ਪੰਜਾਬ ਅਸ਼ਾਂਤ ਕਿਓਂ ਹੈ ?

ਪੰਜਾਬ ਸਮੇਤ ਭਾਰਤ ਦੇ 28 ਪ੍ਰਦੇਸ਼ ਹਨ। ਪਹਿਲਾਂ 29 ਹੁੰਦੇ ਸਨ ਪਰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਮਗਰੋਂ 28 ਰਹਿ ਗਏ ਹਨ। ਇਹਨਾਂ ਵਿਚੋਂ ਗੋਆ ਵਰਗੇ ਛੋਟੇ ਅਤੇ ਰਾਜਸਥਾਨ ਵਰਗੇ ਵੱਡੇ ਵੱਡੇ ਪ੍ਰਦੇਸ਼ ਵੀ ਹਨ। ਦੇਸ਼ ਦੇ ਕਈ ਛੋਟੇ ਛੋਟੇ ਅਤੇ ਕੁਦਰਤੀ ਸਾਧਨਾਂ ਪ੍ਰਤੀ ਹੀਣੇ ਪ੍ਰਾਂਤ ਵੀ ਅਮਨ ਸ਼ਾਂਤੀ ਨਾਲ ਵਿਚਰ ਰਹੇ ਹਨ। ਫਿਰ ਥੋੜੇ ਸਾਲਾਂ ਬਾਅਦ ਪੰਜਾਬ ਦੇ ਪੈਰਾਂ ਹੇਠ ਹੀ ਅੱਗ ਕਿਉਂ ਬਾਲ ਦਿੱਤੀ ਜਾਂਦੀ ਹੈ ? ਭਾਰਤ ਦੀ ਸੱਤਾ ਤੇ ਕਾਬਜ਼ ਤਾਕਤਾਂ ਵੱਲੋਂ ਪੰਜਾਬ ਅਤੇ ਪੰਜਾਬੀਆਂ ਨੂੰ ਖੱਜਲ ਅਤੇ ਬਦਨਾਮ ਕਰਨ ਲਈ ਵਾਰ ਵਾਰ ਜਾਣ ਬੁੱਝ ਕੇ ਇਹ ਵਰਤਾਰਾ ਸਿਰਜਿਆ ਜਾਂਦਾ ਹੈ। ਪੰਜਾਬ ਕਿਓਂ ਕੇਂਦਰੀ ਸੱਤਾ ਦੀਆਂ ਅੱਖਾਂ ਵਿੱਚ ਰੜਕਦਾ ਹੈ ?
ਅਸਲ ਵਿੱਚ ਪੰਜਾਬ ਇੱਕ ਦੇਸ ਰਿਹਾ ਹੈ। ਏਥੋਂ ਦੇ ਬਹਾਦਰ ਲੋਕਾਂ ਦੀ ਜੀਵਨ ਸ਼ੈਲੀ ਖੁੱਲੀ ਡੁੱਲ੍ਹੀ ਅਤੇ ਬੁਲੰਦ ਨਾਅਰਿਆਂ ਵਾਲੀ ਰਹੀ ਹੈ।ਇਸ ਨੂੰ ਕਮਜ਼ੋਰ ਕਰਨ ਲਈ ਪਹਿਲਾਂ 1947 ਵਿੱਚ ਲਹੂ ਲੁਹਾਣ ਕਰਕੇ ਦੋ ਟੋਟੇ ਕੀਤਾ ਗਿਆ। ਫਿਰ 1956 ਵਿੱਚ ਇਸ ਦਾ ਪਹਾੜੀ ਹਿੱਸਾ ਤੋੜ ਕੇ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ। ਏਥੇ ਹੀ ਬਸ ਨਹੀਂ,ਇਸ ਨੂੰ ਹੋਰ ਕਮਜੋਰ ਕਰਨ ਲਈ 1966 ਵਿੱਚ ਇਸ ਵਿੱਚੋਂ ਹਰਿਆਣਾ ਬਣਾ ਦਿੱਤਾ ਗਿਆ।