ਮੁਅੱਤਲ ਐੱਮਪੀਜ਼ ਜੰਤਰ ਮੰਤਰ ’ਤੇ ਅੱਜ ਲਾਉਣਗੇ ‘ਮੌਕ ਸੰਸਦ’

‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ 140 ਤੋਂ ਵੱਧ ਐੱਮਪੀਜ਼ ਦੀ ਮੁਅੱਤਲੀ ਖਿਲਾਫ਼ ਵੀਰਵਾਰ ਨੂੰ ਜੰਤਰ-ਮੰਤਰ ’ਤੇ ਰੋਸ ਮੁਜ਼ਾਹਰਾ ਕਰਨਗੇ। ਸੂਤਰਾਂ ਮੁਤਾਬਕ ਸੰਸਦ ਮੈਂਬਰ ਰੋਸ ਵਜੋਂ ‘ਮੌਕ ਸੰਸਦ’ (ਆਪਣੀ ਵੱਖਰੀ ਸੰਸਦ) ਲਾਉਣਗੇ। ਭਲਕ ਦੇ ਇਸ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸੰਸਦੀ ਕੰਪਲੈਕਸ ਵਿਚਲੇ ਚੈਂਬਰ ਵਿੱਚ ਅੱਜ ਬੈਠਕ ਹੋਈ। ਸੂਤਰਾਂ ਨੇ ਕਿਹਾ ਕਿ ਸਾਰੇ ਮੁਅੱਤਲ ਸੰਸਦ ਮੈਂਬਰ ਜੰਤਰ-ਮੰਤਰ ’ਤੇ ਧਰਨੇ ਵਿੱਚ ਸ਼ਾਮਲ ਹੋਣਗੇ। ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਐੱਮਪੀ ਮਨੋਜ ਝਾਅ ‘ਮੌਕ ਸੰਸਦ’ ਲਾਉਣ ਮੌਕੇ ਸਪੀਕਰ ਵਜੋਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਨ। ਪਿਛਲੇ ਇਕ ਹਫ਼ਤੇ ਦੌਰਾਨ ਵਿਰੋਧੀ ਧਿਰਾਂ ਦੇ 140 ਤੋਂ ਵੱਧ ਸੰਸਦ ਮੈਂਬਰਾਂ ਨੂੰ ਸੰਸਦੀ ਕਾਰਵਾਈ ’ਚ ਅੜਿੱਕੇ ਦੇ ਹਵਾਲੇ ਨਾਲ ਮੁਅੱਤਲ ਕੀਤਾ ਜਾ ਚੁੱਕਾ ਹੈ। ਵਿਰੋਧੀ ਧਿਰਾਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਿਆਨ ਦਿੱਤੇ ਜਾਣ ਦੀ ਮੰਗ ਕਰ ਰਹੀਆਂ ਹਨ।

Total Views: 201 ,
Real Estate