ਸੱਚੇ ਚੁਟਕਲੇ -ਗਿਆਨੀ ਸੰਤੋਖ ਸਿੰਘ

ਗਿਆਨੀ ਸੰਤੋਖ ਸਿੰਘ

166 Rooty Hill Road

EASTERN CREEK, N.S.W.

AUSTRALIA-2766

Phone: +61 2 9675 7025

Mobile: +61 435 060 970

E-mail: [email protected]

ਸੱਠਵਿਆਂ ਵਾਲ਼ੇ ਦਹਾਕੇ ਦੌਰਾਨ ਪੰਜਾਬੀ ਵਜ਼ੀਰਾਂ ਦੇ ਚੁਟਕਲੇ ਲੋਕਾਂ ਪਾਸੋਂ ਸੁਣਿਆ ਤੇ ਪਰਚਿਆਂ ਵਿਚ ਪੜ੍ਹਿਆ ਕਰਦੇ ਸਾਂ: ਗਿੱਲ ਵਜ਼ਾਰਤ ਸਮੇ ਫਲਾਣਾ ਵਜ਼ੀਰ ਫਲਾਣੇ ਵਜ਼ੀਰ ਦੇ ਘਰ ਗਿਆ ਤੇ ਉਸ ਦੇ ਨੌਕਰ ਨੇ ਠੰਡਾ ਕੋਕਾ ਕੋਲਾ ਫ਼ਰਿਜ ਵਿਚੋਂ ਕਢ ਕੇ ਪਿਆਇਆ ਤਾਂ ਆਉਣ ਵਾਲ਼ੇ ਛੋਟੇ ਵਜ਼ੀਰ ਨੇ ਘਰ ਵਾਲ਼ੇ ਵੱਡੇ ਵਜ਼ੀਰ ਤੋਂ ਹੈਰਾਨੀ ਨਾਲ ਪੁਛਿਆ, “ਓਇ ਫਲਾਣਾ ਸਿਹਾਂ, ਇਹ ਬਿਨਾ ਬਰਫ਼ ਤੋਂ ਹੀ ਤੇਰੇ ਘਰ ਸੋਡਾ ਕਿਵੇਂ ਠੰਡਾ ਹੋ ਜਾਂਦਾ ਓਇ?” “ਤੈਨੂੰ ਨਹੀ ਪਤਾ ਭਾਊ, ਸੋਡੇ ਨੂੰ ਠੰਡਾ ਕਰਨ ਵਾਲੀ ਇਕ ਪੇਟੀ ਹੁੰਦੀ ਏ ਜਿਸ ਵਿਚ ਬਿਨਾ ਬਰਫ ਪਾਇਆਂ ਹੀ ਸਭ ਕੁਝ ਠੰਡਾ ਹੋ ਜਾਂਦਾ ਏ, ਤੇ ਇਹ ਹਰੇਕ ਵਜ਼ੀਰ ਨੂੰ ਮਿਲਦੀ ਏ” ਦੱਸਿਆ ਵਧ ਪੜ੍ਹੇ ਹੋਏ ਵਜ਼ੀਰ ਨੇ। “ਹਲਾ; ਤਾਂ ਫਿਰ ਇਹ ਪੇਟੀ ਮੈਨੂੰ ਕਿਉਂ ਨਹੀ ਮਿਲੀ?” ਮਹਿਕਮੇ ਤੋਂ ਪੁੱਛ ਗਿੱਛ ਕਰਨ ਤੇ ਪਤਾ ਲੱਗਾ ਕਿ ਵਜ਼ੀਰ ਸਾਹਿਬ ਦੀ ਕੋਠੀ ਵਾਸਤੇ ਵੀ ਇਸ਼ੂ ਹੋਈ ਹੈ ਇਹ ਪੇਟੀ। ਜਦੋਂ ਵਜ਼ੀਰ ਜੀ ਦੀ ਕੋਠੀਉਂ ਜਾ ਕੇ ਪੜਤਾਲ ਕੀਤੀ ਗਈ ਤਾਂ ਵੇਖਿਆ ਗਿਆ ਕਿ ਉਸ ਪੇਟੀ ਵਿਚ ਪਰਵਾਰ ਦੇ ਜੋੜੇ ਸਜ ਰਹੇ ਸਨ। ਯਾਦ ਰਹੇ ਕਿ ਛੋਟੇ ਵਜ਼ੀਰ ਨੇ ਉਮਰ ਵਿਚ ਵੱਡਾ ਹੋਣ ਕਰਕੇ ਵਡੇ ਵਜ਼ੀਰ ਨੂੰ, ਆਪਣੀ ਵੱਡੀ ਉਮਰ ਦਾ ਲਾਭ ਉਠਾਉਂਦਿਆਂ ਹੋਇਆਂ, ਸ਼ਬਦ ‘ਓਇ’ ਨਾਲ ਹੀ ਸੰਬੋਧਨ ਕਰ ਲਿਆ ਤੇ ਵੱਡੇ ਨੇ ਛੋਟੇ ਨੂੰ ਉਮਰੋਂ ਵਡਾ ਜਾਣ ਕੇ ‘ਭਾਊ’ ਵਰਗੇ ਸਤਿਕਾਰਤ ਮਝੈਲੀ ਸ਼ਬਦ ਨਾਲ਼ ਸੰਬੋਧਨ ਕੀਤਾ।
