ਨਗਰ ਪੰਚਾਇਤ ਨਥਾਣਾ ਦੇ ਜੇ. ਈ. ਵਲੋਂ ਸੀਨੀਅਰ ਪੱਤਰਕਾਰ ਭਗਵਾਨ ਦਾਸ ਗਰਗ ਨਾਲ ਕੀਤੇ ਦੁਰਵਿਹਾਰ ਦਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਲਿਆ ਸਖ਼ਤ ਨੋਟਿਸ

ਜੇਕਰ ਜੇ. ਈ. ਨੇ ਗਲਤੀ ਦਾ ਅਹਿਸਾਸ ਨਾ ਕੀਤਾ ਤਾਂ ਸੰਘਰਸ਼ ਵਿੱਢਣ ਦਾ ਐਲਾਨ

ਨਥਾਣਾ, 22 ਸਤੰਬਰ (ਪੱਤਰ ਪ੍ਰੇਰਕ)-ਇੱਥੇ ਇਕ ਸਰਬ ਸਾਂਝੀ ਮੀਟਿੰਗ ਦੌਰਾਨ ਨਗਰ ਪੰਚਾਇਤ ਨਥਾਣਾ ਦੇ ਇਕ ਜੇ. ਈ. ਵਲੋਂ ਸੀਨੀਅਰ ਪੱਤਰਕਾਰ ਭਗਵਾਨ ਦਾਸ ਗਰਗ ਨਾਲ ਕੀਤੇ ਗਏ ਦੁਰਵਿਹਾਰ ਦਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਖ਼ਤ ਨੋਟਿਸ ਲਿਆ ਹੈ। ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇਕਰ ਸਬੰਧਤ ਜੇ. ਈ. ਨੇ ਜਨਤਕ ਤੌਰ ‘ਤੇ ਗਲਤੀ ਦਾ ਅਹਿਸਾਸ ਨਾ ਕੀਤਾ ਤਾਂ ਯੂਨੀਅਨ ਦੀ ਬਲਾਕ ਨਥਾਣਾ ਇਕਾਈ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਦੱਸ ਦੇਈਏ ਕਿ ਨਗਰ ਨਥਾਣਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਨੂੰ ਲੈ ਕੇ ਨਗਰ ਨਿਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਪਿਛਲੇ 10 ਦਿਨਾਂ ਤੋਂ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਸਬੰਧੀ ਲੋਕ ਧਿਰਾਂ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜੋ ਕਿਸੇ ਸਾਰਥਕ ਨਤੀਜੇ ‘ਤੇ ਨਹੀਂ ਪਹੁੰਚ ਸਕੀਆਂ। ਇਸੇ ਦੌਰਾਨ ਇਕ ਸਰਬ ਸਾਂਝੀ ਮੀਟਿੰਗ ਵਿੱਚ ਪੱਤਰਕਾਰ ਭਾਈਚਾਰਾ ਵੀ ਮੌਜੂਦ ਸੀ ਤਾਂ ਨਗਰ ਪੰਚਾਇਤ ਦੇ ਜੇ. ਈ. ਗੁਰਬਖ਼ਸ਼ ਸਿੰਘ ਨੇ ਮਾੜੀ ਮਨਸ਼ਾ ਨਾਲ ਸੀਨੀਅਰ ਪੱਤਰਕਾਰ ਭਗਵਾਨ ਦਾਸ ਗਰਗ ਨੂੰ ਬਾਹਰ ਜਾਣ ਲਈ ਆਖ ਦਿੱਤਾ। ਸਮੇਂ ਅਤੇ ਸਥਿਤੀ ਦੀ ਨਜ਼ਾਕਤ ਨੂੰ ਵੇਖਦਿਆਂ ਭਗਵਾਨ ਦਾਸ ਗਰਗ ਬਾਹਰ ਤਾਂ ਚਲੇ ਗਏ ਪਰ ਹਾਜ਼ਰੀਨ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਇਸ ਦਾ ਬੁਰਾ ਮਨਾਇਆ ਅਤੇ ਮਾਮਲਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਲਿਖਤੀ ਧਿਆਨ ਵਿਚ ਲਿਆਂਦਾ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਨੇ ਮਾਮਲੇ ਸਬੰਧੀ ਤੁਰੰਤ ਨਾਇਬ ਤਹਿਸੀਲਦਾਰ ਨਥਾਣਾ ਗੁਰਪ੍ਰੀਤ ਕੌਰ ਜਿਨ੍ਹਾਂ ਦੀ ਮੌਜੂਦਗੀ ਵਿਚ ਉਕਤ ਘਟਨਾ ਵਾਪਰੀ ਸੀ, ਨਾਲ ਰਾਬਤਾ ਕਰਕੇ ਘਟਨਾ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ। ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਭਾਵੇਂ ਘਟਨਾ ਨੂੰ ਮੰਦਭਾਗਾ ਦੱਸਦਿਆਂ ਨਗਰ ਪੰਚਾਇਤ ਨਥਾਣਾ ਦੇ ਈ. ਓ. ਨਾਲ ਗੱਲ ਕਰਕੇ ਮਸਲਾ ਹੱਲ ਕਰਾਉਣ ਦਾ ਭਰੋਸਾ ਦਿੱਤਾ, ਪ੍ਰੰਤੂ 2 ਦਿਨ ਬੀਤ ਜਾਣ ‘ਤੇ ਵੀ ਮਾਮਲੇ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ ਗਈ। ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬਲਾਕ ਨਥਾਣਾ ਦੀ ਮੀਟਿੰਗ ਜਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੰਘ ਸਿੱਧੂ ਅਤੇ ਜਿ ਖਜਾਨਚੀ ਗੁਰਦਰਸ਼ਨ ਸਿੰਘ ਲੁੱਧੜ ਦੀ ਅਗਵਾਈ ਵਿਚ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਜੇਕਰ ਸਬੰਧਤ ਜੇ. ਈ. ਨੇ ਉਕਤ ਮਾਮਲੇ ਵਿਚ ਗਲਤੀ ਦਾ ਅਹਿਸਾਸ ਨਾ ਕੀਤਾ ਯੂਨੀਅਨ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

Total Views: 23 ,
Real Estate