ਬਾਦਲ ਦਲ ਦਾ ਵਿਰਸਾ “ਡੁਰਲੀ ਫੌਜ”

ਜਸਬੀਰ ਸਿੰਘ ਪੱਟੀ 9356024684

ਬੀਤੇ ਕੁਝ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਤੋਂ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੀ “ਡੁਰਲੀ ਫੌਜ” ਤਿਲਾਮਿਲਾ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਬਿਨਾਂ ਕਿਸੇ ਦੇਰੀ ਤੋਂ ਅਕਾਲ ਤਖਤ ਤੋਂ ਬਾਇੱਜ਼ਤ ਬਰੀ ਕਰਾਉਣ ਲਈ ਜਥੇਦਾਰਾਂ ਤੇ ਦਬਾ ਪਾ ਰਹੀ ਹੈ । ਇੰਜ ਬਾਦਲ ਦਲ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਉ ਬਾਹਰ ਤਾਂ ਆ ਗਈ ਹੈ।ਪ੍ਰਸਿੱਧ ਮਰਹੂਮ ਕਲਮਕਾਰ ਸ੍ਰ ਭਰਪੂਰ ਸਿੰਘ ਬਲਬੀਰ ਅਕਸਰ ਹੀ ਸਟੇਜਾ ਤੋ ਜਥੇਦਾਰਾਂ ਬਾਰੇ ਕਿਹਾ ਕਰਦੇ ਸਨ ਕਿ ਸਿੱਖ ਪੰਥ ਵਿੱਚ ਪਰੰਪਰਾ ਬਣ ਚੁੱਕੀ ਹੈ ਕਿ ਸਿੱਖ ਜਥੇਦਾਰਾਂ ਦੀ ਨਿਯੁਕਤੀ ਸਮੇਂ ਹਾਥੀ ‘ਤੇ ਬਿਠਾ ਕੇ ਲਿਆਉਦੇ ਹਨ ਤੇ ਜਾਣ ਲੱਗਿਆ ਸਾਈਕਲ ਵੀ ਨਹੀਂ ਦਿੰਦੇ।ਗਿਆਨੀ ਪੂਰਨ ਸਿੰਘ ਨੂੰ ਤਾਂ ਨੰਗੇ ਪੈਰੀ ਪੈਦਲ ਹੀ ਘਰ ਨੂੰ ਜਾਣਾ ਪਿਆ ਸੀ ਜਦ ਕਿ 11 ਸਾਲ ਪ੍ਰਧਾਨਗੀ (ਪੰਜ ਸਾਲ ਬਾਦਲਾਂ ਦੀ ਬਦੌਲਤ ਤੇ 6 ਸਾਲ ਸੁਪਰੀਮ ਕੋਰਟ ਦੇ ਕੰਨਾੜਿਆ ਤੇ ਚੜ੍ਹ ਕੇ) ਕਰਨ ਵਾਲੇ ਅਵਤਾਰ ਸਿੰਘ ਮੱਕੜ ਨੂੰ ਜਿਸ ਦਿਨ ਪ੍ਰਧਾਨਗੀ ਤੋਂ ਲਾਂਭੇ ਕੀਤਾ ਗਿਆ ਸੀ ਤਾਂ ਉਸ ਦਿਨ ਉਹ ਜਦੋਂ ਸਵੇਰੇ ਦਫਤਰ ਵਿੱਚ ਆਏ ਅੱਗੇ ਪਿੱਛੇ ਹੂਟਰ ਮਾਰਦੀਆਂ ਜਿਪਸੀਆਂ ਸਨ ਤੇ ਵਿਚਾਲੇ ਜਪਾਨ ਦੀ ਬਣੀ ਕੈਮਰੀ ਕਾਰ ਵਿੱਚ ਖੁਦ ਸਵਾਰ ਸਨ। ਇਜਲਾਸ ਵਿੱਚ ਜਦੋ ਪ੍ਰਧਾਨਗੀ ਦਾ ਤਾਜ ਕਿਰਪਾਲ ਸਿੰਘ ਬੰਡੂਗਰ ਦੇ ਸਿਰ ‘ਤੇ ਸਜਾ ਦਿੱਤਾ ਗਿਆ ਤਾਂ ਵਾਪਸ ਜਾਣ ਲੱਗਿਆ ਪੌੜੀਆਂ ਤੋਂ ਹੇਠਾਂ ਤੱਕ ਵੀ ਮੱਕੜ ਨੂੰ ਛੱਡਣ ਲਈ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਨਹੀ ਆਇਆ ਤੇ ਮੱਕੜ ਹੋਰੀ ਰਿਸ਼ਤੇਦਾਰਾਂ ਦੀ ਸਕਾਰਪਿਊ ਕਾਰ ਵਿੱਚ ਬੈਠ ਕੇ ਵਾਪਸ ਬੇਰੰਗ ਲਿਫਾਫੇ ਵਾਂਗ ਚੱਲੇ ਗਏ ਸਨ ਜਿਸ ਵਿੱਚ ਇੱਕ ਬੱਚਾ ਤੇ ਡਰਾਈਵਰ ਸਮੇਤ ਦੋ ਹੋਰ ਵਿਅਕਤੀ ਬੈਠੇ ਸਨ।

