੇ ਨੇ ।
ਟੁਕੜੇ ਚੁਣ ਚੁਣ ਉਹਦੀ ਤਕਰੀਰ ਵਾਲੇ,
ਝੂਮ ਝੂਮ ਕੇ ਸਾਰੇ ਸੁਣਾਉਂਦੇ ਨੇ ।

ਬਾਪੂ ਸਹਿਕ ਮੋਇਆ ਬਾਸੀ ਟੁਕੜਿਆਂ ਨੂੰ,
ਪੁੱਤਰ ਪੂੜੀਆਂ ਦਾਨ ਕਰਾਉਂਦੇ ਨੇ ।
ਜਿਊਂਦੀ ਜਾਨ ਰਹੀਆਂ ਲੀਰਾਂ ਤਨ ਉੱਤੇ,
ਮੋਇਆਂ ਬਾਅਦ ਪਏ ਚਾਦਰ ਚੜ੍ਹਾਉਂਦੇ ਨੇ ।

ਜਿਊਂਦੀ ਜਾਨ ਨਾ ਕੋਠੜੀ ਰਹਿਣ ਲਈ ਸੀ,
ਹੁਣ ਮਕਬਰੇ ਪਏ ਬਣਾਉਂਦੇ ਨੇ ।
ਜਿਊਂਦੀ ਜਾਨ ਸੁਖ-ਚੈਨ ਨਾ ਲੈਣ ਦਿੱਤਾ,
ਮੋਇਆਂ ਬਾਅਦ ਦਰੂਦ ਪੁਚਾਉਂਦੇ ਨੇ ।

ਦਾਨਿਸ਼ਵਰਾਂ ਨੂੰ ਸਦਾ ਖ਼ਵਾਰ ਕਰਦੇ,
ਭੁੱਖਾ ਮਾਰਦੇ ਸੂਲੀ ਚੜ੍ਹਾਉਂਦੇ ਨੇ ।
ਆਪਣੇ ਕੀਤੇ ‘ਤੇ ਕਦੇ ਨਾ ਸ਼ਰਮ ਆਈ,
ਡੁੱਬ ਮਰਨ ‘ਤੇ ਪਛਤਾਉਂਦੇ ਨੇ ।

92. ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ

ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ,
ਇੰਝ ਨੇ ਵਿਚ ਜਹਾਨ ਹੋ ਗਏ ।
ਤੋਪਾਂ ਉੱਤੇ ਢੰਡੋਰਚੀ ਸਾਂਤੀ ਦੇ,
ਕਦੇ ਮੰਤਰੀ ਕਦੇ ਪਰਧਾਨ ਹੋ ਗਏ ।

ਖੋਹ ਖਿੰਜ ਕੇ ਮੁਲਕੀ ਰਿਆਸਤਾਂ ਨੂੰ,
ਆਪੇ ਏਸ਼ੀਆ ਦੇ ਨਿਗਹਬਾਨ ਹੋ ਗਏ ।
ਐਸੇ ਜ਼ੁਅਮ ਅੰਦਰ ਮੇਰੇ ਦੇਸ ਆਏ,
ਏਥੇ ਆਉਂਦਿਆਂ ਈ ਪਰੇਸ਼ਾਨ ਹੋ ਗਏ ।

ਆ ਗਈ ਜਾਗ ਏਧਰ ਸੁੱਤਿਆਂ ਨੂੰ,
ਉੱਠੇ, ਉੱਠ ਕੇ ਤੇ ਸਾਵਧਾਨ ਹੋ ਗਏ ।
ਬੁੱਢੇ ਬੁੱਢੇ ਨੂੰ ਨਸ਼ੇ ਜਵਾਨੀਆਂ ਦੇ,
ਅਤੇ ਬੱਚੇ ਵੀ ਸ਼ੇਰ ਜਵਾਨ ਹੋ ਗਏ ।

ਬਣ ਗਏ ਮੁਜਾਹਦ ਤੇ ਕੁਝ ਗ਼ਾਜ਼ੀ,
ਆਈਆਂ ਹਿੰਮਤਾਂ ਮਾੜੇ ਭਲਵਾਨ ਹੋ ਗਏ ।
ਵੈਰੀ ਵਿਚ ਮੈਦਾਨ ਦੇ ਠਹਿਰਿਆ ਨਾ,
ਲਲਕਾਰ ਮਾਰ ਕੇ ਰੁਸਤਮ ਜ਼ਮਾਨ ਹੋ ਗਏ ।

ਸਿੰਧੀ ਨਾਲ ਪੰਜਾਬੀ ਬਲੋਚ ਸਾਰੇ,
ਤੇ ਬੰਗਾਲੀਆਂ ਨਾਲ ਪਠਾਨ ਹੋ ਗਏ ।
ਪੰਜੇ ਰਲੇ ਤੇ ਇਕ ਘਸੁੰਨ ਬਣਿਆ,
ਤੇ ਘਸੁੰਨ ਤੋਂ ਫੇਰ ਘਮਸਾਨ ਹੋ ਗਏ ।

ਮੇਰੇ ਦੇਸ ਦੀ ਪਾਕ ਸਰਹੱਦ ਉੱਤੇ,
ਵੇਖੋ ਵੈਰੀਆਂ ਦੇ ਕਬਰਸਤਾਨ ਹੋ ਗਏ ।
ਕਬਰਸਤਾਨ ਤਾਂ ਹੁੰਦੇ ਨੇ ਮੋਮਿਨਾਂ ਦੇ,
ਬੋਲੋ ਰਾਮ ਦੇ ਏਥੇ ਸ਼ਮਸ਼ਾਨ ਹੋ ਗਏ ।

ਏਦੂੰ ਵੱਧ ਕੀ ਮੋਅਜ਼ਜ਼ਾ ਹੋਰ ਹੋਣਾ,
‘ਦਾਮਨ’ ਜਹੇ ਦਿਲੋਂ ਮੁਸਲਮਾਨ ਹੋ ਗਏ ।

93. ਹੱਥਾਂ ਵਿਚ ਹਥਿਆਰ ਨੇ, ਸ਼ੱਕ ਕੋਈ ਨਾ

ਹੱਥਾਂ ਵਿਚ ਹਥਿਆਰ ਨੇ, ਸ਼ੱਕ ਕੋਈ ਨਾ,
ਸਾਰੀ ਜੰਗ ਹੈ ਵੇਲੇ ਦੇ ਹਰਬਿਆਂ ਦੀ ।
ਏਦੂੰ ਵਧ ਕੇ ਗੱਲ ਇਕ ਹੋਰ ਵੀ ਏ,
ਖ਼ੂਨ-ਏ-ਜਿਗਰ ਤੇ ਦਿਲਾਂ ਦੇ ਜਜ਼ਬਿਆਂ ਦੀ ।

ਤੇ ਮੁਜਾਹਦ ਨੂੰ ਲੋੜ ਮੈਦਾਨ ਦੀ ਹੈ,
ਹੈ ਲੋੜ ਕਬੂਤਰ ਨੂੰ ਦਰਬਿਆਂ ਦੀ ।

94. ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ

ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ,
ਬੰਦੀਵਾਨ, ਬੰਦ ਰਾਜ਼ ਦਾ ਖੋਹਲਣਾ ਬੰਦ ।
ਹੈ ਸ਼ਾਹ ਅੰਗਰੇਜ਼ ਦੀ ਸ਼ਾਹੀ ਅੰਦਰ,
ਸੱਚ ਆਖਣਾ ਤੇ ਪੂਰਾ ਤੋਲਣਾ ਬੰਦ ।

ਜਜ਼ਬਾ ਦਿਲ ਦਾ ਦਿਲ ‘ਚ ਜਜ਼ਬ ਹੋਇਆ,
ਹੁਣ ਤੇ ਹੋਇਆ ਜ਼ਬਾਨ ਤੋਂ ਬੋਲਣਾ ਬੰਦ ।
ਹੈ ਸ਼ਾਹ ਅੰਗਰੇਜ਼ ਦੀ ਸ਼ਾਹੀ ਅੰਦਰ,
ਕਹਿਣਾ ਹੱਕ ਤੇ ਹੱਕ ਟਟੋਲਣਾ ਬੰਦ ।

ਬੋਲਣ ਵਾਲੇ ਤੇ ਫੇਰ ਵੀ ਬੋਲਦੇ ਨੇ,
ਹੁਕਮ ਦਾਰ ਦਾ ਕੀ ਚੜ੍ਹ ਕੇ ਦਾਰ ਉੱਤੇ ।
ਜੋ ਗ਼ੁਲਾਮ ਆਜ਼ਾਦ ਖ਼ਿਆਲ ਹੋਵਣ,
ਉਹ ਆਜ਼ਾਦ ਨੇ ਕੁਲ ਸੰਸਾਰ ਉੱਤੇ ।

95. ਬੇਸ਼ਕ ਅਸੀਂ ਗ਼ੁਲਾਮ, ਗ਼ੁਲਾਮ ਪੂਰੇ

ਬੇਸ਼ਕ ਅਸੀਂ ਗ਼ੁਲਾਮ, ਗ਼ੁਲਾਮ ਪੂਰੇ,
ਪਰ ਗ਼ੁਲਾਮ ਆਜ਼ਾਦ ਖ਼ਿਆਲ ਤੇ ਹਾਂ ।
ਸ਼ਮ੍ਹਾ ਵਤਨ ਉੱਤੋਂ ਜਾਨ ਦੇਣ ਵਾਲੇ,
ਪਰ ਪਰਵਾਨੇ ਅਸੀਂ ਬੇਮਿਸਾਲ ਤੇ ਹਾਂ ।

ਮੁਲਕੀ ਤਖ਼ਤ ਬਦਲੇ ਤਖ਼ਤਾ ਮੰਗਨੇ ਆਂ,
ਅਸੀਂ ਮਰਦ ਵੀ ਮਰਦ ਕਮਾਲ ਤੇ ਹਾਂ ।
ਹੈ ਗ਼ੁਲਾਮੀ ਨੇ ਹਾਲ ਬੇਹਾਲ ਕੀਤਾ,
ਪਰ ਜਜ਼ਬਾ ਆਜ਼ਾਦੀ ਦੇ ਨਾਲ ਤੇ ਹਾਂ ।

96. ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ

ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ,
ਏਸ ਵਤਨ ਪਿਆਰੇ ਦੇ ਨਾਮ ਉੱਤੋਂ ।
ਸਾਗ਼ਰ ਆਬ-ਏ-ਹਯਾਤ ਦਾ ਸਮਝ ਲਈਏ,
ਰਾਜ ਮਿਲੇ ਜੇ ਮੌਤ ਦੇ ਜਾਮ ਉੱਤੋਂ ।

ਉੱਤੋਂ ਦੇਸ ਦੇ ਇੰਝ ਕੁਰਬਾਨ ਹੋਈਏ,
ਰਾਧਾ ਹੋਈ ਬਲਿਹਾਰ ਜਿਉਂ ਸ਼ਾਮ ਉੱਤੋਂ ।
ਪੈਦਾ ਇਸ ਤਰ੍ਹਾਂ ਦਾ ਇਨਕਲਾਬ ਹੋਵੇ,
ਨਿਕਲੇ ਫਜਰ ਜਿਉਂ ਰਾਤ ਮਕਾਮ ਉੱਤੋਂ ।

ਰੱਖ ਨੂਰ ਆਜ਼ਾਦੀ ਦਾ ਨਿਗਹ ਅੰਦਰ,
ਦੂਰ ਹੁਣ ਗ਼ੁਲਾਮੀ ਜ਼ੁਲਮਾਤ ਕਰੀਏ ।
ਸਾਡੀ ਗੱਲ ਆਵੇ ਵਿਗੜੀ ਰਾਸ ‘ਦਾਮਨ’,
ਰਲ ਮਿਲ ਕੇ ਤੇ ਐਸੀ ਬਾਤ ਕਰੀਏ ।

97. ਚੰਨ ਦੀ ਚਾਨਣੀ ਵੱਲ ਖਲੋ ਗਏ ਹਾਂ

ਚੰਨ ਦੀ ਚਾਨਣੀ ਵੱਲ ਖਲੋ ਗਏ ਹਾਂ,
ਨਾ ਧੁੱਪ ਵੱਲ ਹਾਂ ਨਾ ਛਾਂ ਵੱਲ ਹਾਂ ।
ਪੁੱਤਰ ਨਾਲ ਮੁਕਾਬਲਾ ਮਾਂ ਦਾ ਏ,
ਪੁੱਤਰ ਅਸੀਂ ਵੀ ਹਾਂ, ਆਪਣੀ ਮਾਂ ਵੱਲ ਹਾਂ ।
ਸਾਨੂੰ ਸਦਰ ਦੇ ਸਾਏ ਦੀ ਲੋੜ ਕੋਈ ਨਾ,
ਅਸੀਂ ਠੰਡੀ ਬਹਿਸ਼ਤਾਂ ਦੀ ਛਾਂ ਵੱਲ ਹਾਂ ।

98. ਕੌਮ ਦੇ ਗ਼ੱਦਾਰੋ ਤੇ ਪੁਕਾਰੋ ਕੁਸਕਾਰੋ ਹੁਣ

ਕੌਮ ਦੇ ਗ਼ੱਦਾਰੋ ਤੇ ਪੁਕਾਰੋ ਕੁਸਕਾਰੋ ਹੁਣ,
ਗਏ ਹੋਏ ਫ਼ਰੰਗੀਆਂ ਨੂੰ ਮੁੜ ਕੇ ਬੁਲਾਈ ਜਾਓ ।

ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ,
ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ ।

ਖਾਈ ਜਾਓ ਖਾਈ ਜਾਓ ਭੇਤ ਕਿਨ੍ਹੇਂ ਖੋਹਲਣੇ ਨੇ,
ਵਿਚੋਂ ਵਿਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ ।

ਭੁੱਖਾਂ ਕੋਲੋਂ ਹੋ ਕੇ ਤੰਗ ਲੋਕਾਂ ਬਾਂਗਾਂ ਦਿੱਤੀਆਂ ਨੇ,
ਕੋਰਮਾ ਪਿਲਾਓ ਰੱਜ ਘਰਾਂ ‘ਚ ਉਡਾਈ ਜਾਓ ।

ਚਾਰੇ ਪਾਸੇ ਕਬਰਾਂ ਨੇ ਉੱਡਦੀ ਪਈ ਹੈ ਮਿੱਟੀ,
ਪੱਖੀਵਾਸ ਪੈਦਾ ਕਰੋ ਕੋਠੀਆਂ ਬਣਾਈ ਜਾਓ ।

ਚਾਚਾ ਦੇ ਭਤੀਜੇ ਨੂੰ ਭਤੀਜਾ ਦੇਵੇ ਚਾਚੇ ਤਾਈਂ,
ਆਪੋ ਵਿਚ ਵੰਡੀ ਜਾਓ, ਆਪੋ ਵਿਚ ਖਾਈ ਜਾਓ ।

ਅੰਨ੍ਹਾ ਮਾਰੇ ਅੰਨ੍ਹੀ ਨੂੰ ਘਸੁੰਨ ਵੱਜੇ ਥੰਮ੍ਹੀ ਨੂੰ,
ਜਿੰਨੀ ਅੰਨ੍ਹੀ ਪੈ ਸਕੇ ਓਨੀ ਅੰਨ੍ਹੀ ਪਾਈ ਜਾਓ ।

ਮਰੀ ਦੀਆਂ ਚੋਟੀਆਂ ‘ਤੇ ਛੁੱਟੀਆਂ ਬਤੀਤ ਕਰ,
ਗ਼ਰੀਬਾਂ ਨੂੰ ਕਸ਼ਮੀਰ ਵਾਲੀ ਸੜਕ ਉੱਤੇ ਪਾਈ ਜਾਓ ।

ਢਿੱਡ ਭਰੋ ਆਪਣੇ ਤੇ ਇਹਨਾਂ ਦੀ ਹੈ ਲੋੜ ਕਾਹਦੀ,
ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ ।

ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਸ਼ਾਂ ਦੇ,
ਘਰੋ-ਘਰੀ ਪੇਟੀਆਂ ਤੇ ਪੇਟੀਆਂ ਪੁਚਾਈ ਜਾਓ ।

ਤੋਲਾ ਮਾਸਾ ਰੋਲ ਕੇ ਗ਼ਰੀਬਾਂ ਦੀ ਕਮਾਈ ਵਿਚੋਂ,
ਕਾਰਾਂ ਅਤੇ ਕਾਰਾਂ ਅਮਰੀਕਾ ਤੋਂ ਮੰਗਾਈ ਜਾਓ ।

ਖਾਈ ਜਾਓ ਖਾਈ ਜਾਓ ਭੇਤ ਕਿਨ੍ਹੇਂ ਖੋਹਲਣੇ ਨੇ,
ਵਿਚੋਂ ਵਿਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ ।

99. ਪੁੱਤਰ ਨਾਲ ਮੁਕਾਬਲਾ ਮਾਂ ਦਾ ਏ

ਪੁੱਤਰ ਨਾਲ ਮੁਕਾਬਲਾ ਮਾਂ ਦਾ ਏ,
ਬੇਲਾਂ ਬੇਲੀਆਂ ਦਾ ਕਿਹੜਾ ਭਾਅ ਪਾਂਦਾ ।
ਚਿੱਟੇ ਝਾਟੇ ਦੀ ਕਿਹੜਾ ਹੈ ਲਾਜ ਰੱਖਦਾ,
ਕੌਣ ਮਾਂ ਦੇ ਸਿਰ ਸੁਆਹ ਪਾਂਦਾ ।

ਕੱਲ੍ਹ ਨੂੰ ਇਹ ਨਾ ਕਹਿਣ ਜਹਾਨ ਵਾਲੇ,
ਪੁੱਤਰ ਇਹ ਕਾਹਦੇ ਆਪਣੀ ਮਾਂ ਖਾ ਗਏ ।
ਇਹਨਾਂ ਕੋਲੋਂ ਬਚਾ ਲੈ ਬੱਚਿਆਂ ਨੂੰ,
ਕੁੱਕੜ ਖਾਣ ਲੱਗੇ ਸਾਰੇ ਕਾਂ ਖਾ ਗਏ ।

ਜੇਕਰ ਮੋਇਆਂ ਹੈ ਮਾਂ ਦੇ ਨਾਲ ਉੱਠਣਾ,
ਜਿਊਂਦੇ ਕਿਉਂ ਨਾ ਮਾਂ ਦੇ ਨਾਲ ਰਹੀਏ ।
ਸਾਂਝੀ ਮਾਂ ਏ ਦੇਸ ਦੇ ਪੁੱਤਰਾਂ ਦੀ,
ਇਹਦੇ ਬਾਗ਼ੀਆਂ ਨਾਲ ਨਾ ਕਿਉਂ ਖਹੀਏ ।

100. ਪੁੱਛ ਕਿਸੇ ਦੀ ਮੇਰੀ ਤਕਦੀਰ ਤਾਂ ਨਹੀਂ

ਪੁੱਛ ਕਿਸੇ ਦੀ ਮੇਰੀ ਤਕਦੀਰ ਤਾਂ ਨਹੀਂ,
ਤੇਰਾ ਸਮਝ ਕੇ ਇਹਦੇ ਨਾਲ ਪਿਆਰ ਕਰਨਾਂ ।
ਇਹ ਗੱਦੀਆਂ ਤੇ ਉੱਚੇ ਸ਼ਮਲਿਆਂ ਨੂੰ,
ਸਜਦੇ ਕਰਨ ਤੋਂ ਮੈਂ ਇਨਕਾਰ ਕਰਨਾਂ ।

ਜਗਮਗ ਜਗਮਗ ਕਰਦੀ ਹੈ ਪਈ ਦੁਨੀਆਂ,
ਸਾਡੇ ਬੁਝੇ ਦੇ ਬੁਝੇ ਚਿਰਾਗ਼ ਰਹਿ ਗਏ ।
ਸਾਰੀ ਦੁਨੀਆਂ ਦੇ ਉੱਤੇ ਬਹਾਰ ਆਈ,
ਸਾਡੇ ਸਿਰਾਂ ਉੱਤੇ ਕਾਲੇ ਬਾਗ਼ ਰਹਿ ਗਏ ।

101. ਪਾਕਿਸਤਾਨ ਮਕਾਨ ਇਕ ਬਣ ਗਿਆ ਏ

ਪਾਕਿਸਤਾਨ ਮਕਾਨ ਇਕ ਬਣ ਗਿਆ ਏ,
ਵੱਸਣ ਸਾਧ ਉੱਤੇ ਰਹਿੰਦੇ ਚੋਰ ਹੇਠਾਂ ।
ਏਥੇ ਨਵਾਂ ਹਿਸਾਬ ਇਕ ਨਿਕਲਿਆ ਏ,
ਰਹਿਣ ਸੈਂਕੜੇ ਉੱਤੇ ਕਰੋੜ ਹੇਠਾਂ ।

ਲੋਕਾਂ ਪਹਾੜਾਂ ਦੇ ਪਹਾੜ ਪਲਟ ਸੁੱਟੇ,
ਅਸੀਂ ਆਏ ਵੱਟਵਾਨੀ ਦੇ ਰੋਡ ਹੇਠਾਂ ।
ਲੋਕੀ ਚੰਨ ਉੱਤੇ ਪਹੁੰਚੇ ਪਏ ਜਾਪਦੇ ਨੇ,
ਅਸੀਂ ਗਏ ਜ਼ਮੀਨ ਦੇ ਤੋੜ ਹੇਠਾਂ ।

ਭੱਜ ਭੱਜ ਕੇ ਵੱਖੀਆਂ ਚੂਰ ਹੋਈਆਂ,
ਭੌਂ ਚੌਂ ਵੇਖਿਆ ਤੇ ਖੋਤੀ ਬੋਹੜ ਹੇਠਾਂ ।

102. ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ

ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ,
ਕਿਵੇਂ ਛੱਡ ਕੇ ਦੇਸ ਨੂੰ ਸੂਰ ਗਏ ਨੇ ।
ਟੋਟੇ ਕਰ ਗਏ ਜਾਂਦਿਆਂ ਬੰਦਿਆਂ ਦੇ,
ਫ਼ਿਰਕਾਬੰਦੀ ਦੇ ਛੱਡ ਨਸੂਰ ਗਏ ਨੇ ।

ਛੱਡ ਗਏ ਨੇ ਟੋਲੀ ਇਕ ਟੋਡੀਆਂ ਦੀ,
ਭਾਵੇਂ ਸੈਂਕੜੇ ਕੋਹ ਉਹ ਦੂਰ ਗਏ ਨੇ ।
ਤੰਗ ਖ਼ਲਕਤ ਨੂੰ ਕਰਨ, ਫਤੂਰ ਪਾਵਣ,
ਦੇ ਇਹਨਾਂ ਨੂੰ ਇਹ ਮਨਸ਼ੂਰ ਗਏ ਨੇ ।

103. ਇਕ ਦਿਲ ਤੇ ਲੱਖ ਸਮਝਾਉਣ ਵਾਲੇ

ਇਕ ਦਿਲ ਤੇ ਲੱਖ ਸਮਝਾਉਣ ਵਾਲੇ,
ਕੁਝ ਸਮਝ ਨਾ ਆਵੇ ਤੇ ਕੀਹ ਕਰੀਏ ।
ਚਲੋ ਛੱਡਿਆ ਕਿਸੇ ਦੀ ਗਲੀ ਜਾਣਾ,
ਕੋਈ ਆ ਕੇ ਸਤਾਵੇ ਤੇ ਕੀਹ ਕਰੀਏ ।

ਇਕ ਵੀ ਹੱਕ ਦੀ ਗੱਲ ਨਾ ਕਰਨ ਵਾਲਾ,
ਓਧਰ ਸੂਲੀ ਬੁਲਾਵੇ ਤੇ ਕੀਹ ਕਰੀਏ ।

ਤੇਰੇ ਸਾਹਮਣੇ ਜਿਗਰ ਕਬਾਬ ਹੋਇਆ,
ਤੈਨੂੰ ਸੇਕ ਨਾ ਆਵੇ ਤੇ ਕੀਹ ਕਰੀਏ ।

ਦਿਲ ਦਾ ਦਾਰੂ ਹੋਵੇ ਤਾਂ ਦਵਾ ਕਰੀਏ,
ਦਿਲ ਹੀ ਦਰਦ ਹੋ ਜਾਵੇ ਤੇ ਕੀਹ ਕਰੀਏ ।

104. ਪਤਾ ਲਗਦਾ ਨਾ ਕੋਈ ਫ਼ਰੰਗੀਆਂ ਦਾ

ਪਤਾ ਲਗਦਾ ਨਾ ਕੋਈ ਫ਼ਰੰਗੀਆਂ ਦਾ,
ਇਹ ਕਿਹੜੇ ਮਜ਼ਮੂਨ ਤਕ ਪਹੁੰਚ ਗਏ ਨੇ ।
ਵੇਲੇ ਲੱਦ ਗਏ ਥੋਕ ਲਦਾਉਣ ਵਾਲੇ,
ਛੋਟੀ ਮੋਟੀ ਪਰਚੂਨ ਤਕ ਪਹੁੰਚ ਗਏ ਨੇ ।

ਉੱਡਦੇ ਰੂਸੀ ਸਿਆਰੇ ਨੂੰ ਵੇਖ ਕੇ ਤੇ,
ਇਹ ਅਮਰੀਕਾ ਜਨੂੰਨ ਤਕ ਪਹੁੰਚ ਗਏ ਨੇ ।
ਘਰ ਕਪਾਹ ਦਾ ਤਨ ‘ਤੇ ਲੀਰ ਕੋਈ ਨਾ,
ਬਹਾਨੇ ਕੋਟ ਪਤਲੂਨ ਤਕ ਪਹੁੰਚ ਗਏ ਨੇ ।

ਕਣਕਾਂ ਹੁੰਦਿਆਂ ਵੀ ਰੋਟੀ ਲੱਭਦੀ ਨਾ,
ਆਟੇ ਭੁੜਕ ਕੇ ਲੂਣ ਤਕ ਪਹੁੰਚ ਗਏ ਨੇ ।
ਹਿੰਦੋਸਤਾਨੀ ਰਿਆਸਤਾਂ ਸਾਫ਼ ਕਰਕੇ,
ਬਰਮਾ ਛੱਡ ਰੰਗੂਨ ਤਕ ਪਹੁੰਚ ਗਏ ਨੇ ।

ਪਾਕਿਸਤਾਨੀਏ, ਵਾਹ ਸੁਬਹਾਨ ਅੱਲ੍ਹਾ,
ਲਿਆਕਤ ਅਲੀ ਤੋਂ ਨੂਨ ਤਕ ਪਹੁੰਚ ਗਏ ਨੇ ।

105. ਬੁਲਬੁਲ ਵਾਂਗ ਗੁਲਾਬ ਦੇ ਫੁੱਲ ਉੱਤੇ

ਬੁਲਬੁਲ ਵਾਂਗ ਗੁਲਾਬ ਦੇ ਫੁੱਲ ਉੱਤੇ,
ਅਸੀਂ ਮਸਤ ਹੋ ਕੇ ਸਦਾ ਚਹਿਕਨੇ ਹਾਂ ।
ਸਾਡੇ ਚਮਨ ਨੂੰ ਕੋਈ ਬਰਬਾਦ ਕਰ ਦੇ,
ਅਸੀਂ ਗਲੇ ਲੱਗ ਕੇ ਮਰਨਾ ਜਾਣਨੇ ਹਾਂ ।

ਮਿੱਟੀ ਵਤਨ ਦੀ ਹੈ ਸੁਰਮਾ ਅੱਖੀਆਂ ਦਾ,
ਅਸੀਂ ਵਰਤੀਏ ਜਗਹ ਮਮੀਰਿਆਂ ਦੀ ।
ਜੇਕਰ ਅੰਨ੍ਹੇ ਨੂੰ ਕੁਝ ਨਾ ਨਜ਼ਰ ਆਵੇ,
ਨੂਰ ਚਾਨਣਾ ਵੀ ਕਰਨਾ ਜਾਣਨੇ ਹਾਂ ।

ਰੱਬੀ ਨੂਰ ਏ ਵਤਨ ਦੀ ਸ਼ਮ੍ਹਾ ਕੀਤੀ,
ਸਦਾ ਵੇਖੀਏ ਏਸ ਦੇ ਜਲਵਿਆਂ ਨੂੰ ।
ਅਸੀਂ ਵਾਂਗ ਪਰਵਾਨਿਆਂ ਦੀਵਾਨਿਆਂ ਦੇ,
ਧੜ ਧੜ ਆ ਕੇ ਸੜਨਾ ਜਾਣਨੇ ਹਾਂ ।

ਗੰਗਾ ਜਮੁਨਾ ਵੇਖੇ ਨੇ ਤਰ ਤਰ ਕੇ,
ਅਸੀਂ ਤਾਰੂ ਹਾਂ ਸਾਰਿਆਂ ਪਾਣੀਆਂ ਦੇ ।
ਵਗਦੇ ਖ਼ੂਨ ਦੇ ਹੋਣ ਦਰਿਆ ਭਾਵੇਂ,
ਸੁਰਖ਼ਰੂ ਹੋ ਕੇ ਤਰਨਾ ਜਾਣਨੇ ਹਾਂ ।

ਸ਼ੇਰ ਵਤਨ ਦੇ ਬੰਦੇ ਕਿਰਾਏ ਦੇ ਨਹੀਂ,
ਟੁਕੜੇ ਜਿਗਰ ਦੇ ਲੜੇ ਮੈਦਾਨ ਅੰਦਰ ।
ਠੰਡ ਦਿਲਾਂ ਦੀ ਨੂਰ ਹੈ ਅੱਖੀਆਂ ਦਾ,
ਦਮ ਵਤਨ ਦਾ ਭਰਨਾ ਜਾਣਨੇ ਹਾਂ ।

ਪਾਕਿਸਤਾਨ ਇਕ ਸ਼ੇਰਾਂ ਦੀ ਜੂਹ ਸਮਝੋ,
ਕੀ ਚਲਾ ਜਾਏਗਾ ਗਿਦੜ ਭਬਕੀਆਂ ਤੋਂ ।
ਆਪਣੀ ਜ਼ਮੀਂ ਨੂੰ ਖ਼ੂਨ ਦੀ ਨਮੀ ਦੇ ਕੇ,
ਲਾਲੋ ਲਾਲ ਅਸੀਂ ਕਰਨਾ ਜਾਣਨੇ ਹਾਂ ।

