ਦਾਂਤੇਵਾੜਾ: ਬਾਰੂਦੀ ਸੁਰੰਗ ਧਮਾਕੇ ’ਚ 11 ਜਵਾਨ ਸ਼ਹੀਦ

ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਅੱਜ ਨਕਸਲੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਦਸ ਜਵਾਨ ਤੇ ਇਕ ਸਿਵਲੀਅਨ ਡਰਾਈਵਰ ਸ਼ਹੀਦ ਹੋ ਗਏ। ਧਮਾਕੇ ਮੌਕੇ ਇਹ ਸਾਰੇ ਇਕ ਐੱਮਯੂਵੀ (ਮਲਟੀ ਯੂਟੀਲਿਟੀ ਵਾਹਨ) ਵਿੱਚ ਸਵਾਰ ਸਨ, ਜੋ ਕਿਰਾਏ ’ਤੇ ਲਿਆ ਸੀ। ਪਿਛਲੇ ਦੋ ਸਾਲਾਂ ਵਿੱਚ ਮਾਓਵਾਦੀਆਂ ਵੱਲੋਂ ਸੂਬੇ ਵਿੱਚ ਸਲਾਮਤੀ ਦਸਤਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਇਹ ਵੱਡਾ ਹਮਲਾ ਹੈ। ਹਮਲੇ ਵਿੱਚ ਅਨੁਮਾਨਿਤ 40 ਕਿਲੋ ਧਮਾਕਾਖੇਜ਼ ਸਮੱਗਰੀ ਵਰਤੇ ਜਾਣ ਦੀਆਂ ਰਿਪੋਰਟਾਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਹਮਲੇ ਨੂੰ ਬੁਜ਼ਦਿਲਾਨਾ ਕਾਰਵਾਈ ਦੱਸਿਆ। ਉਧਰ ਬਘੇਲ ਨੇ ਕਿਹਾ ਕਿ ਨਕਸਲੀਆਂ ਖਿਲਾਫ ਵਿੱਢੀ ਲੜਾਈ ਆਖਰੀ ਗੇੜ ’ਚ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਉੜੀਸਾ ਸਰਕਾਰ ਨੇ ਨਕਸਲੀ ਹਮਲੇ ਮਗਰੋਂ ਛੱਤੀਸਗੜ੍ਹ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਮਲਕਾਨਗਿਰੀ, ਕੋਰਾਪੁਟ ਤੇ ਨਬਰੰਗਪੁਰ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

Total Views: 171 ,
Real Estate