ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖਤਰਾ

 

ਬਲਵਿੰਦਰ ਸਿੰਘ ਭੁੱਲਰ
ਆਰ ਐੱਸ ਐੱਸ ਦੀਆਂ ਨੀਤੀਆਂ ਤਹਿਤ ਧਰਮ ਨਿਰਪੱਖ ਦੇਸ਼ ਭਾਰਤ ਤੇ ਭਗਵਾਂ ਰੰਗ ਚਾੜ ਕੇ ਇਸਨੂੰ ਹਿੰਦੂ ਰਾਸਟਰ ਬਣਾਉਣ ਦੀਆਂ ਲਗਾਤਾਰ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਲਈ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਕੇਂਦਰ ਸਰਕਾਰ ਯਤਨਸ਼ੀਲ ਹੈ। ਇਸ ਕਾਰਜ ਦੀ ਪੂਰਤੀ ਲਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਦੀ ਅਵਾਜ਼ ਬੰਦ ਕੀਤੀ ਜਾ ਰਹੀ ਹੈ, ਕਤਲੇਆਮ ਤੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਹਨ, ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹੈ ਅਤੇ ਇਤਿਹਾਸ ਨਾਲ ਛੇੜਛਾੜ ਕਰਕੇ ਆਪਣੇ ਅਨੁਸਾਰ ਢਾਲਣ ਦੇ ਯਤਨ ਕੀਤੇ ਜਾ ਰਹੇ ਹਨ। ਇਹਨਾਂ ਨੀਤੀਆਂ ਦੇ ਵਿਰੁੱਧ ਉਠਣ ਵਾਲੀ ਹਰ ਅਵਾਜ਼ ਨੂੰ ਕੁਚਲਣ ਲਈ ਯੋਜਨਾਬੱਧ ਹਮਲੇ ਕੀਤੇ ਜਾ ਰਹੇ ਹਨ। ਸੰਘ ਦੀਆਂ ਇਹ ਚਾਲਾਂ ਦੇਸ ਦੀ ਏਕਤਾ ਤੇ ਅਖੰਡਤਾ ਅਤੇ ਧਰਮ ਨਿਰਪੱਖਤਾ ਲਈ ਵੱਡਾ ਖਤਰਾ ਬਣ ਰਹੀਆਂ ਹਨ, ਇਹਨਾਂ ਨੂੰ ਠੱਲ ਪਾਉਣ ਲਈ ਪ੍ਰਗਤੀਸ਼ੀਲ ਸੋਚ ਵਾਲੀਆਂ ਸ਼ਕਤੀਆਂ ਦੀ ਤਰਕਸ਼ੀਲਤਾ ਤੇ ਵਿਗਿਆਨਕ ਅਧਾਰ ਤੇ ਇੱਕਮੁੱਠ ਹੋਣ ਦੀ ਲੋੜ ਹੈ।
ਆਰ ਐੱਸ ਐੱਸ ਵੱਲੋਂ ਕੇਂਦਰੀ ਸਰਕਾਰ ਦੀ ਵਰਤੋਂ ਕਰਦਿਆਂ ਆਪਣੇ ਪ੍ਰਚਾਰਕਾਂ ਅਤੇ ਵਰਕਰਾਂ ਨੂੰ ਇੱਕ ਸ਼ਾਜਿਸ ਤਹਿਤ ਵੱਖ ਵੱਖ ਵਿਭਾਗਾਂ ਵਿੱਚ ਭਰਤੀ ਕਰਕੇ ਉੱਚ ਅਹੁਦਿਆਂ ਤੇ ਤਾਇਨਾਤ ਕੀਤਾ ਜਾ ਚੁੱਕਾ ਹੈ, ਹੋਰ ਤਾਂ ਹੋਰ ਪੁਲਿਸ ਵਰਗੇ ਸੁਰੱਖਿਆ ਵਿਭਾਗ ਵਿੱਚ ਵੀ ਅਜਿਹੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਅਜਿਹੇ ਅਧਿਕਾਰੀ ਭਾਰਤ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਲਾਗੂ ਕਰਨ ਦੀਆਂ ਕਸਮਾਂ ਖਾ ਕੇ ਦੇਸ਼ ਨੂੰ ਹਿੰਦੂ ਦੇਸ਼ ਬਣਾਉਣ ਲਈ ਸਾਜਿਸਾਂ ਵਿੱਚ ਸਾਮਲ ਹੋ ਰਹੇ ਹਨ। ਬਹੁਤ ਸਾਰੇ ਅਧਿਕਾਰੀ ਤਾਂ ਸਰੇਆਮ ਹੋਈਆਂ ਦੇਸ਼ ਵਿਰੋਧੀ ਕਾਰਵਾਈਆਂ ਦੇ ਹੱਕ ਵਿੱਚ ਬੋਲਣ ਤੋਂ ਵੀ ਸੰਕੋਚ ਨਹੀਂ ਕਰਦੇ। ਮਿਸਾਲ ਦੇ ਤੌਰ ਤੇ ਗੁਜਰਾਤ ਕਤਲੇਆਮ ਵਿੱਚ ਸੈਂਕੜੇ ਮੁਸਲਮਾਨਾਂ ਨੂੰ ਅਜਿਹੀ ਸਾਜਿਸ ਤਹਿਤ ਕਤਲ ਕਰਨ, ਵਹਿਸ਼ੀ ਤੱਸਦਦ ਕਰਨ ਤੇ ਔਰਤਾਂ ਦੀ ਬੇਪਤੀ ਕਰਨ ਤੇ ਵਿਚਾਰ ਪ੍ਰਗਟ ਕਰਦਿਆਂ ਉਸ ਰਾਜ ਦੇ ਇੱਕ ਪੁਲਿਸ ਕਮਿਸਨਰ ਪੀ ਸੀ ਪਾਂਡੇ ਨੇ ਬਿਆਨ ਦਿੱਤਾ ਸੀ ਕਿ ”ਮੁਸਲਮਾਨਾਂ ਨਾਲ ਜੋ ਹੋਇਆ ਚੰਗਾ ਹੋਇਆ ਹੈ।” ਹਰੇਨ ਪਾਂਡਿਆਂ ਤੇ ਗੁਜਰਾਤ ਕਤਲੇਆਮ ਲਈ ਨਰਿੰਦਰ ਮੋਦੀ ਤੇ ਅਮਿੱਤ ਸ਼ਾਹ ਦਾ ਨਾਂ ਬੋਲਦਾ ਰਿਹਾ ਹੈ, ਪਰ ਸਿਆਸੀ ਪੁਸਤਪਨਾਹੀ ਹੋਣ ਸਦਕਾ ਉਹ ਬਚ ਕੇ ਨਿਕਲਦੇ ਰਹੇ ਹਨ। ਸ੍ਰੀ ਅਮਿੱਤ ਸਾਹ ਦੀ ਤਾਂ ਫ਼ਰਜੀ ਮੁਕਾਬਲਿਆਂ ਦੇ ਦੋਸ਼ ਵਿੱਚ ਸਾਲ 2010 ਵਿੱਚ ਗਿਰਫਤਾਰੀ ਵੀ ਕੀਤੀ ਗਈ ਸੀ।
ਗੁਜਰਾਤ ਕਤਲੇਆਮ ਤੇ ਫ਼ਰਜੀ ਮੁਕਾਬਲਿਆਂ ਸਬੰਧੀ ਜੇਕਰ ਕੋਈ ਜਾਂਚ ਏਜੰਸੀ ਨਿਰਪੱਖ ਪੜਤਾਲ ਕਰੇ ਤਾਂ ਅੱਜ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਕੇਂਦਰ ਦੇ ਕਈ ਮੰਤਰੀ ਤੇ ਭਾਜਪਾ ਦੇ ਉੱਚ ਅਹੁਦੇਦਾਰ ਬਚ ਨਹੀਂ ਸਕਦੇ, ਪਰ ਇਹ ਦੁਖਦਾਈ ਪਹਿਲੂ ਹੈ ਕਿ ਇਸ ਦੇਸ ਵਿੱਚ ਨਾ ਕੋਈ ਏਡੀ ਅਜ਼ਾਦ ਜਾਂਚ ਏਜ਼ੰਸੀ ਹੈ ਅਤੇ ਨਾ ਹੀ ਕੋਈ ਦਲੇਰ ਅਧਿਕਾਰੀ। ਕੇਂਦਰ ਦੀ ਮੌਜੂਦਾ ਸਰਕਾਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਅਜਿਹੀ ਪੜਤਾਲ ਸੁਰੂ ਵੀ ਹੋਈ ਸੀ ਅਤੇ ਸਪੈਸਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਵੀ ਕੀਤਾ ਗਿਆ ਸੀ, ਪਰ ਉਸ ਸਮੇਂ ਹੀ ਇਹ ਗੱਲ ਉੱਭਰ ਕੇ ਸਾਹਮਣੇ ਆ ਗਈ ਸੀ ਇਹ ਪੜਤਾਲ ਦਬਾਈ ਜਾ ਰਹੀ ਹੈ ਕਿਉਂਕਿ ਇਸਦੇ ਘੇਰੇ ਵਿੱਚ ਆਉਣ ਵਾਲੇ ਲੋਕ ਸੱਤਾ ਤੇ ਕਾਬਜ ਹੋਣ ਵਾਲੇ ਹਨ। ਅਜਿਹੇ ਤੱਥ ਉਘੀ ਪੱਤਰਕਾਰ ਰਾਣਾ ਆਯੂਬ ਨੇ ਵੀ ਆਪਣੀ ਬਹੁ-ਚਰਚਿਤ ਪੁਸਤਕ ‘ਗੁਜਰਾਤ ਫਾਈਲਜ਼’ ਵਿੱਚ ਦਰਜ਼ ਕੀਤੇ ਹਨ।
ਇਸੇ ਵੱਡੀ ਸ਼ਾਜਿਸ ਦੀ ਕੜੀ ਵਜੋਂ ਹੀ ਬੋਲਣ ਲਿਖਣ ਦੀ ਅਜ਼ਾਦੀ ਖੋਹੀ ਜਾ ਰਹੀ ਹੈ। ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਅਸਲ ਵਿੱਚ ਬਰਾਬਰੀ ਦੇ ਸਮਾਜ ਲਈ ਜਮਹੂਰੀ ਹੱਕਾਂ ਦੀ ਅਵਾਜ਼ ਹੁੰਦੀ ਹੈ, ਜੋ ਬਗੈਰ ਵਿਤਕਰੇ ਉਠਦੀ ਹੈ ਤੇ ਸੱਚ ਬਿਆਨ ਕਰਦੀ ਹੈ। ਭਾਰਤ ਨੂੰ ਹਿੰਦੂ ਰਾਸਟਰ ਬਣਾਉਣ ਵਾਲਿਆਂ ਨੂੰ ਇਹ ਸੱਚ ਦੀ ਤੇ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਅਵਾਜ਼ ਰਾਸ ਨਹੀਂ ਆ ਰਹੀ, ਇਸੇ ਕਰਕੇ ਜੋ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਜਾਂ ਪ੍ਰਗਤੀਸ਼ੀਲ ਵਿਚਾਰ ਪੇਸ਼ ਕਰਦਾ ਹੈ ਉਸਨੂੰ ਕਤਲ ਕੀਤਾ ਜਾ ਰਿਹਾ ਹੈ। । ਇਸ ਦੀ ਕੜੀ ਵਜੋਂ ਹੀ ਜਿੱਥੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸ਼ਾਹਿਦ ਆਜ਼ਮੀ ਦਾ ਕਤਲ ਕੀਤਾ ਗਿਆ, ਉੱਥੇ ਅਵਾਜ਼ ਬੁਲੰਦ ਕਰਨ ਵਾਲੇ ਡਾ: ਨਰਿੰਦਰ ਦਭੋਲਕਰ, ਪ੍ਰੋ: ਐੱਮ ਐੱਮ ਕੁਲਬਰਗੀ, ਗੋਬਿੰਦ ਪੰਸਾਰੇ, ਗੌਰੀ ਲੰਕੇਸ ਦਾ ਸਰੇਆਮ ਕਤਲ ਹੀ ਨਹੀਂ ਕੀਤਾ ਗਿਆ, ਬਲਕਿ ਕਾਤਲਾਂ ਨੂੰ ਬਚਾਉਣ ਲਈ ਵੀ ਹਰ ਕੋਸਿਸ਼ ਕੀਤੀ ਗਈ। ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸਿਸ਼ ਕੀਤੀ ਜਦ ਉਹ ਇੱਕ ਸਮਾਗਮ ‘ਖੌਫ਼ ਏ ਅਜ਼ਾਦੀ’ ਵਿੱਚ ਭਾਗ ਲੈਣ ਲਈ ਪਹੁੰਚਿਆ ਸੀ, ਇਸੇ ਤਰਾਂ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸੰਜੇ ਕੁਮਾਰ ਤੇ ਹਮਲਾ ਕਰਕੇ ਕਤਲ ਕਰਨ ਦਾ ਯਤਨ ਕੀਤਾ ਗਿਆ। ਇਹ ਹਮਲੇ ਸਪਸ਼ਟ ਕਰਦੇ ਹਨ ਕਿ ਸੰਘ ਪਰਿਵਾਰ ਅਨੁਸਾਰ ਪ੍ਰਚਾਰ ਕਰਨ ਦੇ ਉਲਟ ਸੰਵਿਧਾਨਕ ਤੌਰ ਤੇ ਮਿਲੀ ਬੋਲਣ ਲਿਖਣ ਦੀ ਅਜ਼ਾਦੀ ਤੇ ਪਹਿਰਾ ਦੇਣ ਵਾਲੇ ਆਗੂਆਂ, ਲੇਖਕਾਂ, ਪੱਤਰਕਾਰਾਂ, ਵਿਦਿਆਰਥੀਆਂ ਤੇ ਕੀਤੇ ਜਾ ਰਹੇ ਹਨ।
ਇਸਤੋਂ ਅੱਗੇ ਵਧਦਿਆਂ ਹੁਣ ਭਾਰਤੀ ਲੋਕਾਂ ਦੀ ਸੋਚ ਬਦਲਣ ਲਈ ਨਵੀਂ ਸਿੱਖਿਆ ਨੀਤੀ ਦੇ ਨਾਂ ਹੇਠ ਸਿੱਖਿਆ ਨੂੰ ਭਗਵਾਂ ਰੰਗ ਚੜਾਉਣ ਦੇ ਯਤਨ ਵੀ ਸੁਰੂ ਹੋ ਗਏ ਹਨ, ਇੱਥੇ ਹੀ ਬੱਸ ਨਹੀਂ ਇਤਿਹਾਸ ਵਿੱਚ ਵੀ ਅਦਲਾ ਬਦਲੀ ਕਰਕੇ ਆਰ ਐੱਸ ਐੱਸ ਆਪਣੀ ਮਨਮਰਜੀ ਨਾਲ ਇਤਿਹਾਸ ਤਿਆਰ ਕਰਨ ਵਿੱਚ ਜੁਟੀ ਹੋਈ ਹੈ। ਕੇਂਦਰੀ ਸੱਤਾ ਵਿੱਚ ਬੈਠੇ ਲੋਕ ਆਰ ਐੱਸ ਐੱਸ ਦੇ ਇੱਕ ਵਿੰਗ ਵਜੋਂ ਕੰਮ ਕਰਕੇ ਸੰਘ ਦੀ ਵਿਚਾਰਧਾਰਾ ਆਮ ਲੋਕਾਂ ਤੇ ਥੋਪਣ ਲਈ ਸਾਜਿਸਾਂ ਬਣਾ ਕੇ ਲਾਗੂ ਕਰ ਰਹੇ ਹਨ। ਦੇਸ ਵਿੱਚ ਅਨਾਰਕੀ ਫੈਲ ਚੁੱਕੀ ਹੈ, ਕਤਲ, ਮਾਰਧਾੜ, ਸਾੜ ਫੂਕ, ਬਲਾਤਕਾਰ, ਰਿਸਵਤਖੋਰੀ, ਬੇਰੁਜਗਾਰੀ ਆਦਿ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਸਰਕਾਰ ਇਹਨਾਂ ਘਟਨਾਵਾਂ ਤੋਂ ਕੇਵਲ ਧਿਆਨ ਹੀ ਲਾਂਭੇ ਨਹੀਂ ਕਰ ਰਹੀ, ਬਲਕਿ ਕਥਿਤ ਦੋਸੀਆਂ ਦੀ ਪੁਸਤਪਨਾਹੀ ਕਰ ਰਹੀ ਹੈ ਤਾਂ ਜੋ ਕੋਈ ਸਰਕਾਰ ਦਾ ਵਿਰੋਧ ਕਰਨ ਦੀ ਹਿੰਮਤ ਨਾ ਕਰੇ। ਜੇਕਰ ਪਿਛਲੇ ਇਤਿਹਾਸ ਤੇ ਨਿਗਾਹ ਮਾਰੀ ਜਾਵੇ ਤਾਂ ਰੋਮ ਦੇਸ ਵਿੱਚ ਨੀਰੋ ਨੇ ਅਜਿਹੇ ਅੱਤਿਆਚਾਰ ਤੇ ਕਤਲ ਕਰਵਾਏ ਸਨ ਤੇ ਖੁਸ਼ੀ ਮਾਣਦਿਆਂ ਸੱਤਾ ਹੰਢਾਈ ਸੀ, ਇਸੇ ਤਰਾਂ ਚੰਗੇਜ ਖਾਂ ਦੇ ਅੱਤਿਆਚਾਰਾਂ ਬਾਰੇ ਵੀ ਇਤਿਹਾਸ ਗਵਾਹ ਹੈ ਕਿ ਰਾਜ ਕਰਨ ਦੀ ਭੁੱਖ ਵਾਸਤੇ ਉਸਨੇ ਆਮ ਲੋਕਾਂ ਦਾ ਸ਼ਿਕਾਰ ਕੀਤਾ, ਔਰੰਗਜੇਬ ਨੇ ਆਪਣਾ ਰਾਜ ਭਾਗ ਕਾਇਮ ਰੱਖਣ ਲਈ ਲੱਖਾਂ ਲੋਕਾਂ ਖਾਸ ਕਰ ਹਿੰਦੂਆਂ ਸਿੱਖਾਂ ਨੂੰ ਮੌਤ ਦੀ ਘਾਟ ਉਤਾਰਿਆ, ਪਰ ਅੱਜ ਵੀ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਹਨ, ਉਹਨਾਂ ਨੂੰ ਜਾਲਮ ਪਾਪੀ ਕਹਿੰਦੇ ਹਨ ਅਤੇ ਉਹਨਾਂ ਦਾ ਨਾਮੋ ਨਿਸਾਨ ਵੀ ਦਿਖਾਈ ਨਹੀਂ ਦਿੰਦਾ। ਸੋ ਸੱਤਾਧਾਰੀਆਂ ਨੂੰ ਵੀ ਇਤਿਹਾਸ ਤੋਂ ਸਬਕ ਹਾਸਲ ਕਰ ਲੈਣਾ ਚਾਹੀਦਾ ਹੈ, ਦੇਸ ਦੇ ਲੋਕਾਂ ਨੂੰ ਅੱਤਿਆਚਾਰਾਂ ਦੀ ਬਜਾਏ ਇਨਸਾਫ ਤੇ ਜਿਉਣ ਦਾ ਹੱਕ ਦੇਣਾ ਚਾਹੀਦਾ ਹੈ। ਦੇਸ ਵਾਸੀਆਂ ਨੂੰ ਧਰਮ ਨਿਰਪੱਖਤਾ, ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਤਰਕਸ਼ੀਲਤਾ ਤੇ ਵਿਗਿਆਨਕ ਸੋਚ ਦੇ ਅਧਾਰ ਤੇ ਸੰਘਰਸ ਕਰਨਾ ਚਾਹੀਦਾ ਹੈ ਅਤੇ ਦੇਸ਼ ਭਰ ‘ਚ ਹਿੰਦੂਤਵ ਲਾਗੂ ਕਰਨ ਨੂੰ ਠੱਲ ਪਾਉਣ ਲਈ ਇੱਕਮੁੱਠ ਹੋ ਕੇ ਜੂਝਣਾ ਸਮੇਂ ਦੀ ਲੋੜ ਹੈ।
ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Total Views: 251 ,
Real Estate