ਸਮੁੰਦਰਾਂ ਦੇ ਕੰਢੇ ਬੀਚਾਂ/ਰਿਜ਼ੋਰਟਾਂ ‘ਤੇ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਰੋਕ

ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਹੋਈ ਇਕੱਤਰਤਾ ਵਿੱਚ ਪੰਜ ਮਾਮਲਿਆਂ ’ਤੇ ਅਹਿਮ ਫੈਸਲੇ ਲਏ ਗਏ ਹਨ। ਇਸ ‘ਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਗਿਆਨੀ ਗੁਰਮਿੰਦਰ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਰਾਮ ਸਿੰਘ ਪਹੁੰਚੇ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਰੋਕ ਲਗਾ ਦਿੱਤੀ ਹੈ। ਸੰਗਤਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਅਨੁਸਾਰ ਕੁਝ ਵਿਅਕਤੀ ਮਰਯਾਦਾ ਦੀ ਉਲੰਘਣਾ ਕਰਦਿਆ ਸਮੁੰਦਰਾਂ ਦੇ ਕੰਢੇ ਬੀਚਾਂ/ਰਿਜ਼ੋਰਟਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਦੇ ਹਨ। ਜਿਸ ’ਤੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕਰਕੇ ਸਮੁੰਦਰਾਂ ਦੇ ਕੰਢੇ ਬੀਚਾਂ, ਰਿਜ਼ੋਰਟਾਂ ਆਦਿ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ (ਡੈਸਟੀਨੇਸ਼ਨ ਵੈਡਿੰਗ) ਕਰਨ ‘ਤੇ ਰੋਕ ਲਗਾਈ ਹੈ।
ਇੱਕ ਅਹਿਮ ਫੈਸਲੇ ‘ਚ ਕਿਹਾ ਗਿਆ ਹੈ ਕਿ ਗੁਰਦੁਆਰਾ ਕਲਗੀਧਰ ਸਾਹਿਬ, ਕੈਨਾਲ ਕਲੋਨੀ, ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਦੋ ਲੜਕੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਕਰਵਾ ਕੇ ਸਮਲਿੰਗੀ ਵਿਆਹ ( ਅਨੰਦ ਕਾਰਜ ) ਕਰਵਾਉਣ ਸਬੰਧੀ ਕੇਸ ਵਿਚ ਇਹ ਫੈਸਲਾ ਹੋਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਾ ਲਈ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਜਾਂਦਾ ਹੈ, ਇਹ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਨਹੀਂ ਆਉਣਗੇ। ਸੰਗਤਾਂ ਜਲਦ ਹੀ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਅਤੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਨੂੰ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਪੰਜ ਸਾਲ ਲਈ ਬਲੈਕ ਲਿਸਟ ਕੀਤਾ ਜਾਂਦਾ ਹੈ। ਇਹ ਕਿਸੇ ਵੀ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਸਮਾਗਮਾਂ ੱਚ ਡਿਊਟੀ ਨਹੀਂ ਕਰਨਗੇ। ਪੰਜ ਸਿੰਘ ਸਾਹਿਬਾਨ ਵਲੋਂ ਫੈਸਲਾ ਕੀਤਾ ਕਿ ਦਰਸ਼ਨ ਸਿੰਘ ਗੁਮਟਾਲੇ ਦੇ ਕੇਸ ਵਿਚ ਇਹ ਵਿਅਕਤੀ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਵਿਚ ਖਲੋ ਕੇ ਆਪਣੇ ਕੀਤੇ ਬੱਜਰ ਗੁਨਾਹ ਕਬੂਲੇ ਤੇ ਗੁਰੂ ਪੰਥ, ਗੁਰੂ ਗ੍ਰੰਥ ਅਤੇ ਸੰਗਤ ਪਾਸੋਂ ਮੁਆਫੀ ਮੰਗੇ। ਜਿਨ੍ਹਾਂ ਚਿਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿਚ ਸੰਗਤ ਸਾਹਮਣੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਇਹ ਕਥਾ-ਕੀਰਤਨ ਕਰਨ ਦਾ ਅਧਿਕਾਰੀ ਨਹੀਂ ਅਤੇ ਨਾ ਹੀ ਸੰਗਤ ਇਸ ਨੂੰ ਮੂੰਹ ਲਗਾਵੇ ਅਤੇ ਇਸ ਨਾਲ ਹਰ ਪੱਖ ਤੋਂ ਕੋਈ ਸਾਂਝ ਨਾ ਰੱਖੀ ਜਾਵੇ।

Total Views: 294 ,
Real Estate