ਹਿਮ ਦਾ ਅਰਥ ‘ਹਵਾ ‘ਚ ਮਿਲੇ ਬਰਫ਼ ਦੇ ਅਤਿ ਸੂਖ਼ਮ ਕਣ ਜਿਹੜੇ ਧਰਤੀ ‘ਤੇ ਜੰਮ ਜਾਂਦੇ ਹਨ ਭਾਵ ਬਰਫ਼ ਬਣ ਜਾਂਦੇ ਹਨ । ਹੇਮਕੁੰਡ ਦਾ ਅਰਥ ‘ ਬਰਫ਼ ਦਾ ਕੁੰਡ’ । ਪਹਾੜਾਂ ਦੀਆਂ ਸੱਤ ਚੋਟੀਆਂ ਵਿਚਾਲੇ ‘ਬਰਫ਼ ਦਾ ਕੁੰਡ’ ਜਿਸਨੂੰ ਹੇਮਕੁੰਟ/ ਹੇਮਕੁੰਡ ਕਿਹਾ ਜਾਂਦਾ । ਮਾਨਤਾ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਨੇ ਪਿਛਲੇ ਜਨਮਾਂ ‘ਚ ਤਪੱਸਿਆ ਕੀਤੀ ਜਿਸਦਾ ਹਵਾਲਾ ਬਚਿੱਤਰ ਨਾਟਕ ਵਿੱਚੋਂ ਲੈ ਕੇ ਇਹ ਸਥਾਨ ਖੋਜਿਆ ਗਿਆ, ਪਰ ਮੇਰਾ ਇਹ ਵਿਸ਼ਾ ਨਹੀਂ ਕਿ ਅਸਥਾਨ ਸਹੀ ਹੈ ਜਾਂ ਗਲਤ ।ਇਹਨਾ ਜਰੂਰ ਹੈ ਇੱਥੇ ਜਿੰਨਾ ਔਖਾ ਇੱਥੇ ਪਹੁੰਚਿਆ ਜਾਂਦਾ ਉਹਨਾ ਹੀ ਮਨ ਨੂੰ ਸਕੂਨ ਮਿਲਦਾ, ਕੁਦਰਤ ਦੀ ਗੋਦੀਂ ਵਿੱਚ ਸਕੂਨ ਤਲਾਸ਼ਣ ਜਾਣਾ ਹੋਵੇ ਫਿਰ ਤਾਂ ਸਭ ਵਧੀਆ ਹੀ ਵਧੀਆ । ਇਹ ਯਾਤਰਾ ਪੈਦਲ ਜਾ ਕੇ ਹੀ ਵਧੀਆ ਹੁੰਦੀ , ਪਰ ਐਂਤਕੀ ਥੋੜੀ ਕਾਹਲੀ ਸੀ ਚਾਚੇ ਦਲਜੀਤ ਨੇ ਕੈਨੇਡਾ ਵਾਪਸ ਜਾਣਾ ਸੀ । ਉਹਨਾ ਨੇ ਕਿਹਾ ‘ਗੋਬਿੰਦ ਧਾਮ ਤੋਂ ਘੋੜੇ / ਖੱਚਰਾਂ ਤੇ ਹੇਮਕੁੰਟ ਸਾਹਿਬ ਚੱਲਦੇ , ਛੇਤੀ ਮੁੜਾਂਗੇ,’ ਕੀਤਾ ਵੀ ਆਏਂ ਹੀ । ਜਿਹੜੀ ਘੋੜੀ ਮੈਨੂੰ ਮਿਲੀ ਇਤਫ਼ਾਕ ਨਾਲ ਉਹਦਾ ਨਾਂਮ ਵੀ ‘ਹੀਮੂ’ ਸੀ’ ਹੋ ਸਕਦਾ ਹੇਮੂ ਰੱਖਿਆ ਹੋਵੇ ਜਾਂ ਸੋ਼ਅਲੇ ਵਾਲੀ ਬਸੰਤੀ ਦੇ ਨਾਂਮ ਤੇ ‘ਹੇਮਾ’ ਰੱਖਿਆ ਹੋਵੇ। ਦੇਖਣ ਨੂੰ ਸ਼ਾਂਤ ਜਿਹੀ । ਪਸੂ ਪੰਛੀਆਂ ਨਾਲ ਮੇਰੀ ਥੋੜੀ ਕੁ ਬਣਦੀ ਹੈਗੀ , ਮੈਂ ਹੀਮੂ ਦਾ ਮੱਥਾ ਪਲੋਸਿਆ ਉਹਨੇ ਵੀ ਜਿਵੇਂ ਪਛਾਣ ਲਿਆ ਹੋਵੇ , ਅਪਣੱਤ ਜਿਹੀ ਦਿਖਾਈ । ਫਿਰ ਘੋੜੀ ਦਾ ਮਾਲਕ ਕਹਿੰਦਾ ‘ਬੈਠੋ ‘, ਬਿਨਾ ਕਿਸੇ ਸਹਾਰੇ ਦੇ ਮੈਂ ਕਾਠੀ ਤੇ ਬੈਠ ਗਿਆ । ਕਹਿੰਦਾ ‘ ਆਪ ਤੋਂ ਬਹੁਤ ਅੱਛਾ ਚੜ ਗਏ’
