ਬ੍ਰਿਸਬੇਨ, 21 ਮਾਰਚ – ਕਰਤਾਰਪੁਰ ਲਾਂਘੇ ਦੇ ਪ੍ਰਚਾਰਕ ਤੇ ਪ੍ਰਸਿੱਧ ਲਿਖਾਰੀ ਬੀ. ਐਸ.ਗੁਰਾਇਆ ਜੋ ਚਿੱਟੀਸਿੰਘਪੁਰਾ ਦੇ ਕਤਲੇਆਮ ਦੇ ਇਨਸਾਫ ਲਈ ਵੀ ਪਿਛਲੇ 19 ਸਾਲਾਂ ਤੋਂ ਦੁਹਾਈ ਦੇ ਰਹੇ ਨੇ ਪ੍ਰੈਸ ਨੋਟ ਜਾਰੀ ਕਰਕੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਚਿੱਟੀਸਿੰਘਪੁਰਾ ਕਤਲੇਆਮ ‘ਤੇ ਸੀ ਬੀ ਆਈ ਦੀ ਰਿਪੋਰਟ ਤੇ ਅਮਲ ਕਰਦੇ ਹੋਏ ਕਾਤਲਾਂ ਨੂੰ ਜੇਲਾਂ ਵਿਚ ਸੁੱਟੇ। ਯਾਦ ਰਹੇ 20 ਮਾਰਚ 2000 ਨੂੰ ਕਸ਼ਮੀਰ ਦੇ ਚਿੱਟੀਸਿੰਘਪੁਰਾ ਪਿੰਡ ਵਿਚ 35 ਨਿਰਦੋਸ਼ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਗੁਰਾਇਆ ਨੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ ਕਿ ਅੱਜ ਇਸ ਕਤਲੇਆਮ ਨੂੰ 19 ਸਾਲ ਪੂਰੇ ਹੋ ਗਏ ਨੇ ਪਰ ਭਾਰਤ ਸਰਕਾਰ ਨੇ ਇਸ ਬਾਬਤ ਚੁੱਪੀ ਸਾਧੀ ਹੋਈ ਹੈ। ਇਹ ਬੇਇਨਸਾਫੀ ਭਾਰਤੀ ਲੋਕਤੰਤਰ ਤੇ ਨਿਆਂ ਪ੍ਰਣਾਲੀ ਦੇ ਚਿਹਰੇ ਤੇ ਬੁਰਾ ਦਾਗ ਹੈ।
ਗੁਰਾਇਆ , ਅੱਜ ਕੱਲ੍ਹ ਅਸਟ੍ਰੇਲੀਆ ਦੌਰੇ ਤੇ ਹਨ ਨੇ ਓਸ ਦੁਖਦਾਈ ਘਟਨਾਂ ਨੂੰ ਇਓ ਬਿਆਨ ਕੀਤਾ ਹੈ:
ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ 24 ਮਾਰਚ 2000 ਨੂੰ ਇੰਡੀਆ ਆਉਂਦਾ ਹੈ। ਉਹਦੇ ਆਉਣ ਤੋਂ ਚਾਰ ਦਿਨ ਪਹਿਲਾਂ ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ ਵਿਚ ਨਿਰਦੋਸ਼ 35 ਸਿੱਖ ਮਾਰ ਦਿਤੇ ਜਾਂਦੇ ਹਨ। ਸਰਕਾਰ ਤੇ ਭਾਰਤੀ ਮੀਡੀਆ ਦੁਹਾਈ ਦੇ ਦਿੰਦਾ ਹੈ ਕਿ ਇਹ ਪਾਕਿਸਤਾਨੀ ਅੱਤਵਾਦੀਆਂ ਦੀ ਕਰਤੂਤ ਹੈ।
