5 ਆਸਟਰੇਲਿਆਈ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ’ਤੇ ਪਾਬੰਦੀ

ਫਰਜ਼ੀ ਅਰਜ਼ੀਆਂ ਵਿੱਚ ਵਾਧੇ ਵਿਚਾਲੇ ਆਸਟਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤ ਦੇ ਕੁੱਝ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਯੂਨੀਵਰਸਿਟੀਆਂ ਨੇ ਉਨ੍ਹਾਂ ਪਾੜਿ੍ਹਆਂ ਨੂੰ ਹੀ ਦਾਖਲਾ ਦੇਣ ਦਾ ਫ਼ੈਸਲਾ ਕੀਤਾ ਹੈ, ਜਿਹੜੇ ਸਿਰਫ ਪੜ੍ਹਨ ਲਈ ਹੀ ਆਸਟਰੇਲੀਆ ਆਉਣਗੇ। ਇੱਕ ਮੀਡੀਆ ਰਿਪੋਰਟ ਅਨੁਸਾਰ ਕੁੱਝ ਵਿਦਿਆਰਥੀ ਪੜ੍ਹਨ ਨਹੀਂ ਸਗੋਂ ਕੰਮ ਕਰਨ ਆਸਟਰੇਲੀਆ ਆਉਂਦੇ ਹਨ। ਆਸਟਰੇਲੀਆ ਵਿੱਚ ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਾਲ 2019 ਦੇ 75,000 ਦੇ ਅੰਕੜੇ ਨੂੰ ਪਾਰ ਕਰ ਸਕਦੀ ਹੈ। ਕੁੱਝ ਲੋਕਾਂ ਨੇ ਇਮੀਗਰੇਸ਼ਨ ਤੇ ਯੂਨੀਵਰਸਿਟੀਆਂ ਨੂੰ ਸ਼ਿਕਾਇਤਾਂ ਕੀਤੀਆਂ ਸਨ ਕਿ ਪੜ੍ਹਾਈ ਦੇ ਵੀਜ਼ੇ ’ਤੇ ਆਉਂਦੇ ਵੀਜ਼ਾ ਧਾਰਕ ਕਾਨੂੰਨ ਦੀ ਉਲੰਘਣਾ ਕਰ ਕੇ ਵਧੇਰੇ ਕੰਮ ਕਰਦੇ ਹਨ। ਇੱਥੋਂ ਦੇ ਕਾਰੋਬਾਰੀ ਵੀ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਫਾਇਦਾ ਚੁੱਕਦੇ ਹਨ, ਜਿਸ ਨਾਲ ਸਥਾਨਕ ਲੋਕਾਂ ਦਾ ਰੁਜ਼ਗਾਰ ਖੁੱਸਦਾ ਹੈ ਅਤੇ ਤਨਖਾਹ ਦਰ ਵਿੱਚ ਗਿਰਾਵਟ ਆਉਂਦੀ ਹੈ। ਸਰਕਾਰ ਨੇ ਇਮੀਗਰੇਸ਼ਨ ਅਤੇ ਸਿੱਖਿਆ ਵਿਭਾਗ ਨਾਲ ਤਾਲਮੇਲ ਕਰ ਕੇ ਫਰਜ਼ੀ ਵਿਦਿਆਰਥੀਆਂ ਦੀ ਪਛਾਣ ਕੀਤੀ ਸੀ। ਇਮੀਗਰੇਸ਼ਨ ਦੀ ਜਾਂਚ ਵਿੱਚ ਬਹੁਤ ਸਾਰੇ ਬਿਨੈਕਾਰ ਅਸਲ ਵਿਦਿਆਰਥੀ ਨਹੀਂ, ਸਗੋਂ ਘੱਟ ਹੁਨਰ ਵਾਲੇ ਕਾਮੇ ਸਨ। ਇਹ ਫਰਜ਼ੀ ਪਾੜ੍ਹੇ ਵਧੇਰੇ ਪੰਜਾਬ ਤੇ ਹਰਿਆਣਾ ਰਾਜ ਤੋਂ ਸਨ। ਸਿਡਨੀ ਮਾਰਨਿੰਗ ਹੇਰਾਲਡ ਅਖਬਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ਵਿੱਚ ਮੌਜੂਦਾ ਵਾਧੇ ਨੇ ਆਸਟਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ਅਤੇ ਦੇਸ਼ ਦੇ ਕੌਮਾਂਤਰੀ ਸਿੱਖਿਆ ਬਾਜ਼ਾਰ ’ਤੇ ਸੰਭਾਵੀ ਲੰਮੇ ਸਮੇਂ ਦੇ ਪ੍ਰਭਾਵਾਂ ਨੂੰ ਲੈ ਕੇ ਸੰਸਦ ਮੈਂਬਰਾਂ ਅਤੇ ਸਿੱਖਿਆ ਖੇਤਰ ਦੇ ਲੋਕਾਂ ਦੀ ਚਿੰਤਾ ਵਧਾਈ ਹੈ। ਗਲੋਬਲ ਐਜੂਕੇਸ਼ਨ ਫਰਮ ਨੇਵਿਟਾਸ ਦੇ ਜੌਹਨ ਚਿਊ ਨੇ ਕਿਹਾ ਕਿ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਉਮੀਦ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ, ‘‘ਸਾਨੂੰ ਪਤਾ ਸੀ ਕਿ ਗਿਣਤੀ ਕਾਫੀ ਵਧੇਗੀ ਪਰ ਇਸ ਦੇ ਨਾਲ ਹੀ ਫਰਜ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।’’ ਚੇਤੇ ਰਹੇ ਕਿ ਭਾਰਤ ਤੋਂ ਆਸਟਰੇਲੀਆ ਵਿੱਚ ਸਾਲਾਨਾ ਹਜ਼ਾਰਾਂ ਵਿਦਿਆਰਥੀ ਜਾਂਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਈ ਯੂਨੀਵਰਸਿਟੀਆਂ ਹੁਣ ਸਥਿਤੀ ਨਾਲ ਨਜਿੱਠਣ ਲਈ ਪਾਬੰਦੀਆਂ ਲਗਾ ਰਹੀਆਂ ਹਨ। ‘ਦਿ ਏਜ’ ਅਤੇ ‘ਦਿ ਸਿਡਨੀ ਮਾਰਨਿੰਗ ਹੇਰਾਲਡ’ ਅਖਬਾਰਾਂ ਅਨੁਸਾਰ ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਾਨ ਯੂਨੀਵਰਸਿਟੀ, ਵੋਲੋਂਗੌਂਗ ਯੂਨੀਵਰਸਿਟੀ, ਟੋਰੇਨਸ ਯੂਨੀਵਰਸਿਟੀ ਅਤੇ ਸਾਊਥ ਕਰਾਸ ਯੂਨੀਵਰਸਿਟੀ ਨੇ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ’ਤੇ ਪਾਬੰਦੀ ਲਾਈ ਹੈ। ਫਰਵਰੀ ਵਿੱਚ ਪਰਥ ਸਥਿਤ ਐਡਿਥ ਕੋਵਾਨ ਯੂਨੀਵਰਸਿਟੀ ਨੇ ਭਾਰਤ ਦੇ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਬਿਨੈਕਾਰਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਮਾਰਚ ਵਿੱਚ ਵਿਕਟੋਰੀਆ ਯੂਨੀਵਰਸਿਟੀ ਨੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਸਮੇਤ ਅੱਠ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ’ਤੇ ਪਾਬੰਦੀਆਂ ਵਧਾ ਦਿੱਤੀਆਂ।

Total Views: 196 ,
Real Estate