ਟਾਈਟੈਨਿਕ ਦੇ ਅਮੀਰ ਮੁਸਾਫਿਰਾਂ ਦੀ ਸੋਚ :  ਮੱਖਣ ਬੇਗਾ  

ਮੱਖਣ ਬੇਗਾ 
ਸਮਾਂ – ਸਵੇਰੇ ਦੋ ਢਾਈ ਵਜੇ
ਦਿਨ – 15ਅਪ੍ਰੈਲ 1912
 ਸਥਾਨ – ਉੱਤਰੀ ਅੰਧ ਮਹਾਂਸਾਗਰ ਦੇ ਐਨ ਵਿੱਚਕਾਰ!
ਸਾਊਥਹੈਂਪਟਨ ਤੋਂ ਨਿਊ ਯਾਰਕ ਸ਼ਹਿਰ ਲਈ ਚੱਲੇ,ਉਸ ਵੇਲੇ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼, ਟਾਈਟੈਨਿਕ ਵਿੱਚ ਪ੍ਰਬੰਧਕੀ ਅਮਲੇ ਤੋ ਇਲਾਵਾਂ 2200 ਹੋਰ ਯਾਤਰੀ ਸਵਾਰ ਸਨ।
ਇੱਕ ਮਨੁੱਖੀ ਗ਼ਲਤੀ ਦੀ ਵਜ੍ਹਾ ਨਾਲ ਟਾਈਟੈਨਿਕ ਬਰਫ਼ ਦੇ ਇੱਕ ਵੱਡੇ ਤੋਦੇ ਨਾਲ਼ ਟਕਰਾਉਣ ਤੋ ਬਾਅਦ, ਮਹਾਂਸਾਗਰ ਦੇ ਐਨ ਵਿਚਾਲੇ ਡੁੱਬਣ ਦੇ ਕਿਨਾਰੇ ਤੇ ਸੀ।
ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਐਮਰਜੈਂਸੀ ਕੰਮ ਅਉਣ ਵਾਲ਼ੀਆਂ ਕਿਸ਼ਤੀਆਂ (life saving boats) ਦੀ ਗਿਣਤੀ ਮਾਮੂਲੀ ਸੀ, ਮੌਤ ਦੇ ਡਰੋ ਹਰ ਯਾਤਰੀ ਪਹਿਲਾ ਨਿੱਕਲਣਾ ਚਾਹੁੰਦਾ ਸੀ, ਜਹਾਜ਼ੀ ਅਮਲੇ ਸਾਹਮਣੇ ਵੱਡਾ ਧਰਮ ਸੰਕਟ ਸੀ, ਉਹ ਕੀਂ ਕਰਦੇ, ਕਿਵੇਂ ਕਰਦੇ, ਕਿਉੰ ਕਰਦੇ ?
ਅਕਸਰ ਸੁਣਿਆਂ ਕਿ ਮੌਤ ਦੇ ਸਾਹਮਣੇ ਵੱਡੇ ਵੱਡੇ ਸਾਧੂਆਂ ਸੰਤਾਂ, ਗੁਣੀ ਗਿਆਨੀਆਂ ਦਾ ਗਿਆਨ ਘੱਟ ਪੈ ਜਾਂਦਾ ਅਤੇ ਅਸੂਲ ਤਿੜਕ ਜਾਂਦੇ ਨੇ , ਪਰ ਇਤਿਹਾਸ ਚ ਕੁੱਝ ਹਵਾਲੇ ਅਜਿਹੇ ਵੀ ਮਿਲਦੇ ਨੇ ਕਿ ਕਿਵੇਂ ਕੁੱਝ ਲੋਕ ਮੌਤ ਦੇ ਫ਼ਰਿਸ਼ਤਿਆਂ ਦੀਆਂ ਅੱਖਾਂ ਚ ਅੱਖਾਂ ਪਾਉਣ ਦੀ ਜੁੱਰਤ ਰੱਖਦੇ ਨੇ।
