ਪਾਕਿਸਤਾਨ ’ਚ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਬਲੋਚਿਸਤਾਨ ’ਚ ਅਧਿਕਾਰੀਆਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਮਹਿਮੂਦ ਖ਼ਾਨ ਅਚਕਜ਼ਈ ਦੇ ਕੋਇਟਾ ਸਥਿਤ ਘਰ ’ਤੇ ਛਾਪਾ ਮਾਰਿਆ। ਇਸ ਦੌਰਾਨ ਪੁਲੀਸ ਨੇ ਸਰਕਾਰੀ ਜ਼ਮੀਨ ’ਤੇ ਉਨ੍ਹਾਂ ਵੱਲੋਂ ਕੀਤੇ ਗਏ ਕਬਜ਼ੇ ਨੂੰ ਛੁਡਾਇਆ। ਇਹ ਕਾਰਵਾਈ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ’ਚ ਕੀਤੀ ਗਈ। ਬਲੋਚਿਸਤਾਨ ਦੇ 75 ਵਰ੍ਹਿਆਂ ਦੇ ਆਗੂ ਅਚਕਜ਼ਈ ਪਸ਼ਤੂਨਖਵਾ ਮਿੱਲੀ ਅਵਾਮੀ ਪਾਰਟੀ (ਪੀਕੇਐੱਮਏਪੀ) ਦੇ ਮੁਖੀ ਹਨ ਅਤੇ ਪੀਟੀਆਈ ਨੇ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਖ਼ਿਲਾਫ਼ ਚੋਣ ਲੜਨ ਲਈ ਮੈਦਾਨ ’ਚ ਉਤਾਰਿਆ ਹੈ। ਰਾਸ਼ਟਰਪਤੀ ਅਹੁਦੇ ਦੀ ਚੋਣ 9 ਮਾਰਚ ਨੂੰ ਹੋਣੀ ਤੈਅ ਹੈ। ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨਾਂ ਦੇ ਨਾਲ ਨਾਲ ਮੀਡੀਆ ਨੇ ਇਸ ਛਾਪੇ ਦੀ ਸਖ਼ਤ ਨਿਖੇਧੀ ਕੀਤੀ ਹੈ। ਕੋਇਟਾ ਦੇ ਡਿਪਟੀ ਕਮਿਸ਼ਨਰ ਸਾਦ ਅਸਦ ਨੇ ਕਿਹਾ ਕਿ ਛਾਪਾ ਇਸ ਲਈ ਮਾਰਿਆ ਗਿਆ ਕਿਉਂਕਿ ਅਚਕਜ਼ਈ ਨੇ ਆਪਣੀ ਰਿਹਾਇਸ਼ ਉਪਰ ਢਾਈ ਕਨਾਲ ਜ਼ਮੀਨ ’ਤੇ ਗ਼ੈਰਕਾਨੂੰਨੀ ਕਬਜ਼ਾ ਕਰ ਲਿਆ ਸੀ ਜੋ ਸਰਕਾਰ ਦੀ ਸੀ। ਪੀਕੇਐੱਮਏਪੀ ਦੇ ਸਕੱਤਰ ਜਨਰਲ ਅਬਦੁੱਲ ਰਹੀਮ ਜ਼ਿਆਰਤਵਾਲ ਨੇ ਛਾਪੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦੇਸ਼ ਭਰ ’ਚ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਛਾਪਿਆਂ ਨਾਲ ਅਚਕਜ਼ਈ ਪਿੱਛੇ ਨਹੀਂ ਹਟਣਗੇ।
ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਦਾਖਲ ਕਰਦੇ ਹੀ ਘਰ ’ਤੇ ਪਿਆ ਛਾਪਾ
Total Views: 183 ,
Real Estate



















