ਲਵਾਰਸ ਬੱਚੀਆਂ ਲਈ ਘੜਿਆਂ ਦੀ ਜਗਾਹ ਪੰਘੂੜਿਆਂ ਨੇ ਲਈ

ਰੈੱਡ ਕਰਾਸ ਦੇ ਪੰਘੂੜੇ ਚੋਂ ਲਵਾਰਸ ਨੰਨ੍ਹੀ ਬੱਚੀ ਮਿਲੀ

ਬਠਿੰਡਾ/ 22 ਅਗਸਤ/ ਬਲਵਿੰਦਰ ਸਿੰਘ ਭੁੱਲਰ

ਕੇਂਦਰ ਅਤੇ ਰਾਜ ਸਰਕਾਰ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਪ੍ਰਚਾਰ ਪ੍ਰਸ਼ਾਰ ਕਰਕੇ ਲੜਕੀਆਂ ਪ੍ਰਤੀ ਸਤਿਕਾਰ ਤੇ ਮਾਣ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸਤੇ ਬਾਬਾ ਨਾਨਕ ਤੋਂ ਲੈ ਕੇ ਅੱਜ ਤੱਕ ਲੜਕੀਆਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। ਪਰ ਫਿਰ ਵੀ ਲੜਕੀਆਂ ਪ੍ਰਤੀ ਇੱਥੋਂ ਦੇ ਲੋਕਾਂ ਦਾ ਨਜਰੀਆ ਕਿਹੋ ਜਿਹਾ ਹੈ? ਇਸ ਸਬੰਧੀ ਵਿਚਾਰ ਕਰਨ ਤੇ ਜਵਾਬ ਨਾਂਹ ਪੱਖੀ ਹੀ ਮਿਲਦਾ ਹੈ। ਜੇਕਰ ਸਦੀਆਂ ਪਹਿਲਾਂ ਨੰਨ੍ਹੀਆਂ ਬੱਚੀਆਂ ਨੂੰ ਘੜੇ ਵਿੱਚ ਪਾ ਕੇ ਦੱਬ ਦੇਣ ਦਾ ਰਿਵਾਜ ਪ੍ਰਚੱਲਤ ਸੀ ਤਾਂ ਅੱਜ ਵਿਕਾਸ ਦੇ ਨਾਲ ਘੜੇ ਦੀ ਥਾਂ ਪੰਘੂੜੇ ਨੇ ਲੈ ਲਈ ਹੈ ਜਿੱਥੋਂ ਨੰਨ੍ਹੀਆਂ ਬੱਚੀਆਂ ਮਿਲ ਰਹੀਆਂ ਹਨ। ਰਾਜ ਭਰ ਚੋਂ ਸੈਂਕੜੇ ਬੱਚੀਆਂ ਪੰਘੂੜਿਆਂ ਚੋਂ ਮਿਲ ਚੁੱਕੀਆਂ ਹਨ, ਜਿਹਨਾਂ ਨੂੰ ਸਾਂਭ ਸੰਭਾਲ ਲਈ ਵੱਖ ਵੱਖ ਏਜੰਸੀਆਂ ਦੇ ਸਪੁਰਦ ਕੀਤਾ ਜਾ ਚੁੱਕਾ ਹੈ।
ਬੀਤੇ ਦਿਨ ਜ਼ਿਲ੍ਹਾ ਰੈ¤ਡ ਕਰਾਸ ਸੁਸਾਇਟੀ ਦੇ ਪੰਘੂੜੇ ਵਿੱਚੋਂ ਇੱਕ ਨਵਜੰਮੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ, ਜਿਸ ਨੂੰ ਮਹੰਤ ਗੁਰਬੰਤਾ ਦਾਸ ਸਕੂਲ ਦੇ ਕਰਮਚਾਰੀਆਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਤਰੁੰਤ ਮੈਡੀਕਲ ਸਹਾਇਤਾ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਮਾਹਿਰ ਡਾਕਟਰ ਵੱਲੋਂ ਬੱਚੀ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ ਅਤੇ ਉਸਨੂੰ ਸਰੀਰਕ ਤੌਰ ’ਤੇ ਯੋਗ ਕਰਾਰ ਦੇ ਦਿੱਤਾ ਗਿਆ। ਇਸ ਉਪਰੰਤ ਬੱਚੀ ਨੂੰ ਬਾਲ ਭਲਾਈ ਕਮੇਟੀ ਬਠਿੰਡਾ ਦੇ ਸਪੁਰਦ ਕੀਤਾ ਗਿਆ, ਜਿਸਨੇ ਬੱਚੀ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਬੱਚੀ ਨੂੰ ਜੁਵੇਨਾਇਲ ਜ਼ਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਤਹਿਤ ਸ੍ਰੀ ਆਨੰਤ ਅਨਾਥ ਆਸ਼ਰਮ (ਸਪੈਸ਼ਲਾਇਜਡ ਅਡਾਪਸ਼ਨ ਏਜੰਸੀ) ਨਥਾਣਾ ਨੂੰ ਸਾਂਭ-ਸੰਭਾਲ ਲਈ ਸੌਂਪ ਦਿੱਤਾ ਗਿਆ।
ਸ੍ਰੀ ਖੁਸ਼ਦੀਪ ਸਿੰਘ ਨੇ ਕਿਹਾ ਕਿ ਇਸ ਬੱਚੀ ਦੇ ਮਾਤਾ- ਪਿਤਾ ਦੀ ਭਾਲ ਕੀਤੀ ਜਾਵੇਗੀ। ਜੇਕਰ ਬੱਚੀ ਦੇ ਮਾਤਾ-ਪਿਤਾ ਦਾ ਪਤਾ ਨਹੀ ਚਲਦਾ ਤਾਂ ਬੱਚੀ ਨੂੰ ਨਿਯਮਾਂ ਅਨੁਸਾਰ ਗੋਂਦ ਦੇਣ ਦੀ ਪ੍ਰਕਿਰਿਆ ਵਿੱਚ ਪਾ ਦਿੱਤਾ ਜਾਵੇਗਾ। ਬੱਚੀ ਨੂੰ ਏਜੰਸੀ ਕੋਲ ਦੇਣ ਸਮੇਂ ਜ਼ਿਲ੍ਹਾ ਪ੍ਰੋਗਾਮ ਅਫਸਰ ਬਠਿੰਡਾ ਸ੍ਰੀਮਤੀ ਅਵਤਾਰ ਕੌਰ, ਬਾਲ ਭਲਾਈ ਕਮੇਟੀ ਦੇ ਮੈਂਬਰਾਨ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਹਾਜਰ ਸਨ।

Total Views: 66 ,
Real Estate