‘ਨਮੋ ਭਾਰਤ’ ਰੇਲ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ‘ਰਿਜਨਲ ਰੈਪਿਡ ਟਰਾਂਜਿਟ ਸਿਸਟਮ (ਆਰਆਰਟੀਐੱਸ) ਗਲਿਆਰੇ ਦੇ 17 ਕਿਲੋਮੀਟਰ ਲੰਮੇ ਪਹਿਲੇ ਹਿੱਸੇ ’ਤੇ ਚੱਲਣ ਵਾਲੀ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਅਤੇ ਐਲਾਨ ਕੀਤਾ ਕਿ ਜਲਦੀ ਹੀ ਅਜਿਹੀਆਂ ਸੇਵਾਵਾਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਸ਼ਹਿਰਾਂ ਨੂੰ ਜੋੜਨਗੀਆਂ। ਉਨ੍ਹਾਂ ਨੇ ‘ਨਮੋ ਭਾਰਤ’ ਦੀ ਸ਼ੁਰੂਆਤ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਇੱਥੇ ਸਮਾਗਮ ਮੌਕੇ ਮੋਦੀ ਨੇ ਕਿਹਾ ਕਿ ਦਿੱਲੀ-ਗਾਜ਼ੀਆਬਾਦ- ਮੇਰਠ ਆਰਆਰਟੀਐੱਸ ਦਾ ਪੂਰਾ 82 ਕਿਲੋਮੀਟਰ ਗਲਿਆਰਾ ਅਗਲੇ ਡੇਢ ਸਾਲ ’ਚ ਪੂਰਾ ਹੋ ਜਾਵੇਗਾ ਅਤੇ ਭਰੋਸਾ ਜਤਾਇਆ ਕਿ ਉਹ ਇਸ ਦੇ ਉਦਘਾਟਨ ਲਈ ਮੌਜੂਦ ਹੋਣਗੇ। ਉਨ੍ਹਾਂ ਕਿਹਾ, ‘‘ਇਹ ਇੱਕ ਇਤਿਹਾਸਕ ਪਲ ਹੈ ਕਿਉਂਕਿ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ ‘ਨਮੋ ਭਾਰਤ’ ਨੂੰ ਹਰੀ ਝੰਡੀ ਦਿਖਾਈ ਗਈ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ, ਚਾਰ ਸਾਲ ਪਹਿਲਾਂ ਦਿੱਲੀ-ਗਾਜ਼ੀਆਬਾਦ-ਮੇਰਠ ਖੇਤਰੀ ਗਲਿਆਰਾ ਪ੍ਰਾਜੈਕਟ (ਆਰਆਰਟੀਐੱਸ) ਦਾ ਨੀਂਹ ਪੱਥਰ ਰੱਖਿਆ ਸੀ। ਅੱਜ ਇਸ ਰੂਟ ’ਤੇ ਸਾਹਿਬਾਬਾਦ ਤੋਂ ਦੁਹਈ ਡੀਪੂ ਤੱਕ ਨਮੋ ਭਾਰਤ ਰੇਲ ਸੇਵਾਵਾਂ ਸ਼ੁਰੂ ਹੋਈਆਂ ਹਨ।’’ ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।

Total Views: 195 ,
Real Estate