ਬੀਤੇ ਦਿਨੀ ਜੋ ਕੁਝ ਅੱਤਵਾਦੀ ਤੋਂ ਅਕਾਲੀ ਆਗੂ ਬਣੇ ਵਿਰਸਾ ਸਿੰਘ ਵਲਟੋਹਾ (ਜਿਸ ਨੇ ਪੰਜਾਬ ਵਿਧਾਨ ਸਭਾ ਵਿੱਚ ਖੁਦ ਆਪਣੇ ਆਪ ਨੂੰ ਅੱਤਵਾਦੀ ਦੱਸਿਆ ਸੀ) ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿਘ ਦੇ ਘਰ ਜਾ ਕੇ ਧਮਕਾਇਆ ਸੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਖਤ ਸਜ਼ਾ ਲਗਾਈ ਤਾਂ ਹੋਰ ਭਾਂਵੇ ਕੋਈ ਹੋਰ ਕੂਝ ਬੋਲੇ ਜਾਂ ਨਾ ਕਰੇ ਪਰ ਉਹ ਖੰਡਾ ਜਰੂਰ ਖੜਕਾਏਗਾ।ਵਲਟੋਹਾ ਵੱਲੋਂ ਇੰਨੀ ਦੀਦਾ ਦਲੇਰੀ ਨਾਲ ਜਥੇਦਾਰ ਨੂੰ ਘਰ ਜਾ ਕੇ ਧਮਕੀ ਦੇਣਾ ਸਾਬਤ ਕਰਦਾ ਹੈ ਕਿ ਅਕਾਲੀ ਦਲ ਦੇ ਆਗੂ ਸਿਰਫ ਲੋਕਾਂ ਵਿੱਚ ਹੀ ਜਥੇਦਾਰਾਂ ਦਾ ਮਾਣ ਸਤਿਕਾਰ ਕਰਨ ਦੀ ਗੱਲ ਕਰਦੇ ਹਨ ਤੇ ਅਸਲ ਵਿੱਚ ਉਹ ਜਥੇਦਾਰਾਂ ਨੂੰ ਆਪਣੇ ਕਰਿੰਦੇ ਹੀ ਸਮਝਦੇ ਹਨ।ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਲਟੋਹਾ ਭਾਜਪਾ ਦਾ ਏਜੰਟ ਦੱਸ ਰਹੇ ਹਨ ਜਿਹਨਾਂ ਨੇ ਹਰਿਆਣੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆ ਭਾਜਪਾ ਤੇ ਗੜੇਮਾਰੀ ਕਰਦਿਆ ਕਿਹਾ ਸੀ ਕਿ “ ਸਿੱਖ ਕੋਈ ਚਾਰਾ ਨਹੀਂ ਜਿਸ ਨੂੰ ਨਿਗਲ ਜਾਉਗੇ, ਇਹ ਤਾਂ ਉਹ ਖਿੰਗਰ ਹੈ ਜਿਹੜਾ ਤੁਹਾਡੀਆਂ ਆਂਦਰਾਂ ਪਾੜ ਦੇਵੇਗਾ।”

ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਵੀ ਉਹਨਾਂ ਹਾਲਾਤਾਂ ਵਿੱਚ ਹੋਈ ਜਦੋਂ ਤਖਤ ਸ੍ਰੀ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਉਸ ਵੇਲੇ “ਖੰਡਾ” ਖੜਕਾ ਦਿੱਤਾ ਜਦੋਂ 10 ਸਾਲਾਂ ਦੀ ਬਾਦਲ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਅਲ਼ਵਿਦਾ ਕਹਿ ਦਿੱਤਾ ਸੀ।ਗਿਆਨੀ ਗੁਰਮੱੁਖ ਸਿੰਘ ਨੇ 14 ਅਪ੍ਰੈਲ 2017 ਨੂੰ ਵਿਸਾਖੀ ਵਾਲੇ ਦਿਨ ਕੌਮ ਦੇ ਨਾਮ ਚਾਰ ਸਫਿਆਂ ਦਾ ਸੰਦੇਸ਼ ਜਾਰੀ ਕਰਦਿਆ ਡੇਰਾਵਾਦ ਦੀ ਰੱਜ ਕੇ ਆਲੋਚਨਾ ਕੀਤੀ ਜਿਸ ਦਾ ਸਭ ਤੋਂ ਵੱਧ ਅਸਰ ਸਿਰਸਾ ਦੇ ਸੌਦਾ ਸਾਧ ‘ਤੇ ਹੋਇਆ।ਸੌਦਾ ਸਾਧ ਦੇ ਚੇਲਿਆ ਨੇ ਜਦੋਂ ਅਕਾਲੀਆਂ ਕੋੋਲ ਸ਼ਕਾਇਤ ਕੀਤੀ ਤਾਂ ਅਕਾਲੀਆਂ ਦੀ “ਡੂਰਲੀ ਫੌਜ” ਨੇ ਜਥੇਦਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।ਗੁਰਮੁੱਖ ਸਿੰਘ ਨੇ ਫਿਰ ਗੁਰਮੁੱਖਾਂ ਵਾਲਾ ਕੰਮ ਕੀਤਾ ਤੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਦਾ ਹੀਜ਼ ਪਿਆਜ਼ ਸਾਰਾ ਨੰਗਾ ਕਰਕੇ ਸੰਗਤਾਂ ਦੀ ਕਚਿਹਰੀ ਵਿੱਚ ਰੱਖ ਦਿੱਤਾ ਜਿਹੜਾ ਵੱਖ ਵੱਖ ਅਖਬਾਰਾਂ ਤੇ ਟੀ ਵੀ ਚੈਨਲਾਂ ਦਾ ਹਿੱਸਾ ਬਣਿਆ ਤੇ ਬਾਦਲ ਦਲ ਦੀ ਕਾਫੀ ਬਦਨਾਮੀ ਹੋਈ ਸੀ।