ਵਿਸ਼ ਕੰਨਿਆ –
ਸੁੰਮੀ ਸਾਮਰੀਆ
ਆਮ ਸਧਾਰਨ ਘਰਾਂ ਵਿੱਚ ਸ਼ਾਮ ਵੇਲੇ ਟੀਵੀ ਇਕੱਠੇ ਦੇਖਣ ਦਾ ਰਿਵਾਜ਼ ਹੁੰਦਾ ਸੀ।ਬੱਚੇ ਬੁੱਢੇ ਜਵਾਨ ਸਭ ਇਕੱਠੇ ਬੈਠ ਕੇ ਦੇਖਦੇ ਸਨ। ਪਰਿਵਾਰਕ ਸਾਂਝਾਂ ਵੀ ਕਾਇਮ ਸਨ ਹੁਣ ਵਾਂਗ ਨਹੀਂ ਆਪਣੇ ਆਪਣੇ ਫੋਨ ਲੈ ਕੇ ਹਰ ਕੋਈ ਆਪਣੇ ਆਪਣੇ ਨਿੱਜੀ ਕਮਰਿਆਂ ਅੰਦਰ ਵੜ ਜਾਵੇ। ਰਿਸ਼ਤਿਆਂ ਦੀ ਪਾਕੀਜ਼ਗੀ ਤੇ ਮਰਿਆਦਾ ਬਰਕਰਾਰ ਰਹਿੰਦੀ ਸੀ।
ਮੈਂ ਤੇ ਮੇਰੀ ਸੱਸ ਵੀ ਨਾਗਿਨ ਲਾ ਲਿਆ ਕਰੀਏ ਹਰ ਰੋਜ਼, ਚਸਕਾ ਜਿਹਾ ਪੈ ਜਾਂਦਾ ਖੁੱਭ ਜਾਇਆ ਕਰੀਏ।ਇਹਨਾਂ ਦੇ ਚਾਚੇ ਦਾ ਮੁੰਡਾ ਉਹ ਵੀ ਸਾਡੇ ਨਾਲ ਹੀ ਦੇਖਣ ਲੱਗ ਜਾਇਆ ਕਰੇ।ਉਹ ਵੀ ਸਕੂਲ ਤੋਂ ਆ ਕੇ ਜਲਦੀ ਜਲਦੀ ਘਰ ਦਾ ਕੰਮ ਕਰਿਆ ਕਰੇ ਤੇ ਸੀਰੀਅਲ ਦੇਖਣ ਟੀ ਵੀ ਦੁਆਲੇ ਹੋ ਜਾਇਆ ਕਰੇ।ਨਰਮ ਮਲੂਕੜਾ ਜਿਹਾ ਸੀ ਰੋਕਣ ਨੂੰ ਕਦੇ ਦਿਲ ਹੀ ਨਾ ਕੀਤਾ।
ਇੱਕ ਦਿਨ ਅਚਾਨਕ ਵਿੱਚੋਂ ਹੀ ਉੱਠ ਕੇ ਕਹਿੰਦਾ,ਭਾਬੀ ਮੈਂ ਨੀ ਆ ‘ਨਾਗਿਨ’ ਦੇਖਿਆ ਕਰਦਾ।
ਮੈਂ ਹੈਰਾਨ ਵੀ ਇਹਦੇ ਕੀ ਭਰਿੰਡ ਲੜ ਗਈ ਬੈਠੇ ਬਿਠਾਏ ਦੇ , ਮੈਂ ਵੀ ਹੁਕਮ ਕਰ ਦਿੱਤਾ ‘ਚੁੱਪਚਾਪ ਬੈਠ’!
ਅਸੀਂ ਬਾਹਲਾ ਧਿਆਨ ਨਾ ਦਿੱਤਾ ਸੀਰੀਅਲ ਦੇਖਣ ਵਿੱਚ ਮਸਤ ਰਹੀਆਂ।ਉਹ ਉੱਠ ਕੇ ਚਲਾ ਗਿਆ।
ਰਾਤ ਨੂੰ ਰੋਟੀ ਵੇਲੇ ਜਿਹੇ ਆ ਗਿਆ ਨਿਆਣਾ ਸੀ ‘ਮਖਿਆਂ ,ਕੀ ਹੋਇਆ ਮੂੰਹ ਕਿਉਂ ਫੁਲਾਈ ਫਿਰਦਾਂ?