ਇਸ ਦੇ ਕੁਦਰਤੀ ਸਾਧਨਾਂ ਦੀ ਵੀ ਰੱਜ ਕੇ ਲੁੱਟ ਕੀਤੀ ਗਈ ਹੈ। ਹੁਣ ਕੀ ਸਮੱਸਿਆ ਹੋ ਗਈ ਕਿ ਅਜੇ ਵੀ ਇਸ ਛੋਟੇ ਜਿਹੇ ਸਭਨਾਂ ਫਰੰਟਾਂ ਤੇ ਸਪੰਨ ਪੰਜਾਬ ਤੋਂ ਕੇਂਦਰੀ ਸੱਤਾ ਨੂੰ ਔਖਿਆਈ ਹੈ ? ਜੇ ਸੋਚੀਏ ਤਾਂ ਅਸਲ ਗੱਲ ਪੰਜਾਬੀ ਕਿਰਦਾਰ ਦੀ ਹੈ ਜੋ ਕਿਸੇ ਵੱਧ ਤੋਂ ਵੱਧ ਸ਼ਕਤੀਸ਼ਾਲੀ ਪੰਜਾਬੋਂ ਬਾਹਰੀ ਧਿਰ ਦੀ ਟੈਂ ਨਹੀਂ ਮੰਨਦਾ। ਪੰਜਾਬ ਦਾ ਆਪਣਾ ਜੀਵਨ ਮੁਹਾਂਦਰਾ ਹੈ ਜੋ ਕਿਸੇ ਦੀ ਡਿਕਟੇਟਸ਼ਨ ਪ੍ਰਵਾਨ ਨਹੀਂ ਕਰ ਸਕਦਾ। ਹੁਣ ਵੀ ਕੇਂਦਰੀ ਸੱਤਾ ਆਪਣੇ ਖਰੀਦੇ ਹੋਏ ਮੀਡੀਏ ਦੀ ਮਦਦ ਨਾਲ ਪੰਜਾਬ ਨੂੰ ਖਾੜਕੂ ਅਤੇ ਵੱਖਵਾਦੀ ਗ਼ਰਦਾਨ ਕੇ ਬਾਕੀ ਦੇਸ਼ ਦੀ ਹਮਾਇਤ ਸਿਰਫ਼ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਵਰਤ ਰਹੀ ਹੈ। ਕੇਂਦਰ ਪੰਜਾਬ ਵਿੱਚ ਦਖਲ ਅੰਦਾਜੀ ਵਾਸਤੇ ਕੇਂਦਰ ਹਰ ਦੂਜੇ ਤੀਜੇ ਦਹਾਕੇ ਗਰਾਉਂਡ ਤਿਆਰ ਕਰ ਲੈਂਦਾ ਹੈ। ਮੌਜੂਦਾ ਅੰਮ੍ਰਿਤਪਾਲ ਸਿੰਘ ਵਾਲੇ ਮੁੱਦੇ ਨੂੰ ਵੀ ਕੇਂਦਰ ਅਤੇ ਕੇਂਦਰੀ ਏਜੰਸੀਆਂ ਆਪਣੇ ਹੱਥ ਵਿੱਚ ਲੈ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਬਾਕੀ ਦੇਸ਼ ਮੂਹਰੇ ਵੱਖਵਾਦੀ, ਖਾੜਕੂ ਅਤੇ ਪਤਾ ਨਹੀਂ ਕੀ ਕੀ ਵਿਸ਼ੇਸ਼ਣ ਲਾ ਕੇ ਬਦਨਾਮ ਕਰ ਰਹੀਆਂ ਹਨ ਅਤੇ ਲੋਕ ਸਭਾ ਚੋਣਾਂ 2024 ਵਾਸਤੇ ਪੱਲੜਾ ਆਪਣੇ ਪੱਖ ਵਿੱਚ ਭਾਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਫਸੋਸ ਇਹ ਵੀ ਹੈ ਕਿ ਪੰਜਾਬੀ ਵੀ ਅਜਿਹੇ ਮੌਕਿਆਂ ਉੱਤੇ ਵੱਖ ਵੱਖ ਧੜਿਆਂ ਵਿੱਚ ਵੰਡੇ ਹੋਏ ਨਜ਼ਰ ਆਉਂਦੇ ਹਨ ਜਿਹਨਾਂ ਵਿੱਚੋਂ ਕਈ ਧੜੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੇਂਦਰ ਦੀ ਮਦਦ ਕਰ ਰਹੇ ਹੁੰਦੇ ਹਨ।
ਬਲਜੀਤ ਪਾਲ ਸਿੰਘ
Total Views: 212 ,
Real Estate