ਗਿਆਨੀ ਗੁਰਮੁੱਖ ਸਿੰਘ ਨੂੰ ਭਾਂਵੇ ਜਥੇਦਾਰੀ ਤੋਂ ਲ਼ਾਂਭੇ ਕਰਕੇ ਸ਼੍ਰੋਮਣੀ ਕਮੇਟੀ ਦੇ ਕਾਲੇ ਪਾਣੀ ਭੇਜ ਦਿੱਤਾ ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਵਿਧਾਇਕਾਂ ਦੇ ਦਬਾਅ ਹੇਠ ਇੱਕ ਸਾਲ ਬਾਅਦ ਉਸ ਵੇਲੇ ਸਮਝੌਤਾ ਹੋ ਗਿਆ ਜਦੋਂ 28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿੱਚ ਕਮਿਸ਼ਨ ਬਣਾ ਕੇ ਬੇਅਦਬੀਆਂ ਦੀ ਜਾਂਚ ਕਰਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ ਜਿਸ ਵਿੱਚੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਤਾਂ ਅਕਾਲੀਆਂ ਨੂੰ ਫਿਕਰ ਪੈ ਗਿਆ ਕਿ ਜੇਕਰ ਗਿਆਨੀ ਗੁਰਮੱੁਖ ਸਿੰਘ ਨੇ ਆਪਣੇ ਬਿਆਨ ਕਲਮਬੰਦ ਕਰਵਾ ਦਿੱਤੇ ਤਾਂ ਕੋਈ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ।ਅਕਾਲੀਆਂ ਨੇ ਉਸ ਨਾਲ ਸਮਝੌਤਾ ਕਰ ਲਿਆ ਤੇ ਉਸ ਨੂੰ ਰਾਤੋ ਰਾਤ ਧਮਧਾਨ ਸਹਿਬ ਤੋਂ ਅੰਮ੍ਰਿਤਸਰ ਲਿਆ ਕੇ ਅਕਾਲ ਤਖਤ ਦਾ ਹੈੱਡ ਗ੍ਰੰਥੀ ਥੋਪ ਦਿੱਤਾ ਗਿਆ।2018 ਤੋਂ ਗਿਆਨੀ ਗੁਰਮੱੁਖ ਸਿੰਘ ਗੁੰਮਨਾਮ ਦੀ ਜਿੰਦਗੀ ਬਤੀਤ ਕਰ ਰਹੇ ਹਨ ਤੇ ਨਾ ਹੀ ਉਹ ਅਕਾਲ ਤਖਤ ‘ਤੇ ਜਥੇਦਾਰਾਂ ਦੀ ਇਕੱਤਰਤਾ ਵਿੱਚ ਭਾਗ ਵੀ ਲੈਦੇ ਹਨ।

ਸਿੱਖ ਪੰਥ ਕਿਸੇ ਦਾ ਜ਼ਰ ਖਰੀਦ ਨਹੀ ਸਗੋਂ ਗੁਰੁ ਦਾ ਚਲਾਇਆ ਸੰਕਲਪ ਹੈ।ਸਿੱਖ ਧਰਮ ਵਿੱਚ ਪੰਜ ਪੰਥ ਪ੍ਰਵਾਨ ਹਨ ਜਿਹਨਾਂ ਵਿੱਚ ਪਹਿਲਾਂ ਉਦਾਸੀ ਪੰਥ ਹੈ ਜਿਸ ਦੇ ਬਾਨੀ ਗੁਰੁ ਨਾਨਕ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਹਨ।ਇਹ ਪੰਥ ਤਿਆਗ ਦਾ ਪ੍ਰਤੀਕ ਹੈ।ਨਿਰਮਲ ਪੰਥ, ਗਿਆਨ ਦਾ ਪ੍ਰਤੀਕ ਹੈ ਜਿਹੜੇ ਸ਼ਾਸ਼ਤਰ ਲਿਖਦੇ ਹਨ।ਸੇਵਾਪੰਥੀ ਪੰਥ ਗੁਰੁ ਘਰਾਂ ਦੀ ਸੇਵਾ ਸੰਭਾਲ ਲਈ ਹੋਂਦ ਵਿੱਚ ਆਇਆ। ਸਹਿਜਧਾਰੀ ਪੰਥ ਵਿੱਚ ਵਪਾਰੀ ਲੋਕ ਹੁੰਦੇ ਹਨ ਤੇ ਗੁਰੂ ਦੀ ਗੋਲਕ ਵਿੱਚ ਯੋਗਦਾਨ ਪਾਉਦੇ ਹਨ।ਇਹਨਾਂ ਵਿੱਚ ਜ਼ਿਆਦਾਤਰ ਉਹ ਲੋਕ ਹੁੰਦੇ ਹਨ ਜਿਹੜੇ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਆਪਣਾ ਗੁਰੂੁ ਮੰਨਦੇ ਹਨ ਤੇ ਗੁਰੁ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਚੱਲਦੇ ਹਨ।ਇਹਨਾਂ ਵਿੱਚ ਗੈਰ ਗੁਰਸਿੱਖ ਸ਼ਾਮਲ ਹੁੰਦੇ ਹਨ ਤੇ ਉਹ ਸਹਿਜੇ ਸਹਿਜੇ ਸਿੱਖ ਧਰਮ ਵੱਲ ਆਉਦੇ ਹਨ ਜਿਹਨਾਂ ਵਿ ੱਚ ਵਧੇਰੇ ਕਰਕੇ ਪਿਸ਼ਾਵਰ ਦੇ ਸਿੰਧੀ ਸਿੱਖ ਸ਼ਾਮਲ ਹੁੰਦੇ ਹਨ।