ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ !

ਹਰਦੀਪ ਸਿੰਘ ਜਟਾਣਾ- ਲਓ ਜੀ ਸੰਗਤੇ ਅਗਲੇ ਮਹੀਨੇ ਪੰਜਾਬ ‘ਚ 13237 ਪੰਚਾਇਤਾਂ ਦੀ ਚੋਣ ਹੋਣੀ ਹੈ। ਗੱਲ ਚਿੱਟੇ ਦੁੱਧ ਵਾਂਗ ਸਾਫ ਹੈ ਕਿ ਸਰਪੰਚੀ ਦੇ ਫਸਵੇਂ ਮੈਚ ਜਿੱਤਣ ਲਈ ਪੰਜਾਹ ਹਜਾਰ ਦੇ ਕਰੀਬ ਸਰਪੰਚੀ ਦੇ ਚਾਸੜੂ ਚੋਣ ਮੈਦਾਨ ਵਿੱਚ ਨਿੱਤਰਨਗੇ। 1 ਕਰੋੜ 33 ਲੱਖ 97 ਹਜਾਰ 932 ਵੋਟਰਾਂ ਨੂੰ ਆਪਣੇ ਪਾਲ਼ੇ ‘ਚ ਲੈ ਕੇ ਆਉਂਣ ਲਈ ਮੀਟ ਮੁਰਗਾ ਵੀ ਚੱਲੂ ਤੇ ਰੂੜੀ ਮਾਰਕਾ ਵੀ। ਡੋਡੇ ਤੇ ਕਾਲੀ ਨਾਗਣੀ ਦੇ ਡੰਗ ਵੀ ਵੱਜਣਗੇ ਤੇ ਜੀਭ ਹੇਠ ਰੱਖਣ ਵਾਲੀ ਸਰਕਾਰੀ ਗੋਲੀ ਵੀ ਆਪਣੇ ਜੌਹਰ ਵਿਖਾਉ। ਭਾਵੇਂ ਚੋਣ ਕਮਿਸ਼ਨ ਨੇ ਖਰਚੇ ਦੀ ਹੱਦ ਵਧਾ ਕੇ ਪੰਚ ਲਈ ਵੀਹ ਹਜਾਰ ਤੋਂ ਤੀਹ ਹਜਾਰ ਤੇ ਸਰਪੰਚੀ ਲਈ ਤੀਹ ਹਜਾਰ ਤੋਂ ਚਾਲੀ ਹਜਾਰ ਕਰ ਦਿੱਤੀ ਹੈ ਪਰ ਐਨੀ ਕੁ ਮਾਇਆ ਨਾਲ ਸਰਪੰਚੀ ਜਿੱਤਣੀ ਖਾਲਾ ਜੀ ਦਾ ਵਾੜਾ ਨਹੀਂ। ਮੇਰੇ ਪਿੰਡ ਵਾਲਾ ਸਾਬਕ ਸਰਪੰਚ ਕਰਨੈਲ ਸਿਉਂ ਆਹਦਾ ਪੋਤਰਿਆ ਕਈ ਪਿੰਡਾਂ ‘ਚ ਚਾਲੀ ਚਾਲੀ ਹਜਾਰ ਤਾਂ ਕੱਲਾ ਕੱਲਾ ਬੰਦਾ ਡਕਾਰਜੂ। ਚਲੋ ਕਾਨੂੰਨ ਵੀ ਕੋਈ ਚੀਜ ਹੁੰਦੀ ਹੈ। ਲੋਕ ਖਰਚੇ ਪੱਠੇ ਦੇ ਜਿਹੜੇ ਮਰਜੀ ਦੋਸ਼ ਲਗਾਈ ਜਾਣ ਪਰ ਮਜਾਲ ਐ ਸਰਕਾਰੀ ਕਾਗਜਾਂ ‘ਚ ਕਿਤੇ ਦੁਆਨੀ ਵੀ ਵਧ ਜਾਏ ਔਹ ਐਮ ਪੀ ਚੋਣਾਂ ਵਾਂਗ।
ਗੱਲ ਸਿੱਧ ਪੱਧਰੀ ਹੈ ਕਿ ਅਗਲੇ ਦਿਨ ਜਾੜ ਕਰਾਰੀ ਕਰਨ ਵਾਲੇ ਲੋਕਾਂ ਲਈ ਵਿਆਹ ਵਰਗੇ ਹੋਣਗੇ। ਇੱਕ ਪਾਸੇ ਪੱਕਣ ‘ਤੇ ਖੜ੍ਹਾ ਝੋਨਾ ਸੈਨਤਾ ਮਾਰਿਆ ਕਰੂ ਤੇ ਦੂਸਰੇ ਪਾਸੇ ਵੋਟਰਾਂ ਨੂੰ ਪੱਕੀ ਕੰਧ ਵਾਂਗ ਪੱਕਾ ਕਰਨ ਲਈ ਉਮੀਦਵਾਰਾਂ ਦੇ ਦਰਵਾਜਿਆਂ ਤੇ ਬੈਠਕਾਂ ‘ਚ ਮਹਿਫਿਲਾਂ ਸਜਿਆ ਕਰਨਗੀਆਂ। ਚੋਣ ਨਿੱਬੜੂ, ਨਤੀਜੇ ਆਉਂਣਗੇ ਕਈਆਂ ਦੀਆਂ ਸੰਦੀਕੜੀਆਂ ਖਾਲੀ ਰਹਿਣ ਬਾਅਦ ਖੀਸੇ ਵੀ ਖਾਲੀ ਹੋ ਜਾਣਗੇ। ਚੱਕ ਦਿਆਂਗੇ ਬਾਈ ਤੂੰ ਫਿਕਰ ਨਾ ਕਰੀਂ ਜਮਾਂ ਤੇਰੇ ਨਾਲ ਖੜ੍ਹੇ ਹਾਂ ਨੰਗੇ ਚਿੱਟੇ ਹੋ ਕੇ ਕਹਿਣ ਵਾਲੇ ਲੋਕ ਅੰਤਲੇ ਦਿਨ ਜਿੱਤਣ ਵਾਲੇ ਦੀ ਦੇਹਲੀ ਜਾ ਚੜ੍ਹਨਗੇ।
ਸਰਪੰਚੀ ਦੀ ਚੋਣ ਜਿੱਤਣ ਵਾਲਿਆਂ ਦੀਆਂ ਕਾਰਾਂ ਜੀਪਾਂ ‘ਤੇ ਸਰਪੰਚ ਦੇ ਨਾਮਕਰਨ ਵਾਲੀਆਂ ਰੰਗਲੀਆਂ ਤਖਤੀਆਂ ਜੜ ਦਿੱਤੀਆਂ ਜਾਣਗੀਆਂ। ਚਿੱਟੇ ਕੁੜਤੇ ਪੰਜਾਮਿਆਂ ਦੀ ਵੱਖਰੀ ਟੌਹਰ ਹੋਵੇਗੀ। ਸੱਜ ਵਿਆਹੀ ਵਾਂਗ ਕਈ ਮਹੀਨੇ ਸਰਪੰਚ ਸਾਹਬ ਸਰਪੰਚ ਸਾਹਬ ਦੇ ਹੋਲ ਗੂੰਜਣਗੇ।
ਹੌਲੀ ਹੌਲੀ ਸਰਪੰਚੀ ਜਿੱਤਣ ਦਾ ਚਾਅ ਵੀ ਘਟ ਜਾਵੇਗਾ। ਜਦੋਂ ਪਿੰਡਾਂ ਦੇ ਵਿਕਾਸ ਦੀਆਂ ਗ੍ਰਾਟਾਂ ਵਿੱਚੋਂ ਸਰਕਾਰੀ ਚੁੰਗ ਦੇ ਬੁੱਕ ਭਰੇ ਜਾਣ ਲੱਗੇ ਤਾਂ ਸਰਪੰਚ ਨੂੰ ਚੋਣਾਂ ਵਕਤ ਹੋਏ ਖਰਚ ਬਰਾਬਰ ਕਰਨ ਦਾ ਫਿਕਰ ਪੈ ਜਾਊ। ਫਿਰ ਫਿਕਰੀਂ ਪਿਆ ਸਰਪੰਚ ਖੁਸ਼ੀ ਵਿੱਚ ਵੀ ਹਾੜਾ ਮਾਰਿਆ ਕਰੂ ਤੇ ਗਮੀ ਵਿੱਚ ਵੀ। ਮੇਰਾ ਮਤਲਵ ਸਰਪੰਚੀ ਦੇ ਉੱਤਰੇ ਸਰੂਰ ਨੂੰ ਪੈਰਾਂ ਸਿਰ ਰੱਖਣ ਲਈ ਅੱਧਾ ਦਿਨ ਲਾਲ ਪਰੀ ਹਵਾਲੇ। ਇੱਕ ਵਕਤ ਐਸਾ ਵੀ ਆਊ ਜਦੋਂ ਬਹੁਤੇ ਸਰਪੰਚਾਂ ਨੂੰ ਸਰਪੰਚੀ ਕਰਨਾ ਕੰਜਰਖਾਨਾ ਲੱਗਣ ਲੱਗ ਪਵੇਗੀ। ਕਿਸੇ ਦੀ ਵੱਟ ਦਾ ਰੌਲਾ ਕਿਸੇ ਦੀ ਗਲੀ ਦਾ ਝੱਜੂ, ਕਿਸੇ ਦੀ ਟੱਟੀ ਦੀ ਕੰਧ ਦਾ ਕਲੇਸ਼ ਤੇ ਕਿਸੇ ਦੀ ਪਹੀ ਦਾ ਝਗੜਾ। ਕਿਸੇ ਦੀ ਸੱਸ ਕੁਪੱਤੀ ਹੋਇਆ ਕਰੂ ਤੇ ਕਿਸੇ ਦੀ ਨੂੰਹ ਲੜਾਕੀ। ਕਿਸੇ ਦਾ ਪੁੱਤ ਕਪੁੱਤ ਤੇ ਕਿਸੇ ਦਾ ਬਾਪੂ ਅੜਬ। ਚੋਰੀਆਂ,ਯਾਰੀਆਂ ਤੇ ਮਾਰਾ ਮਾਰੀਆਂ ਦੇ ਸਾਰੇ ਮਸਲੇ ਭੁੱਖਾ ਪਿਆਸਾ ਸਰਪੰਚ ਹੀ ਹੱਲ ਕਰਿਆ ਕਰੂ। ਸੱਪ ਦੇ ਮੂੰਹ ‘ਚ ਕੋਹੜ ਕਿਰਲੀ ਵਾਲੇ ਅਖਾਣ ਨੂੰ ਸੱਚ ਕਰਦਾ ਸਰਪੰਚ ਜੇ ਜਾਇਆ ਕਰੂ ਤਾਂ ਵੀ ਇੱਕ ਧਿਰ ਤੋਂ ਗਾਲ਼ਾਂ ਦੇ ਹਾਰ ਪੱਕੇ ਜੇ ਨਹੀਂ ਜਾਂਦਾ ਤਾਂ ਦੂਜੀ ਧਿਰ ਦਾ ਸਨਮਾਨ ਪੱਕਾ। ਜੇ ਬੋਲਿਆ ਕਰੂ ਤਾਂ ਔਰਤਾਂ ਮਿਹਣਾ ਮਾਰਦੀਆਂ ਕਿਹਾ ਕਰਨਗੀਆਂ ਲੈ ਵੇਖ ਲੈ ਸੁਜਾਨ ਕੁਰੇ ਵੋਟਾਂ ਵੇਲੇ ਤਾਂ ਮਾਸੀ ਮਾਸੀ ਕਰਦਾ ਸੀ ਤੇ ਹੁਣ ਬੇਰਾਂ ਵੱਟੇ ਨੀਂ ਪਛਾਣਦਾ। ਜੇ ਨਾ ਬੋਲਿਆ ਕਰੂ ਤਾਂ ਦੂਸਰੀ ਧਿਰ ਦਾ ਧਾਵੀ ਕਿਹਾ ਕਰੂ ਡੁੰਨ ਵੱਟਾ ਨਾ ਬਣਕੇ ਬੈਠ ਸਰਪੰਚਾ, ਜਿਵੇਂ ਵੋਟਾਂ ਵੇਲੇ ਅਸੀਂ ਖੜ੍ਹੇ ਸੀ ਤੇਰੇ ਨਾਲ ਓਵੇਂ ਖੜ੍ਹ। ਰੌਲਾ ਕਿਸੇ ਦਾ ਹੋਇਆ ਕਰੂ ਰੋਟੀਆਂ ਪਕਾਉਂਦੀਆਂ ਤੇ ਖਵਾਉਂਦੀਆਂ ਸਰਪੰਚਾਂ ਦੀਆਂ ਬੁੜੀਆਂ ਥੱਕਿਆ ਕਰਨਗੀਆਂ। ਥਾਣੇਦਾਰ ਪਿੰਡ ਗੇੜਾ ਮਾਰਨ ਆਇਆ ਕਿਸੇ ਦੇ ਘਰ ਹੋਊ ਪਰ ਬੋਤਲ ਦਾ ਡੱਟ ਸਰਪੰਚ ਘਰੇ ਖੁੱਲੂ। ਇਸੇ ਮਾਰਾ ਮਾਰੀ ਜਦੋਂ ਨੂੰ ਤਿੰਨ ਕੁ ਸਾਲ ਲੰਘਣਗੇ ਬਹੁਤੇ ਸਰਪੰਚਾਂ ਦੇ ਲੀਵਰ ਤੇ ਗੁਰਦੇ ਜਵਾਬ ਦੇਣ ਲੱਗ ਪੈਣਗੇ। ਜਿਹੜੀ ਘਰਵਾਲੀ ਚੋਣਾਂ ਦੇ ਐਲਾਣ ਤੋਂ ਪਹਿਲਾਂ ਕਹਿੰਦੀ ਸੀ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਅੰਤ ਨੂੰ ਉਸੇ ਨੇ ਕਹਿਣ ਲੱਗ ਪੈਣੈ ਟੁੱਟ ਪੈਣੀ ਸਰਪੰਚੀ ਸਾਡਾ ਸੁੱਖ ਤੇ ਚੈਨ ਡਕਾਰ ਗਈ , ਨਾਲੇ ਖਾਲੀ ਕਰ ਗਈ ਬੋਝੇ ਇਹ ਬੰਦੇ ਚੰਗੇ ਭਲੇ ਨੂੰ ਮਾਰ ਗਈ ।

Total Views: 16 ,
Real Estate