ਮੁੰਬਈ ਦੇ ਮੁਲੁੰਡ ਇਲਾਕੇ ’ਚ ਉਸਾਰੀ ਅਧੀਨ ਮੈਟਰੋ ਰੇਲ ਲਾਈਨ-4 ਦੇ ਪੁਲ ਦੀ ਸਲੈਬ ਵਾਹਨਾਂ ’ਤੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸਥਾਨਕ ਭਾਜਪਾ ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਿਛਲੇ ਮਹੀਨੇ ਮੈਟਰੋ ਨਿਰਮਾਣ ਕਾਰਜ ਦੇ ਨਿਰੀਖਣ ਦੌਰਾਨ ਠੇਕੇਦਾਰ ਦੀਆਂ ‘ਲਾਪ੍ਰਵਾਹੀਆਂ’ ਸਾਹਮਣੇ ਲਿਆਂਦੀਆਂ ਸਨ। ਇਹ ਘਟਨਾ ਐੱਲ ਬੀ ਐੱਸ ਰੋਡ ’ਤੇ ਜੌਹਨਸਨ ਐਂਡ ਜੌਹਨਸਨ ਫੈਕਟਰੀ ਨੇੜੇ ਬਾਅਦ ਦੁਪਹਿਰ 12.15 ਵਜੇ ਵਾਪਰੀ ਜਦੋਂ ਪੁਲ ਤੋਂ ਸਲੈਬ ਦਾ ਹਿੱਸਾ ਇੱਥੋਂ ਲੰਘ ਰਹੇ ਆਟੋ ਰਿਕਸ਼ਾ ਤੇ ਕਾਰ ’ਤੇ ਡਿੱਗ ਗਿਆ। ਹਾਦਸੇ ਵਿੱਚ ਆਟੋ ਰਿਕਸ਼ਾ ’ਚ ਸਫਰ ਕਰ ਰਹੇ ਰਾਮਧਨ ਯਾਦਵ ਦੀ ਮੌਤ ਹੋ ਗਈ ਅਤੇ ਰਾਜਕੁਮਾਰ ਇੰਦਰਜੀਤ ਯਾਦਵ, ਮਹੇਂਦਰ ਪ੍ਰਤਾਪ ਯਾਦਵ ਤੇ ਦੀਪਾ ਰੁਹੀਆ ਜ਼ਖ਼ਮੀ ਹੋ ਗਏ। ਰਾਜਕੁਮਾਰ ਯਾਦਵ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਨੇੜਲੇ ਹਸਪਤਾਲ ’ਚ ਆਈ ਸੀ ਯੂ ’ਚ ਦਾਖਲ ਕੀਤਾ ਗਿਆ ਹੈ। ਸਥਾਨਕ ਭਾਜਪਾ ਵਿਧਾਇਕ ਮਿਹਿਰ ਕੋਟੇਚਾ ਅਨੁਸਾਰ ਰਾਮਧਨ ਯਾਦਵ ਤੇ ਉਸ ਦਾ ਪਰਿਵਾਰ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਉਨ੍ਹਾਂ ਮੈਟਰੋ ਪ੍ਰਾਜੈਕਟ ਚਲਾ ਰਹੀ ਕੰਪਨੀ ਮੁੰਬਈ ਮੈਟਰੋਪੋਲੀਟਨ ਖੇਤਰੀ ਵਿਕਾਸ ਅਥਾਰਿਟੀ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਇਆ।
ਮੈਟਰੋ ਪੁਲ ਦੀ ਸਲੈਬ ਡਿੱਗਣ ਕਾਰਨ ਇੱਕ ਹਲਾਕ, ਤਿੰਨ ਜ਼ਖ਼ਮੀ
Total Views: 63 ,
Real Estate



















