ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖਤ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ ਜਿਸ ਕੋਲੋਂ 87 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡ ਪ੍ਰੋਟੈਕਸ਼ਨ ਅਫਸਰਾਂ ਵੱਲੋਂ ਡੈਟਰਾਇਟ ਵਿਖੇ ਅੰਬੈਸਡਰ ਬ੍ਰਿਜ ਵੱਲ ਜਾ ਰਹੇ ਇਕ ਟਰੱਕ ਨੂੰ ਰੋਕਿਆ ਜਿਸ ਨੂੰ ਇਕ ਭਾਰਤੀ ਨਾਗਰਿਕ ਚਲਾ ਰਿਹਾ ਸੀ।ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਫਸਰਾਂ ਵੱਲੋਂ ਇਸ਼ਾਰਾ ਕਰਨ ਦੇ ਬਾਵਜੂਦ ਟਰੱਕ ਡਰਾਈਵਰ ਟੋਲਜ਼ ਵੱਲ ਵਧਦਾ ਰਿਹਾ ਜਿਸ ਮਗਰੋਂ ਬਾਰਡਰ ਪ੍ਰੋਟੈਕਸ਼ਨ ਦਾ ਕੇ-9 ਦਸਤਾ ਹਰਕਤ ਵਿਚ ਆ ਗਿਆ ਅਤੇ ਟਰੱਕ ਨੂੰ ਰੋਕਿਆ ਗਿਆ। ਹੋਮਲੈਂਡ ਸਕਿਉਰਟੀ ਵਿਭਾਗ ਦੇ ਇਕ ਸਪੈਸ਼ਲ ਏਜੰਟ ਮੁਤਾਬਕ ਟਰੱਕ ਨੂੰ ਇਕ ਪਾਸੇ ਲਿਜਾਣ ਮਗਰੋਂ ਇਸ ਦੀ ਤਲਾਸ਼ੀ ਲਈ ਜਿਸ ਵਿਚੋਂ ਟੇਪ ਨਾਲ ਸੀਲ ਕੀਤੇ ਗੱਤੇ ਦੇ 13 ਡੱਬੇ ਮਿਲੇ। ਡੱਬਿਆਂ ਨੂੰ ਖੋਲ੍ਹਣ ‘ਤੇ ਇਨ੍ਹਾਂ ਵਿਚੋਂ 290 ਕਿਲੋ ਸਫੈਦ ਪਾਊਡਰ ਨਿਕਲਿਆ ਜਿਸ ਦੇ ਟੈਸਟ ਦੌਰਾਨ ਕੋਕੀਨ ਹੋਣ ਦੀ ਤਸਦੀਕ ਹੋ ਗਈ। ਕੋਕੀਨ ਦੀ ਅੰਦਾਜ਼ਨ ਕੀਮਤ 87 ਲੱਖ ਡਾਲਰ ਬਣਦੀ ਹੈ।

Total Views: 285 ,
Real Estate