
ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ ਸੰਵੇਦਨਸ਼ੀਲ ਪਠਾਨਕੋਟ-ਜੰਮੂ ਹਾਈਵੇਅ ਦੇ ਨੇੜੇ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੀ ਹਰਕਤ ਦੀ ਲਾਈਵ ਵੀਡੀਓ (ਫੁਟੇਜ) ਪਾਕਿਸਤਾਨ ਭੇਜ ਕੇ ਜਾਸੂਸੀ ਕਰਨ ਦੇ ਦੋਸ਼ੀ ਪੰਜਾਬ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਚੱਕ ਧਾਰੀਵਾਲ ਦਾ ਰਹਿਣ ਵਾਲਾ ਹੈ। ਪਠਾਨਕੋਟ ਪੁਲੀਸ ਨੇ ਕੌਮੀ ਸੁਰੱਖਿਆ ਚਿੰਤਾਵਾਂ ਨਾਲ ਜੁੜੇ ਇੱਕ ਮਾਡਿਊਲ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਜਾਂਚਕਰਤਾਵਾਂ ਅਨੁਸਾਰ, ਬਲਜੀਤ ਨੇ ਕਥਿਤ ਤੌਰ ‘ਤੇ ਨੈਸ਼ਨਲ ਹਾਈਵੇਅ-44 ‘ਤੇ ਇੱਕ ਪੁਲ ਦੇ ਨੇੜੇ ਇੱਕ ਦੁਕਾਨ ‘ਤੇ ਇੰਟਰਨੈੱਟ ਅਧਾਰਤ ਸੀਸੀਟੀਵੀ ਕੈਮਰਾ ਲਗਾਇਆ ਸੀ ਅਤੇ ਇਸਦੀ ਲਾਈਵ ਫੀਡ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਸਟ੍ਰੀਮ (ਭੇਜ) ਰਿਹਾ ਸੀ। ਇਹ ਰਾਹ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੇ ਕਾਫ਼ਲਿਆਂ ਵੱਲੋਂ ਅਕਸਰ ਵਰਤਿਆ ਜਾਣ ਵਾਲਾ ਰਣਨੀਤਕ ਪਠਾਨਕੋਟ-ਜੰਮੂ ਰੂਟ ਹੈ।ਪੁਲੀਸ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਰੱਖਿਆ ਬਲਾਂ ਦੀ ਹਰਕਤ ‘ਤੇ ਨਜ਼ਰ ਰੱਖਣ ਲਈ ਇਹ ਕੈਮਰਾ ਇਸ ਸਾਲ ਜਨਵਰੀ ‘ਚ ਲਗਾਇਆ ਗਿਆ ਸੀ।ਪੁੱਛਗਿੱਛ ਦੌਰਾਨ ਬਲਜੀਤ ਨੇ ਕਥਿਤ ਤੌਰ ‘ਤੇ ਕਬੂਲ ਕੀਤਾ ਕਿ ਉਹ ਦੁਬਈ ਸਥਿਤ ਇੱਕ ਅਣਪਛਾਤੇ ਵਿਅਕਤੀ ਤੋਂ ਮਿਲੇ ਨਿਰਦੇਸ਼ਾਂ ਤਹਿਤ ਕੰਮ ਕਰ ਰਿਹਾ ਸੀ। ਬਦਲੇ ਵਿੱਚ, ਉਸ ਨੂੰ ਇਸ ਕੰਮ ਲਈ ਕਥਿਤ ਤੌਰ ‘ਤੇ 40,000 ਰੁਪਏ ਦਿੱਤੇ ਗਏ ਸਨ। ਅਧਿਕਾਰੀਆਂ ਨੇ ਉਸ ਦੇ ਕਬਜ਼ੇ ਵਿੱਚੋਂ ਸੀਸੀਟੀਵੀ ਕੈਮਰਾ ਅਤੇ ਸਬੰਧਤ ਸਾਮਾਨ ਬਰਾਮਦ ਕਰ ਲਿਆ ਹੈ।ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਲਾਈਵ ਨਿਗਰਾਨੀ ਫੀਡ ਦੀ ਵਰਤੋਂ ਪੰਜਾਬ ਨੂੰ ਜੰਮੂ-ਕਸ਼ਮੀਰ ਨਾਲ ਜੋੜਨ ਵਾਲੇ ਮਹੱਤਵਪੂਰਨ ਹਾਈਵੇਅ ਲਾਂਘੇ (ਕੋਰਿਡੋਰ) ਦੇ ਨਾਲ ਸੰਵੇਦਨਸ਼ੀਲ ਸੈਨਿਕਾਂ ਅਤੇ ਕਾਫ਼ਲਿਆਂ ਦੀ ਹਰਕਤ ਨੂੰ ਟਰੈਕ (ਨਜ਼ਰ ਰੱਖਣ) ਕਰਨ ਲਈ ਕੀਤੀ ਜਾ ਰਹੀ ਸੀ।