ਉਹਨਾਂ ਹੀ ਦੋਹਾਂ ਵਜ਼ੀਰਾਂ ਦੀ ਮੇਰੇ ਸਾਹਮਣੇ ਇਕ ਘਟਨਾ ਇਉਂ ਵਾਪਰੀ: ਸ. ਲਛਮਣ ਸਿੰਘ ਗਿੱਲ ਦਾ ਰਾਜ ਜੀ। ਕਿਉਂਕਿ ਉਹ ਅਕਾਲੀਆਂ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਹਾਇਤਾ ਨਾਲ਼ ਗੱਦੀ ਤੇ ਬਿਰਾਜਮਾਨ ਸੀ। ਅਕਾਲੀ ਉਸ ਦੀ ਵਿਰੋਧਤਾ ਕਰਦੇ ਸਨ। ਜਿਥੇ ਵੀ ਉਹ ਜਾਂਦਾ ਸੀ ਕਾਲੀਆਂ ਝੰਡੀਆਂ ਤੇ ਗ਼ਦਾਰੀ ਦੇ ਫ਼ਤਵਿਆਂ ਨਾਲ ਉਸ ਦੇ ਖ਼ਿਲਾਫ਼ ਮੁਜ਼ਾਹਰਾ ਕਰਦੇ ਸਨ। ਸ. ਪ੍ਰਤਾਪ ਸਿੰਘ ਕੈਰੋਂ ਵਾਂਗ ਉਹ ਵੀ ਗੱਜ ਵੱਜ ਕੇ ਰਾਜ ਕਰ ਰਿਹਾ ਸੀ ਤੇ ਪੁਲਸ ਦੁਆਰਾ ਮੁਜ਼ਾਹਰੀਨਾਂ ਦੀ ਵਾਹਵਾ ‘ਡਾਂਗ ਪਰੇਡ’ ਕਰਵਾਉਂਦਾ ਸੀ। ਰੱਖੜ ਪੁੰਨਿਆਂ ਦੇ ਸਾਲਾਨਾ ਮੇਲੇ ਸਮੇ ਇਕ ਵਾਰੀਂ ਮੈ ਵੀ ਅਜਿਹੇ ਸਮੇ ਘਿਰ ਗਿਆ ਸਾਂ ਪਰ ਪੈਰਾਂ ਦਾ ਛੋਹਲ਼ਾ ਹੋਣ ਕਰਕੇ ਡਾਗਾਂ ਤੋਂ ਬਚਾ ਕਰ ਲਿਆ ਸੀ। ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜੀਵਨ ਸਿੰਘ ਉਮਰਾ ਨੰਗਲ, ਸ. ਨਾਰਾਇਣ ਸਿੰਘ ਸਾਬਾਜਪੁਰੀ ਆਦਿ ਮਝੈਲੀ ਆਗੂਆਂ ਨੂੰ ਵਾਹਵਾ ਡਾਂਗ ਪ੍ਰਸ਼ਾਦ ਦੇ ਗੱਫੇ ਪ੍ਰਾਪਤ ਹੋਏ ਸਨ। ਸਾਬਾਜਪੁਰੀ ਤਾਂ ਧੁੱਸ ਦੇ ਕੇ ਸਟੇਜ ਦੇ ਨੇੜੇ ਵੀ ਪੁੱਜ ਗਏ ਸਨ। ਜਥੇਦਾਰ ਤੁੜ ਤਾਂ ਸ਼ੂਗਰ ਦੇ ਮਰੀਜ ਹੋਣ ਕਰਕੇ, ਡਾਂਗਾਂ ਖਾ ਕੇ ਜ਼ਮੀਨ ਤੇ ਡਿਗ ਵੀ ਪਏ ਸਨ ਪਰ ਬਾਕੀ ਦੇ ਨਹੀ ਸਨ ਡਿੱਗੇ।
ਅੰਮ੍ਰਿਤਸਰ ਵਿਚ ਕਿੱਤਿਆਂ ਦੇ ਸਾਹਮਣੇ ਖਾਲੀ ਥਾਂ ਤੇ ਉਸ ਦੀ ਪਾਰਟੀ ਦਾ ਜਲਸਾ ਹੋ ਰਿਹਾ ਸੀ। ਇਹ ਸਥਾਨ ਨਵੇ ਬਣੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਐਨ ਸਾਹਮਣੇ ਹੈ। ਸਾਡਾ ਘਰ ਵੀ ਹਸਪਤਾਲ ਵਾਲੀ ਥਾਂ ਤੇ ਹੁੰਦਾ ਸੀ। ਅਜਿਹੇ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਰਿਹਾਇਸ਼ੀ ਕਵਾਰਟਰਜ਼ ਢਾਹ ਕੇ ਉਸ ਥਾਂ ਤੇ ਇਸ ਹਸਪਤਾਲ ਦੀ ਉਸਾਰੀ ਕੀਤੀ ਗਈ ਸੀ। ਉਸ ਜਲਸੇ ਦੀ ਸਟੇਜ ਉਪਰ ਦੋ ਵਜ਼ੀਰ ਵੀ ਸਜ ਰਹੇ ਸਨ। ਛੋਟਾ ਵਜ਼ੀਰ ਅਰਥਾਤ ਉਪ ਮੰਤਰੀ ਜੀ ਸਟੇਜ ਤੇ ਭਾਸ਼ਨ ਕਰ ਰਹੇ ਸਨ। ਵੱਡਾ ਵਜ਼ੀਰ ਅਰਥਾਤ ਪੂਰੇ ਮੰਤਰੀ ਜੀ ਸਟੇਜ ਉਪਰ ਬੈਠੇ ਹੋਏ ਸਨ। ਦੋਵੇਂ ਵਜ਼ੀਰ ਕੁਝ ਮਹੀਨੇ ਹੀ ਪਹਿਲਾਂ ਅਕਾਲੀ ਹੁੰਦੇ ਸਨ ਤੇ ਫਿਰ ਕੁਝ ਸਮੇ ਬਾਅਦ ਮੁੜ ਅਕਾਲੀ ਸਜ ਗਏ ਸਨ। ਆਪਣੇ ਭਾਸ਼ਨ ਵਿਚ ਇਕ ਗੱਲ ਤਾਂ ਛੋਟੇ ਵਜ਼ੀਰ ਜੀ ਨੇ ਇਹ ਆਖੀ, “ਅਕਾਲੀ ਜਿੰਨੇ ਮਰਜੀ ਆ ਜਾਣ। ਸਾਨੂੰ ਨਹੀ ਪਰਵਾਹ। ਅਸੀਂ ਜੇਹਲਾਂ ਵਿਚ ਗੋਭੀ ਬੜੀ ਬੀਜੀ ਹੋਈ ਆ।“ ਦੂਜੀ ਗੱਲ ਉਹਨਾਂ ਨੇ ਇਹ ਆਖੀ: ਭਰਾਵੋ, ਇਹ ਜੇਹੜਾ ਪ੍ਰਕਾਹ ਹੋਂਹ ਆ ਨਾ, ਪ੍ਰਕਾਹ ਹੋਂਹ (ਸ. ਪ੍ਰਕਾਸ਼ ਸਿੰਘ ਮਜੀਠਾ); ਇਹ ਸਿਰਫ ਮਨਿਸ਼ਟਰ ਈ ਆ। ਮੈ ਨਾਲ਼ ਡਿਪਟੀ ਵੀ ਆਂ। ਇਹ ਸੁਣ ਕੇ ਜਲਸੇ ਵਿਚ ਹਾਜਰ ਲੋਕੀਂ ਖਿੜ ਖਿੜਾ ਕੇ ਹੱਸ ਪਏ।
ਏਥੋਂ ਤੱਕ ਕਿ ਸੱਜੇ ਕਮਿਊਨਿਸਟਾਂ ਦੀ ਅਖ਼ਬਾਰ ‘ਨਵਾਂ ਜ਼ਮਾਨਾ’ ਨੇ ਤਾਂ ਇਕ ਸਪੈਸ਼ਲ ਨੰਬਰ ਹੀ ਗਿੱਲ ਵਜ਼ਾਰਤ ਦੇ ਚੁਟਕਲਿਆਂ ਨਾਲ ਭਰਿਆ ਛਾਪ ਦਿਤਾ ਸੀ।
ਇਕ ਹੋਰ ਵਜ਼ੀਰ, ਜੋ ਪਿਛੋਂ ਜਾ ਕੇ ਬਹੁਤ ਉਚੇ ਅਹੁਦੇ ਤੱਕ ਵੀ ਪੁਜੇ, ਬਾਰੇ ਕਿਸੇ ਨੇ ਚੁਟਕਲਾ ਘੜਿਆ। ਜਦੋਂ ਉਹ ਪਹਿਲੀ ਵਾਰ ਵਜ਼ੀਰ ਬਣ ਕੇ ਪਟਿਆਲੇ ਵਜ਼ੀਰੀ ਵਾਲੀ ਕੋਠੀ ਵਿਚ, ਸਮੇਤ ਪਰਵਾਰ ਪਿੰਡੋਂ ਪਧਾਰੇ ਤਾਂ ਜਵਾਕ ਟੌਇਲਟ ਨਾ ਜਾਣ। ਆਖਣ, “ਬੀਬੀ, ਓਥੇ ਤਾਂ ਚੁਲ੍ਹੇ ਜਿਹੇ ਬਣੇ ਹੋਏ ਨੇ!” ਇਹ ਸਾਰਾ ਕੁਝ ਜਾਨਣ ਤੇ ਖ਼ੁਦ ਨੂੰ ‘ਤੀਸਮਾਰ’ ਖਾਂ ਸਮਝਣ ਦੇ ਬਾਵਜੂਦ ਵੀ, ਮੇਰੀ ਆਪਣੀ ਸਿਆਣਪ ਸੁਣ ਲਓ: 9 ਮਾਰਚ 1967 ਨੂੰ ਪੰਜਾਬ ਦੀ ਪਹਿਲੀ ਗ਼ੈਰ ਕਾਂਗਰਸੀ ਵਜ਼ਾਰਤ ਦੇ, ਰਾਜ ਭਵਨ ਚੰਡੀਗੜ੍ਹ ਵਿਚੋਂ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ, ਸਹੁੰ ਚੁੱਕਣ ਉਪ੍ਰੰਤ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਹੇਠ, ਸਾਰੀ ਵਜ਼ਾਰਤ ਅੰਮ੍ਰਿਤਸਰ ਵਿਚ ਸ਼ਰਧਾ ਦੇ ਫੁੱਲ ਭੇਟ ਕਰਨ ਆਈ। ਪ੍ਰਧਾਨ ਜੀ ਦਾ ਪੀ.ਏ. ਹੋਣ ਕਾਰਨ ਮੈ ਵੀ ਨਾਲ ਹੀ ਸੀ। ਸ੍ਰੀ ਦਰਬਾਰ ਸਾਹਿਬ ਤੇ ਹੋਰ ਮਹੱਤਵਪੂਰਣ ਸਥਾਨਾਂ ਦੀ ਯਾਤਰਾ ਪਿਛੋਂ ਸਾਰਾ ਕਾਫ਼ਲਾ ਸਰਕਟ ਹਾਊਸ ਵਿਚ ਵਿਸ਼ਰਾਮ ਲਈ ਰੁਕਿਆ। ਮੈ ਮੁਖ ਮੰਤਰੀ ਜੀ ਦੇ ਪੀ.ਏ. ਸ. ਅਮਰਜੀਤ ਸਿੰਘ ਵਾਲੀਆ ਜੀ, ਜੋ ਬਾਅਦ ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੀ ਰਹੇ, ਨੂੰ ਬਾਥਰੂਮ ਬਾਰੇ ਪੁੱਛਿਆ ਤਾਂ ਉਹਨਾਂ ਨੇ ਇਕ ਦਰਵਾਜ਼ੇ ਵੱਲ ਇਸ਼ਾਰਾ ਕਰਕੇ ਦੱਸ ਦਿਤਾ। ਜਦੋਂ ਮੈ ਜਾ ਕੇ ਉਹ ਬੂਹਾ ਖੋਲ੍ਹਿਆ ਤਾਂ ਵੇਖ ਕੇ ਯਕੀਨ ਨਾ ਆਇਆ ਕਿ ਏਨੀ ਸਫਾਈ ਵਾਲਾ ਕਮਰਾ ਵੀ ਇਸ ਕੰਮ ਲਈ ਵਰਤਿਆ ਜਾਂਦਾ ਹੋਵੇਗਾ। ਹੋਰ ਵੀ ਹੈਰਾਨੀ ਕਿ ਓਥੇ  ‘ਚੁਲ੍ਹੇ ਜਿਹੇ’ ਵੀ ਬਣੇ ਹੋਏ ਸਨ। ਮੇਰਾ ਉਸ ਕਮਰੇ ਨੂੰ ਵਰਤਣ ਦਾ ਹੌਸਲਾ ਨਾ ਪਿਆ ਤੇ ਓਹਨੀ ਪੈਰੀਂ ਹੀ ਮੈ ਮੁੜ ਆਇਆ। ਕਾਹਲੀ ਨਾਲ ਮੁੜਦੇ ਉਪਰ ਫੇਰ ਵਾਲੀਆ ਜੀ ਦੀ ਦ੍ਰਿਸ਼ਟੀ ਪੈ ਗਈ ਤੇ ਕੁਝ ਸ਼ੱਕ ਜਿਹੇ ਨਾਲ਼ ਉਹਨਾਂ ਨੇ ਪੁਛਿਆ, “ਕੀ ਗੱਲ ਏਨੀ ਛੇਤੀ ਮੁੜ ਆਏ?” ਮੈ ਕਿਹਾ, “ਮੈਨੂੰ ਲਭਿਆ ਨਹੀ ਸਥਾਨ।” ਮੇਰੇ ਨਾਲ ਜਾ ਕੇ ਉਹਨਾਂ ਨੇ ਖ਼ੁਦ ਬੂਹਾ ਖੋਹਲ ਕੇ ਜਦੋਂ ਦੱਸਿਆ ਤਾਂ ਯਕੀਨ ਵੀ ਆਇਆ; ਆਪਣੀ ਅਕਲ ਤੇ ਸ਼ਰਮਿੰਦਗੀ ਵੀ ਆਈ; ਪਰ ਮੈ ਉਹਨਾਂ ਨੂੰ ਦੱਸਿਆ ਨਾ ਕਿ ਮੈ ਬੂਹਾ ਖੋਹਲ ਕੇ ਏਥੋਂ ਦੀ ਸਫਾਈ ਵੇਖ ਕੇ ਮੁੜ ਗਿਆ ਸਾਂ।
