Canada : ਪੰਜਾਬੀ ਟਰੱਕ ਡਰਾਈਵਰ ਨੂੰ ਛੇ ਸਾਲ ਦੀ ਕੈਦ

ਕੈਨੇਡਾ ਵਿੱਚ ਪੰਜਾਬ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ 2022 ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰਾਈਵਰ ਬਲਜੀਤ ਸਿੰਘ ਨੇ ਇਕ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਜਾਨ ਲੈਣ ਅਤੇ 10 ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਹਾਦਸੇ ਸਬੰਧੀ ਖ਼ਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦਾ ਦੋਸ਼ ਕਬੂਲ ਲਿਆ ਸੀ। ਉਹ ਟਰੱਕ ਚਲਾਉਂਦੇ ਹੋਏ ਆਪਣੇ ਮੋਬਾਈਲ ਫੋਨ ’ਤੇ ਆਨਲਾਈਨ ਗੇਮ ਖੇਡ ਰਿਹਾ ਸੀ।29 ਸਾਲਾ ਬਲਜੀਤ ਸਿੰਘ ਨੂੰ ਕਿਊਬੈੱਕ ਦੀ ਅਦਾਲਤ ਨੇ ਇਹ ਸਜ਼ਾ ਸੁਣਾਈ। ਇਸ ਮਾਮਲੇ ਵਿੱਚ ਸਰਕਾਰੀ ਵਕੀਲ ਅਤੇ ਬਚਾਅ ਪੱਖ ਵੱਲੋਂ ਸਾਂਝੀ ਸਿਫ਼ਾਰਸ਼ ਪੇਸ਼ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਅਦਾਲਤ ਨੇ ਉਸ ਨੂੰ 10 ਸਾਲ ਤੱਕ ਵਾਹਨ ਚਲਾਉਣ ਤੋਂ ਵੀ ਰੋਕ ਦਿੱਤਾ ਹੈ।ਬਲਜੀਤ ਸਿੰਘ ਨੇ ਅਪਰੈਲ ਵਿੱਚ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਹੋਣ ਦੇ ਦੋਸ਼ ਨੂੰ ਕਬੂਲ ਕੀਤਾ ਸੀ। ਇਹ ਮਾਮਲਾ ਜੁਲਾਈ 2022 ਵਿੱਚ ਹਾਈਵੇਅ 30 ’ਤੇ ਸੇਂਟ-ਹੁਬਰਟ ਇਲਾਕੇ ਨੇੜੇ ਵਾਪਰੇ ਹਾਦਸੇ ਨਾਲ ਸਬੰਧਤ ਹੈ। ਸੇਂਟ-ਹੁਬਰਟ ਲੋਂਗਿਊਇਲ ਸ਼ਹਿਰ ਦਾ ਇੱਕ ਇਲਾਕਾ ਹੈ ਅਤੇ ਇਹ ਹਾਦਸਾ ਮਾਂਟਰੀਅਲ ਦੇ ਸਾਊਥ ਸ਼ੋਰ ਖੇਤਰ ਵਿੱਚ ਵਾਪਰਿਆ ਸੀ।ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਮੁਤਾਬਕ ਹਾਦਸੇ ਦੇ ਸਮੇਂ ਬਲਜੀਤ ਸਿੰਘ ਆਪਣੇ ਮੋਬਾਈਲ ਫੋਨ ’ਤੇ ਆਨਲਾਈਨ ਗੇਮ ਖੇਡ ਰਿਹਾ ਸੀ। ਇਸ ਦੌਰਾਨ ਹੋਈ ਟੱਕਰ ਵਿੱਚ 42 ਸਾਲਾ ਨੈਂਸੀ ਲੈਫਰਾਂਸਵਾ ਅਤੇ ਉਸ ਦੇ 11 ਸਾਲਾ ਪੁੱਤਰ ਲੋਇਕ ਦੀ ਮੌਤ ਹੋ ਗਈ। ਹਾਦਸੇ ਵਿੱਚ 10 ਹੋਰ ਲੋਕ ਵੀ ਜ਼ਖ਼ਮੀ ਹੋਏ ਸਨ।ਹਾਦਸੇ ਤੋਂ ਬਾਅਦ ਬਲਜੀਤ ਸਿੰਘ ਨੂੰ ਘਬਰਾਹਟ ਅਤੇ ਸਦਮੇ ਕਾਰਨ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਉਹ ਅਗਲੇ ਹੀ ਦਿਨ ਉਥੋਂ ਗਾਇਬ ਹੋ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਟੋਰਾਂਟੋ ਗਿਆ ਅਤੇ ਉਥੋਂ ਭਾਰਤ ਚਲਾ ਗਿਆ। ਬਾਅਦ ਵਿੱਚ ਉਹ ਕੈਲੀਫੋਰਨੀਆ ਪਹੁੰਚ ਗਿਆ।ਕੈਨੇਡਾ ਦੇ ਅਧਿਕਾਰੀਆਂ ਨੇ ਉਸ ਦੀ ਗ੍ਰਿਫ਼ਤਾਰੀ ਲਈ ਕੌਮਾਂਤਰੀ ਵਾਰੰਟ ਜਾਰੀ ਕੀਤਾ। ਆਖਿਰਕਾਰ 2025 ਵਿੱਚ ਅਮਰੀਕੀ ਸੰਘੀ ਏਜੰਸੀਆਂ ਨੇ ਉਸ ਨੂੰ ਕੈਲੀਫੋਰਨੀਆ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਕੈਨੇਡਾ ਵਾਪਸ ਲਿਆਂਦਾ ਗਿਆ, ਜਿੱਥੇ ਉਸ ਨੂੰ ਹਾਦਸੇ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ।

Real Estate