ਕਿਹਾ ਜਾਂਦਾ ਕਿ ਟਾਈਟੈਨਿਕ ਦੇ ਇਹਨਾਂ ਯਾਤਰੀਆਂ ਚ ਇੱਕ ਅੰਗਰੇਜ਼ੀ ਅਰਬਪਤੀ ਜੋਹਨ ਅਸਟਰ ਵੀ ਸੀ, ਉਹਦੇ ਬੈਂਕ ਖ਼ਾਤੇ ਚ ਐਨੇ ਪੈਸੇ ਸਨ ਕਿ ਉਹ ਚਾਹੁੰਦਾ ਤਾਂ ਟਾਈਟੈਨਿਕ ਵਰਗੇ ਤੀਹ ਜਹਾਜ਼ ਖ਼ਰੀਦ ਸਕਦਾ ਸੀ, ਸਾਰੇ ਜਹਾਜ ਦਾ ਅਮਲਾ ਉਸਦਾ ਵਾਕਿਫ਼ ਸੀ, ਸੋ ਉਸਨੂੰ ਸਭ ਤੋਂ ਪਹਿਲਾ life boat ਆਫਰ ਕਰੀ ਗਈ। ਉਸਦੇ ਸਾਹਮਣੇਂ ਧਰਮ ਸੰਕਟ ਸੀ ਕਿ ਉਹ ਅਪਣੀ ਜਾਨ ਬਚਾਵੇ ਜਾ ਸਾਹਮਣੇਂ ਰੋ ਰਹੇ, ਡਰ ਦੇ ਮਾਰੇ ਦੋ ਜੁਆਕਾਂ ਦੀ।
ਫ਼ੇਰ ਉਸਨੇ ਅਪਣੇ ਜ਼ਮੀਰ ਦੀ ਅਵਾਜ਼ ਸੁਣੀ ਅਤੇ ਅਪਣੀ ਜਗ੍ਹਾ ਦੋਨੋ ਜੁਆਕ ਕਿਸ਼ਤੀ ਚ ਚੜਾ ਦਿੱਤੇ।
ਅਮਰੀਕਾ ਦੀ ਉਸ ਵੇਲੇ ਦੀ ਸਭ ਤੋਂ ਵੱਡੀ ਡਿਪਾਰਟਮੈਂਟਲ਼ ਚੇਨ ਮੈਕਿਸ (Macy’s) ਦਾ ਸਹਿ ਮਾਲਿਕ ਅਰਬਪਤੀ ਇਸਿਦੋਰ ਸਟ੍ਰਾਸ ਵੀ ਇਹਨਾ ਯਾਤਰੀਆਂ ਚ ਇੱਕ ਸੀ, ਉਹ ਵੀ ਸਰਕਾਰੇ ਦਰਬਾਰੇ ਚੰਗਾ ਰੋਹਬ ਰੱਖਦਾ ਸੀ।
ਇਹ ਉਹ ਬੰਦਾ ਸੀ ਜਿਸਨੇ ਕਿਹਾ ਕਿ ਜਦੋਂ ਤੱਕ ਉਹਦੇ ਨਾਲ਼ ਦੇ ਬਾਕੀ ਨਹੀਂ ਨਿੱਕਲਦੇ, ਉਹ ਭਲਾ ਸਾਰਿਆਂ ਨੂੰ ਛੱਡਕੇ ਕਿਵੇ ਭੱਜ ਸਕਦਾ ਸੀ ?
ਇਸਿਦੋਰ ਦੀ ਪਤਨੀ ਨੇ ਅਪਣੀ ਜਾਨ ਬਚਾਉਣ ਦੀ ਥਾਂ ਅਪਣੀ ਜਗ੍ਹਾ ਚ ਅਪਣੀ ਨਵੀਂ ਨਵੀਂ ਭਰਤੀ ਕੀਤੀ ਇੱਕ ਮੁਟਿਆਰ ਨੌਕਰਾਣੀ, ਐਲਨ ਬਰਡ ਨੂੰ ਜਗ੍ਹਾ ਦਿੱਤੀ ਅਤੇ ਕਿਹਾ ਕਿ ਉਹ ਡਰਪੋਕ ਦੀ ਤਰ੍ਹਾ ਭੱਜ ਜਾਣ ਦੀ ਬਜਾਇ ਜਿੰਦਗੀ ਦੇ ਆਖ਼ਰੀ ਕੁੱਝ ਪਲ ਅਪਣੇ ਹਮਸਫ਼ਰ ਨਾਲ਼ ਬਿਤਾਉਣਾ ਪਸੰਦ ਕਰੇਗੀ।
ਹੈ ਕੋਈ ਮੁਕ਼ਾਬਲਾ ਇਹਨਾਂ ਲੋਕਾਂ ਦਾ ਜਿੰਨਾ ਨੇ ਅਪਣੇ ਪੈਸੇ, ਸੋਹਰਤ, ਜਾਨ ਦੀ ਪ੍ਰਵਾਹ ਨਾ ਕਰੇ ਬਿਨਾ ਅਪਣੇ ਅਸੂਲਾਂ ਨੂੰ ਚੁਣਿਆ?