ਦੂਜੀ ਗੱਲ ਇਹ ਅਪ੍ਰੈਲ 1978 ਦੀ ਹੈ। ਅਮ੍ਰੀਕਾ ਦੀ ਰਾਜਧਾਨੀ, ਵਾਸ਼ਿੰਗਟਨ ਡੀ.ਸੀ. ਦੇ ਬੱਸ ਅੱਡੇ ਤੇ ਮੈ ਨਿਊ ਯਾਰਕ ਦੀ ਬੱਸ ਫੜਨ ਵਾਸਤੇ ਖਲੋਤਾ ਸਾਂ। ਲੋੜ ਪਈ ਬਾਥਰੂਮ ਜਾਣ ਦੀ। ਕਿਸੇ ਦੇ ਦੱਸਣ ਅਨੁਸਾਰ ਜਦੋਂ ਪੌੜੀਆਂ ਉਤਰ ਕੇ ਥੱਲੇ ਗਿਆ ਤਾਂ ਉਸ ਸਥਾਨ ਦੀ ਚਮਕ ਦਮਕ ਅੱਖਾਂ ਚੁੰਧਿਆਉਣ ਵਾਲੀ ਵੇਖੀ। ਫਿਰ ਉਤੋਂ ਸਿਤਮ ਇਹ ਕਿ ਪ੍ਰਵੇਸ਼ ਦੁਆਰ ਦੇ ਮੱਥੇ ਉਪਰ ‘ਰੈਸਟਰੂਮ’ ਲਿਖਿਆ ਹੋਇਆ ਪੜ੍ਹ ਕੇ, ਆਪਣੀ ‘ਅਕਲ’ ਵਰਤ ਕੇ ਵਾਪਸ ਮੁੜ ਆਇਆ। ਵਿਚਾਰ ਵਿਚ ਆਇਆ ਕਿ ਇਹ ਤਾਂ ਕੋਈ ਆਰਾਮ ਕਰਨ ਵਾਲ਼ਾ ਥਾਂ ਹੋਵੇਗਾ, ਇਸ ਕਾਰਜ ਵਾਲ਼ਾ ਨਹੀ। ਇਸ ਗੱਲ ਦੀ ਸਮਝ ਹੀ ਨਹੀ ਸੀ ਉਸ ਸਮੇ ਕਿ ਅਮ੍ਰੀਕਾ ਵਿਚ ਇਸ ਸਥਾਨ ਨੂੰ ‘ਟੋਇਲੈਟ’  ਜਾਂ ‘ਡਬਲਿਊ. ਸੀ.’ ਨਹੀ ਬਲਕਿ ‘ਰੈਸਟਰੂਮ’  ਹੀ ਆਖਿਆ ਜਾਂਦਾ ਹੈ; ਜੋ ਬਾਅਦ ਵਿਚ ਟੋਰਾਂਟੋ ਜਾ ਕੇ ਪਤਾ ਲੱਗਾ, ਤੇ ਨਾਲ ਹੀ ਇਹ ਵੀ ਪਤਾ ਲੱਗਾ ਕਿ ਕੈਨੇਡਾ ਵਿਚ ਇਸ ਸਥਾਨ ਨੂੰ ‘ਵਾਸ਼ਰੂਮ’  ਆਖਦੇ ਨੇ। ਆਪਣੀ ਇਸ ਪੜ੍ਹਾਈ ਤੇ ਸਮਝਦਾਰੀ ਦੀ ਕਿਰਪਾ ਸਦਕਾ ਇਹ ‘ਕਾਰਜ’ ਮੈਨੂੰ ਨਿਊ ਯਾਰਕ ਆ ਕੇ ਹੀ ਕਰਨਾ ਪਿਆ।
ਲਓ, ਇਹ ਵੀ ਸੁਣ ਲਓ ਲੱਗਦੇ ਹੱਥ: ਕੁਝ ਸਾਲਾਂ ਦੀ ਗੱਲ ਹੈ: ਵਿਚਾਰ ਬਣਿਆ ਕਿ ਦੱਖਣੀ ਅਰਧ ਗੋਲੇ ਦਾ ਸਭ ਤੋਂ ਵੱਡਾ ਚਿੜੀਆ ਘਰ, ਡਬੋ  ਜਾ ਕੇ ਵੇਖ ਆਵਾਂ। ਵੇਹਲਾ ਹੀ ਸਾਂ ਆਮ ਵਾਂਗ। ਜਿਸ ਕਿਸੇ ਵੀ ਸੱਜਣ ਨੂੰ ਮੇਰੇ ਇਸ ‘ਪਲਾਨ’ ਦਾ ਪਤਾ ਲੱਗਾ, ਮਖੌਲ ਵਿਚ ਏਹੀ ਬੋਲਿਆ, “ਵੇਖੀਂ ਕਿਤੇ ਤੈਨੂੰ ਵੀ ਓਥੇ ਹੀ ਨਾ ਰੱਖ ਲੈਣ!” ਇਕ ਬੀਬੀ ਨੇ ਤਾਂ ਇਹ ਗੱਲ ਵੀ ਧੁਮਾ ਦਿਤੀ, “ਗਿਆਨੀ ਜੀ ਨੂੰ ਤਾਂ ਡੱਬੋ ਜ਼ੂ ਵਿਚ ਜੌਬ ਮਿਲ ਗਈ ਹੈ।” ਵਾਪਸੀ ਤੇ ਇਕ ਬਹੁਤੇ ਹੀ ਸੁਹਿਰਦ ਸੱਜਣ ਨੇ ਪੁੱਛ ਲਿਆ, ਕੀ ਗੱਲ ਓਥੇ ਰੱਖਿਆ ਨਹੀ ਤੈਨੂੰ ਕਿਸੇ ਨੇ!” “ਨੋ ਵੇਕੈਂਸੀ ਦਾ ਸਾਈਨ ਹੀ ਦਿਸਿਆ ਸੀ ਮੈਨੂੰ ਤਾਂ ਓਥੇ!” ਜਵਾਬ ਸੀ ਮੇਰਾ ਓਸੇ ਹੀ ਟੋਨ ਵਿਚ। ਓਥੇ ਵਿਸ਼ਾਲ ਜ਼ੂ ਵੇਖਣ ਲਈ ਲਏ ਗਏ ਕਿਰਾਏ ਦੇ ਸਾਈਕਲ ਨਾਲ ਮੇਰਾ ਜੋ ‘ਯੁਧ’ ਹੋਇਆ ਤੇ ਬਾਕੀ ਗੱਲਾਂ ਦਾ ਜ਼ਿਕਰ ਕਿਤੇ ਫੇਰ ਸਹੀ।
