“ਟਿਕਟ ਬੈਕ ਮਨੀ ਬੈਕ”

ਬਲਵਿੰਦਰ ਸਿੰਘ ਭੁੱਲਰ

ਪੰਜਾਬੀਆਂ ਵਿੱਚ ਇਹ ਇੱਕ ਵੱਡਾ ਗੁਣ ਹੈ, ਕਿ ਉਹ ਜਿੱਥੇ ਵੀ ਜਾਂਦੇ ਨੇ, ਉਹਨਾਂ ਨੂੰ ਉਸ ਦੇਸ਼ ਰਾਜ ਇਲਾਕੇ ਦੀ ਭਾਸ਼ਾ ਦਾ ਭਾਵੇਂ ਭੋਰਾ ਵੀ ਗਿਆਨ ਨਾ ਹੋਵੇ, ਉਹ ਗੱਲਾਂ ਬਾਤਾਂ ਵਿੱਚ ਸਿੱਖੇ ਅੰਗਰੇਜੀ ਦੇ ਕੁੱਝ ਟੁੱਟੇ ਫੁੱਟੇ ਸ਼ਬਦਾਂ ਨਾਲ ਹੀ ਕੰਮ ਚਲਾ ਲੈਂਦੇ ਨੇ। ਪਰ ਅਜਿਹੇ ਸਫ਼ਲ ਪੰਜਾਬੀ ਬਹੁਤ ਘੱਟ ਪੜ੍ਹੇ ਭਾਵ ਅਣਪੜ੍ਹਾਂ ਵਰਗੇ ਹੀ ਹੁੰਦੇ ਨੇ। ਜਦ ਕਿ ਪੜ੍ਹੇ ਲਿਖੇ ਅਜਿਹੇ ਮੌਕੇ ਤੇ ਫੇਲ੍ਹ ਹੋ ਜਾਂਦੇ ਹਨ। ਅਮਰੀਕਾ ਦੇ ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਪੜ੍ਹੇ ਲਿਖੇ ਸੱਜਣ ਨੇ ਰੇਲ ਦੀ ਟਿਕਟ ਲਈ ਅਤੇ ਪਲੇਟਫਾਰਮ ਵੱਲ ਚੱਲ ਪਿਆ, ਜਦ ਉਹ ਪਲੇਟਫਾਰਮ ਤੇ ਪਹੁੰਚਿਆ ਤਾਂ ਰੇਲ ਗੱਡੀ ਰਵਾਨਾ ਹੋ ਚੁੱਕੀ ਸੀ। ਉਹ ਸੱਜਣ ਮੁੜ ਸਟੇਸ਼ਨ ਤੇ ਟਿਕਟ ਖਿੜਕੀ ਕੋਲ ਆ ਗਿਆ, ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਹ ਖਿੜਕੀ ਦੇ ਬੈਠੇ ਕਰਮਚਾਰੀ ਨੂੰ ਇਹ ਸਮਝਾਉਣ ਤੋਂ ਅਸਮਰੱਥ ਸੀ, ਕਿ ਰੇਲ ਗੱਡੀ ਰਵਾਨਾ ਹੋ ਚੁੱਕੀ ਹੈ ਤੇ ਉਹ ਚੜ੍ਹਣ ਤੋਂ ਲੇਟ ਹੋ ਗਿਆ, ਹੁਣ ਉਹ ਟਿਕਟ ਵਾਪਸ ਕਰਕੇ ਆਪਣੇ ਕਿਰਾਏ ਦੇ ਪੈਸੇ ਵਾਪਸ ਲੈਣੇ ਚਾਹੁੰਦਾ ਹੈ। ਉਸ ਲਈ ਕਰਮਚਾਰੀ ਨੂੰ ਸਮਝਾਉਣਾ ਵੀ ਉਸ ਲਈ ਸਮੱਸਿਆ ਬਣ ਚੁੱਕੀ ਸੀ, ਉਹ ਪਰੇਸਾਨ ਹੋਇਆ ਖਿੜਕੀ ਦੇ ਨਜਦੀਕ ਸੋਚਾਂ ਵਿੱਚ ਡੁੱਬਿਆ ਇੱਧਰ ਉੱਧਰ ਤੁਰਿਆ ਫਿਰਦਾ ਸੀ। ਇੱਕ ਹੋਰ ਅਣਪੜ੍ਹ ਪੰਜਾਬੀ ਉਸ ਵੱਲ ਵੇਖ ਕੇ ਉਸਦੇ ਚਿਹਰੇ ਦੀ ਪਰੇਸਾਨੀ ਪੜ੍ਹ ਰਿਹਾ ਸੀ, ਮੱਦਦ ਕਰਨ ਲਈ ਉਹ ਉਸ ਸੱਜਣ ਕੋਲ ਗਿਆ।
”ਭਾਈ ਸਾਹਿਬ! ਬਹੁਤ ਪਰੇਸਾਨ ਲੱਗ ਰਹੇ ਹੋ, ਕੀ ਗੱਲ ਹੈ ਦੱਸੋ ਮੈਂ ਤੁਹਾਡੀ ਕੋਈ ਸਹਾਇਤਾ ਕਰਕੇ ਖੁਸ਼ੀ ਹਾਸਲ ਕਰ ਸਕਾਂ।” ਪੰਜਾਬੀ ਨੇ ਪੁੱਛਿਆ।
”ਵੀਰ ਜੀ! ਮੈਂ ਰੇਲ ਦੀ ਟਿਕਟ ਖਰੀਦ ਕੇ ਪਲੇਟਫਾਰਮ ਤੇ ਗਿਆ ਸੀ, ਪਰ ਗੱਡੀ ਉਸ ਵੇਲੇ ਤੱਕ ਤੁਰ ਗਈ ਸੀ ਮੈਂ ਚੜ੍ਹ ਨਹੀਂ ਸਕਿਆ। ਹੁਣ ਮੈਂ ਟਿਕਟ ਵਾਪਸ ਕਰਕੇ ਪੈਸੇ ਲੈਣੇ ਚਾਹੁੰਦਾ ਹਾਂ, ਪਰ ਮੈਂ ਕਰਮਚਾਰੀ ਨੂੰ ਸਮਝਾਉਣ ਦੇ ਸਮਰੱਥ ਨਹੀਂ, ਇਹੀ ਪਰੇਸਾਨੀ ਹੈ।” ਸੱਜਣ ਨੇ ਆਪਣੀ ਸਮੱਸਿਆ ਦਾ ਵਰਨਣ ਕੀਤਾ।
”ਵਾਹ ਬਈ! ਆਹੀ ਗੱਲ ਐ, ਉਰੇ ਫੜਾ ਟਿਕਟ” ਪੰਜਾਬੀ ਨੇ ਉਸਤੋਂ ਟਿਕਟ ਫੜੀ ਤੇ ਪੂਰੇ ਹੌਂਸਲੇ ਨਾਲ ਖਿੜਕੀ ਵੱਲ ਚੱਲ ਪਿਆ।
ਉਸਨੇ ਖਿੜਕੀ ਤੇ ਜਾ ਕੇ ਉੱਥੇ ਡਿਉਟੀ ਤੇ ਬੈਠੇ ਕਰਮਚਾਰੀ ਵੱਲ ਟਿਕਟ ਵਧਾਉਂਦਿਆਂ ਕਿਹਾ, ”ਟਿਕਟ ਬੈਕ ਮਨੀ ਬੈਕ।” ਕਰਮਚਾਰੀ ਇਹਨਾਂ ਚਾਰ ਸਬਦਾਂ ਤੋਂ ਹੀ ਸਮਝ ਗਿਆ, ਉਸਨੇ ਟਿਕਟ ਫੜ ਲਈ ਤੇ ਕਿਰਾਏ ਦੇ ਪੈਸੇ ਵਾਪਸ ਕਰ ਦਿੱਤੇ। ਪੰਜਾਬੀ ਨੇ ਉਸ ਸੱਜਣ ਨੂੰ ਪੈਸੇ ਫੜਾਉਂਦਿਆ ਕਿਹਾ, ”ਲੈ ਫੜ, ਐਨੀ ਗੱਲ ਪਿੱਛੇ ਔਖਾ ਹੋਈ ਜਾਂਦਾ ਸੀ।”
ਸੱਜਣ ਵਿਚਾਰਾ ਹੁਣ ਕਦੇ ਆਪਣੀ ਪੜਾਈ ਤੇ ਬੁੱਧੀ ਨੂੰ ਲਾਹਨਤਾ ਪਾ ਰਿਹਾ ਸੀ ਤੇ ਕਦੇ ਉੁਸ ਅਣਪੜ੍ਹ ਪੰਜਾਬੀ ਦੀ ਤੇਜ ਬੁੱਧੀ ਤੇ ਹੌਂਸਲੇ ਦੀ ਤਾਰੀਫ਼ ਕਰ ਰਿਹਾ ਸੀ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,

Total Views: 139 ,
Real Estate