ਆਕਲੈਂਡ 30 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਦੇਸ਼ ਦੇ ਪਾਰਲੀਮੈਂਟ ਭਵਨ ਦੇ ਬੈਂਕਿਉਟ ਹਾਲ ‘ਚ 11 ਨਵੰਬਰ ਦਿਨ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਪਾਰਲੀਮੈਂਟ ਅਧਿਕਾਰੀਆਂ ਨਾਲ ਸਾਂਸਦ ਸ ਕੰਵਲਜੀਤ ਸਿੰਘ ਬਖਸ਼ੀ ਦੀ ਰਸਮੀ ਗੱਲਬਾਤ ਹੋ ਗਈ ਹੈ ਅਤੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਖਿਆਵਾਂ ਅਤੇ ਫਲਸਫੇ ਉਤੇ ਚਾਨਣਾ ਪਾਉਣ ਵਾਸਤੇ ਕੁਝ ਅੰਤਰਰਾਸ਼ਟਰੀ ਬੁਲਾਰਿਆਂ ਨੂੰ ਵੀ ਬੁਲਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਸਾਰਾ ਵੇਰਵਾ ਦਿੱਤਾ ਜਾਵੇਗਾ। ਇਹ ਪ੍ਰੋਗਰਾਮ 2 ਤੋਂ 3 ਘੰਟੇ ਤੱਕ ਦਾ ਹੋਵੇਗਾ ਜਿਸ ਦੇ ਵਿਚ ਪੂਰੇ ਦੇਸ਼ ਤੋਂ ਸੰਗਤਾਂ ਹਿੱਸਾ ਲੈ ਸਕਣਗੀਆਂ। ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਇਸ ਸਬੰਧੀ ਪੂਰੇ ਵੇਰਵੇ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ। ਇਸ ਸਮਾਗਮ ਦੇ ਵਿਚ ਭਾਰਤੀ ਸਫਾਰਤਖਾਨੇ ਤੋਂ ਉਚ ਅਫਸਰ, ਸਥਾਨਕ ਤੇ ਭਾਰਤੀ ਰਾਜਨੀਤਕ ਸਖਸ਼ੀਅਤਾਂ, ਸਥਾਨਕ ਸਰਕਾਰੀ ਅਫਸਰ ਅਤੇ ਵਿਦਵਾਨ ਲੋਕ ਪਹੁੰਚਣਗੇ ਅਤੇ ਸੰਖੇਪ ਰੂਪ ਵਿਚ ਵਿਚਾਰ ਪ੍ਰਗਟ ਕਰਨਗੇ ਅਤੇ ਵਧਾਈ ਸੰਦੇਸ਼ ਦੇਣਗੇ। ਇਹ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਪੰਧ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਜਾਂ ਹੋਰ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ। ਇਸ ਮੌਕੇ ਸੰਗਤਾਂ ਦੇ ਵਾਸਤੇ ਚਾਹ-ਪਾਣੀ ਦਾ ਪ੍ਰਬੰਧ ਰਹੇਗਾ।
ਨਿਊਜ਼ੀਲੈਂਡ ਪਾਰਲੀਮੈਂਟ ‘ਚ ਸਮੂਹ ਸੰਗਤਾਂ 11 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਗੀਆਂ
Total Views: 367 ,
Real Estate



