1984 ਤੋਂ ਪਹਿਲਾਂ ਪੰਜਾਬ ਵਿੱਚ ਹਿੰਦੂ ਪਰਿਵਾਰਾਂ ਵਿੱਚ ਵੀ ਆਪਣੇ ਜੇੇਠੇ ਪੁੱਤਰ ਨੂੰ ਸਿੱਖ ਸਜਾਉਣ ਦੀ ਰਵਾਇਤ ਸੀ ਪਰ 1984 ਤੋਂ ਬਾਅਦ ਇਹ ਪਰਵਿਰਤੀ ਘੱਟ ਰਹੀ ਹੈ।ਇਸੇ ਤਰ੍ਹਾਂ ਖਾਲਸਾ ਪੰਥ ਹੈ ਜਿਸ ਦੀ ਸਿਰਜਣਾ ਦਸਮ ਪਿਤਾ ਗੁਰੁ ਗੋਬਿੰਦ ਸਿੰਘ ਨੇ 1699 ਵਿੱਚ ਨੀਂਹ ਸੀਸ ਭੇਟ ਕਰਕੇ ਰੱਖੀ ਸੀ।ਉਹਨਾਂ ਨੇ ਜਾਤ ਪਾਤ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ ਤੇ ਇਹਨਾ ਪੰਜ ਪਿਆਰਿਆ ਕਿਰਤੀ ਲੋਕ ਸ਼ਾਮਲ ਸਨ।

ਸ੍ਰ. ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲ ਤਖਤ ‘ਤੇ ਸ਼ਕਾਇਤ ਪਹਿਲੀ ਜੁਲਾਈ ਨੂੰ ਆਈ ਤੇ 24 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਸਪੱਸ਼ਟੀਕਰਨ ਜਥੇਦਾਰ ਅਕਾਲ ਤਖਤ ਨੂੰ ਦੇ ਦਿੱਤਾ।30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਰੋਧੀ ਕਾਰਵਾਈਆ ਕਰਨ ਦੇ ਦੋਸ਼ ਵਿੱਚ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਅਕਾਲ ਤਖਤ ਦੀ ਫਸੀਲ ਤੋ ਹੁਕਮਨਾਮਾ ਸੁਣਾ ਕੇ ਤਨਖਾਹੀਆ ਕਰਾਰ ਦੇ ਦਿੱਤਾ।31 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਆਪਣੀ ਖਿਮਾ ਯਾਚਨਾ ਦੀ ਅਰਜ਼ੀ ਲੈ ਕੇ ਅਕਾਲ ਤਖਤ ਤੇ ਪੁੱਜੇ।ਜਥੇਦਾਰ ‘ਤੇ ਬਾਦਲ ਦਲ ਦੀ “ਡੂਰਲੀ ਫੌਜ” ਨੇ ਦਬਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਲਦੀ ਕੀਤੀ ਜਾਵੇ ਅਤੇ ਉਸ ਨੂੰ ਸਿਰਫ ਧਾਰਮਿਕ ਸਜ਼ਾ ਹੀ ਲਗਾਈ ਜਾਵੇ।ਡੂਰਲੀ ਫੌਜ ਨੇ ਇਹ ਦਬਾਅ ਵੀ ਪਾਇਆ ਕਿ ਅਕਾਲ ਤਖਤ ਤੋਂ ਸਿਰਫ ਧਾਰਮਿਕ ਸਜ਼ਾ ਹੀ ਲਗਾਈ ਜਾ ਸਕਦੀ ਹੈ।ਇਹ ਡੂਰਲੀ ਫੌਜ ਇਤਿਹਾਸ ਤੋ ਅਣਜਾਣ ਹੀ ਨਹੀ ਵਿਹੂਣੀ ਵੀ ਹੈ।ਜਿਹਨਾਂ ਨੂੰ ਇਹ ਜਾਣਕਾਰੀ ਨਹੀ ਕਿ ਬਾਬੇ ਨਾਨਕ ਨੇ ਸਾਰਿਆ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਛੇਵੇ ਤੇ ਦਸਵੇ ਪਾਤਸ਼ਾਹ ਨੇ ਜੰਗਾਂ ਲੜ ਕੇ ਰਾਜਨੀਤਕ ਪਾਠ ਪੜਾਇਆ।ਛੇਵੇ ਪਾਤਸ਼ਾਹ ਨੇ ਤਾਂ ਸਿੱਖ ਸੰਗਤਾਂ ਨੂੰ ਅਕਾਲ ਤਖਤ ਤੇ ਨਵੀਨਤਮ ਹਥਿਆਰ ਤੇ ਘੋੜੇ ਭੇਟ ਕਰਨ ਤੋਂ ਇਲਾਵਾ ਤੇ ਜਵਾਨ ਪੁੱਤਰਾਂ ਨੂੰ ਗੁਰੂ ਕੀ ਫੌਜ ਵਿੱਚ ਭਰਤੀ ਕਰਾਉਣ ਦੇ ਆਦੇਸ਼ ਦਿੱਤੇ।ਮੁਗਲ਼ਾਂ ਨਾਲ ਗੁਰੁ ਸਾਹਿਬ ਦੀ ਲੜਾਈ ਸਿਰਫ ਬਾਜ਼ ਦੇ ਬਹਾਨੇ ਤਾਜ ਦੀ ਸੀ। ਕੀ ਗੁਰੁ ਸਾਹਿਬ ਦਾ ਇਹ ਕਰਤਵ ਰਾਜਸੀ ਨਹੀ ਸੀ? ਦਸਮ ਪਿਤਾ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਵੱਖਰੀ ਪ੍ਰਕਾਰ ਦੀ ਫੌਜ ਦੀ ਸਿਰਜਣਾ ਕੀਤੀ ਜਿਹੜੀ ਅੱਜ ਵੀ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ।

