ਸਾਬਕਾ ਡੀਜੀਪੀ ਦੇ ਪੁੱਤ ਦਾ ਪੋਸਟ ਮਾਰਟਮ : ਸੱਜੀ ਕੂਹਣੀ ਤੇ ਸਰਿੰਜ ਦਾ ਨਿਸ਼ਾਨ

ਐਸਆਈਟੀ ਕਰੇਗੀ ਜਾਂਚ
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਬੇਟੇ ਅਕੀਲ ਅਖ਼ਤਰ ਦੀ ਮੌਤ ਦਾ ਰਾਜ ਹਾਲੇ ਉਜਾਗਰ ਨਹੀਂ ਹੋਇਆ। ਪੁਲਿਸ ਨੇ ਮਲੇਰਕੋਟਲਾ ਨਿਵਾਸੀ ਸਮਸੂਦੀਨ ਦੀ ਸਿ਼ਕਾਇਤ ਤੇ ਮੁਹੰਮਦ ਮੁਸਤਫਾ , ਉਸਦੀ ਪਤਨੀ ਰਜ਼ੀਆ ਸੁਲਤਾਨਾ ( ਸਾਬਕਾ ਮੰਤਰੀ) , ਉਹਨਾ ਦੀ ਨੂੰਹ ਅਤੇ ਧੀ ਖਿਲਾਫ਼ ਬੀਐਸਐਨ ਦੀ ਧਾਰਾ 103(1),ਅਤੇ 61 ਤਹਿਤ ਮੁਕੱਦਮਾ ਦਰਜ਼ ਕੀਤਾ ਹੈ।
ਪੰਚਕੂਲਾ ਦੇ ਸੈਕਟਰ -4 ਸਥਿਤ ਆਪਣੀ ਰਿਹਾਇਸ਼ ਅਕੀਲ ਅਖ਼ਤਰ ਦੀ ਮੌਤ ਹੋਈ ਸੀ । ਉਸਨੂੰ ਸਹਾਰਨਪੁਰ ਦੇ ਹਰੜਾ ਪਿੰਡ ਵਿੱਚ ਸਪੁਰਦ -ਏ-ਖਾਕ ਕੀਤਾ ਗਿਆ । ਪੋਸਟ ਮਾਰਟਮ ਰਿਪੋਰਟ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਕਿ ਅਕੀਲ ਦੇ ਸ਼ਰੀਰ ਉੱਤੇ ਸੱਜੀ ਕੂਹਣੀ ਤੋਂ 7 ਸੈਂਟੀਮੀਟਰ ਉੱਤੇ ਇੱਕ ਸਰਿੰਜ ਦਾ ਨਿਸ਼ਾਨ ਮਿਲਿਆ।
ਉਸਦੇ ਨਸ਼ੇ ਦਾ ਆਦੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ, ਪਰ ਇਸ ਇੰਜੈਕਸ਼ਨ ਨਾਲ ਨਸ਼ੇ ਵਰਗੀ ਕੋਈ ਚੀਜ਼ ਹਾਲੇ ਤੱਕ ਸਾਹਮਣੇ ਨਹੀਂ ਆਈ । ਸਿਰਫ਼ ਟੀਕੇ ਦਾ ਨਿਸ਼ਾਨ ਮਿਲਣਾ ਸ਼ੱਕ ਨੂੰ ਹੋਰ ਵੀ ਵਧਾ ਰਿਹਾ ਹੈ, ਕਿਉਂਕਿ ਜੇਕਰ ਹੁਣ ਅਕੀਲ ਨਸ਼ੇ ਦੀ ਵਰਤੋਂ ਕਰਦਾ ਹੁੰਦਾ ਤਾਂ ਉਸਦੇ ਹੱਥ ਉਪਰ ਜਾਂ ਕਿਤੇ ਹੋਰ ਵੀ ਨਿਸ਼ਾਨ ਹੁੰਦੇ।