ਹੁਣ ਗੱਡੀ ਦੀ ਗੱਲ ਵੀ ਸੁਣ ਲਵੋ: ਕਿਸੇ ਸੁਹਿਰਦ ਸੱਜਣ ਦੀ ਕਿਰਪਾ ਨਾਲ ਮੈਨੂੰ ਫ਼ਸਟ ਕਲਾਸ ਦਾ ਪਾਸ ਮਿਲ ਗਿਆ। ਸੀਟ ਬੁੱਕ ਕਰਾ ਕੇ ਜਦੋਂ ਮੈ ਇਕ ਨੰਬਰ ਵਾਲੇ ਡੱਬੇ ਵਿਚ ਇਕ ਨੰਬਰ ਸੀਟ ਤੇ ਗਿਆ ਤਾਂ ਓਥੇ ਏਨਾ ਵਧੀਆ ਇੰਤਜ਼ਾਮ ਵੇਖ ਕੇ ਸ਼ੱਕ ਪਿਆ ਕਿ ਇਹ ਸੀਟ ਮੇਰੀ ਨਹੀ ਹੋ ਸਕਦੀ। ਪਹਿਲਾਂ ਵੀ ਕਈ ਵਾਰੀ ਫ਼ਸਟ ਕਲਾਸ ਵਿਚ ਸਫ਼ਰ ਕੀਤਾ ਸੀ ਤਾਂ ਇਉਂ ਹੀ ਅਨੁਭਵ ਹੋਇਆ ਸੀ ਕਿ ਇਕਾਨਮੀ ਕਲਾਸ ਤੇ ਫ਼ਸਟ ਕਲਾਸ ਵਿਚ ਕੋਈ ਬਹੁਤਾ ਫ਼ਰਕ ਨਹੀ ਹੁੰਦਾ ਪਰ ਏਥੇ ਤਾਂ ਰੰਗ ਢੰਗ ਹੀ ਹੋਰ ਦੇ ਹੋਰ ਸਨ। ਆਹਮੋ ਸਾਹਮਣੇ ਦੋ ਗੱਦੇ ਸਨ ਜਿਨ੍ਹਾਂ ਉਪਰ ਤਿੰਨ ਤਿੰਨ ਸਵਾਰੀਆਂ ਆਰਾਮ ਨਾਲ ਬੈਠ ਸੱਕਣ। ਨਾਲ ਕੱਪੜੇ ਟੰਗਣ ਦੀ ਅਲਮਾਰੀ, ਬਾਥਰੂਮ, ਸ਼ਾਵਰ ਤੇ ਹੋਰ ਹੁਣ ਯਾਦ ਨਹੀ ਰਿਹਾ ਕਿੰਨਾ ਕੁਝ! ਦੋ ਚਾਰ ਚੱਕਰ ਗੱਡੀ ਵਿਚ ਹੀ ਲਾਏ ਕਿ ਕੋਈ ਕਰਮਚਾਰੀ ਮਿਲ ਜਾਵੇ ਤਾਂ ਉਸ ਨੂੰ ਪੁੱਛ ਕੇ ਤਸੱਲੀ ਕਰਾਂ ਕਿ ਮੇਰੀ ਸਹੀ ਸੀਟ ਕੇਹੜੀ ਹੈ! ਪਰ ਕੋਈ ਵੀ ਜਦੋਂ ਨਾ ਮਿਲਿਆ ਤਾਂ ਇਹ ਸੋਚ ਕੇ ਬੈਠ ਗਿਆ ਕਿ ਜਦੋਂ ਕਿਸੇ ਨੇ ਆ ਕੇ ਪੁੱਛਿਆ ਤਾਂ ਆਪਣੀ ਸਥਿਤੀ ਬਿਆਨ ਕਰ ਦਿਆਂਗਾ ਤੇ ਕਹਿ ਦਿਆਂਗਾ, “ਭਾਈ ਜਿਥੇ ਥਾਂ ਹੈ, ਦੱਸ ਦੇ; ਮੈ ਓਥੇ ਚਲਾ ਜਾਂਦਾ ਹਾਂ।” ਪਰ ਰਸਤੇ ਵਿਚ ਨਾ ਕੋਈ ਕਰਮਚਾਰੀ ਆਇਆ ਤੇ ਨਾ ਹੀ ਕਿਸੇ ਨੇ ਮੈਨੂੰ ਉਠਾਇਆ। ਇਕ ਸਟੇਸ਼ਨ ਤੋਂ ਇਕ ਆਸਟ੍ਰੇਲੀਅਨ ਬੀਬੀ ਬੱਚੇ ਸਮੇਤ ਸਵਾਰ ਹੋਈ ਤੇ ਉਸ ਦੀ ਬੱਚੇ ਸਮੇਤ ਸਹੂਲਤ ਨੂੰ ਮੁਖ ਰੱਖਦਿਆਂ ਹੋਇਆਂ ਮੈ ਸਾਰਾ ਕੇਬਨ ਉਸ ਲਈ ਛੱਡ ਕੇ ਆਪ ਨਾਲ ਵਾਲੇ ਕੇਬਨ ਵਿਚ ਚਲਾ ਗਿਆ।