ਬਾਦਲ ਦਲੀਏ ਕਹੇ ਹਨ ਕਿ ਉਹ ਪੰਥ ਹਨ ਪਰ ਅਕਾਲੀ ਦਲ ਪੰਥ ਨਹੀ।ਵੱਖ ਵੱਖ ਬਾਕੀ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਸਿੱਖ ਵੀ ਪੰਥ ਹਨ।ਇਥੇ ਹੀ ਬੱਸ ਨਹੀਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਹੀ ਹੋ ਸਕਦਾ ਹੈ ਪਰ ਇਥੇ ਤਾਂ ਥਾਂ ਥਾਂ ‘ਤੇ ਸ਼੍ਰੋਮਣੀ ਦੇ ਬੋਰਡ ਲੱਗੇ ਹਨ। ਪਹਿਲਾਂ ਇਹਨਾਂ ਅਕਾਲੀਆਂ ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਪਵੇਗਾ ਕਿਉਕਿ ਸ਼੍ਰੋਮਣੀ ਸਿਰਫ ਇੱਕ ਹੀ ਹੋ ਸਕਦਾ ਹੈ।

ਅੱਜ ਪੰਥ ਦੇ ਇਹਨਾਂ ਠੇਕੇਦਾਰਾਂ ਦੀ “ਡੂਰਲੀ ਫੌਜ” ਪੂਰੀ ਤਰ੍ਹਾਂ ਬੇਕਾਬੂ ਹੋ ਰਹੀ ਹੈ ਤੇ ਕੋਈ ਤਖਤਾਂ ਦੇ ਜਥੇਦਾਰਾਂ ਨੂੰ ਚੁਨੌਤੀਆਂ ਤੇ ਧਮਕੀਆ ਦੇ ਰਿਹਾ ਹੈ ਤੇ ਕੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਨੁਕਤਾਚੀਨੀ ਕਰ ਰਿਹਾ ਹੈ।ਕੋਈ ਆਪ ਮੁਹਾਰੇ ਬਿਆਨਬਾਜ਼ੀ ਕਰਕੇ ਅਕਾਲੀ ਦਲ ਦੀ ਆਨ ਸ਼ਾਨ ਨੂੰ ਠੇਸ ਪੁਹੁੰਚਾ ਰਿਹਾ ਹੈ।ਡੂਰਲੀ ਫੌਜ ਨੂੰ ਚਾਹੀਦਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ‘ਤੇ ਦਬਾ ਪਾਉਦੀ ਕਿ ਅਕਾਲੀ ਦਲ ਦੀ ਰਵਾਇਤ ਅਨੁਸਾਰ ਪਾਰਟੀ ਦੀ ਪਤਲੀ ਹਾਲਤ ਨੂੰ ਦੇਖਦੇ ਹੋਏ ਪਾਰਟੀ ਨੂੰ ਸੰਤਰੇ ਦੀਆਂ ਫਾੜੀਆਂ ਵਾਂਗ ਖਿਲਰਣ ਤੋ ਬਚਾੳੇਣ ਲਈ ਪਾਰਟੀ ਪ੍ਰਧਾਨ ਦੇ ਆਹੁਦੇ ਤੋਂ ਬਿਨਾਂ ਕਿਸੇ ਦੇਰੀ ਦੇ ਅਸਤੀਫਾ ਦੇਣ ਲਈ ਮਨਾਉਦੇ ਪਰ ਹੋਇਆ ਇਸ ਦੇ ਉਲਟ ਜਿਸ ਦਾ ਖਮਿਆਜ਼ਾ ਨੇੜੇ ਭਵਿੱਖ ਵਿੱਚ ਪਾਰਟੀ ਨੂੰ ਭੁਗਤਣਾ ਪਵੇਗਾ।ਇਹ ਨਾ ਹੋਵੇ ਕਿ ਬਾਦਲ ਦਲ ਸਿਆਸੀ ਨਕਸ਼ੇ ਤੋਂ ਹੀ ਖਤਮ ਹੋ ਜਾਵੇ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸ਼ਾਨ ਦੇ ਖਿਲਾਫ ਇਸ ਡੁਰਲੀ ਫੌਜ ਦਾ ਇੱਕ ਮੋਹਰਾ ਇਸ ਤਰ੍ਹਾ ਬੋਲ ਰਿਹਾ ਹੈ ਜਿਵੇਂ ਆਪ ਉਹ ਬਹੁਤ ਨਾਤਾ ਧੋਤਾ ਤੇ ਸਾਫ ਸੁਥਰਾ ਹੋਵੇ।