25 ਮਾਰਚ ਨੂੰ ਪਿੰਡ ਪੱਥਰੀਬਲ ਵਿਚ ਭਾਰਤੀ ਫੌਜ 5 ਮੁਸਲਮਾਨਾਂ ਨੂੰ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਓਹੋ ਪਾਕਿਸਤਾਨੀ ਅੱਤਵਾਦੀ ਹਨ, ਜਿੰਨਾਂ ਚਿੱਟੀਸਿੰਘਪੁਰਾ ਦਾ ਕਾਰਾ ਕੀਤਾ ਸੀ। ਓਧਰ ਇਲਾਕੇ ਦੇ ਪੰਜ ਵਸਨੀਕ ਗਾਇਬ ਹਨ। ਦੁਹਾਈ ਮੱਚ ਜਾਂਦੀ ਹੈ ਕਿ ਪੱਥਰੀਬਲ ਵਿਖੇ ਮਾਰੇ ਗਏ 5 ਲੋਕ ਸਥਾਨਕ ਵਸਨੀਕ ਹੀ ਹਨ। ਮਿਲਟਰੀ ਕਹਿੰਦੀ ਕਿ ਨਹੀ ਉਹ ਪਾਕਿਸਤਾਨੀ ਸਨ। ਲੋਕੀਂ ਕਹਿੰਦੇ ਕਿ ਕਬਰਾਂ ‘ਚੋਂ ਲਾਸ਼ਾਂ ਪੁੱਟੋ। ਮੁਜਾਹਰਾ ਹੁੰਦਾ ਹੈ। ਪੁਲਿਸ 8 ਮੁਜਾਹਰਾਕਾਰੀ ਮਾਰ ਦਿੰਦੀ ਹੈ। ਪੂਰੇ ਕਸ਼ਮੀਰ ਵਿਚ ਤੜਥੱਲੀ ਮਚ ਜਾਂਦੀ ਹੈ। ਸਰਕਾਰ ਕਬਰਾਂ ਨੰਗੀਆਂ ਕਰਨ ਨੂੰ ਮੰਨ ਜਾਂਦੀ ਹੈ। ਲਾਸ਼ਾਂ ਪਛਾਣੀਆਂ ਗਈਆਂ। ਤਾਂ ਸਾਬਤ ਹੋ ਜਾਂਦਾ ਹੈ ਕਿ ਇਹ ਤਾਂ ਇਲਾਕੇ ਦੇ ਵਸਨੀਕ ਹੀ ਸਨ। ਖੋਜ ਪੜਤਾਲ ਹੁੰਦੀ ਹੈ। ਸਾਫ ਹੋ ਜਾਂਦਾ ਹੈ ਕਿ ਫੌਜ ਨੇ ਵੱਡਾ ਧੱਕਾ ਕਰਕੇ ਨਿਰਦੋਸ਼ ਸਥਾਨਕ ਸ਼ਹਿਰੀ ਝੂਠਾ ਮੁਕਾਬਲਾ ਬਣਾ ਕੇ ਮਾਰ ਦਿਤੇ ਜਾਂਦੇ ਹਨ। ਅਫਸਰਾਂ ਤੇ ਮੁਕੱਦਮਾ ਚਲਦਾ ਹੈ।
ਦੂਸਰੇ ਪਾਸੇ ਸੀ ਬੀ ਆਈ ਚਿੱਟੀਸਿੰਘਪੁਰਾ ਕਤਲੇਆਮ ਦੀ ਵੀ ਪੜਤਾਲ ਵੀ ਕਰਦੀ ਹੈ। ਸ਼ੱਕ ਹੈ ਕਿ ਚਿੱਟੀਸਿੰਘਪੁਰਾ ਦਾ ਕਤਲੇਆਮ ਵੀ ਓਨਾਂ ਅਫਸਰਾਂ ਨੇ ਹੀ ਕੀਤਾ ਹੋਵੇਗਾ ਜਿੰਨਾਂ ਪੱਥਰੀਬਲ ਦਾ। ਸਰਕਾਰ ਸੀ ਬੀ ਆਈ ਦੀ ਰਿਪੋਰਟ ਦਬਾ ਕੇ ਬਹਿ ਜਾਂਦੀ ਹੈ। ਅਦਾਲਤ ਵਿਚ ਕੇਸ ਵੀ ਬੰਦ ਕਰ ਦਿਤਾ ਜਾਂਦਾ ਹੈ। ਮਤਲਬ ਕਿ ਜਿਹੜੇ ਪੰਜ ਮੁਸਲਮਾਨ ਮਰੇ ਸਨ ਓਨਾਂ ਨੂੰ ਤਾਂ ਇਨਸਾਫ ਮਿਲ ਜਾਂਦਾ ਹੈ, ਪਰ ਜਿਹੜੇ 35 ਮਰੇ ਸਨ ਓਨਾਂ ਦਾ ਕੋਈ ਵਾਲੀ ਵਾਰਸ ਨਹੀ। ਕਿਉਕਿ ਉਹ ਸਿੱਖ ਸਨ। ਕਿਉਕਿ ਸਿੱਖਾਂ ਦੀ ਗਿਣਤੀ ਤਾਂ ਨਿਗੂਣੀ ਜਿਹੀ ਹੈ। ਗਲ ਓਹ ਹੈ ਕਿ ਸਾਨ੍ਹਾਂ ਦੇ ਭੇੜ ਵਿਚ ਫਸਲਾਂ ਦਾ ਨਾਸ।
ਗੁਰਾਇਆ ਨੇ ਪੁਕਾਰ ਕੇ ਕਿਹਾ ਹੈ ਕਿ ਚੋਣਾਂ ਦੇ ਦਿਨ ਹਨ, ਕੀ ਕੋਈ ਪਾਰਟੀ ਮਜਲੂਮਾਂ ਦੀ ਬਾਂਹ ਫੜੇਗੀ ਤੇ ਇਨਸਾਫ ਦੀ ਮੰਗ ਕਰੇਗੀ ? ਇਹ ਵਾਰਦਾਤ ਭਾਜਪਾ ਦੀ ਸਰਕਾਰ ਵੇਲੇ ਹੋਈ ਸੀ। ਜਿਸ ਕਰਕੇ ਭਾਈਵਾਲ ਅਕਾਲੀਆਂ ਤੋਂ ਤਾਂ ਉਮੀਦ ਹੀ ਨਾਂ ਰੱਖੋ। ਗੁਰਾਇਆ ਨੇ ਇਲਜਾਮ ਲਾਇਆ ਕਿ ਅਕਾਲੀ ਦਲ ਤਾਂ ਅੱਜ ਬਾਦਲ ਪ੍ਰਵਾਰ ਦਾ ਗੁਲਾਮ ਹੋ ਗਿਆ ਹੈ ਤੇ ਲੋਕਤੰਤਰੀ ਕਦਰਾਂ ਕੀਮਤਾਂ ਭੁੱਲ ਚੁੱਕਾ ਹੈ। ਗੁਰਾਇਆ ਨੇ ਪੁਕਾਰਿਆ ਹੈ ਕਿ ਕੋਈ ਆਮ ਆਦਮੀ, ਕੋਈ ਕਾਗਰਸੀ ਇਹ ਸਵਾਲ ਉਠਾਏ ਜਿਵੇ ਅਕਾਲੀ, ਦਿੱਲੀ ਕਤਲੇਆਮ ਦੀ ਉਠਾਉਂਦੇ ਨੇ।
ਗੁਰਾਇਆ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੀ ਬੀ ਆਈ ਰਿਪੋਰਟ ਨੂੰ ਜਨਤਕ ਕਰਦੇ ਹੋਏ ਕਾਤਲਾਂ ਨੂੰ ਜੇਲਾਂ ਵਿਚ ਸੁੱਟਿਆ ਜਾਏ। ਜੇ ਸਰਕਾਰ ਅਜੇ ਵੀ ਕਾਤਲਾਂ ਤੇ ਪਰਦਾ ਪਾਈ ਰਖਦੀ ਹੈ ਤਾਂ ਇਹ ਕੋਈ ਲੋਕਤੰਤਰ ਨਹੀ, ਇਹ ਤਾਂ ਕੋਈ ਕੇਲਾਤੰਤਰ ਹੀ ਕਹਾਏਗਾ।