ਮੈਡੀਕਲ ਦੇ ਮਾਹਿਰ ਮੰਨਦੇ ਹਨ ਕਿ ਨਸ਼ੇ ਦਾ ਆਦੀ ਵਿਅਕਤੀ ਸੁਰੂਅਤ ਵਿੱਚ ਖੱਬੇ ਪਾਸੇ ਹੀ ਲਾਉਂਦਾ ਹੈ ,ਕਿਉਂਕਿ ਉੱਥੇ ਟੀਕਾ ਲਗਾਉਣਾ ਆਸਾਨ ਹੁੰਦਾ ਹੈ। ਜਦੋਂ ਵਾਰ ਵਾਰ ਖੱਬੇ ਹੱਥ ਟੀਕੇ ਲਾਉਂਦਾ ਤਾਂ ਨਿਸ਼ਾਨ ਬਣ ਜਾਂਦੇ ਹਨ ਅਤੇ ਵਿਅਕਤੀ ਟੀਕੇ ਲਾਉਣ ‘ਚ ਮੁਹਾਰਤ ਹਾਸਲ ਕਰਦਾ ਤਾਂ ਹੀ ਉਹ ਸੱਜੇ ਹੱਥ ਵਿੱਚ ਲਾਉਦਾ ਹੈ। ਪਰ ਅਕੀਲ ਦੇ ਸ਼ਰੀਰ ਵਿੱਚੋਂ ਸਿਰਫ਼ ਇੱਕ ਹੀ ਨਿਸ਼ਾਨਾ ਮਿਲਣਾ ਸ਼ੱਕੀ ਹੈ।
ਪੁਲਿਸ ਦੇ ਰਿਕਾਰਡ ਮੁਤਾਬਿਕ 16 ਅਕਤੂਬਰ ਨੂੰ ਪਰਿਵਾਰ ਅਕੀਲ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ‘ਚ ਲੈ ਕੇ ਪਹੁੰਚਿਆ ਸੀ । ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ ਕਿ ਇਸਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੋ ਚੁੱਕੀ ਹੈ। ਰਾਤ ਨੂੰ 9:30 ਵਜੇ ਦੇ ਕਰੀਬ ਅਕੀਲ ਦੀ ਬਾਡੀ ਹਸਪਤਾਲ ਪਹੁੰਚੀ ਸੀ । ਪਰਿਵਾਰ ਨੇ ਦੱਸਿਆ ਕਿ ਅਕੀਲ ਬੇਸੁੱਧ ਹਾਲਾਤ ਵਿੱਚ ਪਿਆ ਸੀ ਅਤੇ ਦਵਾਈ ਦੀ ਓਵਰਡੋਜ ਕਾਰਨ ਸ਼ਾਇਦ ਉਸਦੀ ਹਾਲਤ ਖਰਾਬ ਹੋਈ ਹੈ।
ਪੰਚਕੂਲਾ ਪੁਲੀਸ ਨੇ ਇਸ ਸ਼ੱਕੀ ਮੌਤ ਦੀ ਗੁੱਥੀ ਸੁਲਝਾਉਣ ਲਈ ਐਸਆਈਟੀ ਬਣਾਈ ਹੈ। ਜਿਸਦੀ ਕਮਾਨ ਏਸੀਪੀ ਵਿਕਰਮ ਨੇਹਰਾ ਨੂੰ ਸੌਂਪੀ ਗਈ ਹੈ। ਉਸਦੇ ਨਾਲ ਇੰਸਪੈਕਟਰ ਪ੍ਰਿਥਵੀ, ਪੀਐਸਆਈ ਪੂਜਾ, ਸਬ ਇੰਸਪੈਕਟਰ ਪ੍ਰਕਾਸ ਅਤੇ ਸਾਈਬਰ ਐਕਸਪਰਟ ਦੇ ਤੌਰ ਤੇ ਪੀਐਸਆਈ ਰਾਮਾਸਵਾਮੀ ਨੂੰ ਸ਼ਾਮਿਲ ਕੀਤਾ ਗਿਆ ਹੈ।

Total Views: 124 ,
Real Estate