ਜਿਸ ਪਾਰਟੀ (ਕਾਂਗਰਸ) ‘ਤੇ ਇਹ ਅਕਾਲੀ ਦਲ ਵਾਲੇ ਕਈ ਪ੍ਰਕਾਰ ਦੀਆਂ ਊਜਾਂ ਲਗਾ ਕੇ ਆਪਣੇ ਆਪ ਨੂੰ ਪੰਥ ਦੇ ਨੰਬਰਦਾਰ ਅਖਵਾਉਦੇ ਹਨ ਉਸ ਪਾਰਟੀ ਦੇ ਦੋ ਆਗੂ ਤੇ ਮੈਂਬਰ ਪਾਰਲੀਮੈਂਟ ਸੁਖਵਿੰਦਰ ਸਿੰਘ ਸੁੱਖੀ ਤੇ ਗੁਰਜੀਤ ਸਿੰਘ ਔਜਲਾ ਨੇ ਜਥੇਦਾਰ ਸਾਹਿਬ ਨੂੰ ਸੁਪਰੀਮ ਮੰਨਦਿਆ ਉਹਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆ ਕਰਮਵਾਰ ਡੀ ਜੀ ਪੀ ਪੰਜਾਬ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਵਲਟੋਹਾ ਵੱਲੋਂ ਉਹਨਾਂ ਦੀਆਂ ਧੀਆਂ ਤੇ ਵੀ ਕਈ ਪ੍ਰਕਾਰ ਦੇ ਵਿਅੰਗ ਕੱਸੇ ਜਾ ਰਹੇ ਹਨ ਤੇ ਉਹਨਾਂ ਨੇ ਇੱਕ ਭਰੇ ਮਨ ਨਾਲ ਵੀਡੀਉ ਜਾਰੀ ਕਰਕੇ ਅਸਤੀਫਾ ਦੇ ਦਿੱਤਾ।ਇਸ ਤੋਂ ਬਾਅਦ ਇਕੱਲੇ ਉਸ ਆਗੂ ਦੀ ਨਹੀ ਸਗੋਂ ਬਾਦਲ ਦਲ ਦੀ ਜਿਸ ਤਰੀਕੇ ਨਾਲ ਟਰੋਲੰਿਗ ਹੋਈ ਉਸ ਨੇ ਇੱਕ ਵਾਰੀ ਫਿਰ ਸੁਖਬੀਰ ਸਿੰਘ ਬਾਦਲ ਦੇ ਖਿਲ਼ਾਫ ਕੜੀ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਅਕਾਲ ਤਖਤ ‘ਤੇ ਅਸਤੀਫਾ ਦੇ ਕੇ ਪੇਸ਼ ਹੋਣ ਦੀ ਮੰਗ ਜ਼ੋਰ ਫੜਣ ਲੱਗ ਪਈ। ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਦਖਲਅੰਦਾਜੀ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਤਾਂ ਭਾਂਵੇ ਵਾਪਸ ਲੈ ਲਿਆ ਪਰ ਇਸ ਅਸਤੀਫੇ ਦੀ ਚੀਸ ਹਾਲੇ ਵੀ ਮਹਿਸੂਸ ਕੀਤੀ ਜਾ ਰਹੀ ਹੈ।

ਅਕਾਲ ਤਖਤ ਦੇ ਜਥੇਦਾਰ ਨੂੰ ਵਲਟੋਹਾ ਵੱਲੋ ਇਹ ਧਮਕੀ ਦੇਣੀ ਕਿ ਜੇਕਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਸਖਤ ਐਕਸ਼ਨ ਲਿਆ ਤਾਂ ਉਹ “ਖੰਡਾ” ਖੜਕਾ ਦੇਣਗੇ।ਵਲਟੋਹਾ ਸਾਹਿਬ ੁਕਿਹੜਾ ਖੰਡਾ ਖੜਕਾਉਣਗੇ ਇਹ ਤਾਂ ਜਾਣਕਾਰੀ ਨਹੀ ਪਰ ਖੰਡਾ ਉਹਨਾਂ ਦੇ ਖਿਲਾਫ ਜਰੂਰ ਆਪਣਾ ਜਲਵਾ ਵਿਖਾ ਗਿਆ ਤੇ ਉਹਨਾਂ ਨੂੂੰ ਪਾਰਟੀ ਵਿੱਚੋਂ ਲਾਂਭੇ ਕਰ ਦਿੱਤਾ ਗਿਆ।

ਜਥੇਦਾਰਾਂ ਦੀ ਆਨ ਸ਼ਾਨ ਨੂੰ ਬਹਾਲ ਰੱਖਣਾ ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਹੁੰਦੀ ਹੈ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋ ਵਿਰਸਾ ਸਿਂਘ ਵਲਟੋਹਾ ਨੂੰ ਤਾੜਨਾ ਕਰਨ ਦੀ ਬਜਾਏ ਇਹ ਕਹਿਣਾ ਕਿ ਵਿਰਸਾ ਸਿੰਘ ਵਲਟੋਹਾ ਮੇਰਾ ਛੋਟਾ ਭਰਾ ਹੈ ਸਾਬਤ ਕਰਦਾ ਹੈ ਕਿ ਤਖਤ ਦਾ ਜਥੇਦਾਰ ਉਹਨਾਂ ਲਈ ਇੱਕ ਮੁਲਾਜ਼ਮ ਤੋਂ ਵੱਧ ਕੁਝ ਨਹੀ।