ਖੜਾ ਤਾਂ ਐਮਐਲਏ ਹੋਇਆ ਸੀ ਪਾਰਟੀ ਵਾਲਿਆਂ ਨੇ ਵੀ ਕਦੇ ਸਾਰ ਨਈਂ ਲਈ

ਸੁਖਨੈਬ ਸਿੰਘ ਸਿੱਧੂ
ਬਠਿੰਡੇ ਦੇ ਪਰਸਰਾਮ ਨਗਰ ਇਲਾਕੇ ਜਾਂਦੇ ਹੀ ਅਸੀਂ ਫੋਨ ਕਰਦੇ ਹਾਂ ਤਾਂ ਅੱਗਿਓ ਜਵਾਬ ਮਿਲਦਾ , ‘ਤੇਤੀ ਵਟਾ ਇੱਕ ਨੰਬਰ ਗਲੀ ‘ਚ ਆਜੋ ਜੀ ਮੈਂ ਬਾਹਰ ਹੀ ਖੜੀ , ਮੋੜ ‘ਤੇ ਸਾਡਾ ਸਮਾਨ ਬਾਹਰ ਈ ਪਿਆ ।’
ਕਾਰਨਰ ਪਲਾਟ ਦੇ ਬਾਹਰ ਕੋਈ ਔਰਤ ਖੜੀ ਹੈ । ਇਹ ਹੀ ਨੀਨਾ ਦੇਵੀ ਹੈ । ਜਿਸਨੂੰ ਅਸੀਂ ਮਿਲਣਾ । ਮੈਂ ਪੁੱਛਿਆ , ‘ ਘਰ ਵਿੱਚ ਕੌਣ ਕੌਣ ।’
ਨੀਨਾ ਕਹਿੰਦੀ , ‘ 13 ਸਾਲ ਦੀ ਬੇਟੀ ਮੇਰੇ ਪੇਕਿਆ ਕੋਲ ਭੇਜੀ ਹੋਈ ਇੱਥੇ ਤਾਂ ਕੰਧ ਵੀ ਨਈਂ । ਮੁਟਿਆਰ ਧੀ ਨੂੰ ਰੱਖ ਨਈਂ ਸਕਦੀ । ਨਾਲੇ ਹੁਣ ਤਾਂ ਅਗਵਾ ਵਾਲੀਆਂ ਵਾਰਦਾਤਾਂ ਵੀ ਬਹੁਤ ਹੁੰਦੀਆਂ । ਵੱਡਾ ਮੁੰਡਾ 10 ਕੁ ਸਾਲ ਦਾ , ਉਹ ਮੇਰੀ ਨਨਾਣ ਲੈ ਗਈ । ਛੋਟਾ ਸੁੱਤਾ ਪਿਆ । ਪੈਸੇ ਹੈਨੀ ਨਹੀਂ ਤਾਂ ਇਹਨੂੰ ਸਕੂਲ ਲਾ ਦਿੰਦੀ ।’
ਨੀਨਾ ਨੇ ਇੱਕ ਜਵਾਬ ਨੇ ਸਾਰੇ ਸਵਾਲ ਹੱਲ ਕਰਤੇ ।
ਦਵਿੰਦਰਪਾਲ ਸਿੰਘ ਪਿੰਡ ਦਿਉਣ ਦਾ ਵਸਨੀਕ ਸੀ । ਬੈਟਰੀ -ਇਨਵਰਟਰ ਦੀ ਬਹੁਤ ਵਧੀਆ ਦੁਕਾਨ ਚੱਲਦੀ ਸੀ । ਸਿਆਸਤ ‘ਚ ਪੈਰ ਰੱਖਦਾ ਹੋਣ ਕਰਕੇ 2017 ‘ਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੋਂ ਬਠਿੰਡਾ ਦਿਹਾਤੀ ਤੋਂ ਚੋਣ ਲੜਿਆ ਸੀ ।
ਨੀਨਾ ਦੱਸਦੀ ਹੈ ਕਿ ਨਤੀਜਿਆਂ ਵਾਲੇ ਦਿਨ ਦਿਲ ਦਾ ਦੌਰਾ ਪਿਆ ਅਤੇ ਤਿੰਨ ਚਾਰ ਦਿਨਾਂ ਬਾਅਦ ਪੂਰਾ ਹੋ ਗਿਆ ।
ਭੋਗ ‘ਤੇ ਪਾਰਟੀ ਦੇ ਲੀਡਰ ਆਏ ਵੱਡੇ ਵੱਡੇ ਵਾਅਦੇ ਕਰਕੇ ਗਏ , ਕਹਿੰਦੇ ਸੀ , ‘ ਬੱਚਿਆਂ ਨੂੰ ਪੜ੍ਹਾਵਾਂਗੇ ਪਰ ਕਿਸੇ ਨੇ ਬੱਤੀ ਨਈਂ ਵਾਹੀ ।’
ਮੇਰੇ ਪੇਕੇ ਜੇਠ ਦੇ ਲੜ ਲਾਉਂਦੇ ਸੀ , ਉਦੋਂ ਉਹਨੇ ਪੱਗ ਲਈ ਨਹੀਂ । ਫਿਰ ਸਾਲ ਮਗਰੋਂ ਗਲਤ ਹਰਕਤਾਂ ਕਰਨ ਲੱਗਿਆ ਤਾਂ ਮੈਂ ਮਾਪਿਆਂ ਨੂੰ ਦੱਸਿਆ ਤਾਂ ਸਹੁਰਿਆਂ ਮੈਨੂੰ ਘਰੋਂ ਕੱਢਤਾ , ਦੁਕਾਨ ਸਾਭ ਲਈ । ਮੇਰੇ ਨਾਂਅ ‘ਤੇ ਆਹ ਪਲਾਟ ਸੀ , ਮੇਰੇ ਘਰ ਵਾਲੇ ਦੀ ਲਿਮਟ ਦੀ ਗਾਰੰਟੀ ਮੈਂ ਦਿੱਤੀ ਸੀ , ਹੁਣ ਬੈਂਕ ਵਾਲੇ ਨਿੱਤ ਮੈਨੂੰ ਤੰਗ ਕਰਦੇ ।’
ਮੀਂਹ ਜਿੱਥੇ ਮਰਜ਼ੀ ਪਏ ਬਠਿੰਡੇ ਵਿੱਚ ਕਿਸ਼ਤੀਆਂ ਚੱਲਣ ਲੱਗ ਪੈਂਦੀਆਂ ਹਨ। ਪਰਸਰਾਮ ਨਗਰ ਵੀ ਅਜਿਹੇ ਪਾਣੀ ਦੀ ਮਾਰ ਵਾਲੇ ਇਲਾਕਿਆਂ ਵਿੱਚੋਂ ਹੈ ।
ਬਿਨਾ ਚਾਰ-ਦਵਾਰੀ ਤੋਂ ਨੀਨਾ ਰਹਿੰਦੀ ਹੈ । ਗਾਰੇ ਨਾਲ ਖੜੀਆਂ ਕੀਤੀ ਕੰਧਾਂ ਤੇ ਸੀਮਿੰਟ ਦੀਆਂ ਚਾਦਰਾਂ ਨਾਲ ਸਿਰਢੱਕਣ ਕੀਤਾ ਹੋਇਆ ਜੋ ਕਿਸੇ ਵੇਲੇ ਵੀ ਜਾਨਲੇਵਾ ਹੋ ਸਕਦਾ ਹੈ।
ਉਹ ਦੱਸਦੀ ਹੈ ਕਿ ਮੈਂ ਦੋ ਕੋਠੀਆਂ ‘ਚ ਝਾੜੂ ਪੋਚਾ ਕਰਦੀ ਹਾਂ । ਪਹਿਲਾਂ ਮੇਰੇ ਘਰ ਨੌਕਰ ਹੁੰਦੇ ਸੀ ਹੁਣ ਮੇਰੇ ਹਾਲਤ ਮਾੜੇ ਹੋਏ ਪਏ । ਜੇ ਕੋਈ ਮੇਰੀ ਸਹਾਇਤਾ ਕਰਕੇ ਇੱਕ ਕਮਰਾ ਖੜਾ ਕਰ ਦੇਵੇ ਤੇ ਬੱਚਿਆਂ ਦੀ ਪੜ੍ਹਾਈ ਦਾ ਜਿੰਮਾ ਓਟ ਲਏ ਤਾਂ ਫਿਰ ਪੈਰਾਂ ਸਿਰ ਹੋ ਸਕਦੀ । ਮੇਰੇ ਤਾਂ ਪੇਕੇ ਵੀ ਬਹੁਤ ਮਾੜੇ ਹਾਲਾਤ ਵਿੱਚ ਅਸੀਂ ਪੰਜ ਭੈਣਾਂ ਹਾਂ , ਬਾਪ ਰਿਕਸ਼ਾ ਚਲਾਉਂਦਾ , ਭਰਾ ਅੰਗਹੀਣ ਤਾਂ ਹੈ ਪਰ ਹਲਵਾਈ ਦਾ ਕੰਮ ਕਰਕੇ ਟੈਮ ਪਾਸ ਕਰਦਾ ।

Total Views: 27 ,
Real Estate