ਮੈਂ ਕਿਹਾ ‘ ਮੈਂ ਤਾਂ ਇੱਕੋਂ ਘੋੜੀ ਤੋਂ ਇਕ ਦਿਨ ਦੋ ਵਾਰ ਡਿੱਗਿਆ ਵੀ ਹਾਂ , ਪਰ ਡਿੱਗ – ਡਿੱਗ ਕੇ ਸਵਾਰ ਨਹੀਂ ਬਣਿਆ ।’ ਮੇਰੀ ਮਲਵਈ ਬੋਲੀ ਉਹਦੇ ਉਤੋਂ ਦੀ ਲੰਘ ਗਈ ਅਤੇ ਘੋੜੀਆਂ ਹੇਠਾਂ ਨੂੰ ਤੁਰ ਪਈਆਂ , ਜਿਵੇਂ ਜਿਵੇਂ ਘੋੜੀ ਹੇਠਾਂ ਨੂੰ ਪੈਰ ਪੁੱਟੇ ਸਾਹ ਉੱਤੇ ਨੂੰ ਜਾਣ , ਹੀਮੂ ਜਿਹੜੀ ਡੁੰਨਵੱਟਾ ਜਾ ਬਣੀ ਖੜੀ ਸੀ ਹੁਣ ਆਪਣੇ ਅਸਲੀ ਰੰਗ ‘ਚ ਆ ਗਈ ਸੀ , ਪਰ ਮੇਰੇ ਚਿਹਰੇ ਦੇ ਰੰਗ ਬਦਰੰਗ ਕਰਤੇ ਸੀ । ਔਖੇ ਸੌਖੇ 6 ਕਿਲੋਮੀਟਰ ਦਾ ਸਫ਼ਰ ਗੋਬਿੰਦ ਧਾਮ ਆ ਕੇ ਮੁੱਕਿਆ ।
ਉਤਰਦੇ ਨੂੰ ਚਾਚੇ ਦਲਜੀਤ ਨੇ ਫਿਰ ਹੁਕਮ ਲਾਤਾ , ਲੰਗਰ ਛੱਕ ਲੋ , ਘੋੜੀਆਂ ਤਿਆਰ ਨੇ ਚੱਲਦੇ ਆਂ, ‘ਕੇਰਾਂ ਤਾਂ ਲੱਗੇ ਜਿਵੇਂ ਪੁਰਾਣੀਆਂ ਫੌਜਾਂ ਦੀਆਂ ਜੰਗੀ ਮਸ਼ਕਾਂ ਚੱਲ ਰਹੀਆਂ । ਫਿਰ 14 ਕਿਲੋਮੀਟਰ ਵਾਸਤੇ ਮੈਨੂੰ ‘ਰਾਜਾ’ ਘੋੜਾ ਮਿਲ ਗਿਆ ਤੇ ਚਾਚੇ ਨੇ ‘ਬਾਦਲ’ ਤੇ ਸਵਾਰੀ ਕੀਤੀ । ਕਮਲ ਬਾਈ ਅਤੇ ਜੱਸਾ ਵਾਲੇ ਘੋੜਿਆਂ ਦਾ ਨਾਂਮ ਚੇਤੇ ਨਹੀਂ ।
ਬਾਦਲ ਅਤੇ ਰਾਜਾ ਵੀ ਆਪਾ ਧਾਪੀ ‘ਚ ਇੱਕ ਦੂਜੇ ਦੇ ਅੱਗੇ ਪਿੱਛੇ ਰਿਹਾ ਕਰਨ , ਜਿੰਨ੍ਹਾਂ ਔਖਾ ਰਸਤਾ ਹੋਇਆ ਕਰੇ , ਉਹਦੇ ਨਾਲੋਂ ਦੁਗਣੇ ਸਾਹ ਇਹ ਸੂਤ ਦਿਆ ਕਰਨ। ਇੱਕ ਵਾਰ ਤਾਂ ਰਾਜੇ ਨੇ ਵੱਡਾ ਸਟੈਪ ਭਰਿਆ ਹੇਠਲੀ ਪੌੜੀ 2 ਫੁੱਟ ਤੋਂ ਵੱਧ ਡੂੰਘੀ ਸੀ , ਢਲਾਨ ਸੀ ਵੀ ਬਹੁਤ ਤੇ ਮੇਰੇ ਵਾਲਾ ਗਰਨਾ ਗੱਡਿਆ ਗਿਆ ਸੀ ਬੱਸ ਸੰਭਲ ਗਏ । ਊਂ ਮੈਂ ਲਾ ਲਿਆ ਸਾਬ ਜਿਹੇ ਮੇਰੇ ਲੱਛਣ ਨੇ ਮਰਨਾ ਕਦੇ ਪਹਾੜ ਥੱਲੇ ਆ ਕੇ ਹੀ ।
ਅਸੀਂ ਛੇਤੀ ਤਾਂ ਜਰੂਰ ਆ ਗਏ ਪਰ ਘੋੜਿਆਂ ਦੀ ਸਵਾਰੀ ਨੇ ਵੱਖਲ ਸੂਤ ਦਿੱਤੇ । ਫਿਰ ਵੀ ਹੀਮੂ ਦਾ ਸਵਾਰੀ ਅਤੇ ਹੇਮਕੁੰਡ ਦਾ ਸਫ਼ਰ ਇੱਕ ਵਾਰ ਫਿਰ ਯਾਦਗਾਰ ਬਣ ਗਿਆ ।
Total Views: 343 ,
Real Estate



