ਅਸੀਂ ਯਾਰਾਂ ਦੇ ਯਾਰ ਦਿਲ ਬੰਦ ਵੀ ਹਾਂ,
ਬਾਂਹ ‘ਚ ਬਾਂਹ ਪਾ ਕੇ ਟੁਰਨਾ ਆਂਵਦਾ ਏ ।
ਜਦੋਂ ਹੱਥ ਤੋਂ ਕੋਈ ਹਥਿਆਰ ਬਣਦਾ,
ਦੋ ਦੋ ਹੱਥ ਵੀ ਤੇ ਕਰਨਾ ਜਾਣਨੇ ਹਾਂ ।

106. ਮੇਰੇ ਜਿਗਰ ਉੱਤੇ ਡਾਢੇ ਫੱਟ ਲੱਗੇ

ਮੇਰੇ ਜਿਗਰ ਉੱਤੇ ਡਾਢੇ ਫੱਟ ਲੱਗੇ,
ਅੱਖਾਂ ਭਰ ਆਈਆਂ ਮੇਰਾ ਦਿਲ ਰੋਇਆ ।
ਚਮਨ ਵਾਲਿਓ ਤੁਸੀਂ ਗਵਾਹ ਰਹਿਣਾ,
ਪੰਛੀ ਚੀਖਦਾ ਚੀਖਦਾ ਕਿਸ ਕੋਹਿਆ ।

ਗੋਲੀ ਸਾਹਮਣੇ ਹੀ ਉਹਤੇ ਵੱਜਣੀ ਏਂ,
‘ਦਾਮਨ’ ਅੱਜ ਮੋਇਆ ਭਾਵੇਂ ਕੱਲ੍ਹ ਮੋਇਆ ।
ਇਹ ਕਹਾਣੀਆਂ ਜੱਗ ‘ਤੇ ਪੈਣਗੀਆਂ,
ਕਿਹੜੀ ਆਖਦਾ ਆਖਦਾ ਗੱਲ ਮੋਇਆ ।

107. ਪੰਛੀ ਉੱਡਦਾ ਉੱਡਦਾ ਜਾਏ ਜਿਥੇ

ਪੰਛੀ ਉੱਡਦਾ ਉੱਡਦਾ ਜਾਏ ਜਿਥੇ,
ਜੋ ਮਕਾਮ ਆਵੇ ਨਾਮੁਰਾਦ ਆਉਂਦਾ ।
ਪਿੰਜਰੇ ਵਿਚ ਮੈਂ ਚਮਨ ਨੂੰ ਸਹਿਕਦਾ ਸਾਂ,
ਆ ਕੇ ਚਮਨ ‘ਚ ਪਿੰਜਰਾ ਯਾਦ ਆਉਂਦਾ ।

ਝੋਂਕਾ ਜਿਹੜਾ ਹਵਾ ਦਾ ਆਂਵਦਾ ਏ,
ਕਰਨ ਆਲ੍ਹਣਾ ਮੇਰਾ ਬਰਬਾਦ ਆਉਂਦਾ ।
ਜਾਂ ਕੁਰਬਾਨ ਮੈਂ ਏਸ ਅਦਾ ਉੱਤੋਂ,
ਮੇਰੇ ਤੜਫ਼ਿਆਂ ਤੈਨੂੰ ਸੁਆਦ ਆਉਂਦਾ ।

108. ਰੂਸ ਰੂਸੀਆਂ ਦਾ ਚੀਨ ਚੀਨੀਆਂ ਦਾ

ਰੂਸ ਰੂਸੀਆਂ ਦਾ ਚੀਨ ਚੀਨੀਆਂ ਦਾ,
ਏਧਰ ਮੁਲਕ ਜਾਪਾਨ ਜਾਪਾਨੀਆਂ ਦਾ ।
ਜਗਹ ਜਗਹ ਉੱਤੇ ਮੱਲ ਮਾਰ ਬੈਠੇ,
ਇੰਗਲਸਤਾਨ ਨਾਲੇ ਇੰਗਲਸਤਾਨੀਆਂ ਦਾ ।

ਹੋਇਆ ਹੈ ਫਰਾਂਸ ਫਰਾਂਸੀਸੀਆਂ ਦਾ,
ਤੋੜੇ ਨਾਲ ਤਹਿਰਾਨ ਤਹਿਰਾਨੀਆਂ ਦਾ ।
ਅਫ਼ਗਾਨਿਸਤਾਨ ਹੋਇਆ ਹੈ ਅਫ਼ਗਾਨੀਆਂ ਦਾ,
ਤੁਰਕਸਤਾਨ ਨਾਲੇ ਤੁਰਕਸਤਾਨੀਆਂ ਦਾ ।

ਇਹ ਕਿੱਡੀ ਹੈ ਗੱਲ ਹੈਰਾਨੀਆਂ ਦੀ,
ਹਿੰਦੋਸਤਾਨ ਨਹੀਂ ਹਿੰਦੋਸਤਾਨੀਆਂ ਦਾ ।

109. ਇਹ ਹਕੂਮਤ ਬਰਤਾਨੀਆਂ ਸ਼ਾਨ ਵਾਲੀ

ਇਹ ਹਕੂਮਤ ਬਰਤਾਨੀਆਂ ਸ਼ਾਨ ਵਾਲੀ,
ਇਹਦੀ ਸ਼ਾਹੀ ਵਿਚ ਸੂਰਜ ਨਹੀਂ ਢਲ ਸਕਦਾ ।
ਮਲਿਕਾ ਬਹਿਰ ਦੀ ਰਾਣੀ ਹੈ ਧਰਤੀਆਂ ਦੀ,
ਵਲਾਂ ਇਹਦੀਆਂ ਕੋਈ ਨਹੀਂ ਵਲ ਸਕਦਾ ।

ਸਾਰੀ ਦੁਨੀਆਂ ਹੈ ਇਹਦੀ ਕਮਾਂਡ ਹੇਠਾਂ,
ਦਲਾਂ ਇਹਦੀਆਂ ਕੋਈ ਨਹੀਂ ਦਲ ਸਕਦਾ ।
ਇਹ ਵੱਖਰੀ ਗੱਲ ਏ, ਏਸ ਵੇਲੇ,
ਏਥੇ ਰਾਤ ਨੂੰ ਦੀਵਾ ਨਹੀਂ ਬਲ ਸਕਦਾ ।

110. ਹਿੰਦੋਸਤਾਨੀਓਂ ਜਾਗੋ ਤੇ ਜਾਗ ਲਾਓ

ਹਿੰਦੋਸਤਾਨੀਓਂ ਜਾਗੋ ਤੇ ਜਾਗ ਲਾਓ,
ਐਸੀ ਜਾਗ ਕਿ ਮਨ ਦਾ ਮਾਨ ਜਾਗੇ ।
ਟੁੱਟ ਜਾਏ ਜ਼ੰਜੀਰ ਗ਼ੁਲਾਮੀਆਂ ਦੀ,
ਜੇ ਆਜ਼ਾਦੀਆਂ ਦੇ ਕਦਰਦਾਨ ਜਾਗੇ ।

ਏਹੋ ਵੇਲਾ ਹੈ ਅਸਾਂ ਦੇ ਜਾਗਣੇ ਦਾ,
ਜਾਗੇ ਸਿੱਖ ਹਿੰਦੂ ਮੁਸਲਮਾਨ ਜਾਗੇ ।
ਜਾਗੇ ਅਸੀਂ ਤਾਂ ਅਸਾਂ ਦੀ ਆਨ ਜਾਗੇ,
ਜਾਗੇ ਆਬਰੂ ਧਰਮ ਈਮਾਨ ਜਾਗੇ ।

ਇਕ ਜਾਨ ਹੋ ਜਾਓ ਜਾਨ ਮੇਰੀ,
ਨਾਅਰਾ ਜਾਨ ਫ਼ਰਮਾਨ ਦੀ ਜਾਨ ਜਾਗੇ ।
ਹਿੰਦੋਸਤਾਨ ਕੀਹ ਸਾਰਾ ਜਹਾਨ ‘ਦਾਮਨ’,
ਜੇ ਸਲੂਕ ਕਰ ਲੋ ਇਕਸੇ ਆਨ ਜਾਗੇ ।

111. ਇਹ ਕਾਲਜ ਏ ਕੁੜੀਆਂ ਤੇ ਮੁੰਡਿਆਂ ਦਾ

ਇਹ ਕਾਲਜ ਏ ਕੁੜੀਆਂ ਤੇ ਮੁੰਡਿਆਂ ਦਾ,
ਜਾਂ ਫ਼ੈਸ਼ਨਾਂ ਦੀ ਕੋਈ ਫ਼ੈਕਟਰੀ ਏ ।
ਕੁੜੀ ਮੁੰਡੇ ਦੇ ਨਾਲ ਪਈ ਇੰਝ ਤੁਰਦੀ,
ਜਿਉਂ ਅਲਜਬਰੇ ਨਾਲ ਜੁਮੈਟਰੀ ਏ ।

ਕਲਮਾਂ ਲੰਮੀਆਂ ਤੇ ਨੋਕਾਂ ਤਿੱਖੀਆਂ ਨੇ,
ਤੰਗ ਮੂਹਰੀਆਂ ਵੇਖ ਘਬਰਾ ਗਿਆ ਮੈਂ ।
ਮੈਂ ਏਸ ਮੁਸ਼ਾਇਰੇ ‘ਚ ਕੀਹ ਆਇਆ,
ਕਿਸੇ ਫ਼ਿਲਮ ਦੀ ਸ਼ੂਟਿੰਗ ‘ਤੇ ਆ ਗਿਆ ਮੈਂ ।

112. ਨੇੜੇ ਹੋ ਕੇ ਰਾਂਝਣਾ ਸੁਣੀ ਮੇਰੀ

ਨੇੜੇ ਹੋ ਕੇ ਰਾਂਝਣਾ ਸੁਣੀ ਮੇਰੀ
ਮੇਰੀ ਡੋਲੜੀ ਰੰਗਪੁਰ ਢੋ ਚੱਲੀ ਵੇ
ਡੋਲੀ ਚੱਲੀ ਨਹੀਂ ਬੈਠ ਮੈਂ ਖੇੜਿਆਂ ਦੀ
ਮੈਂ ਜਿਉਂਦੀ ਜਾਨ ਹਾਂ ਜ਼ਿਮੀਂ ਸਮੋ ਚੱਲੀ ਵੇ

ਜਿਹੜੀ ਪੈਂਚਣੀ ਕੁਲ ਸਿਆਲਣਾਂ ਦੀ
ਤੇਰੀ ਹੀਰ ਨਿਮਾਨਣੀ ਹੋ ਚੱਲੀ ਵੇ
ਤੀਲੀ ਲਾਵਣੀ ਤੇਵਰਾਂ ਜ਼ੇਵਰਾਂ ਨੂੰ
ਮੈਂ ਤੇ ਹੰਝੂਆਂ ਹਾਰ ਪਰੋ ਚੱਲੀ ਵੇ

ਸੈਦੇ ਖੇੜੇ ਦੀ ਹਿੱਕ ‘ਤੇ ਸੱਪ ਲੇਟਣ
ਵਾਲਾਂ ਲੰਮਿਆਂ ਨੂੰ ਹੱਥੀਂ ਖੋਹ ਚੱਲੀ ਵੇ
ਇੱਕ ਸਹੇਲੀਆਂ ਤੇ ਇਕ ਮੱਝੀਆਂ ਨੀ
ਮੈਂ ਨਿਸ਼ਾਨੀਆਂ ਛੱਡ ਕੇ ਦੋ ਚੱਲੀ ਵੇ

ਬੂਟੇ ਆਸ ਉਮੀਦ ਦੇ ਸੁੱਕਣੇ ਨੀ
ਵਿਛੋੜਿਆਂ ਦੀ ਏਦਾਂ ਲੋਅ ਚੱਲੀ ਵੇ
ਤੈਨੂੰ ਆਖਿਆ ਸੀ ਬੰਦੋਬਸਤ ਕਰ ਲੈ,
ਕਰਕੇ ਨਾਲ ਨਾ ਤੇਰੇ ਧਰੋਹ ਚੱਲੀ ਵੇ

ਚੁੱਲ੍ਹ ਪਿੱਛੇ ਪਰਦੇਸ ਜਹਾਨ ਆਖੇ,
ਮੈਂ ਤਾਂ ਅੱਖੀਆਂ ਤੋਂ ਓਹਲੇ ਹੋ ਚੱਲੀ ਵੇ ।
ਤੈਨੂੰ ਕਿਸੇ ਨਾ ਹੁਣ ਉਡੀਕਣਾ ਈਂ
ਮੈਂ ਹਵੇਲੀਆਂ ਦੇ ਬੂਹੇ ਢੋ ਚੱਲੀ ਵੇ

ਏਦੂੰ ਵੱਧ ਕੇ ਹੋਰ ਕੀ ਕਹਿਰ ਹੋਣੈਂ
ਚੋਲੀ ਦਾਮਨ ਤੋਂ ਵੱਖਰੀ ਹੋ ਚੱਲੀ ਵੇ ।

113. ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ

ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ,
ਖੁੱਲ੍ਹ ਕੇ ਵਿਚ ਸ਼ਰੀਕੇ ਦੇ ਬਹਿੰਦੀਆਂ ਨੇ ।
ਜਿਵੇਂ ਅੱਲੜ੍ਹ ਜਵਾਨੀ ਦੇ ਸਮੇਂ ਅੰਦਰ,
ਚੁੰਨੀਆਂ ਸਿਰਾਂ ਤੋਂ ਲਹਿ ਲਹਿ ਪੈਂਦੀਆਂ ਨੇ ।

ਜਿਹਨਾਂ ਮਾਵਾਂ ਦੇ ਪੁੱਤ ਨਲਾਇਕ ਹੁੰਦੇ,
ਉਹ ਬਾਹਰ ਸ਼ਰੀਕਿਓਂ ਰਹਿੰਦੀਆਂ ਨੇ ।
ਜਿਹੜੀਆਂ ਇੱਟਾਂ ਚੌਬਾਰਿਓਂ ਡਿੱਗਦੀਆਂ ਨੇ,
ਉਹ ਸਿੱਧੀਆਂ ਮੋਰੀ ‘ਚ ਪੈਂਦੀਆਂ ਨੇ ।

ਜਦੋਂ ਆਪਣੀ ਜੇਬ ਤੋਂ ਫਾਂਕ ਹੋਈਏ,
ਕਦੋਂ ਯਾਰੀਆਂ ਗੂੜ੍ਹੀਆਂ ਰਹਿੰਦੀਆਂ ਨੇ ।
ਜਿਹਨਾਂ ਟਾਹਣੀਆਂ ਨਾਲ ਨਾ ਫੁੱਲ ਲੱਗਣ,
ਉਹਨਾਂ ਉੱਤੇ ਨਾ ਬੁਲਬੁਲਾਂ ਬਹਿੰਦੀਆਂ ਨੇ ।

ਮਾਲਦਾਰਾਂ ਨੂੰ ਦੁੱਖ ਵਧੀਕ ਹੁੰਦੇ,
ਏਨੀ ਗੱਲ ਨਾ ਖ਼ਲਕਤਾਂ ਵਿੰਹਦੀਆਂ ਨੇ ।
ਜਿਹੜੀ ਬੇਰੀ ਨੂੰ ਲੱਗਦੇ ਬੇਰ ਬਹੁਤੇ,
ਇੱਟਾਂ ਓਸੇ ਨੂੰ ਬਹੁਤੀਆਂ ਪੈਂਦੀਆਂ ਨੇ ।

ਅੱਖਾਂ ਖੁੱਲ੍ਹਦੀਆਂ ਤੇ ਹੋਸ਼ਾਂ ਆਉਂਦੀਆਂ ਨੇ,
ਜਦੋਂ ਆਣ ਸਿਰ ‘ਤੇ ਭੀੜਾਂ ਪੈਂਦੀਆਂ ਨੇ ।
ਗਿਰੀਆਂ ਉਦੋਂ ਬਦਾਮਾਂ ‘ਚੋਂ ਬਾਹਰ ਆਵਣ,
ਜਦੋਂ ਉਹਨਾਂ ਉੱਤੇ ਸੱਟਾਂ ਪੈਂਦੀਆਂ ਨੇ ।

ਜਦੋਂ ਪਾਣੀ ਦਰਿਆਵਾਂ ‘ਚੋਂ ਮੁੱਕ ਜਾਂਦੇ,
ਕਦੋਂ ਮੱਛੀਆਂ ਜਿਊਂਦੀਆਂ ਰਹਿੰਦੀਆਂ ਨੇ ।
ਜਦੋਂ ਆਣ ਮਕਾਨ ਨੂੰ ਕੇਹ ਲੱਗਦੀ,
ਕੰਧਾਂ ਆਪਣੇ ਆਪ ਫਿਰ ਢਹਿੰਦੀਆਂ ਨੇ ।

114. ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ

ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ,
ਨਜ਼ਰ ਲੱਗ ਨਾ ਜਾਏ ਕੁਆਰੀਏ ਨੀ ।
ਸਾਂਭ ਨੈਣਾਂ ਨੂੰ, ਦਿਲਾਂ ‘ਤੇ ਵਾਰ ਕਰਦੇ,
ਜਾਦੂਗਰਨੀਏ ਤੇ ਟੂਣੇਹਾਰੀਏ ਨੀ ।

ਸੂਹੇ ਕਪੜੇ ਸੱਜਰਾ ਰੂਪ ਤੇਰਾ,
ਸੁਣਦੀ ਕਿਉਂ ਨਹੀਂ ਰੂਪ ਸ਼ਿੰਗਾਰੀਏ ਨੀ ।
ਜਾਨ ਦੇਈਏ ਦਲ੍ਹੀਜ ‘ਤੇ ਆਣ ਤੇਰੀ,
ਮੁੱਲ ਹੁਸਨ ਦਾ ਹੋਰ ਕੀ ਤਾਰੀਏ ਨੀ ।

115. ਨਸ਼ਾ ਸੱਤਾਂ ਸ਼ਰਾਬਾਂ ਵਿਚ ਨਹੀਂ ਹੁੰਦਾ

ਨਸ਼ਾ ਸੱਤਾਂ ਸ਼ਰਾਬਾਂ ਵਿਚ ਨਹੀਂ ਹੁੰਦਾ,
ਜਿੰਨਾ ਨਸ਼ਾ ਮਹਿਬੂਬ ਦੀ ਅੱਖ ਦਾ ਏ ।
ਓਥੇ ਬੂਟੇ ਅੰਗੂਰੀ ਦੇ ਉੱਗ ਪੈਂਦੇ,
ਜਿਥੇ ਕਦਮ ਮਹਿਬੂਬ ਜਾ ਰੱਖਦਾ ਏ ।

ਉਹਦੇ ਹੋਂਠ ਯਾਕੂਤ ਨੂੰ ਮਾਤ ਪਾਂਦੇ,
ਉਹਦੀ ਨਾਫ਼ ‘ਚ ਨਾਫ਼ਾ ਵੀ ਵੱਖਦਾ ਏ ।
ਉਹਦਾ ਹੁਸਨ ਬਿਆਨ ਕੀ ਕਰਾਂ ,ਦਾਮਨ’,
ਉਹਦਾ ਸਾਇਆ ਵੀ ਯੂਸਫ਼ ਦੀ ਦੱਖ ਦਾ ਏ ।

116. ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ

ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ,
ਚੱਖਣ ਵਾਸਤੇ ਇਕ ਦੋ ਜਾਮ ਈ ਸਹੀ ।
ਲੱਖ ਸ਼ੁਕਰ ਏ ਮਜ਼ਬ ਨਹੀਂ ਸਿਰ ਚੜ੍ਹਿਆ,
ਮੈਂ ਹੁਸਨ ਦਾ ਅਦਨਾ ਗ਼ੁਲਾਮ ਹੀ ਸਹੀ ।

ਵਲ ਵਲਾ ਕੇ ਗਲੀਆਂ ਦੇ ਫਿਰ ਅੰਦਰ,
ਹੋਇਆ ਆਪ ਭਾਵੇਂ ਬੇ-ਆਰਾਮ ਈ ਸਹੀ ।
ਮੈਅਖ਼ਾਨੇ ‘ਚ ਮੁੱਲਾਂ ਨੂੰ ਲੈ ਆਇਆਂ,
ਪੀਂਦਾ ਨਹੀਂ ਤੇ ਚਲੋ ਬਦਨਾਮ ਈ ਸਹੀ ।

117. ਅਸਮਾਨਾਂ ‘ਤੇ ਬੱਦਲ ਆਏ

ਅਸਮਾਨਾਂ ‘ਤੇ ਬੱਦਲ ਆਏ,
ਮਸਤਾਇਆ ਜੱਗ ਸਾਰਾ ।
ਏਸ ਵੇਲੇ ਮੈਅਖ਼ਾਨੇ ਬਾਝੋਂ,
ਦੇਵੇ ਕੌਣ ਸਹਾਰਾ ।

ਕੀ ਸਮਝੇ ਇਹ ਮੁਫ਼ਤੀ ਮੇਰੇ
ਹੱਡਾਂ ਦੀ ਕੜਕਾਈ,
ਮੈਅਖ਼ਾਨੇ ਦੇ ਦਰ ਖੋਲ੍ਹਣ ਲਈ,
ਦਿੱਤਾ ਰੱਬ ਇਸ਼ਾਰਾ ।

118. ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ

ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ,
ਪਰ ਖ਼ੂਨ ਤਾਂ ਕਿਸੇ ਦਾ ਪੀ ਸਕਦਾ ਏ ।
ਪੁੜ ਜ਼ਿਮੀਂ ਅਸਮਾਨ ਦਾ ਰਹੇ ਚਲਦਾ,
ਦਾਣੇ ਵਾਂਗ ਇਨਸਾਨ ਨੂੰ ਪੀਹ ਸਕਦਾ ਏ ।

ਏਥੇ ਜ਼ੁਲਮ ਈ ਜ਼ੁਲਮ ਏ ਹਰ ਪਾਸੇ,
ਕਿਥੋਂ ਤੀਕ ਕੋਈ ਲਬਾਂ ਨੂੰ ਸੀ ਸਕਦਾ ਏ ।
ਬਿਨ ਪੀਤਿਆਂ ਏਸ ਜਹਾਨ ਅੰਦਰ,
ਕੋਈ ਬੇਸ਼ਰਮ ਜੀਵੇ ਤੇ ਜੀ ਸਕਦਾ ਏ ।

119. ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ

ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ,
ਸਾਨੂੰ ਰਹਿਣ ਦੇ ਸਦਾ ਬੇ-ਹੋਸ਼ ਮੁੱਲਾਂ ।
ਚਖ਼ਚਖ਼ ਬੰਦ ਕਰ ਅਸਾਂ ਹੈ ਆਪ ਮੰਗਣੀ,
ਸਾਕੀ ਪਾਕ ਤੇ ਸਾਫ਼ ਨਿਰਦੋਸ਼ ਮੁੱਲਾਂ ।

ਫੰਦਾ ਫ਼ਿਕਰ ਦਾ ਜਜ਼ਬੇ ਦਾ ਗਲਾ ਘੁੱਟੇ,
ਜਦੋਂ ਆ ਜਾਈਏ ਵਿਚ ਹੋਸ਼ ਮੁੱਲਾਂ ।
ਕਦੇ ਵੇਲਾ ਕੁਵੇਲਾ ‘ਤੇ ਵੇਖਿਆ ਕਰ,
ਕਿਸੇ ਵੇਲੇ ‘ਤੇ ਰਹੋ ਖ਼ਮੋਸ਼ ਮੁੱਲਾਂ ।

120. ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ

ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ,
ਨਹੀਂ ਹਿੰਦੂ ਤੇ ਇਕ ਵੀ ਜਾਂਦਾ ।
ਮੰਦਰ ਵਿਚ ਪਵੇ ਝਲਕ ਕਾਅਬਿਆਂ ਦੀ,
ਮੁਸਲਮਾਨ ਦਾ ਇਕ ਨਹੀਂ ਜੀਅ ਜਾਂਦਾ ।

ਇਹਨਾਂ ਦੋਹਾਂ ਤੋਂ ਜਿਹੜੇ ਪਏ ਰਹਿਣ ਲੜਦੇ,
ਭਲਾ ਉਹਨਾਂ ਦਾ ਇਹਦੇ ‘ਚ ਕੀ ਜਾਂਦਾ ।
ਚੰਗਾ ਹੁੰਦਾ ਮੈਅਖ਼ਾਨੇ ਬਣਾ ਛੱਡਦੇ,
ਜੀਹਦਾ ਜੀ ਕਰਦਾ ਉਹੋ ਪੀ ਜਾਂਦਾ ।

121. ਘੁੱਟ ਘੁੱਟ ਪੀਵਾਂ ਸਦਾ ਮੈਂ ਜੀਵਾਂ

ਘੁੱਟ ਘੁੱਟ ਪੀਵਾਂ ਸਦਾ ਮੈਂ ਜੀਵਾਂ,
ਮਸਤੀ ਦਏ ਹਿਲੋਰੇ ।
ਕਾਲੀਆਂ ਸੁਰਖ਼ ਘਟਾਵਾਂ ਦਿਸਣ,
ਦੋ ਨੈਣਾਂ ਦੇ ਡੋਰੇ ।
ਮੈਅਖ਼ਾਨੇ ਦੀ ਲੋੜ ਨਾ ਕਾਈ,
ਬਗਲੇ ਰੱਖ ਸੁਰਾਹੀ ।
ਜਾ ਬਾਗ਼ੇ ਵਿਚ ਖਿਲ ਖਿਲ ਮਿਲਣ,
ਕਲੀਆਂ ਫੁੱਲ ਕਟੋਰੇ ।

122. ਸਮਝਦਾਰ ਸਿਆਣਾ ਏ ਦਿਲ ਮੇਰਾ

ਸਮਝਦਾਰ ਸਿਆਣਾ ਏ ਦਿਲ ਮੇਰਾ,
ਇਹਨੂੰ ਸੂਰਤਾਂ ਸਾਰੀਆਂ ਠੱਗਦੀਆਂ ਨੇ ।
ਚਮਕਣ ਚੰਨ ਤਾਰੇ ਦੀਵੇ ਚਾਨਣੀ ਦੇ,
ਕਿ ਚੰਗਿਆੜੀਆਂ ਹੁਸਨ ਦੀ ਅੱਗ ਦੀਆਂ ਨੇ ।

ਮੈਂ ਸ਼ਰਾਬੀ ਹਾਂ, ਚਮਨ ‘ਚ ਫੁੱਲ ਕਲੀਆਂ,
ਮੈਨੂੰ ਜਾਮ ਸੁਰਾਹੀਆਂ ਈ ਲੱਗਦੀਆਂ ਨੇ ।
ਓਦੋਂ ਮੋਇਆਂ ਨੂੰ ਨੀਂਦਰਾਂ ਆਉਂਦੀਆਂ ਨੇ,
ਜਦੋਂ ਆਣ ਕੇ ਅੱਖੀਆਂ ਲੱਗਦੀਆਂ ਨੇ ।

ਆਖ਼ਰ ਆਣ ਕੇ ਗਲੇ ਦਾ ਹਾਰ ਹੋਈਆਂ,
ਲੀਰਾਂ ਜਦੋਂ ਹੋਈਆਂ ਮੇਰੀ ਪੱਗ ਦੀਆਂ ਨੇ ।
‘ਦਾਮਨ’ ਫੁੱਲਾਂ ਦੇ ਸੂਲਾਂ ਨੇ ਚਾਕ ਕੀਤੇ,
ਵਾਵਰੋਲੀਆਂ ਨ੍ਹੇਰੀਆਂ ਵਗਦੀਆਂ ਨੇ ।

123. ਮੈਨੂੰ ਵੇਖ ਮੁਸ਼ਾਇਰੇ ਵਿਚ ਕਹਿਆ ਲੋਕਾਂ

ਮੈਨੂੰ ਵੇਖ ਮੁਸ਼ਾਇਰੇ ਵਿਚ ਕਹਿਆ ਲੋਕਾਂ,
ਅਹੁ ਸ਼ਰਾਬੀ ਆਇਆ, ਅਹੁ ਬਦਨਾਮ ਆਇਆ ।
ਮੈਂ ਆਖਿਆ ਮੇਰੀ ਇਕ ਗੱਲ ਸੁਣ ਲੌ,
ਮੈਨੂੰ ਕਹਿਣਾ ਤੇ ਹੁਣੇ ਕਲਾਮ ਆਇਆ ।

ਮੈਂ ਪਿਆਲਾ ਸ਼ਰਾਬ ਦਾ ਤੋੜ ਦਿੱਤਾ,
ਜਦੋਂ ਹੱਥ ਤੌਹੀਦ ਦਾ ਜਾਮ ਆਇਆ ।
ਉਹਨਾਂ ਬੁੱਲ੍ਹਾਂ ਨੂੰ ਕਿਵੇਂ ਸ਼ਰਾਬ ਛੂਹੇ,
ਜਿਨ੍ਹਾਂ ਉੱਤੇ ਮੁਹੰਮਦ ਦਾ ਨਾਮ ਆਇਆ ।

124. ਚੋਣਵੇਂ ਸ਼ੇਅਰ

1.

ਲਹੂ ਨਾ ਮਿਲੇ ਜਦ ਤਕ ਬਹਾਰਾਂ ਦਾ,
ਲਾਲੀ ਕੌਮ ਦੇ ਚਿਹਰੇ ‘ਤੇ ਆਉਂਦੀ ਨਹੀਂ ।

2.

ਗੰਦੇ ਦਿਲਾਂ ਨੂੰ ਬਹੁਤੀ ਏ ਮਾਰ ਪੈਂਦੀ,
ਮੈਲੇ ਕੱਪੜੇ ਨੂੰ ਧੋਬੀ ਛੱਟਦੇ ਨੇ ।
ਜੇਕਰ ਛੱਟਿਆਂ ਮੈਲ ਨਾ ਸਾਫ਼ ਹੋਵੇ,
ਰੰਗ ਕਾਟ ਪਾ ਕੇ ਮੈਲ ਕੱਟਦੇ ਨੇ ।

3.

