ਜੇ ਬਰਲਿਨ ਦੀ ਕੰਧ ਡਿੱਗ ਸਕਦੀ ਤਾਂ… ਭਾਰਤ-ਪਾਕਿ ਸਰਹੱਦ ਕਿਹੜੀ ਚੀਜ਼

ਸੁਖਨੈਬ ਸਿੰਘ ਸਿੱਧੂ
‘ਹੱਲੇ ਗੁੱਲੇ’ ਚ ਵਥੇਰੀ ਵੱਢਟੁੱਕ ਹੋਈ । ਵੰਡਿਆ ਅਤੇ ਵੱਢਿਆ ਪੰਜਾਬ ਗਿਆ ਇਹ ਹੀ ਹਾਲ ਬੰਗਾਲ ਦਾ ਹੋਇਆ । ਹੋਣਾ ਵੀ ਚਾਹੀਦਾ ਸੀ ਇਹ ਦੋ ਖਿੱਤੇ ਪੂਰੇ ਹਿੰਦੋਸਤਾਨ ਨਾਲੋਂ ਅੱਡ ਹੀ ਸੋਚ ਰੱਖਦੇ ਅਤੇ ਵੱਡੇ-ਵੱਡੇ ਹਮਲਾਵਰਾਂ ਨੂੰ ਰੋਕਣ ਦੀ ਪਿਉਂਦ ਏਸੇ ਮਿੱਟੀ ‘ਚੋਂ ਚੜ੍ਹਦੀ । ਕਦੇ ਪੋਰਸ ਬਣ ਕੇ ਜਗਤ ਜੇਤੂ ਸਿਕੰਦਰ ਦਾ ਰਾਹ ਰੋਕਦੇ, ਕਦੇ ਦੁੱਲਾ ਭੱਟੀ ਬਣ ਖੜ੍ਹਦੇ । 14 ਅਗਸਤ 1947 ਨੂੰ ਪਾਕਿਸਤਾਨ ਬਣ ਗਿਆ ਅਤੇ 15 ਨੂੰ ਭਾਰਤ ਨੂੰ ਆਜ਼ਾਦੀ ਮਿਲ ਗਈ ਪਰ ਪੰਜਾਬ ਦੀ ਹਿੱਕ ‘ਤੇ ਰੈਡਕਲਿਫ ਲੀਕ ਖਿੱਚੀ ਗਈ ਜਿਹੜੀ ਜਾਨਾਂ ਖੋਹ ਬਣਗੀ । ਫਿਰ ਇਹ ਕੰਡਿਆਲੀ ਤਾਰ ਦਾ ਰੂਪ ਧਾਰਨ ਕਰਗੀ ਅਤੇ ਸਾਡੇ ਵਿਹੜਿਆਂ ‘ਚ ਵੰਡੀਆਂ ਪੈ ਗਈਆਂ ਸਰਹੱਦ ਉੱਗ ਆਈ । ਹਕੂਮਤਾਂ ਨੇ ਆਪਣਾ ਰੰਗ ਦਿਖਾਉਣਾ ਸੁਰੂ ਕੀਤਾ ਅਤੇ ਹੁਕਮਰਾਨਾਂ ਨੇ ਆਪਣੀਆਂ ਕੁਰਸੀਆਂ ਦੀਆਂ ਹਿੱਲਦੀਆਂ ਲੱਤਾਂ ‘ਚ ਹਿੰਦੋਸਤਾਨੀ ਅਤੇ ਪਾਕਿਸਤਾਨੀ ਬਣੇ ਪੰਜਾਬੀਆਂ ਦੇ ਸਿਰਾਂ ਦੀਆਂ ਫਾਲਾਂ ਲਾਈਆਂ ਕਿ ਕੁਰਸੀ ਸਲਾਮਤ ਰਹੇ ।
ਕਲਮਾਂ , ਕਿਤਾਬਾਂ , ਕਲਾਕਾਰਾਂ ਅਤੇ ਖਿਡਾਰੀਆਂ ਨੇ ਸਾਂਝ ਵਧਾਉਣ ਲਈ ਯਤਨ ਨਹੀਂ ਛੱਡੇ ਪਰ ਹਕੂਮਤਾਂ ਵੀ ਪਿੱਛੇ ਨਹੀਂ ਰਹੀਆਂ ਇਹ ਨਫ਼ਰਤ ਦੀ ਫਸਲ ਬੀਜਦੇ ਰਹੇ ਤੇ ਦਾਨਿਸ਼ਵਰ ਇਹਨੂੰ ਵੱਢਦੇ ਰਹੇ । ਹਕੂਮਤ ਗੁਆਂਢ ਨਾਲ ਦੁਸ਼ਮਣੀ ਪਾ ਕੇ ਹਥਿਆਰਾਂ ਦੇ ਵਪਾਰੀਆਂ ਨੂੰ ਮਨਾਫ਼ਾ ਦਿੰਦੀਆਂ ਮੁਲਖਾਂ ਨੂੰ ਖਾਕੀ ਨੰਗ ਕਰਦੀਆਂ ਰਹੀਆਂ, ਅਸੀਂ ਗੁਆਂਢੀਆਂ ਤੋਂ ਕੰਧ ਉੱਤਦੀ ਦੀ ਦਾਲ ਕੌਲੀ ਅਤੇ ਚੁੱਲ੍ਹੇ ਬਾਲਣ ਲਈ ਅੱਗ ਉਧਾਰੀ ਮੰਗਣ ਲਈ ਯਤਨਸ਼ੀਲ ਰਹੇ । ਕਦੇ ਮੋਮਬੱਤੀਆਂ ਰੁਸ਼ਨਾ ਕੇ ਉੱਲੂਆਂ ਨੂੰ ਦੱਸਿਆ ਕਿ ਚਾਨਣ ਦਾ ਵਪਾਰ ਕਰੋ , ਦੋਵੇ ਪਾਸੇ ਮਾਲਾਮਾਲ ਹੋਣਗੇ ਪਰ ਉਹ ਕਾਹਨੂੰ ਮੰਨਦੇ ਨੇ । ਮੁੰਬਈ ‘ਚ ਹਮਲਾ ਹੁੰਦਾ , ਵਪਾਰ ਵਾਘਿਓ ਪਾਰ ਵਾਲਾ ਬੰਦ ਕਰ ਦਿੱਤਾ ਜਾਂਦਾ। ਆਪਣੇ ਚਹੇਤਿਆਂ ਦੀ ਬੰਦਰਗਾਹ ਕੋਈ ਜਿੱਥੇ ਮਰਜ਼ੀ ਆਜੇ ।
ਹੁਣ ਉਲੰਪਿਕ ਹੋਈ । ਭਾਲਾ ਸੁੱਟਣ ਦਾ ਮੁਕਾਬਲਾ ਸੀ । ਅਰਸ਼ਦ ਮੋਹਰੀ ਅਤੇ ਮਗਰੇ ਨੀਰਜ ਆ ਗਿਆ । ਨੀਰਜ ਚੋਪੜੇ ਦੀ ਮਾਂ ਨੇ ਆਪਣੇ ਇਨਸਾਨੀਅਤ ਵਾਲਾ ਬਿਆਨ ਦੇ ਕੇ ਦੁਸ਼ਮਣਾਂ ਦੇ ਫੱਟ ਚੋਪੜਤੇ । ਉਲੰਪਿਕ ‘ਚ ਪਾਕਿਸਤਾਨ ਅਤੇ ਭਾਰਤੀ ਖਿਡਾਰੀਆਂ ਦੇ ਮਿਲੇ ਹੱਥ ਨੇ ਸਾਡੇ ਵਰਗਿਆਂ ਦੇ ਦਿਲਾਂ ਨੂੰ ਧਰਵਾਸ ਦਿੱਤਾ , ਉਮੀਦ ਜਗਾਈ ਕਿ ਕੁਦਰਤ ਕੁਝ ਵੀ ਕਰ ਸਕਦੀ । ਜੇ ਬਰਲਿਨ ਦੀ ਕੰਧ ਡਿੱਗ ਸਕਦੀ ਤਾਂ ਇਹ ਕਿਹੜੀ ਚੀਜ਼ ਹੈ।
ਸਮਾਂ ਲੱਗੇਗਾ, ਸਿਆਸਤਦਾਨ ਦਾਨਿਸ਼ਵਰ ਬਣਕੇ ਸੋਚਣਗੇ ਅਤੇ ਸਰਹੱਦ ਖੁੱਲ੍ਹੇਗੀ । ਦੋਵਾਂ ਮੁਲਖਾਂ ਨੂੰ ਫਾਇਦਾ ਹੋਵੇਗਾ ਅਤੇ ਅਟਾਰੀ ਥਾਨੀ ਮੁਹੱਬਤ ਦਾ ਦਰਿਆ ਵਗੇਗਾ , ਉਦੋਂ ਕਿੰਨਾ ‘ਸਕੂਨ’ ਹੋਵੇਗਾ । ਬੱਸ ਉਸੇ ਉਡੀਕ ‘ਚ ਹਾਂ।
Total Views: 237 ,
Real Estate