ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਐਤਵਾਰ ਨੂੰ ਹੋਈ ਚੌਥੇ ਦੌਰ ਦੀ ਬੈਠਕ ‘ਚ ਕੇਂਦਰੀ ਮੰਤਰੀਆਂ ਨੇ ਮੱਕੀ, ਕਪਾਹ ਅਤੇ ਦਾਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ। ਇਨ੍ਹਾਂ ਨੂੰ ਪੰਜ ਸਾਲਾਂ ਲਈ ਸਹਿਕਾਰੀ ਸਭਾਵਾਂ ਰਾਹੀਂ ਖਰੀਦਿਆ ਜਵੇਗਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ 5 ਸਾਲ ਦਾ ਇਕਰਾਰਨਾਮਾ NAFED ਅਤੇ NCCF ਨਾਲ ਹੋਵੇਗਾ।ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੀ ਮੀਟਿੰਗ ਐਤਵਾਰ ਸ਼ਾਮ ਸਾਢੇ ਅੱਠ ਵਜੇ ਸ਼ੁਰੂ ਹੋਈ। ਇਹ 5 ਘੰਟੇ ਤੋਂ ਵੱਧ ਸਮਾਂ ਚੱਲੀ। ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਕੇਂਦਰੀ ਮੰਤਰੀ ਅਰਜੁਨ ਮੁੰਡਾ, ਨਿਤਿਆਨੰਦ ਰਾਏ, ਪਿਊਸ਼ ਗੋਇਲ, ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਸਣੇ ਕਈ ਆਗੂ ਹਾਜ਼ਰ ਸਨ।
ਮੀਟਿੰਗ ਮਗਰੋਂ ਮੰਤਰੀ ਪਿਊਸ਼ ਗੋਇਲ ਨੇ ਕਿਹਾ- ਕਿਸਾਨ ਆਗੂਆਂ ਨੇ ਪੰਜਾਬ ‘ਚ ਪਾਣੀ ਦੇ ਡਿੱਗਦੇ ਪੱਧਰ ਦਾ ਮੁੱਦਾ ਚੁੱਕਿਆ। ਇਸ ‘ਤੇ ਅਸੀਂ ਤਜਵੀਜ਼ ਰੱਖੀ ਕਿ ਜੇਕਰ ਅਰਹਰ, ਤੁਅਰ, ਉੜਦ ਵਰਗੇ ਅਨਾਜ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇ ਜਾਣ ਤਾਂ ਦੇਸ਼ ‘ਚ ਅਨਾਜ ਦੀ ਦਰਾਮਦ ‘ਚ ਕਮੀ ਆਵੇਗੀ ਅਤੇ ਪਾਣੀ ਦਾ ਪੱਧਰ ਵੀ ਠੀਕ ਹੋ ਜਾਵੇਗਾ।ਗੋਇਲ ਨੇ ਕਿਹਾ- ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਮੱਕੀ ਅਤੇ ਕਪਾਹ ਖਰੀਦਣ ਦੀ ਵੀ ਮੰਗ ਕੀਤੀ ਹੈ। ਇਸ ‘ਤੇ ਵਿਸਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ, ਅਸੀਂ ਫੈਸਲਾ ਕੀਤਾ ਹੈ ਕਿ NCCF ਅਤੇ NAFED ਘੱਟੋ-ਘੱਟ ਸਮਰਥਨ ਮੁੱਲ ‘ਤੇ ਕਿਸਾਨਾਂ ਦੀਆਂ ਫਸਲਾਂ ਖਰੀਦਣਗੇ। ਇਹ ਇਕਰਾਰਨਾਮਾ 5 ਸਾਲਾਂ ਲਈ ਚੱਲੇਗਾ। ਇਸ ਦੇ ਲਈ ਇਕ ਪੋਰਟਲ ਵੀ ਬਣਾਇਆ ਜਾਵੇਗਾ। ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ।ਇਸ ਤੋਂ ਇਲਾਵਾ ਗੋਇਲ ਨੇ ਕਿਹਾ ਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਕਪਾਹ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ 5 ਸਾਲਾਂ ਦਾ ਸਮਝੌਤਾ ਵੀ ਕਰੇਗੀ। ਇਹ ਸੰਸਥਾ ਘੱਟੋ ਘੱਟ ਸਮਰਥਨ ਮੁੱਲ ‘ਤੇ ਕਪਾਹ ਦੀ ਖਰੀਦ ਕਰੇਗੀ। ਕਿਸਾਨਾਂ ਨੇ ਕਿਹਾ ਕਿ ਉਹ ਸਾਡੀ ਤਜਵੀਜ਼ ਨੂੰ ਹੋਰ ਕਿਸਾਨਾਂ ਨਾਲ ਵਿਚਾਰਨਗੇ। ਅਸੀਂ ਦਿੱਲੀ ਜਾ ਕੇ NCCF ਅਤੇ NAFED ਨਾਲ ਵੀ ਇਸ ਬਾਰੇ ਚਰਚਾ ਕਰਾਂਗੇ।



















