ਗਡਕਰੀ ਵੱਲੋਂ ਪੰਜਾਬ ’ਚ 4 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ

ਸੜਕੀ ਆਵਾਜਾਈ ਅਤੇ ਰਾਜ ਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇਥੇ ਇਕ ਸਮਾਗਮ ਦੌਰਾਨ ਪੰਜਾਬ ਲਈ 4 ਹਜ਼ਾਰ ਕਰੋੜ ਰੁਪਏ ਦੇ 29 ਰਾਜ ਮਾਰਗੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ 12 ਹਜ਼ਾਰ ਕਰੋੜ ਦੇ ਹੋਰ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਹੁਸ਼ਿਆਰਪੁਰ-ਫ਼ਗਵਾੜਾ ਸੜਕ ਨੂੰ ਚਹੁੰ-ਮਾਰਗੀ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਕੰਮ ’ਤੇ 1553 ਕਰੋੜ ਰੁਪਏ ਦਾ ਖ਼ਰਚ ਆਵੇਗਾ। ਚਹੁੰ-ਮਾਰਗੀ ਸੜਕ ਬਣਨ ਨਾਲ ਹੁਸ਼ਿਆਰਪੁਰ ਤੋਂ ਫ਼ਗਵਾੜਾ ਤੱਕ ਦਾ ਸਫ਼ਰ 30 ਮਿੰਟ ਦਾ ਰਹਿ ਜਾਵੇਗਾ। ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੀ ਇਸ ਸੜਕ ’ਤੇ ਤਿੰਨ ਵੱਡੇ ਅਤੇ 9 ਛੋਟੇ ਪੁਲ ਬਣਨਗੇ। ਇਹ ਸੜਕ ਜਲੰਧਰ ਐੱਸਬੀਐੱਸ ਨਗਰ, ਕਪੂਰਥਲਾ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਬਾਈਪਾਸ ’ਤੇ ਖਤਮ ਹੋਵੇਗੀ। ਇਸ ਦੇ ਬਣਨ ਨਾਲ ਐੱਨਐੱਚ 44 ਅਤੇ ਐੱਨਐੱਚ 503 ਏ ਵਿਚਕਾਰ ਸੰਪਰਕ ਬੇਹਤਰ ਹੋ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨਾ ਭਾਜਪਾ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਰਾਜਾਂ ਦੇ ਵਿਕਾਸ ਲਈ ਬਿਜਲੀ, ਪਾਣੀ ਅਤੇ ਟਰਾਂਸਪੋਰਟ ਮੁੱਢਲੀਆਂ ਜ਼ਰੂਰਤਾਂ ਹਨ। ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਿੰਡਾਂ ਨੂੰ ਸੰਪਰਕ ਸੜਕਾਂ ਨਾਲ ਜੋੜਨ ਦੀ ਸ਼ੁਰੂਆਤ ਕਰਵਾਈ ਸੀ। ਗਡਕਰੀ ਨੇ ਕਿਹਾ,‘‘ਪੰਜਾਬ ਵਿਚ ਵੀ ਐੱਨਡੀਏ ਸਰਕਾਰ ਬਣਨ ਤੋਂ ਬਾਅਦ ਸੜਕਾਂ ਦਾ ਜੋ ਕੰਮ ਹੋਇਆ ਹੈ, ਉਹ ਪਿਛਲੀਆਂ ਸਰਕਾਰਾਂ ਵਲੋਂ ਕਰਵਾਏ ਕੰਮਾਂ ਤੋਂ ਕਿਤੇ ਜ਼ਿਆਦਾ ਹੈ। ਜੇਕਰ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਤਾਂ ਉਦਯੋਗ ਨੂੰ ਉਤਸ਼ਾਹ ਮਿਲੇਗਾ ਅਤੇ ਜੇਕਰ ਨਵੇਂ ਉਦਯੋਗ ਲੱਗਣਗੇ ਤਾਂ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਹੋਣਗੇ।’’ ਕੇਂਦਰੀ ਮੰਤਰੀ ਨੇ ਦੱਸਿਆ ਕਿ 2014 ਤੋਂ 2023 ਤੱਕ ਕੇਂਦਰ ਸਰਕਾਰ ਨੇ ਪੰਜਾਬ ਵਿਚ 72 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਲਿਆਂਦੇ ਹਨ ਜਿਨ੍ਹਾਂ ਵਿਚੋਂ 39,205 ਕਰੋੜ ਰੁਪਏ ਦੇ 28 ਪ੍ਰਾਜੈਕਟਾਂ ’ਤੇ ਕੰਮ ਅਜੇ ਚੱਲ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਗਡਕਰੀ ਨੇ ਕਿਹਾ ਕਿ ਉਹ ਪਰਾਲੀ ਤੋਂ ਬਾਇਓ ਫਿਊਲ ਤਿਆਰ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਪ੍ਰਦੂਸ਼ਣ ਨੂੰ ਠੱਲ੍ਹ ਪਵੇਗੀ, ਉੱਥੇ ਕਿਸਾਨਾਂ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਗੰਨੇ ਦੀ ਰਹਿੰਦ-ਖੂੰਹਦ ਤੋਂ ਇਥਾਨੌਲ ਬਣਾਉਣ ਵੱਲ ਤਵੱਜੋ ਦੇਣ ਦੀ ਸਲਾਹ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੰਡੀਅਨ ਆਇਲ ਵਲੋਂ ਦੇਸ਼ ਵਿਚ 300 ਇਥਾਨੌਲ ਪੰਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੇਵਲ ਅੰਨਦਾਤਾ ਨਹੀਂ ਬਲਕਿ ਊਰਜਾ ਦਾਤਾ ਵੀ ਹਨ। ‘ਭਾਰਤ ਛੇਤੀ ਹੀ ਊਰਜਾ ਬਰਾਮਦ ਕਰਨ ਵਾਲਾ ਦੇਸ਼ ਬਣ ਜਾਵੇਗਾ ਅਤੇ ਪੰਜਾਬ ਇਸ ਕੰਮ ਦਾ ਧੁਰਾ ਬਣ ਸਕਦਾ ਹੈ।’ ਇਸ ਮੌਕੇ ਹਾਜ਼ਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਨਵੇਂ ਪ੍ਰਾਜੈਕਟਾਂ ਦੇ ਸਿਰੇ ਚੜ੍ਹਨ ਤੋਂ ਬਾਅਦ ਪੰਜਾਬ ਦਾ ਪੂਰੇ ਦੇਸ਼ ਨਾਲ ਸੰਪਰਕ ਹੋਰ ਬਿਹਤਰ ਹੋ ਜਾਵੇਗਾ ਅਤੇ ਸੂਬਾ ਤਰੱਕੀ ਦੀਆਂ ਨਵੀਆਂ ਉਚਾਈਆਂ ਛੂਹੇਗਾ।

Total Views: 146 ,
Real Estate