ਗੁਆਂਢੀ ਸੂਬਿਆਂ ’ਚ ਖਿੜੇਗਾ ਪੰਜਾਬ ਦਾ ਸਬਸਿਡੀ ਵਾਲਾ ਨਰਮਾ

ਚਰਨਜੀਤ ਭੁੱਲਰ
ਚੰਡੀਗੜ੍ਹ, 10 ਮਈ 2023

ਨਰਮਾ ਪੱਟੀ ਦੇ ਸੈਂਕੜੇ ਕਿਸਾਨ ‘ਬੀਜ ਸਬਸਿਡੀ’ ਵਿੱਚ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਰਹੇ ਹਨ ਜਦਕਿ ਕਈ ਡੀਲਰ ਨਰਮੇ ਦੇ ਬੀਜ ਦੀ ਬਲੈਕ ਕਰ ਰਹੇ ਹਨ। ਦੂਜੇ ਪਾਸੇ ‘ਆਪ’ ਸਰਕਾਰ ਨੇ ਬਿਨਾਂ ਪੜਤਾਲ ਤੋਂ ਹੀ ਕਿਸਾਨਾਂ ਨੂੰ ਬੀਜ ਸਬਸਿਡੀ ਦੇਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਮੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਨਰਮੇ ਦੇ ਬੀਜ ’ਤੇ 33 ਫ਼ੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੋਇਆ ਹੈ।
ਵੇਰਵਿਆਂ ਅਨੁਸਾਰ ਨਰਮਾ ਪੱਟੀ ਵਿੱਚ ਹੁਣ ਤੱਕ ਕਰੀਬ 90 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਂਦ ਹੋ ਚੁੱਕੀ ਹੈ ਅਤੇ ਖੇਤੀ ਮਹਿਕਮੇ ਨੇ 3 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਦਾ ਟੀਚਾ ਮਿਥਿਆ ਹੈ। ਜਿਸ ਵਾਸਤੇ ਪੰਜਾਬ ਸਰਕਾਰ ਵੱਲੋਂ ਐਤਕੀਂ ਵੇਲੇ ਸਿਰ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਨੇ ਬੀਜ ਸਬਸਿਡੀ ਲੈਣ ਲਈ ਕਿਸਾਨਾਂ ਵਾਸਤੇ ‘ਬੀਜ ਪੋਰਟਲ’ ਬਣਾਇਆ ਹੈ ਜਿੱਥੇ ਕਿਸਾਨ ਬੀਜ ਦਾ ਬਿੱਲ ਅਪਲੋਡ ਕਰ ਰਹੇ ਹਨ। ਉਸ ਮਗਰੋਂ ਖੇਤੀਬਾੜੀ ਮਹਿਕਮੇ ਨੇ ਸਬਸਿਡੀ ਜਾਰੀ ਕਰਨੀ ਹੈ। ਖੇਤੀਬਾੜੀ ਵਿਭਾਗ ਵੱਲੋਂ 31 ਮਈ 2023 ਤੱਕ ਕਿਸਾਨਾਂ ਨੂੰ ਬੀਜ ਸਬਸਿਡੀ ਲੈਣ ਵਾਸਤੇ ਅਪਲਾਈ ਕਰਨ ਲਈ ਕਿਹਾ ਹੈ। ਹੁਣ ਤੱਕ 14 