ਟਰੰਪ ਦੀ 88 ਲੱਖ ਫੀਸ ਨੇ ਪਾ ਦਿੱਤੇ ਪੰਗੇ

ਅਮਰੀਕੀ ਰਾਸ਼ਟਰਪਤੀ ਵਲੋਂ ਅਚਾਨਕ ਐੱਚ-1ਬੀ ਵੀਜ਼ਾ ਫੀਸ 1 ਲੱਖ ਡਾਲਰ (ਕਰੀਬ 88 ਲੱਖ ਰੁਪਏ) ਕਰਨ ਦੇ ਐਲਾਨ ਮਗਰੋਂ ਹਵਾਈ ਅੱਡਿਆਂ ਉਤੇ ਹਫੜਾ-ਦਫੜੀ ਮਚ ਗਈ ਹੈ। ਦਰਅਸਲ ਨਵਾਂ ਨਿਯਮ ਅੱਜ ਤੋਂ ਲਾਗੂ ਹੋ ਜਾਵੇਗਾ, ਜਿਸ ਕਾਰਨ ਲੋਕਾਂ ਕੋਲ ਤਿਆਰੀ ਲਈ ਬਹੁਤ ਘੱਟ ਸਮਾਂ ਬਚੇਗਾ। ਤਿਉਹਾਰਾਂ ਉਤੇ ਘਰ ਪਰਤਣ ਜਾ ਰਹੇ ਭਾਰਤੀ ਮੁਸਾਫ਼ਰ ਵੱਡੀ ਮੁਸੀਬਤ ਵਿਚ ਸਨ। ਟਰੰਪ ਦੇ ਇਸ ਫੈਸਲੇ ਦਾ ਸਿੱਧਾ ਅਸਰ ਅਮਰੀਕਾ ’ਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਉਤੇ ਪਵੇਗਾ। ਅਚਾਨਕ ਲਏ ਗਏ ਫੈਸਲੇ ਤੋਂ ਬਾਅਦ ਹਵਾਈ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹਣੀਆਂ ਸ਼ੁਰੂ ਹੋ ਗਈਆਂ। ਐੱਚ-1ਬੀ ਵੀਜ਼ਾ ਧਾਰਕਾਂ ’ਚ 70 ਫੀ ਸਦੀ ਭਾਰਤੀ ਹਨ, ਇਸ ਲਈ ਇਹ ਕਦਮ ਉਨ੍ਹਾਂ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮ ਮੁਤਾਬਕ ਕਿਸੇ ਵੀ ਵੀਜ਼ਾ ਧਾਰਕ ਨੂੰ 21 ਸਤੰਬਰ ਨੂੰ ਦੁਪਹਿਰ 12.01 ਵਜੇ (ਭਾਰਤੀ ਸਮੇਂ ਮੁਤਾਬਕ ਰਾਤ 9.31 ਵਜੇ) ਤਕ ਅਮਰੀਕਾ ’ਚ ਦਾਖਲ ਹੋਣਾ ਹੋਵੇਗਾ। ਇਸ ਤੋਂ ਬਾਅਦ ਕਿਸੇ ਵੀ ਐੱਚ-1ਬੀ ਕਰਮਚਾਰੀ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ, ਜਦੋਂ ਤਕ ਉਸ ਦਾ ਸਪਾਂਸਰ ਮਾਲਕ 1,00,000 ਡਾਲਰ (ਲਗਭਗ 88 ਲੱਖ ਰੁਪਏ) ਦੀ ਨਵੀਂ ਫੀਸ ਜਮ੍ਹਾ ਨਹੀਂ ਕਰਦਾ। ਐਲਾਨ ਤੋਂ ਤੁਰਤ ਬਾਅਦ ਹੀ ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਜੇ.ਪੀ. ਮੋਰਗਨ ਵਰਗੀਆਂ ਵੱਡੀਆਂ ਕੰਪਨੀਆਂ ਨੇ ਐਚ-1ਬੀ ਵੀਜ਼ਾ ਉਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਮਰੀਕਾ ਨਾ ਛੱਡਣ ਦੀ ਸਲਾਹ ਦਿਤੀ ਹੈ।

Total Views: 99 ,
Real Estate