ਮੰਤਰੀ ਦੇ ਸਮਾਗਮ ’ਚ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲੇ ਮਜ਼ਦੂਰ ਨੇ ਸਲਫ਼ਾਸ ਖਾਧੀ,ਹੋਈ ਮੌਤ

ਦਿੜ੍ਹਬਾ ਹਲਕੇ ਦੇ ਪਿੰਡ ਤੂਰਬੰਜ਼ਾਰਾ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ਦੌਰਾਨ ਮਜ਼ਦੂਰ ਨੂੰ ਨਸ਼ਿਆਂ ਦਾ ਮੁੱਦਾ ਚੁੱਕਣਾ ਭਾਰੀ ਪੈ ਗਿਆ।ਪਿੰਡ ਦੀ ਪੰਚਾਇਤ ਨਾਲ ਸਬੰਧਤ ਮੋਹਤਬਰ ਸਣੇ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਧਮਕਾਉਣ ਅਤੇ ਮੁਆਫ਼ੀ ਮੰਗਣ ਲਈ ਦਬਾਅ ਪਾਉਣ ਤੋਂ ਪ੍ਰੇਸ਼ਾਨ ਹੋ ਕੇ ਮਜ਼ਦੂਰ ਨੇ ਸਲਫ਼ਾਸ ਨਿਗਲ ਲਈ। ਮਜ਼ਦੂਰ ਨੂੰ ਦੇਰ ਸ਼ਾਮ ਸੰਗਰੂਰ ਦੇ ਨਿੱਜੀ ਹਸਪਤਾਲ ਤੋਂ ਡੀ ਐੱਮ ਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਹੁਣ ਉਸ ਦੀ ਮੌਤ ਹੋ ਗਈ ਹੈ।ਹਸਪਤਾਲ ਵਿੱਚ ਦਾਖ਼ਲ ਮਜ਼ਦੂਰ ਗੁਲਜ਼ਾਰ ਸਿੰਘ ਦੇ ਭਰਾ ਬਿੱਕਰ ਸਿੰਘ ਅਤੇ ਜਸਵੀਰ ਸਿੰਘ ਵਾਸੀ ਪਿੰਡ ਤੂਰਬੰਜ਼ਾਰਾ ਨੇ ਦੱਸਿਆ ਕਿ ਲੰਘੇ ਦਿਨ ਪਿੰਡ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਮਾਗਮ ਸੀ। ਇਸ ਸਮਾਗਮ ਦੌਰਾਨ ਉਨ੍ਹਾਂ ਦੇ ਭਰਾ ਗੁਲਜ਼ਾਰ ਸਿੰਘ ਨੇ ਨਸ਼ਿਆਂ ਬਾਰੇ ਸਵਾਲ ਚੁੱਕਿਆ ਸੀ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਦਾ ਭਰਾ ਗੁਲਜ਼ਾਰ ਮਿਲਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਸਮੇਤ ਤਿੰਨ ਹੋਰ ਵਿਅਕਤੀ ਉਸ ਨੂੰ ਪੰਚਾਇਤ ਵਿਚ ਆ ਕੇ ਮੁਆਫ਼ੀ ਮੰਗਣ ਲਈ ਧਮਕਾ ਰਹੇ ਹਨ, ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਸਲਫਾਸ ਨਿਗਲ ਲਈ ਹੈ।

Total Views: 1 ,
Real Estate