ਜ਼ਿਲ੍ਹਿਆਂ ਦੇ 24,290 ਕਿਸਾਨਾਂ ਨੇ ਬੀਜ ਸਬਸਿਡੀ ਲੈਣ ਲਈ ਅਪਲਾਈ ਕੀਤਾ ਹੈ ਜਿਨ੍ਹਾਂ ਨੇ ਇਸ ਦੀ 96,343 ਏਕੜ ਰਕਬੇ ਵਿਚ ਬਿਜਾਂਦ ਕਰਨੀ ਹੈ। ਸਭ ਤੋਂ ਵੱਧ ਫ਼ਾਜ਼ਿਲਕਾ ਜ਼ਿਲ੍ਹੇ ਦੇ 9492 ਕਿਸਾਨਾਂ, ਬਠਿੰਡਾ ਦੇ 6335, ਮਾਨਸਾ ਦੇ 4706 ਕਿਸਾਨਾਂ, ਮੁਕਤਸਰ ਦੇ 3148 ਕਿਸਾਨਾਂ, ਸੰਗਰੂਰ ਦੇ 193, ਪਟਿਆਲਾ ਦੇ 13, ਫ਼ਰੀਦਕੋਟ ਦੇ 190, ਮੋਗਾ ਦੇ 30 ਅਤੇ ਮੁਹਾਲੀ ਦੇ ਇੱਕ ਕਿਸਾਨ ਨੇ ਸਬਸਿਡੀ ਲਈ ਅਪਲਾਈ ਕੀਤਾ ਹੈ। ਨਰਮਾ ਪੱਟੀ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਬਹੁਤੇ ਕਿਸਾਨ ਖੇਤੀ ਮਹਿਕਮੇ ਤੋਂ ਸਬਸਿਡੀ ਲੈ ਕੇ ਬੀਜ ਅੱਗੇ ਹਰਿਆਣਾ ਅਤੇ ਰਾਜਸਥਾਨ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਦੇ ਰਹੇ ਹਨ। ਖੇਤੀ ਮਹਿਕਮਾ ਹੁਣ ਸਿਰਫ਼ ਕਿਸਾਨ ਵੱਲੋਂ ਖ਼ਰੀਦ ਕੀਤੇ ਬੀਜ ਦਾ ਬਿੱਲ ਅਤੇ ਨਰਮੇ ਦੀ ਵਰਾਇਟੀ ਨੂੰ ਹੀ ਤਸਦੀਕ ਕਰਦਾ ਹੈ, ਉਸ ਮਗਰੋਂ ਸਬਸਿਡੀ ਜਾਰੀ ਕਰਦਾ ਹੈ। ਸਰੀਰਕ ਪੜਤਾਲ (ਫਿਜ਼ੀਕਲ ਵੈਰੀਫਿਕੇਸ਼ਨ) ਕਿਧਰੇ ਵੀ ਨਹੀਂ ਹੋ ਰਹੀ ਹੈ। ਸਰਦੂਲਗੜ੍ਹ, ਤਲਵੰਡੀ ਸਾਬੋ, ਰਾਮਾਂ ਮੰਡੀ, ਸੰਗਤ ਮੰਡੀ, ਹਲਕਾ ਲੰਬੀ, ਮਲੋਟ, ਅਬੋਹਰ ਤੇ ਫ਼ਾਜ਼ਿਲਕਾ ਇਲਾਕੇ ਦੇ ਬਹੁਤੇ ਕਿਸਾਨ ਸਬਸਿਡੀ ਵਾਲਾ ਬੀਜ ਹਰਿਆਣਾ ਤੇ ਰਾਜਸਥਾਨ ਭੇਜ ਰਹੇ ਹਨ। ਜਿਨ੍ਹਾਂ ਕਿਸਾਨਾਂ ਦੀ ਹਰਿਆਣਾ ਤੇ ਰਾਜਸਥਾਨ ਵਿਚ ਪੈਲੀ ਹੈ, ਉਹ ਕਿਸਾਨ ਸਬਸਿਡੀ ਵਾਲਾ ਬੀਜ ਪੰਜਾਬ ਤੋਂ ਬਾਹਰ ਲਿਜਾ ਰਹੇ ਹਨ। ਇੱਕ ਕਿਸਾਨ ਨੇ ਦੱਸਿਆ ਕਿ ਸਰਕਾਰ ਕਿਸੇ ਵੀ ਬੀਜ ਡੀਲਰ ਵੱਲੋਂ ਵੇਚੇ ਨਰਮੇ ਦੀ ਬੀਜ ਦੀ ਸੂਚੀ ਲੈ ਕੇ ਪਿੰਡਾਂ ਵਿਚ ਪੜਤਾਲ ਕਰੇ ਤਾਂ ਵੱਡਾ ਘੁਟਾਲੇ ਸਾਹਮਣੇ ਆਵੇਗਾ। ਜ਼ਿਕਰਯੋਗ ਹੈ ਕਿ ਖੇਤੀ ਮਹਿਕਮੇ ਵੱਲੋਂ ਇਸ ਵਾਰ 3 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਹੈ ਤੇ ਪੰਜਾਬ ਸਰਕਾਰ ਵੱਲੋਂ ਕਰੀਬ 45 ਕਰੋੜ ਰੁਪਏ ਬੀਜ ਸਬਸਿਡੀ ਵਜੋਂ ਦਿੱਤੇ ਜਾਣੇ ਹਨ। ਜ਼ਿਲ੍ਹਾ ਮਾਨਸਾ, ਬਠਿੰਡਾ, ਮੁਕਤਸਰ ਅਤੇ ਫ਼ਾਜ਼ਿਲਕਾ ਵਿਚ ਹੀ ਜ਼ਿਆਦਾ ਬਿਜਾਂਦ ਹੋਣੀ ਹੈ। ਪਿਛਲੇ ਵਰ੍ਹੇ ਨਰਮੇ ਹੇਠ 2.48 ਲੱਖ ਹੈਕਟੇਅਰ ਰਕਬਾ ਸੀ।
ਦੂਸਰੀ ਤਰਫ਼ ਨਰਮਾ ਪੱਟੀ ਵਿਚ ਬੀਜ ਡੀਲਰ ਨਾਮੀ ਕੰਪਨੀਆਂ ਦੀਆਂ ਮਸ਼ਹੂਰ ਕਿਸਮਾਂ ਦੇ ਬੀਜ ਕਿਸਾਨਾਂ ਨੂੰ ਬਲੈਕ ਵਿਚ ਵੇਚ ਰਹੇ ਹਨ। ਬਠਿੰਡਾ ਦੇ ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਇਹ ਆਮ ਚੱਲ ਰਿਹਾ ਹੈ ਕਿ ਬੀਜ ਡੀਲਰ ਚੰਗੀ ਕੰਪਨੀ ਦੇ ਖ਼ਾਸ ਬੀਜ ਦੀ 50 ਤੋਂ 60 ਰੁਪਏ ਪ੍ਰਤੀ ਪੈਕੇਟ ਬਲੈਕ ਕਰ ਰਹੇ ਹਨ।

ਮਾਮਲੇ ਦੀ ਖ਼ੁਦ ਪੜਤਾਲ ਕਰਾਂਗਾ: ਧਾਲੀਵਾਲ

ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਨਰਮੇ ਦੇ ਬੀਜ ’ਤੇ ਸਬਸਿਡੀ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਵੱਲੋਂ ਅਮਲੀ ਰੂਪ ਵਿਚ ਫ਼ਸਲ ਦੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਜ਼ੀਕਲ ਵੈਰੀਫਿਕੇਸ਼ਨ ਕਰਾਉਣ ਮਗਰੋਂ ਹੀ ਸਬਸਿਡੀ ਜਾਰੀ ਕਰਾਂਗੇ। ਉਹ ਖ਼ੁਦ ਨਰਮਾ ਪੱਟੀ ਦਾ ਦੌਰਾ ਕਰਕੇ ਪੜਤਾਲ ਕਰਨਗੇ। ਜੇਕਰ ਕੋਈ ਗ਼ਲਤ ਪਾਇਆ ਗਿਆ ਤਾਂ ਸਬਸਿਡੀ ਦੀ ਵਸੂਲੀ ਕੀਤੀ ਜਾਵੇਗੀ।

Total Views: 192 ,
Real Estate