ਕਈ ਸਾਲਾਂ ਪਿਛੋਂ, ਕਿਸੇ ਜਾਣਕਾਰ ਸੱਜਣ ਦੇ ਦਸਣ ਤੇ ਪਤਾ ਲੱਗਾ ਕਿ ਪਹਿਲੇ ਡੱਬੇ ਦੀ ਫਸਟ ਕਲਾਸ ਏਸੇ ਤਰ੍ਹਾਂ ਦੀ ਹੀ, ਸਪੈਸ਼ਲ ਕਿਸਮ ਦੀ ਹੁੰਦੀ ਹੈ।
ਇਹ ਵੀ ਦੱਸ ਹੀ ਜਾਵਾਂ ਲੱਗਦੇ ਹੱਥ: ਫਰਵਰੀ 1997 ਵਿਚ, ਮਲਾਵੀ ਦੀ ਰਾਜਧਾਨੀ ਲਿਲੌਂਗਵੇ  ਤੋਂ ਬੱਸ ਰਾਹੀਂ ਦੂਜੇ ਸ਼ਹਿਰ ਬਲੈਂਟਾਇਰ  ਨੂੰ ਜਾ ਰਿਹਾ ਸਾਂ ਤੇ ਬੱਸ ਵਿਚ ਕੋਕ ਵਗੈਰਾ ਵਰਤਾਇਆ ਜਾ ਰਿਹਾ ਸੀ। ਕੁਝ ਕਾਰਨਾਂ ਕਰਕੇ ਮੈ ਨਾ ਲਿਆ ਤੇ ਮੁਖ ਕਾਰਨ ਏਹੀ ਸੀ ਕਿ ਬਿਨਾ ਲੋੜ ਤੋਂ ਪੈਸੇ ਕਿਉਂ ਖ਼ਰਚੇ ਜਾਣ! ਲਿੰਬੀ ਵਿਚਲੇ ਸੱਜਣਾਂ ਤੋਂ ਪਤਾ ਲੱਗਾ ਕਿ ਇਹ ਤਾਂ ਮੁਫ਼ਤ ਹੀ ਵਰਤਾਏ ਜਾਂਦੇ ਹਨ ਜਹਾਜ ਵਾਂਗ। ਵਾਪਸ ਮੁੜਦਿਆਂ ਜਦੋਂ ਫੇਰ ਡਰਿੰਕ ਤੇ ਚਿਪਸ ਵਰਤੇ ਤਾਂ ਮੈ ਕੋਕ ਤਾਂ ਨਾ ਲਿਆ ਤੇ ਚਿਪਸ ਲੈ ਲਏ। ਜਦੋਂ ਖਾ ਚੁਕਿਆ ਤਾਂ ਵਰਤਾਵੇ ਨੇ ਦਸ ਕਵਾਚੇ (ਮਲਾਵੀ ਦੀ ਕਰੰਸੀ) ਮੰਗ ਲਏ। ਮੈ ਆਖਿਆ, “ਇਹ ਮੁਫ਼ਤ ਨਹੀ?” ਤਾਂ ਕਹਿੰਦਾ, “ਡਰਿੰਕ ਮੁਫ਼ਤ ਹੈ ਪਰ ਚਿਪਸ ਨਹੀ; ਇਹਨਾਂ ਦੇ ਪੈਸੇ ਲੱਗਦੇ ਹਨ।”
ਇਹ ਸਭ ਕੁਝ ਜਾਣਦਿਆਂ ਹੋਇਆ ਵੀ ਮੇਰੀ 2004 ਵਿਚਲੀ ਯੂਰਪ ਦੀ ਯਾਤਰਾ ਸਮੇ ਮੇਰੇ ਨਾਲ਼ ਦੋ ਵਾਰ ਵਾਪਰ ਗਿਆ। ਪਹਿਲਾਂ ਨਾਰਵੇ ਦੇਸ਼ ਵਿਚ ਵਾਕਿਆ ਉਤਰੀ ਧਰੁਵ ਵਾਲ਼ੇ ਸ਼ਹਿਰ ਬੋਦੋ ਤੋਂ ਰਾਜਧਾਨੀ ਓਸਲੋ ਤੱਕ ਦੇ ਹਵਾਈ ਜਹਾਜ ਦੇ ਸਫ਼ਰ ਸਮੇ, ਜਹਾਜ ਵਿਚ ਮੁਫ਼ਤ ਜਲ ਪਾਣੀ ਮਿਲ਼ਨ ਦੀ ਆਸ ਤੇ ਭੁੱਖਾ ਹੀ ਜਹਾਜੇ ਚੜ੍ਹ ਗਿਆ ਪਰ ਜਹਾਜ ਦੇ ਵਿਚ ਜਾ ਕੇ ਪਤਾ ਲਗਾ ਕਿ ਮੇਰੀ ਟਿਕਟ ਤਾਂ ਸਸਤੀ ਹੈ ਤੇ ਇਸ ਲਈ ਮੈ ਇਸ ‘ਸੇਵਾ’ ਦਾ ਅਧਿਕਾਰੀ ਨਹੀ ਹਾਂ। ਆਪਣੇ ਭੁਲੱਕੜ ਸੁਭਾ ਕਾਰਨ ਪੈਰਿਸ ਤੋਂ ਸਪੇਨ ਦੇ ਸ਼ਹਿਰ ਬਾਰਸੀਲੋਨਾ ਤੱਕ ਦੀ ਯਾਤਰਾ ਸਮੇ ਵੀ ਮੇਰੇ ਨਾਲ਼ ਏਹੀ ਕੁਝ ਹੋਇਆ। ਸਵੇਰ ਤੋਂ ਖਾਲੀ ਢਿਡ ਹੀ ਰਿਹਾ ਤੇ ਬਾਰਸੀਲੋਨਾ ਸ਼ਹਿਰ ਅੱਪੜ ਕੇ ਪਹਿਲਾਂ ਛੇਤੀ ਨਾਲ਼ ਬੇਕਰੀ ਤੋਂ ਕੁਝ ਲੈ ਕੇ ਮੂੰਹ ਵਿਚ ਪਾਇਆ ਤੇ ਫਿਰ ਹੀ ਓਥੋਂ ਚੁੱਕਣ ਵਾਸਤੇ ਇਕ ਸੱਜਣ ਪੁਰਸ਼ ਨੂੰ ਫੋਨ ਕੀਤਾ।
ਕੁਝ ਹੀ ਸਮਾ ਪਹਿਲਾਂ ਦੀ ਗੱਲ ਹੈ ਕਿ ਸਿਡਨੀ ਹਵਾਈ ਅੱਡੇ ਤੋਂ ਮੈਲਬਰਨ ਨੂੰ ਜਹਾਜ ਰਾਹੀਂ ਜਾਣਾ ਸੀ। ਮੋਢੇ ਦਾ ਬੈਗ ਜਦੋਂ ਮਸ਼ੀਨ ਵਿਚਦੀ ਲੰਘਾਉਣ ਲਈ ਬਣੇ ਸਥਾਨ ਤੇ ਰੱਖਿਆ ਤਾਂ ਡਿਊਟੀ ਵਾਲੀ ਬੀਬੀ ਨੇ ਪੁੱਛਿਆ, “ਬੈਗ ਵਿਚ ਲੈਪਟੌਪ ਤਾਂ ਨਹੀ?” ਮੇਰੇ ਨਾਂਹ ਕਰਨ ਤੇ ਫਿਰ ਆਖਿਆ, “ਤੇ ਕੈਮਰਾ?  ਮੋਬਾਇਲ?” ਮੈ ਆਖਿਆ, “ਬੀਬੀ, ਤੂੰ ਕੈਮਰਿਆਂ, ਮੋਬਾਇਲਾਂ ਤੇ ਲੈਪਟੌਪਾਂ ਦੀਆਂ ਗੱਲਾਂ ਪਈ ਕਰਦੀ ਏਂ; ਮੇਰੇ ਕੋਲ਼ ਤਾਂ ਘੜੀ ਵੀ ਨਹੀ। ਏਥੋਂ ਤੱਕ ਕਿ ਪੈਨ ਵੀ ਮੇਰੇ ਕੋਲ਼ ਨਹੀ!” ਮੇਰੀਆਂ ਇਹ ਗੱਲਾਂ ਸੁਣ ਕੇ ਕੁਝ ਵਿਅੰਗ ਜਿਹੇ ਨਾਲ਼ ਆਖਣ ਲੱਗੀ, “ਕੀ ਤੂੰ ਇਕੀਵੀਂ ਸਦੀ ਵਿਚ ਰਹਿੰਦਾ ਏਂ?” “ਕੀ ਬੀਬੀ ਤੂੰ ਵੇਖ ਨਹੀ ਸਕਦੀ ਮੇਰੇ ਚੇਹਰੇ ਤੋਂ ਕਿ ਮੈ ਸਮਾ ਵਿਹਾ ਚੁੱਕੀ ਸ਼ਖ਼ਸੀਅਤ, ਅਰਥਾਤ ਪਿਛਲੀ ਸਦੀ ਵਿਚ ਵਿਚਰਨ ਵਾਲ਼ਾ ਜੀਵ ਹਾਂ!” ਉਸ ਨੇ ਵੀ ਮੁਸਕਰਾ ਦਿਤਾ ਤੇ ਮੈ ਵੀ ਅਰਧ ਮੁਸਕਰਾਹਟ ਜਿਹੀ ਵਿਚ ਬੈਗ ਚੁੱਕ ਕੇ ਜਹਾਜੇ ਚੜ੍ਹਨ ਲਈ ਤੇਜ ਤੇਜ ਹੋ ਲਿਆ।
ਮੈਨੂੰ ਜਾਨਣ ਵਾਲ਼ੇ ਜਾਣਦੇ ਹੀ ਹਨ ਕਿ ਇਹਨਾਂ ਪੱਛਮੀ ਲੋਕਾਂ ਦੇ ਸਮਾਜ ਵਿਚ ਚਾਰ ਕੁ ਦਹਾਕਿਆਂ ਤੋਂ ਵਿਚਰ ਰਿਹਾ ਹੋਣ ਕਰਕੇ, ਟੁੱਟੀ ਫੁੱਟੀ ਅੰਗ੍ਰੇਜ਼ੀ ਨਾਲ ਮੈ ਡੰਗ ਸਾਰ ਹੀ ਲੈਂਦਾ ਹਾਂ ਤੇ ਇਹੋ ਜਿਹੀਆਂ ਸਾਰੀਆਂ ਵਾਰਤਾਵਾਂ ਅੰਗ੍ਰੇਜ਼ੀ ਵਿਚ ਹੀ ਹੁੰਦੀਆਂ ਹਨ।

 

Total Views: 329 ,
Real Estate