ਅਕਾਲੀ ਦਲ ਬਾਦਲ ਦੇ ਕੰਮ ਚਲਾਊ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਅਕਾਲ ਤਖਤ ਤੋ ਆਦੇਸ਼ ਜਾਰੀ ਹੁੰਦਾ ਹੈ ਕਿ ਵਲਟੋਹਾ ਨੂੰ ਪਾਰਟੀ ਵਿੱਚ 10 ਸਾਲਾਂ ਲਈ ਛੇਕ ਦਿੱਤਾ ਜਾਵੇ ਪਰ ਡਾ ਦਲਜੀਤ ਸਿੰਘ ਚੀਮਾ ਨੇ ਉਸ ਕੋਲੋ ਅਸਤੀਫਾ ਲੈ ਕੇ ਕਿਹਾ ਕਿ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਜਿਹੜਾ ਅਕਾਲ ਤਖਤ ਨੂੰ ਸਿੱਧੀ ਚੁਨੌਤੀ ਹੈ।ਅਗਲੇ ਦਿਨ ਜਦੋਂ ਬਲਵਿੰਦਰ ਸਿੰਘ ਭੂੰਦੜ ਵੀ ਜਥੇਦਾਰ ਤੇ ਦਬਾਅ ਪਾਉਣ ਲਈ ਮੁਲਾਕਾਤ ਕਰਦੇ ਹਨ ਤਾਂ ਇਸ ਮੁਲਾਕਾਤ ਨੇ ਸਿੱਖ ਬੁੱਧੀਜੀਵੀਆਂ ਨੂੰ ਨਿਰਾਸ਼ ਕੀਤਾ।ਜੇਕਰ ਜਥੇਦਾਰ ਭਾਈ ਰਣਜੀਤ ਸਿੰਘ ਵਰਗਾ ਹੁੰਦਾ ਤਾਂ ਉਹ ਮੁਲਾਕਾਤ ਤੋਂ ਪਹਿਲਾ ਗੇਟ ਤੋਂ ਹੀ ਉਹਨਾਂ ਦਾ ਸੇਵਾਦਾਰ ਹੀ ਮੋੜ ਦਿੰਦਾ ਕਿ ਪਹਿਲਾਂ ਜਿਹੜਾ ਪੰਜ ਜਥੇਦਾਰਾਂ ਨੇ ਆਦੇਸ਼ ਜਾਰੀ ਕੀਤਾ ਹੈ ਉਸ ਨੂੰ ਲਾਗੂ ਕਰਵਾ ਕੇ ਆਉ ਪਰ ਜਥੇਦਾਰ ਨੇ ਮੁਲਾਕਾਤ ਹੀ ਨਹੀ ਕੀਤੀ ਕਿ ਸਗੋਂ ਆਪਣੇ ਗੋਡੇ ਨਾਲ ਵੀ ਬਿਠਾਇਆ।ਇੰਜ ਕਰਕੇ ਗਿਆਨੀ ਰਘਬੀਰ ਸਿੰਘ ਵੀ ਆਪਣੇ ਆਪ ਨੂੰ ਪੰਥਕ ਕਟਿਹਰੇ ਵਿੱਚ ਖੜਾ ਕਰ ਲਿਆ ਹੈ।1998 ਵਿੱਚ ਜਦੋਂ ਭਾਈ ਰਣਜੀਤ ਸਿੰਘ ਜਥੇਦਾਰ ਸਨ ਤਾਂ ਬਾਦਲ-ਟੌਹੜਾ ਦੀ ਖਿਚੋਤਾਣ ਨੂੰ ਲੈ ਕੇ ਬਾਦਲ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਹੋਏ ਵੀ ਜਥੇਦਾਰ ਭਾਈ ਰਣਜੀਤ ਸਿੰਘ ਉਹਨਾਂ ਦੀ ਰਿਹਾਇਸ਼ ਤੇ ਤਿੰਨ ਵਾਰੀ ਮਿਲੇ ਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਟੌਹੜੇ ਨਾਲ ਆਪਣੀ ਲੜਾਈ ਤੇ ਖਾਲਸੇ ਦੇ 300 ਸਾਲਾਂ ਸਮਾਗਮ ਤੱਕ ਮੁਲਤਵੀ ਕਰ ਦੇਣ। ਬਾਦਲ ਜਥੇਦਾਰ ਸਾਹਮਣੇ ਤਾਂ ਮੰਨ ਜਾਂਦੇ ਪਰ ਚੰਡੀਗੜ੍ਹ ਜਾ ਕੇ ਫਿਰ ਬਿਆਨ ਉਲਟ ਦਾਗ ਦਿੰਦੇ। ਚੌਥੀ ਵਾਰੀ ਜਦੋਂ ਬਾਦਲ ਨੇ ਮਿਲਣ ਲਈ ਸਮਾਂ ਮੰਗਿਆ ਤਾਂ ਭਾਈ ਰਣਜੀਤ ਸਿੰਘ ਨੇ ਮਿਲਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੇਕਰ ਉਹ ਪੰਥ ਦੇ ਹਿੱਤਾਂ ਦੀ ਖਾਤਰ ਕੋਈ ਗੱਲ ਮੰਨਣ ਲਈ ਤਿਆਰ ਨਹੀ ਹੈ ਤਾਂ ਫਿਰ ਮੁਲਾਕਾਤ ਦਾ ਕੋਈ ਲਾਭ ਨਹੀਂ।ਫਿਰ ਪੰਥਕ ਏਕਤਾ ਲਈ ਅਕਾਲ ਤਖਤ ਤੋਂ 31 ਦਸੰਬਰ 1998 ਨੂੰ ਹੁਕਮਨਾਮਾ ਜਾਰੀ ਹੋੋਇਆ ਜਿਸ ਦਾ ਬਾਦਲ ਦਲੀਆਂ ਨੇ ਵਿਰੋਧ ਕੀਤਾ ਤੇ ਪੰਥਕ ਏਕਤਾ ਨਾ ਹੋਣ ਦਿੱਤੀ।ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਲਾਹ ਦਿੱਤਾ ਗਿਆ ਤੇ ਬਾਅਦ ਵਿੱਚ ਟੌਹੜਾ ਨੂੰ ਵੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ।ਭਾਈ ਰਣਜੀਤ ਸਿੰਘ ਨੇ ਬਰਖਾਸਤਗੀ ਬਰਦਾਸ਼ਤ ਕਰ ਲਈ ਪਰ ਸਿਧਾਂਤ ਨਾਲ ਕੋਈ ਸਮਝੌਤਾ ਨਹੀ ਕੀਤਾ।ਇਸ ਹੁਕਮਨਾਮੇ ਦੀ ਉਲੰਘਣਾ ਵੀ ਬਾਦਲ ਦਲ ਦੇ ਗਲੇ ਹੱਡੀ ਬਣਿਆ ਹੋਇਆ ਹੈ।ਭਾਈ ਰਣਜੀਤ ਸਿੰਘ ਦਾ ਵਿਰੋਧ ਵੀ ਇਸ ਡੁਰਲੀ ਫੌਜ ਨੇ ਬਹੁਤ ਕੀਤਾ।

ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਦੁਨੀਆ ਭਰ ਦੀਆਂ ਜਥੇਬੰਦੀਆਂ ਖੜ ਗਈਆਂ ਜਿਸ ਨਾਲ ਡੈਮਜ ਕੰਟਰੋਲ ਕਰਨ ਦੀ ਬਜਾਏ ਬਾਦਲ ਦਲੀਏ ਹੋਰ ਨੁਕਸਾਨ ਕਰਵਾ ਬੈਠੇ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ 28 ਅਕਤੂਬਰ ਨੂੰ ਹੋਣ ਜਾ ਰਹੀ ਚੋਣ ‘ਤੇ ਵੀ ਇਸ ਗੁੰਡਾਗਰਦੀ ਦਾ ਅਸਰ ਜ਼ਰੂਰ ਪੈ ਸਕਦਾ ਹੈ ਤੇ ਅਕਾਲੀ ਦਲ ਬਾਦਲ ਦਾ ਨੁਕਸਾਨ ਹੋ ਸਕਦਾ ਹੈ ।ਭਾਂਵੇ ਅਸੀ ਕਿਸੇ ਵੀ ਭੱਦੀ ਭਾਸ਼ਾ ਵਰਤਣ ਦੇ ਹੱਕ ਵਿੱਚ ਨਹੀ ਪਰ ਜਲ਼ੰਧਰ ਤੋ ਛੱਪਦੀ ਇੱਕ ਪੰਜਾਬੀ ਅਖਬਾਰ ਨੇ ਆਪਣੇ ਸੰਪਾਦਕੀ ਕਾਲਮ ਵਿੱਚ ਬਾਦਲ ਦਲ ਲਈ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਜਿਹਨਾਂ ਵਿੱਚ ਲਿਿਖਆ ਗਿਆ ਕਿ, “ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲ ਬਾਦਲ ਦਲ ਦੇ ਆਗੂਆਂ ਵੱਲੋਂ ਉਹਨਾਂ ਦੇ ਪਰਿਵਾਰ , ਜਾਤ ਅਤੇ ਧੀਆਂ ਬਾਰੇ ਅਪਸ਼ਬਦ ਬੋਲਣ ਬਾਰੇ ਜੋ ਦੋਸ਼ ਲਗਾਏ ਹਨ, ਉਹ ਬੇਹੱਦ ਚਿੰਤਾਜਨਕ ਅਤੇ ਨਿੰਦਣਯੋਗ ਹਨ। ਜੇਕਰ ਇਹ ਦੋਸ਼ ਸੱਚ ਹਨ ਤਾਂ ਬਾਦਲ ਦਲ ਅੱਜ ਅਕਾਲੀਆਂ ਦਾ ਨਹੀਂ , “ਦੱਲਿਆਂ” ਦਾ ਦਲ ਬਣ ਗਿਆ ਕਿਹਾ ਜਾ ਸਕਦਾ ਹੈ।”

ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਜੇਕਰ ਉਹ ਵਾਕਿਆ ਹੀ ਡੈਮਜ਼ ਕੰਟਰੋਲ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪਹਿਲਾਂ ਆਪਣੀ ਇਸ “ਡੁਰਲੀ ਫੌਜ” ਨੂੰ ਕੰਟਰੋਲ ਕਰਨਾ ਪਵੇਗਾ ਨਹੀ ਤਾਂ ਪਹਿਲਾਂ ਸਰਕਾਰ ਹੀ ਗਈ ਹੈ ਹੁਣ ਸ਼੍ਰੋਮਣੀ ਕਮੇਟੀ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਕੁਰਸੀ ਤੋਂ ਗੁਰੂ ਦਾ ਨਿਰਾਲਾ ਪੰਥ ਧੂਹ ਕੇ ਲਾਹ ਦੇਵੇਗਾ।ਸੁਖਬੀਰ ਸਿੰਘ ਬਾਦਲ ਨੂੰ ਬਾਪੂ ਬਾਦਲ ਵਾਲੀ ਸਿਆਸੀ ਖੁਰਦਬੀਨਂ ਨਾਲ ਨੀਝ ਲਗਾ ਕੇ ਵੇਖਣਾ ਪਵੇਗਾ ਕਿ:-

“ਤੁਮਹਾਰੇ ਪਾਂਵ ਕੇ ਨੀਚੇ ਕੋਈ ਜ਼ਮੀਨ ਨਹੀਂ, ਕਮਾਲ ਯਹ ਹੈ ਕਿ ਫਿਰ ਵੀ ਤੁਮਹੇ ਯਕੀਨ ਨਹੀਂ।”

Total Views: 41 ,
Real Estate