ਧੰਨ ਦੌਲਤ, ਸੁਆਰਥਪੁਣੇ, ਨੂੰ ਠਿੱਬੀ ਮਾਰਕੇ ਇਹਨਾਂ ਦਾ ਅਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਹੀ ਮਨੁੱਖੀ ਇਤਿਹਾਸ ਦਾ ਅਸਲ ਮੂਲ ਹੈ।
ਲ਼ੋਕ ਜੋ ਵੀ ਹਨ, ਮਾਂ ਦੀ ਕੁੱਖ ਤੋਂ ਐਵੇਂ ਦੇ ਥੋੜ੍ਹਾ ਪੈਦਾ ਹੋਏ ਨੇ, ਉਹ ਜੋ ਵੀ ਨੇ , ਖ਼ੁਦ ਬਣੇ ਨੇ । ਮਸਲਨ ਸੋਹਣੀਆਂ ਰੂਹਾਂ ਵਾਲੇ, ਦਿਆਲੂ ਲੋਕ ਉਹ ਨੇ ਜਿੰਨਾ ਮੁਸ਼ਕਲ ਤੋ ਵੀ ਮੁਸ਼ਕਲ ਹਾਲਾਤਾਂ ਦੀ ਈਨ ਨਹੀਂ ਮੰਨੀ, ਇਹ ਉਹ ਲੋਕ ਹੁੰਦੇ ਨੇ ਜਿੰਨਾ ਜ਼ਿੰਦਗੀ ਦੀ ਹਰੇਕ ਹਾਰ ਨੂੰ ਸਬਕ ਬਣਾ ਲਿਆ, ਪਿਆਰੇ ਲੋਕ ਓਹ ਲੋਕ ਨੇ ਜਿੰਨਾਂ ਨੂੰ ਜਦੋਂ ਕਿਸੇ ਨੇ ਪੱਥਰ ਬਨਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਫ਼ੁੱਲ ਬਣੇ ਰਹੇ।
ਅਪਣੀ ਵਿਸ਼ਵ ਪ੍ਰਸਿੱਧ ਪੁਸਤਕ ‘ The Proud Highway’ ਦਾ ਲੇਖ਼ਕ ਹੰਟਰ ਐਸ ਥਾਂਪਸਨ ਲਿਖਦਾ ਕਿ ” ਉਹ ਇੰਨਸਾਨ, ਜਿਹੜਾ ਅਪਣੀ ਜਿੰਦਗੀ ਦੇ ਫ਼ੈਸਲਿਆਂ ਤੋਂ ਅਕਸਰ ਟਾਲਾ ਵੱਟਦਾ ਰਹਿੰਦਾ, ਦੀ ਜ਼ਿੰਦਗੀ ਦਾ ਫੈਂਸਲਾ, ਫ਼ੇਰ ਇੱਕ ਦਿਨ ਹਾਲਾਤ ਖ਼ੁਦ ਕਰਦੇ ਨੇ।
ਹਾਲਾਤਾਂ ਦੇ ਲਏ ਫੈਂਸਲੇ ਬਹੁਤ ਖ਼ਤਰਨਾਕ ਹੁੰਦੇ ਨੇ , ਕਿਉੰਕਿ ਇਹਨਾਂ ਦੇ ਫੈਂਸਲੇ ਚ ਅਸੂਲਾਂ, ਸਿਧਾਂਤਾ ਦੀ ਜਗ੍ਹਾ, ਨਫ਼ੇ ਨੁਕਸਾਨ ਦੀ ਗੱਲ ਭਾਰੀ ਹੁੰਦੀ ਏ।
ਭਾਂਵੇ ਨਿੱਜੀ ਰਿਸ਼ਤੇ ਹੋਣ ਜਾ ਸੰਸਾਰ ਵਿੱਚ ਵਿਚਰਨ ਦੀ ਗੱਲ਼, ਆਓ ਕੋਸ਼ਿਸ ਕਰੀਏ, ਕਿ ਅਪਣੇ ਤੋ ਪਹਿਲਾ, ਕਿਸੇ ਹੋਰ ਬਾਰੇ, ਸਮਾਜ ਬਾਰੇ ਸੋਚੀਏ, ਉਹ ਵੀ ਬਿਨਾ ਕੁੱਝ ਬਦਲੇ ਚ ਉਮੀਦ ਕਰੇ ਬਿਨਾ।
ਦੇਖਣਾ ਇਹ ਸੰਸਾਰ ਕਿੰਨਾਂ ਸੋਹਣਾਂ ਅਤੇ ਸੁਚੱਜਾ ਦਿਖਣਾ!
ਚੰਗਾ ਫੇਰ , ਅੱਜ ਲਈ ਅਲਵਿਦਾ !
Total Views: 353 ,
Real Estate