ਕੁੱਝ ਬੋਲਿਆ ਨਾ ਚੁੱਪ ਚਾਪ ਰੋਟੀ ਖਾ ਲਈ। ਤੇ ਸੌਣ ਚਲਾ ਗਿਆ।ਆਮ ਤੌਰ ਉਹ ਅਜਿਹਾ ਨਹੀਂ ਕਰਦਾ ਸੀ। ਬਹੁਤ ਗਲਾਕੜੀ ਸੀ।ਸੌ-ਸੌ ਸਵਾਲ ਕਰਦਾ ਸੀ। ਸਾਰੇ ਦਿਨ ਦੀਆਂ ਆ ਕੇ ਮੈਨੂੰ ਪਰੋਂਦਾ ਫੇਰ ਰੋਟੀ ਹਜ਼ਮ ਹੁੰਦੀ ਉਸਨੂੰ।
ਮੈਨੂੰ ਥੋੜ੍ਹਾ ਅਟਪਟਾ ਲੱਗਿਆ ਤਾਂ ਮੈਥੋਂ ਰਿਹਾ ਨਾ ਗਿਆ ਕਿ ਜਵਾਕ ਨਾਲ ਗੱਲ ਕਰਾਂ। ਕੁੱਝ ਦੁਖਦਾ ਨਾ ਹੋਵੇ।
ਕੰਮ ਨਬੇੜ ਕੇ ਜਦੋਂ ਪੁੱਛਣ ਗਈ ਉਹ ਫੇਰ ਉਵੇਂ ਹੀ ਉਦਾਸ ਦੇ ਡਰਿਆ ਹੋਇਆ ਬੈਠਾ ਹੋਇਆ ਸੀ। ਅਜਿਹਾ ਦੇਖ ਕੇ ਮੈਂ ਵੀ ਸੀਰੀਅਸ ਹੋ ਗਈ ਕਿ ਕੁੱਝ ਨਾ ਕੁੱਝ ਬਹੁਤ ਜ਼ਰੂਰੀ ਹੀ ਹੈ। ਇਕੱਲੀ ਪੁੱਛਣ ਨਾਲੋਂ,ਮੈਂ ਪ੍ਰਧਾਨ ਬਣਕੇ ਇਹਨਾਂ ਨੂੰ ਤੇ ਮੰਮੀ ਜੀ ਨੂੰ ਵੀ ਨਾਲ ਲੈ ਕੇ ਪਹੁੰਚ ਗਈ ਉਸਤੋਂ ਉਦਾਸੀ ਦੀ ਜ਼ਰੂਰੀ ਗੱਲ ਪੁੱਛਣ ਲਈ।
ਜਦੋਂ ਹੀ ਅਸੀਂ ਗਏ ਰੋਣ ਲੱਗ ਪਿਆ। ਮੂੰਹ ਲੁਕੋ ਲਿਆ।ਅਸੀਂ ਡਰ ਗਏ ਕਿ ਪਤਾ ਨਹੀਂ ਕੀ ਹੋ ਗਿਆ ਜਵਾਕ ਨੂੰ।ਸਾਡੇ ਵਾਰ ਵਾਰ ਕਹਿਣ ਤੇ ਦੱਸਣ ਲੱਗਿਆ। ਮੈਨੂੰ ਹਰ ਸੋਹਣੀ ਕੁੜੀ ਤੋਂ ਡਰ ਲੱਗਦਾ ਕਿਤੇ ਇਹੀ ਵਿਸ਼ ਕੰਨਿਆ ਤਾਂ ਨਹੀਂ।ਕਲਾਸ ਦੀਆਂ ਕੁੜੀਆਂ, ਸਕੂਲ ‘ਚ ਮੈਡਮਾਂ ਦੁਕਾਨ ਵਾਲੀ ਅੰਟੀ ਮਤਲਬ ਸਾਰੀਆਂ ਹੀ ਕੁੜੀਆਂ ।ਘਰੇ ਭਾਬੀ ਤੋਂ ਵੀ ਡਰ ਲੱਗਦਾ ਕਿ ਹੁਣੇ ਨਾ ਵਿਸ਼ ਕੰਨਿਆ ਬਣ ਜਾਵੇ।
ਮੇਰਾ ਹਾਸਾ ਨਿਕਲ ਗਿਆ। ਮੰਮੀ ਤਾਂ ਚੁੱਪ ਜਿਹੇ ਕਰਕੇ ਖਿਸਕ ਗਏ ਪਰ ਮੇਰੀ ਚੰਗੀ ਕਲਾਸ ਲੱਗੀ।ਇਹ ਕਹਿਣ ਇਹ ਸਿਆਪੇ ਜਿਹੇ ਦਾ ਜੂੜ ਹੀ ਵੱਢਣਾ ਪੈਣਾ, ਊਂ ਨਹੀਂ ਤੁਸੀਂ ਹਟਦੀਆਂ। ਜੁਆਕ ਤੇ ਕਿੰਨਾ ਅਸਰ ਪਿਆ।
ਮੈਂ ਵੀ ਸੋਚਣ ਲੱਗੀ ਭਲਾਂ ਇਨਾਂ ਵੀ ਕੀ ਜ਼ਰੂਰੀ ਹੈ ਇੰਨੀਆਂ ਸੋਹਣੀਆਂ ਕੁੜੀਆਂ ਨੂੰ ਹੀ ਵਿਸ਼ ਕੰਨਿਆ ਬਣਾਉਂਦੇ ਨੇ ਆਮ ਸ਼ਕਲਾਂ ਵਾਲੀਆਂ ਵੀ ਤਾਂ ਹੋ ਸਕਦੀਆਂ ਵਿਸ਼ ਕੰਨਿਆ ।
Total Views: 23 ,
Real Estate