ਆਸਟ੍ਰੇਲੀਆ ਵੱਡੀ ਗਿਣਤੀ ‘ਚ ਕੱਢੇਗਾ ਗ਼ੈਰ ਕਾਨੂੰਨੀ ਪ੍ਰਵਾਸੀ

ਹੁਣ ਆਸਟ੍ਰੇਲੀਆ ਨੇ ਵੀ ਪ੍ਰਵਾਸੀਆਂ ਵਿਰੁਧ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਆਸਟਰੇਲੀਆਈ ਸਰਕਾਰ ਨੇ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਹੋਰ ਸਖ਼ਤ ਕਰਦਿਆਂ ਐਲਾਨ ਕੀਤਾ ਹੈ ਕਿ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਵੀ ਗ਼ੈਰ-ਕਾਨੂੰਨੀ ਤੌਰ ’ਤੇ ਇੱਥੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਅਨੁਸਾਰ ਇਸ ਸਮੇਂ ਆਸਟ੍ਰੇਲੀਆ ’ਚ ਲਗਭਗ 77,000 ਲੋਕ ਬਿਨਾਂ ਕਾਨੂੰਨੀ ਵੀਜ਼ੇ ਦੇ ਰਹਿ ਰਹੇ ਹਨ।ਸਰਕਾਰ ਦਾ ਮਕਸਦ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤੀ ਨਾਲ ਨਜਿੱਠਣਾ ਹੈ। ਆਸਟ੍ਰੇਲੀਅਨ ਬਾਰਡਰ ਫ਼ੋਰਸ ’ਚ 100 ਨਵੇਂ ਕੰਪਲਾਇੰਸ ਅਫ਼ਸਰ ਭਰਤੀ ਕੀਤੇ ਜਾ ਰਹੇ ਹਨ ਤਾਂ ਜੋ ਵੀਜ਼ਾ ਓਵਰਸਟੇਅ ਕਰਨ ਵਾਲਿਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਡਿਟੇਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਡਿਟੈਂਸ਼ਨ ਸੈਂਟਰਾਂ ’ਚ 250 ਨਵੇਂ ਬੈੱਡ ਤਿਆਰ ਕੀਤੇ ਜਾ ਰਹੇ ਹਨ ਅਤੇ ਮੈਲਬੌਰਨ ’ਚ ਇਕ ਪੁਰਾਣੇ ਕੁਆਰੰਟੀਨ ਸੈਂਟਰ ਨੂੰ ਵੀ ਵਰਤੋਂ ਵਿਚ ਲਿਆਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਨੇ ਟੂਰਿਸਟ ਵੀਜ਼ੇ ’ਤੇ ਆ ਕੇ ਦੇਸ਼ ਦੇ ਅੰਦਰ ਹੀ ਨਵਾਂ ਵੀਜ਼ਾ ਅਪਲਾਈ ਕਰਨ ਵਾਲੇ ‘ਨੋ ਫ਼ਰਦਰ ਸਟੇਅ’ ਪ੍ਰਬੰਧ ਨੂੰ ਵੀ ਹੋਰ ਸਖ਼ਤ ਬਣਾ ਦਿਤਾ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਵਾਰ-ਵਾਰ ਹੇਠਲੇ ਪੱਧਰ ਦੇ ਕੋਰਸ ਬਦਲ ਕੇ ਸਟੇਅ ਵਧਾਉਣ ’ਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

Real Estate