ਫ਼ਰਜ਼ੀ ਵੀਡੀਓ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਬਿਹਾਰ ਦੇ ਯੂਟਿਊਬਰ ਮਨੀਸ਼ ਕਸ਼ਿਅਪ ਨੂੰ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਉਸ ਦੀ ਅਰਜ਼ੀ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਕਸ਼ਿਅਪ ਨੇ ਸਿਖ਼ਰਲੀ ਅਦਾਲਤ ਵਿਚ ਦਾਇਰ ਅਪੀਲ ’ਚ ਆਪਣੇ ’ਤੇ ਲੱਗੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਨੂੰ ਚੁਣੌਤੀ ਦਿੱਤੀ ਸੀ। ਯੂਟਿਊਬਰ ਨੇ ਤਾਮਿਲਨਾਡੂ ਵਿਚ ਪ੍ਰਵਾਸੀ ਮਜ਼ਦੂਰਾਂ ਉਤੇ ਹਮਲੇ ਦੀਆਂ ਫ਼ਰਜ਼ੀ ਵੀਡੀਓਜ਼ ਪੋਸਟ ਕੀਤੀਆਂ ਸਨ, ਤੇ ਉਸ ’ਤੇ ਐੱਨਐੱਸਏ ਲਾਇਆ ਸੀ। ਤਾਮਿਲਨਾਡੂ ਤੇ ਬਿਹਾਰ ਵਿਚ ਉਸ ਵਿਰੁੱਧ ਕਈ ਕੇਸ ਵੀ ਦਰਜ ਹੋਏ ਹਨ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘ਤੁਹਾਡੇ ਸਾਹਮਣੇ ਇਕ ਸ਼ਾਂਤ ਸੂਬਾ ਹੈ, ਜੋ ਕਿ ਤਾਮਿਲਨਾਡੂ ਹੈ। ਕੀ ਤੁਸੀਂ ਕੁਝ ਵੀ ਫੈਲਾ ਕੇ ਰਾਜ ਵਿਚ ਅਸ਼ਾਂਤੀ ਪੈਦਾ ਕਰੋਗੇ? ਅਸੀਂ ਇਸ ਅਪੀਲ ਨੂੰ ਨਹੀਂ ਸੁਣਾਂਗੇ।’ ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਐੱਨਐੱਸਏ ਵਿਰੁੱਧ ਆਪਣੀ ਅਰਜ਼ੀ ਢੁੱਕਵੇਂ ਨਿਆਂਇਕ ਮੰਚ ਵਿਚ ਪਾ ਸਕਦਾ ਹੈ, ਉਹ ਹਾਈ ਕੋਰਟ ਵੀ ਜਾ ਸਕਦਾ ਹੈ। ਮਾਮਲੇ ਵਿਚ ਦਰਜ ਕੁੱਲ 19 ਐਫਆਈਆਰਜ਼ ਨੂੰ ਇਕ ਥਾਂ ਕਰ ਕੇ ਇਨ੍ਹਾਂ ਨੂੰ ਬਿਹਾਰ ਤਬਦੀਲ ਕਰਨ ਬਾਰੇ ਯੂਟਿਊਬਰ ਦੀ ਅਰਜ਼ੀ ਵੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ। ਯੂਟਿਊਬਰ ਮਨੀਸ਼ ਕਸ਼ਿਅਪ ਦੇ ਵਕੀਲ ਮਨਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ ਆਪਣੇ ਯੂਟਿਊਬ ਚੈਨਲ ਲਈ ਇਹ ਵੀਡੀਓਜ਼ ਬਣਾਈਆਂ ਸਨ। ਉਸ ਨੇ ਕੁਝ ਅਖ਼ਬਾਰਾਂ ਵਿਚ ਪ੍ਰਵਾਸੀ ਮਜ਼ਦੂਰਾਂ ’ਤੇ ਤਾਮਿਲਨਾਡੂ ਵਿਚ ਹਮਲੇ ਹੋਣ ਦੀਆਂ ਛਪੀਆਂ ਰਿਪੋਰਟਾਂ ਦੇਖੀਆਂ ਸਨ ਤੇ ਉਸੇ ਦੇ ਅਧਾਰ ਉਤੇ ਵੀਡੀਓ ਬਣਾ ਦਿੱਤੀ।
NSA ਲੱਗੇ ਯੂਟਿਊਬਰ ਦੀ ਅਪੀਲ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ
Total Views: 440 ,
Real Estate