‘ਦਾਮਨ’ ਚਾਹਨਾਂ ਏਂ ਜੇ ਤੂੰ ਜ਼ਰਬ ਲੱਗੇ,
ਵਿਚ ਜਾਹਿਲਾਂ ਦਨਾਈ ਤਕਸੀਮ ਨਾ ਕਰ ।

4.

ਐਬ ਜੱਗ ਦੇ, ਫੋਲ ਕੇ ਖ਼ੁਸ਼ੀ ਕਰਨਾ ਏਂ,
ਆਪਣੇ ਮਨ ‘ਚ ਝਾਤੀ ਕਿਉਂ ਮਾਰਦਾ ਨਹੀਂ ।
ਹਰ ਥਾਂ ਫੂਟਕਾਂ ਦੇ ਤੰਬੂ ਤਾਣਦਾ ਏਂ,
ਕਦੇ ਆਪਣੀ ਹੱਠ ਤੋਂ ਹਾਰਦਾ ਨਹੀਂ ।

5.

ਮਾੜੇ ਕਰਨ ਉਡੀਕ ਕਿਆਮਤਾਂ ਦੀ,
ਵੱਡੇ ਖੋਹਲਦੇ ਇਥੇ ਅਜੰਸੀਆਂ ਨੇ ।
ਜਿਥੇ ਲੱਗਣ ਜੁਮੇ ਬਾਜ਼ਾਰ ਨਾਹੀਂ,
ਸਾਨੂੰ ਮਿਲਣੀਆਂ ਓਥੇ ਕਰੰਸੀਆਂ ਨੇ ।

6.

ਥੁੱਕ ਦਿਓ ਕੌੜਾ ਮੂੰਹ ਕਹੋ ਮਿੱਠਾ,
ਗੱਲਾਂ ਮਿੱਠੀਆਂ ਕਰੋ ਜਹਾਨ ਅੰਦਰ ।
ਇਹ ਵਸਤੀਆਂ ਅਮਨ ਅਮਾਨ ਵੱਸਣ,
ਪੈਦਾ ਕਰੋ ਮਿਠਾਸ ਇਨਸਾਨ ਅੰਦਰ ।

7.

ਮੈਂ ਕਿਧਰੇ ਵਾਂ ਤੂੰ ਵੀ ਕਿਧਰੇ,
ਮੈਂ ਕੋਈ ਹੋਰ ਤੂੰ ਹੋਰ ਤੇ ਨਹੀਂ ।
ਲੁਕ ਲੁਕ ਬਹਿਨਾ ਏਂ, ਇਹ ਗੱਲ ਦੱਸ ਦੇ,
ਮੇਰਾ ਰੱਬ ਏਂ ਚੋਰ ਤੇ ਨਹੀਂ ।

8.

ਸਮਝ ਆਉਂਦੀ ਤੇ ਸਮਝਾਉਂਦੀ ਏ ।
ਇਕ ਭਾਗ ਬੰਦੇ ਨੂੰ ਲਾਉਂਦੀ ਏ ।
ਪਰ ਕੀ ਕਰੀਏ ਬੇ-ਸਮਝੀ ਨੂੰ,
ਸਮਝ ਆਉਂਦੇ ਆਉਂਦੇ ਆਉਂਦੀ ਏ ।

9.

ਜੇਕਰ ਸਾਹਮਣੇ ਹੋਵੇਂ ਤਾਂ ਗੱਲ ਕਰੀਏ,
ਖ਼ੌਰੇ ਅਰਸ਼ ‘ਤੇ ਬੈਠਾ ਤੇ ਕੀ ਕਰਦਾ ।
ਇਹ ਦੁਨੀਆਂ ਬਣਾ ਘੁਮੰਡ ਏਡਾ,
ਜਿਥੇ ਡੁੱਬ ਕੇ ਮਰਨ ਨੂੰ ਜੀ ਕਰਦਾ ।

10.

ਸੱਚ ਬੋਲਿਆ ਜਿਹਨੇ ਵੀ, ਦਾਰ ਚੜ੍ਹਿਆ,
ਸੱਚ ਬੋਲ ਕੇ ਹੋਏ ਨੁਕਸਾਨ ਲੱਖਾਂ ।
ਸਿੱਕਾ ਝੂਠ ਦਾ ਏ ਚਮਕਦਾਰ ‘ਦਾਮਨ’
ਇਹਨੂੰ ਵੇਖ ਕੇ ਚੁੰਨ੍ਹੀਆਂ ਹੋਣ ਅੱਖਾਂ ।

11.

ਖਾ ਖਾ ਠੋਕਰਾਂ ਰਸਤੇ ਦੇ ਵਾਂਗ ਰੋੜੇ,
ਅਸੀਂ ਗੋਲ ਮਟੋਲ ਜਹੇ ਹੋ ਗਏ ਹਾਂ ।
ਸੁਣ ਸੁਣ ਝੂਠ ਜ਼ਮਾਨੇ ਤੋਂ ਸੱਚ ਭੁੱਲੇ,
ਅਸੀਂ ਆਪ ਅਣਭੋਲ ਜਹੇ ਹੋ ਗਏ ਹਾਂ ।

12.

ਟੋਪੀ ਦੇ ਵਿਚ ਗੰਗਾ ਜਮਨਾ, ਪੈਂਦੇ ਵਿਚ ਸ਼ਿਵਾਲੇ ਜੀ ।
ਏਧਰ ਓਧਰ ਕੀਹ ਭੌਨਾ ਏਂ, ਪਾਸੇ ਬੈਠ ਕੇ ਹੁੱਕਾ ਪੀ ।

13.

ਇੱਕੋ ਬੰਦਾ ਹੈ ਪਾਕਿਸਤਾਨ ਅੰਦਰ,
ਹੋਰ ਸੱਭੇ ਰਾਮ ਕਹਾਣੀਆਂ ਨੇ।
ਭਾਵੇਂ ਭੁੱਟੋ ਹੋਵੇ, ਭਾਵੇਂ ਵੱਟੂ ਹੋਵੇ,
ਸਦਰ ਆਯੂਬ ਦੀਆਂ ਸੱਭੇ ਵੱਟਵਾਣੀਆਂ ਨੇ।

14.

ਕੰਮ ਕਰਦਿਆਂ ਦੇ ਸਾਕ ਮਿਲਦਿਆਂ ਦੇ,
ਖੂਹਾਂ ਵਗਦਿਆਂ ਦਾ ਪਾਣੀ ਸਾਫ਼ ਹੁੰਦਾ ।
ਏਥੇ ਪੁੱਛਦਾ ਕੌਣ ਕਮਜ਼ੋਰਿਆਂ ਨੂੰ,
ਜ਼ੋਰਾਵਰਾਂ ਦੇ ਨਾਲ ਇਨਸਾਫ਼ ਹੁੰਦਾ ।

15.

ਬੇਗ਼ਮ ਕੀ ਕਹਿੰਦੀ, ਗਰਾਰਾ ਕੀ ਕਹਿੰਦਾ ।
ਅਸਾਡੇ ਵਜ਼ੀਰਾਂ ਦਾ ਕੀ ਪੁੱਛ ਰਹੇ ਹੋ,
ਜੋ ਦੌਰਾ ਵੀ ਪੈਂਦਾ, ਅਮਰੀਕਾ ਦਾ ਪੈਂਦਾ ।

16.

ਜ਼ਿੰਦਾਬਾਦ ਅਮਰੀਕਾ
ਹਰ ਮਰਜ਼ ਦਾ ਟੀਕਾ
ਜ਼ਿੰਦਾਬਾਦ ਅਮਰੀਕਾ

17.

ਗੋਲੀ ਮਾਰੀ ਏ ਜਿਹਨੇ ਮਹਾਤਮਾ ਨੂੰ,
ਉਹਨੇ ਜ਼ਿਮੀਂ ਦਾ ਗੋਲਾ ਘੁਮਾ ਛੱਡਿਆ ।
ਚੀਕਾਂ ਵਿਚ ਆਵਾਜ਼ ਇਕ ਅਮਨ ਦੀ ਸੀ,
ਕਿਸੇ ਜ਼ਾਲਿਮ ਨੇ ਗਲਾ ਦਬਾ ਛੱਡਿਆ ।

18.

ਸ਼ਾਨ ਆਪਣੀ ਵਧਾਣ ਦੀ ਖ਼ੁਸ਼ੀ ਕਰਨਾ ਏਂ,
ਕਦੇ ਕਿਸੇ ਦਾ ਕੰਮ ਸੁਆਰਦਾ ਨਹੀਂ ।
‘ਦਾਮਨ’ ਫੁੱਟ ਦੇ ਬਹਿਰ ਵਿਚ ਜੋ ਡੁੱਬੇ,
ਉਹਨੂੰ ਨਜ਼ਰ ਆਉਂਦਾ ਕੰਢਾ ਪਾਰ ਦਾ ਨਹੀਂ ।

19.

ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ,
ਭਾਵੇਂ ਹੋਣ ਕਾਲੇ ਭਾਵੇਂ ਹੋਣ ਗੋਰੇ ।
ਤਗੜਾ ਧੌਣ ਕਨੂੰਨ ਦੀ ਮੋੜ ਲੈਂਦਾ,
ਦੇ ਕੇ ਸੋਨੇ ਦੇ ਦੌਲਤਾਂ ਨਾਲ ਬੋਰੇ ।

20.

ਬਿਹਤਰ ਮੌਤ ਆਜ਼ਾਦੀ ਦੀ ਸਮਝਦੇ ਹਾਂ,
ਅਸੀਂ ਏਸ ਗ਼ੁਲਾਮੀ ਦੀ ਜ਼ਿੰਦਗੀ ਤੋਂ ।
ਸਾਡਾ ਵਤਨ ਹਕੂਮਤ ਹੈ ਗ਼ੈਰ ਵਤਨੀਂ,
ਮਰ ਮਿਟਾਂਗੇ ਏਸ ਸ਼ਰਮਿੰਦਗੀ ਤੋਂ ।

21.

ਖ਼ੌਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ,
ਬੰਦੇ ਇਹ ਜਿਹੜੇ ਪੁਤਲੇ ਖ਼ਾਕ ਦੇ ਨੇ ।
ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ,
ਲੱਗੇ ਆਟਾ ਤੇ ਤਬਲੇ ਪਟਾਕਦੇ ਨੇ ।

22.

