ਦੇਸ਼ ਭਰ ਵਿੱਚ ਅਗਾਊਂ ਪਹੁੰਚਿਆ ਮੌਨਸੂਨ

ਦੇਸ਼ ਭਰ ਵਿੱਚ ਮੌਨਸੂਨ ਨੌਂ ਦਿਨ ਪਹਿਲਾਂ ਹੀ ਪਹੁੰਚ ਗਿਆ ਹੈ। ਆਮ ਤੌਰ ’ਤੇ ਇਹ 8 ਜੁਲਾਈ ਨੂੰ ਪਹੁੰਚਦਾ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਮੌਨਸੂਨ ਨੇ ਅੱਜ ਦਸਤਕ ਦਿੱਤੀ। ਇਸ ਕਾਰਨ ਦਿੱਲੀ ਤੇ ਹੋਰ ਉੱਤਰੀ ਸੂਬਿਆਂ ਵਿੱਚ ਕਾਫੀ ਮੀਂਹ ਪਿਆ ਤੇ ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗ ਗਈਆਂ। ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੌਰਾਨ ਅੱਜ ਸਵੇਰੇ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਦੋ ਉਸਾਰੀ ਕਾਮਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਮੀਂਹ ਨੂੰ ਦੇਖਦਿਆਂ ਚਾਰਧਾਮ ਯਾਤਰਾ ਇਕ ਦਿਨ ਲਈ ਰੋਕ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਉੱਤਰਕਾਸ਼ੀ, ਰੁਦਰਪ੍ਰਯਾਗ, ਦੇਹਰਾਦੂਨ, ਟੀਹਰੀ, ਪੌੜੀ, ਹਰਿਦੁਆਰ ਤੇ ਨੈਨੀਤਾਲ ਸਣੇ ਉੱਤਰਾਖੰਡ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ।: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਢਿੱਗਾਂ ਅਤੇ ਦਰੱਖਣ ਡਿੱਗਣ ਕਾਰਨ ਸੜਕੀ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਮੀਂਹ ਕਾਰਨ ਸੋਲਨ ਦੇ ਬਰੋਟੀਵਾਲਾ ਉਦਯੋਗਿਕ ਖੇਤਰ ਵਿੱਚ ਇਕ ਪੁਲ ਰੁੜ੍ਹ ਗਿਆ। ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਸ਼ਿਮਲਾ-ਚੰਡੀਗੜ੍ਹ ਨੂੰ ਜੋੜਨ ਵਾਲੇ ਸ਼ਿਮਲਾ-ਕਾਲਕਾ ਕੌਮੀ ਸ਼ਾਹਰਾਹ ’ਤੇ ਕੋਟੀ ਨੇੜੇ ਢਿੱਗਾਂ ਡਿੱਗਣ ਕਾਰਨ ਸੜਕ ਦੇ ਕੁਝ ਹਿੱਸੇ ਨੁਕਸਾਨੇ ਗਏ, ਜਿਸ ਨਾਲ ਦੋ ਤੋਂ ਤਿੰਨ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਹਾਲਾਂਕਿ, ਚੱਕੀਮੋੜ ਨੇੜੇ ਦੋਵੇਂ ਪਾਸੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੰਗੇਸ਼ੂ ਮਾਰਗ ’ਤੇ ਵੀ ਮਲਬਾ ਡਿੱਗਣ ਕਾਰਨ ਬਦਲਵਾਂ ਰਸਤਾ ਬੰਦ ਹੈ, ਜਿਸ ਨੂੰ ਸਾਫ ਕੀਤਾ ਜਾ ਰਿਹਾ ਹੈ। ਸ਼ਿਮਲਾ-ਕਾਲਕਾ ਯੂਨੈਸਕੋ ਵਿਸ਼ਵ ਧਰੋਹਰ ਰੇਲਮਾਰਗ ’ਤੇ ਕੋਟੀ ਖੇਤਰ ਨੇੜੇ ਪਟੜੀਆਂ ’ਤੇ ਚੱਟਾਨਾਂ ਅਤੇ ਦਰੱਖ਼ਤ ਡਿੱਗ ਗਏ, ਜਿਸ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਦੇ ਸਥਾਨਕ ਦਫ਼ਤਰ ਨੇ ਅੱਜ ਸੂਬੇ ਦੇ 10 ਜ਼ਿਲ੍ਹਿਆਂ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ਲਈ ਮੀਂਹ ਦਾ ‘ਔਰੇਂਜ’ ਅਲਰਟ ਜਾਰੀ ਕੀਤਾ ਹੈ ਅਤੇ 5 ਜੁਲਾਈ ਤੱਕ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਇਨ੍ਹਾਂ 10 ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਦੀ ਚਿਤਾਵਨੀ ਵੀ ਦਿੱਤੀ ਹੈ। –

Total Views: 90 ,
Real Estate