ਪੰਜਾਬ ’ਚ ਪਾਰਾ 40 ਡਿਗਰੀ ਤੋਂ ਪਾਰ

ਪੰਜਾਬ ਦੇ ਇਕ ਦਰਜਨ ਤੋਂ ਵੱਧ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈੱਲਸੀਅਸ ਤੋਂ ਵੱਧ ਰਿਹਾ ਅਤੇ ਗਰਮੀ ਵਧਣ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ 17 ਮਈ ਨੂੰ ਮਾਝਾ ਤੇ ਮਾਲਵਾ ਖੇਤਰ ਵਿੱਚ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ 16 ਮਈ ਦੀ ਰਾਤ ਨੂੰ ਮਾਲਵਾ ਖੇਤਰ ’ਚ ਬਿਜਲੀ ਕੜਕ ਸਕਦੀ ਹੈ ਅਤੇ 17 ਮਈ ਨੂੰ ਮਾਝਾ ਤੇ ਮਾਲਵਾ ’ਚ ਦਿਨ ਸਮੇਂ ਹਲਕੇ ਛਰਾਟੇ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਪੈ ਰਹੀ ਗਰਮੀ ਸਬਜ਼ੀ ਕਾਸ਼ਤਕਾਰਾਂ ਲਈ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਪਾਰਾ 40 ਡਿਗਰੀ ’ਤੇ ਚੜ੍ਹਨ ਕਾਰਨ ਸਬਜ਼ੀ ਦੀਆਂ ਫ਼ਸਲਾਂ ਸੁੱਕਣ ਕੰਢੇ ਹਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਕਿਸਾਨ ਵਾਰ-ਵਾਰ ਪਾਣੀ ਲਾਉਣ ਲਈ ਮਜਬੂਰ ਹਨ। ਸੂਬੇ ’ਚ ਅੱਜ ਲੁਧਿਆਣਾ ਸਭ ਤੋਂ ਗਰਮ ਸ਼ਹਿਰ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਵੱਧ ਹੈ। ਇਸੇ ਤਰ੍ਹਾਂ ਚੰਡੀਗੜ੍ਹ ’ਚ 40.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 40.5 ਡਿਗਰੀ ਸੈਲਸੀਅਸ, ਪਟਿਆਲਾ ’ਚ 41.2 ਡਿਗਰੀ ਸੈਲਸੀਅਸ, ਪਠਾਨਕੋਟ ’ਚ 41 ਡਿਗਰੀ ਸੈਲਸੀਅਸ, ਬਠਿੰਡਾ ’ਚ 43 ਡਿਗਰੀ ਸੈਲਸੀਅਸ, ਬਰਨਾਲਾ ’ਚ 41.3 ਡਿਗਰੀ ਸੈਲਸੀਅਸ, ਫਤਹਿਗੜ੍ਹ ਸਾਹਿਬ ’ਚ 41.1 ਡਿਗਰੀ ਸੈਲਸੀਅਸ, ਫਿਰੋਜ਼ਪੁਰ ’ਚ 40.4 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ’ਚ 41.3 ਡਿਗਰੀ ਸੈਲਸੀਅਸ, ਮੋਗਾ ’ਚ 40.5 ਡਿਗਰੀ ਸੈਲਸੀਅਸ, ਮੁਕਤਸਰ ’ਚ 31.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।

Total Views: 560 ,
Real Estate