ਚੱਲਣ ਲੱਗੇ ਨੇ ਵਹਿਣ ਆਜ਼ਾਦੀਆਂ ਦੇ,
ਹਿੰਦੋਸਤਾਨੀਆਂ ਜ਼ਰਾ ਹੁਸ਼ਿਆਰ ਰਹਿਣਾ ।
ਗੰਦਾ ਹੋਏ ਨਾ ਪਾਣੀ ਧਿਆਨ ਰੱਖਣਾ,
ਭਾਵੇਂ ਆਰ ਰਹਿਣਾ ਭਾਵੇਂ ਪਾਰ ਰਹਿਣਾ ।

23.

ਕਮਲੀ ਅਕਲ ਤੇਰੀ ਸ਼ੱਕ ਕੋਈ ਨਾ,
ਦਾਨਿਸ਼ ਜਾਹਿਲਾਂ ਤੋਂ ਪਿਆ ਵਾਰਨਾ ਏਂ ।
‘ਦਾਮਨ’ ਸ਼ੇਅਰ ਸੁਣਾ ਕੇ ਮੂਰਖਾਂ ਨੂੰ,
ਮੋਤੀ ਪੱਥਰਾਂ ‘ਤੇ ਪਿਆ ਮਾਰਨਾ ਏਂ ।

24.

ਮੇਰੀ ਜਾਨ ਜੁਦਾਈ ਤੇਰੀ, ਕੀ ਹੋਈਆਂ ਤਕਸੀਰਾਂ ।
ਕੰਡਿਆਂ ਉੱਤੇ ਹੰਢਿਆ ਲੀੜਾ, ਜੇ ਲਾਹਵਾਂ ਤੇ ਲੀਰਾਂ ।

25.

ਦਿਲ ਮੇਰੇ ਦਾ ਖ਼ੂਨ ਜੇ ਹੋਇਆ ਕਤਰੇ ਅੱਖੀਂ ਅਪੜੇ ।
ਬੱਦਲਾਂ ਅੱਗੇ ਠਹਿਰ ਨਾ ਸਕਦੇ, ਰੰਗ ਬਰੰਗੇ ਕਪੜੇ ।

26.

ਮੈਥੋਂ ਪੁੱਛਦੇ ਹੋ ਮੈਨੂੰ ਕੀਹ ਮਿਲਿਆ,
ਉਹਦੇ ਹਿਜਰ ਤੇ ਉਹਦੇ ਪਿਆਰ ਵਿਚੋਂ ।
ਦਿਲ ਦੇ ਖਰੀਦਿਆ ਛਨਕਣਾ ਮੈਂ,
ਉਹਦੇ ਹੁਸਨ ਦੇ ਮੀਨਾ ਬਾਜ਼ਾਰ ਵਿਚੋਂ ।

27.

ਤੇਰੀ ਮੁੱਠੀ ਵਿਚ ਬੰਦ ਹੈ ਜਾਨ ਮੇਰੀ,
ਰੰਗ ਮਹਿੰਦੀਆਂ ਦੇ ਗੂੜ੍ਹੇ ਚੜ੍ਹੇ ਹੋਏ ਨੇ ।
ਮੇਰੇ ਕਤਲ ਦਾ ਪੂਰਾ ਸਬੂਤ ਮਿਲਦਾ,
ਤੇਰੇ ਹੱਥ ਜੋ ਲਹੂ ਨਾਲ ਭਰੇ ਹੋਏ ਨੇ ।

28.

ਅਲਗਰਜ਼ ਅੱਗੇ ਗਰਜ਼ ਪੇਸ਼ ਕਰਕੇ,
ਅੰਨ੍ਹੇ ਅੱਗੇ ਮੂਰਖਾ ਰੋਣ ਲੱਗਾ ਏਂ ।
‘ਦਾਮਨ’ ਸਮਝ ਲੈ ਮਾਰੀ ਗਈ ਮੱਤ ਤੇਰੀ,
ਗਾਂ ਸਮਝ ਕੇ ਝੋਟੇ ਨੂੰ ਚੋਣ ਲੱਗਾ ਏਂ ।

29.

ਆਈ ਜਵਾਨੀ ਗਈ ਜਵਾਨੀ,
ਜਿਉਂ ਬੱਦਲਾਂ ਦੀ ਛਾਂ ।
ਭਾਵੇਂ ਰਹੀ ਇਹ ਚਾਰ ਦਿਹਾੜੇ,
ਤਾਂ ਵੀ ਭੁੱਲੇ ਨਾ ।

30.

ਆਈ ਜਵਾਨੀ ਗਈ ਜਵਾਨੀ,
ਜਿਵੇਂ ਵੱਸਦੇ ਘਰ ‘ਚੋਂ ਚੋਰ ।
ਫੜਦਿਆਂ ਜੀਕਰ ਨਿਕਲੇ ਹੱਥੋਂ,
ਕਟੀ ਪਤੰਗ ਦੀ ਡੋਰ ।

31.

ਦਾਰੂ ਘਰ ਦਾ ਬੂਹਾ ਖੁੱਲ੍ਹਿਆ,
ਬੁੱਲੇ ਆਏ ਖ਼ੁਸ਼ਬੂਆਂ ਦੇ ।
ਰਿੰਦਾਂ ਦਾਰੂ ਛੱਡਣਾ ਨਾਹੀਂ,
ਕੀ ਫ਼ਾਇਦੇ ਮੁੱਲਾਂ ਸੂਹਾਂ ਦੇ ।

32.

ਨੱਚੇ ਵਿਚ ਖ਼ਿਆਲ ਸੁਰਾਹੀ,
ਅੱਖਾਂ ਵਿਚ ਪਿਆਲਾ ।
ਜਿਉਂ ਤਿਉਂ ਕਰਕੇ ਗਰਮੀ ਕੱਟ ਲਈ,
ਲੰਘੂ ਕਿਵੇਂ ਸਿਆਲਾ ।

33.

ਮੁੱਲਾਂ ਵਾਅਜ਼ ਮਹਿਰਾਬ ‘ਚ ਪਿਆ ਕਰਦਾ,
ਅਸੀਂ ਗੱਲ ਹਾਂ ਦਾਰ ‘ਤੇ ਕਹਿਣ ਵਾਲੇ ।
ਜਿਥੇ ਜ਼ਲਜ਼ਲੇ ਆਂਵਦੇ ਦਿਨੇ ਰਾਤੀਂ,
ਅਸੀਂ ਓਸ ਮਕਾਨ ਦੇ ਰਹਿਣ ਵਾਲੇ ।

34.

ਲੱਗਦਾ ਇੰਝ ਹਵਾ ਨੇ ਸੁੰਘੀ, ਕਿਧਰੋਂ ਸ਼ਾਖ਼ ਅੰਗੂਰੀ ।
ਬਾਗ਼ਾਂ ਦੇ ਵਿਚ ਫੁੱਲ ਮਸਤਾਏ, ਹੋ ਗਏ ਅਤਿ ਸੰਧੂਰੀ ।
ਚੱਲੇ ਤੇਜ਼ ਹਵਾ ਹੋ ਜਾਂਦੇ ਇਕ ਦੂਜੇ ਦੇ ਨੇੜੇ,
ਜਦ ਵਿਛੜਣ ਤੇ ਇੰਝ ਲੱਗਦਾ ਏ, ਰਹਿ ਗਈ ਗੱਲ ਅਧੂਰੀ ।

35.

ਮੈਂ ਚਾਹੁੰਨਾ ਹਾਂ ਉਹ ਸ਼ਰਾਬ ਪੀਣੀ,
ਹਸ਼ਰ ਤੀਕ ਨਾ ਜਿਸਦਾ ਸਰੂਰ ਉੱਤਰੇ ।
ਸੂਲੀ ਸਾਹਮਣੇ ਹੋਵੇ ਤਾਂ ਸਾਫ਼ ਆਖਾਂ,
ਉੱਤੇ ਮੈਂ ਚੜ੍ਹਨਾਂ ਤੇ ਮਨਸੂਰ ਉੱਤਰੇ ।

36.

ਬਿਜਲੀ ਦੇ ਲਿਸ਼ਕਾਰੇ ਪੈਂਦੇ, ਝੂਮ ਘਟਾਵਾਂ ਆਈਆਂ ।
ਉੱਤੋਂ ਏਸ ਸਮੇਂ ਵਿਚ ਸੱਜਣਾ, ਅੱਖਾਂ ਨਹੀਂ ਪਰਤਾਈਆਂ ।
ਜ਼ਿੰਦਗੀ ਦੇ ਰਿਸ਼ਤੇ ਵਿਚ ਸਾਕੀ, ਟੋਏ ਟਿੱਬੇ ਖਾਈਆਂ ।
ਐਸੇ ਵੇਲੇ ਤੂੰ ਮੈਅਖ਼ਾਨੇ ਨੂੰ ਕਿਉਂ ਨੇ ਕੁੰਡੀਆਂ ਲਾਈਆਂ ।

37.

ਸਮਝ ਸਮਝ ਕੇ ਹੋਰਾਂ ਤਾਈਂ, ਮੈਂ ਲੈਣਾ ਏ ਕੀਹ ।
ਆਪਣਾ ਆਪ ਬੁਝਾਰਤ ਬਣਿਆਂ, ਲੁਕ ਲੁਕ ਬਹਿੰਦਾ ਜੀ ।
ਹੱਕ ਦੀ ਗੱਲ ਸੁਣਾ ਦੇ ਸਭ ਨੂੰ, ਨਾ ਬੁੱਲ੍ਹਾਂ ਨੂੰ ਸੀ ।
ਸੋਚ ਸਮਝ ਦੀ ਐਸੀ ਤੈਸੀ, ਘੁੱਟ ਘੁੱਟ ਕਰਕੇ ਪੀ ।

 

ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ।
ਹੱਥੀਂ ਮੋਹਰਾ ਖਾ ਕੇ ਮਰਨਾ ਪੈਂਦਾ ਏ।

ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ।

ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ।

ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ।

ਜਿਹਨਾਂ ਦੇ ਘਰ ਬੇਰੀ ਬਾਬਾ ਉਹਨਾਂ ਨੂੰ,
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ,

ਵਿਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ।
(-ਮੇਰਾ ਨਾਂ ਇਨਸਾਨ ‘ਚੋਂ-)

Total Views: 336 ,
Real Estate